StatCounter

Friday, June 30, 2017

ਕਾਂਗਰਸ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਦੇ ਹੱਥ ਚੜੀ

ਕਾਂਗਰਸ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਦੇ ਹੱਥ ਚੜੀ 
ਬਠਿੰਡਾ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ ਨੂੰ ਬੰਦ ਕਰਕੇ ਨਿੱਜੀ ਕੰਪਨੀਆਂ ਨੂੰ ਲੁੱਟ ਦੀ ਖੁੱਲ੍ਹ 
 (ਨਰਿੰਦਰ ਜੀਤ )   


ਬਾਦਲ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਖਰੀਦਣ ਸਬੰਧੀ ਕੀਤੇ ਲੋਕ ਵਿਰੋਧੀ ਸਮਝੌਤਿਆਂ, ਜਿਨ੍ਹਾਂ ਦੇ ਤਹਿਤ ਬਿਜਲੀ ਦੀ ਖਰੀਦ ਚ ਨਿੱਜੀ ਖੇਤਰ ਨੂੰ ਪਹਿਲ, ਬਿਜਲੀ ਵਾਧੂ ਹੋਣ ਦੀ ਸੂਰਤ ਚ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰ ਬੰਦ ਕਰਕੇ ਨਿੱਜੀ ਖੇਤਰ ਤੋਂ ਬਿਜਲੀ ਦੀ ਖਰੀਦ ਜਾਰੀ ਰੱਖਣਾ, ਨਿੱਜੀ ਖੇਤਰ ਤੋਂ ਮਹਿੰਗੇ ਭਾਅ ਬਿਜਲੀ ਖਰੀਦਣਾ ਆਦਿ ਸ਼ਰਤਾਂ ਤਹਿ ਕੀਤੀਆਂ ਗਈਆਂ ਸਨ, ਤੇ ਮੁੜ ਨਜ਼ਰਸਾਨੀ ਕਰ ਕੇ ਸਾਰੀਆਂ ਘਪਲੇਬਾਜ਼ੀਆਂ ਨੰਗੀਆਂ ਕਰਨ ਅਤੇ ਲੋਕ ਪੱਖੀ ਬਿਜਲੀ ਖਰੀਦ ਸਮਝੌਤੇ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਮਰਿੰਦਰ ਦੀ ਕਾਂਗਰਸ ਸਰਕਾਰ, ਪੁੱਠੇ ਰਾਹ ਪੈ ਗਈ ਹੈ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਅੱਜ ਹੋ ਰਹੀ ਮੀਟਿੰਗ ਚ ਬਠਿੰਡਾ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ ਦੇ ਦੋ - ਦੋ ਯੂਨਿਟਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਵਿਚਾਰਿਆ ਜਾ ਰਿਹਾ ਹੈ | 
ਨਿੱਜੀ ਖੇਤਰ ਦੀਆਂ ਬਿਜਲੀ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਲੁੱਟ ਖਸੁੱਟ ਜਾਰੀ ਰੱਖਣ ਦੇ ਮਨਸ਼ੇ ਨਾਲ ਚੁੱਕੇ ਜਾ ਰਹੇ ਇਹਨਾਂ ਕਦਮਾਂ ਬਾਰੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਦਲੀਲ ਇਹ ਦਿੱਤੀ ਜਾ ਰਹੀ ਹੈ ਇਹ ਯੂਨਿਟ 25 ਸਾਲ ਪੁਰਾਣੇ ਹੋ ਚੁੱਕੇ ਹਨ ਅਤੇ ਇਹਨਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਲਾਗਤ 3.60 ਰੁਪੈ ਪੈਂਦੀ ਹੈ ਜਦੋਂ ਕਿ ਨਵੇਂ ਯੂਨਿਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ 2 ਰੁਪੈ 25 ਪੈਸੇ ਤੋਂ 2 ਰੁਪੈ 60 ਪੈਸੇ ਤੱਕ ਪੈਂਦੀ ਹੈ | 
ਇਹ ਦਲੀਲ ਨਿਰਾ ਝੂਠ ਦਾ ਪੁਲਿੰਦਾ ਹੈ ਕਿਓੰਕੇ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਨਾਲ ਕੀਤੇ ਖਰੀਦ ਸਮਝੌਤੇ (P.P.A), ਜਿਨੇਂ ਕੁ ਨਸ਼ਰ ਹੋਏ ਹਨ, ਇਸ ਤੋਂ ਉਲਟ ਕਹਾਣੀ ਬਿਆਨ ਕਰਦੇ ਹਨ | ਜੇ ਕਾਂਗਰਸੀ ਹਾਕਮਾਂ ਦੀ ਇਹ ਦਲੀਲ ਮੰਨ ਵੀ ਲਈਏ ਤਾਂ ਚਾਹੀਦਾ ਇਹ ਹੈ ਕਿ ਜਿਹੜੇ ਯੂਨਿਟ ਪੁਰਾਣੇ ਹੋ ਗਏ ਹਨ ਉਹਨਾਂ ਦੀ ਥਾਂ ਸਰਕਾਰੀ ਖੇਤਰ ਚ ਹੀ ਨਵੇਂ ਲਾ ਲਏ ਜਾਣ, ਪਰ ਸਰਕਾਰ ਨੇਂ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ |
ਸੰਖੇਪ ਚ ਗੱਲ ਕਰਨੀ ਹੋਵੇ ਤਾਂ ਹਕੀਕਤ ਇਹ ਹੈ ਕਿ ਬਾਦਲਾਂ ਨੇਂ ਜਦੋਂ ਬਠਿੰਡੇ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਤਾਂ ਉਹਨਾਂ ਦੀ ਅੱਖ, ਇਸ ਹੇਠਲੀ ਜ਼ਮੀਨ ਤੇ ਸੀ | ਉਸ ਸਮੇਂ ਅਕਾਲੀ - ਭਾਜਪਾ ਸਰਕਾਰ ਨਾਲ ਜੁੜੇ ਭੋਏਂ ਮਾਫੀਏ ਦੇ ਲੋਕ ਇਹ ਜ਼ਮੀਨ ਹਥਿਆਉਣਾ ਚਾਹੁੰਦੇ ਸਨ | ਹੁਣ ਕਾਂਗਰਸੀਆਂ ਦੀ ਇਸ ਜ਼ਮੀਨ ਤੇ ਅੱਖ ਹੈ | ਬਾਦਲਾਂ ਨੇਂ ਬਿਜਲੀ ਬੋਰਡ ਨੂੰ ਆਵਦੀ ਨਿੱਜੀ ਜਗੀਰ ਬਣਾ ਕੇ ਰਖਿਆ ਸੀ | ਇਹੋ ਕਾਰਨ ਸੀ ਕਿ ਬਠਿੰਡੇ ਥਰਮਲ ਦੇ ਲੇਕ ਵਿਉ  ਰੈਸਟ ਹਾਊਸ ਨੂੰ ਸਿਰਫ ਬਾਦਲਾਂ ਦੀ ਆਰਾਮ ਗਾਹ ਬਣਾਉਣ ਲਈ ਸਾਢੇ ਸੱਤ ਕਰੋੜ ਰੁਪੈ ਖਰਚ ਕੀਤੇ ਗਏ | 
ਬਿਜਲੀ ਬੋਰਡ ਦੇ ਕੰਮਾਂ ਅਤੇ ਸਾਮਾਨ ਦੀ ਖਰੀਦ ਦਾਰੀ ਦੇ ਠੇਕਿਆਂ ਅਤੇ ਬਿਜਲੀ ਖਰੀਦ ਸਮਝੌਤਿਆਂ ਦੀ ਜੇ ਸਹੀ ਢੰਗ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਂ ਬਾਦਲਾਂ ਦੇ ਕਈ "ਪਹਿਲਵਾਨ" ਨਿੱਕਲ ਆਉਣਗੇ | ਪਰ ਅਮਰਿੰਦਰ ਸਰਕਾਰ ਨੇਂ ਏਧਰ ਧਿਆਨ ਨਹੀਂ ਦੇਣਾ ਕਿਓੰਕੇ "ਪਹਿਲਵਾਨਾਂ" ਨੇਂ ਹਵਾ ਦਾ ਰੁੱਖ ਦੇਖ ਕੇ ਵਫਾਦਾਰੀਆਂ ਬਦਲ ਲਈਆਂ ਹਨ | 
ਲੋਕ ਮੋਰਚਾ ਪੰਜਾਬ, ਕਾਂਗਰਸ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ - ਬੰਦ ਕੀਤੇ ਜਾ ਰਹੇ 4 ਯੂਨਿਟਾਂ ਦੀ ਥਾਂ PSPCL ਦੇ ਤਹਿਤ ਹੀ 4 ਨਵੇਂ ਯੂਨਿਟ ਲਾਏ ਜਾਣ, ਬਾਦਲਾਂ ਦੇ ਰਾਜ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਖਰੀਦ ਸਮਝੌਤੇ ਮੁਕੰਮਲ ਰੂਪ ਚ ਜਨਤਕ ਕੀਤੇ ਜਾਣ ਅਤੇ ਇਹਨਾਂ ਦੇ ਲੋਕ-ਦੋਖੀ ਪ੍ਰਾਵਧਾਨਾਂ ਨੂੰ ਰੱਦ ਕੀਤਾ ਜਾਵੇ, ਨਿੱਜੀ ਬਿਜਲੀ ਕੰਪਨੀਆਂ ਨੂੰ ਕਿਸੇ ਤਰਾਂ ਦਾ ਵੀ ਕੋਈ ਤਰਜੀਹੀ ਲਾਭ ਨਾਂ ਦਿੱਤਾ ਜਾਵੇ | ਇਹ ਯਕੀਨੀ ਬਣਾਇਆ ਜਾਵੇ ਕਿ ਤਾਪ ਬਿਜਲੀ ਘਰਾਂ ਚ ਕੰਮ ਕਰਦੇ ਕਿਰਤੀਆਂ ਦੇ ਹਿਤਾਂ ਤੇ ਕੋਈ ਸੱਤ ਨਾਂ ਲੱਗੇ ਅਤੇ ਖਪਤਕਾਰਾਂ ਨੂੰ ਸਸਤੀ ਬਿਜਲੀ ਮਿਲੇ.|     

Saturday, June 24, 2017

ਲੋਕ ਹੀ ਮਿਲ ਕੇ ਫਿਰਕੂ ਫ਼ਾਸ਼ੀਆਂ ਦੀ ਕਬਰ ਪੁੱਟਣਗੇ

ਮਾਸੂਮ ਜੁਨੈਦ ਅਤੇ ਅਜਿਹੇ ਹੋਰਾਂ ਦੇ ਕਾਤਲਾਂ ਦਾ ਬੁਥਾੜ ਭੰਨਣ ਲਈ, 
ਆਓ ਮੈਦਾਨ ਚ ਨਿਤਰੀਏ
ਨਰਿੰਦਰ ਜੀਤ 
Junaid's Family
Junaid

ਆਰ ਐਸ ਐਸ ਅਤੇ ਭਾਜਪਾ ਨੇਂ ਮੋਦੀ, ਖੱਟਰ ਅਤੇ ਯੋਗੀ ਆਦਿਤਿਆ ਨਾਥ ਵਰਗਿਆਂ ਦੀ ਅਗਵਾਈ ਚ ਹਿੰਦੂ ਫਿਰਕਾਪ੍ਰਸਤਾਂ ਦੇ ਪਟੇ ਖੋਹਲ ਦਿੱਤੇ ਹਨ | ਇਹਨਾਂ ਗੁੰਡਾ ਅਨਸਰਾਂ ਨੂੰ ਮਾਣ-ਤਾਣ ਦਿਵਾਉਣ ਲਈ, ਹਿੰਦੂ ਫਿਰਕਾਪ੍ਰਸਤੀ ਨੂੰ ਕੌਮ ਪ੍ਰਸਤੀ ਦੀ ਪੁੱਠ ਚਾਹੜ ਦਿਤੀ ਹੈ | ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਹਨਾਂ ਦੀਆਂ ਕਾਤਲੀ ਕਾਰਵਾਈਆਂ ਵੱਲੋਂ ਅੱਖਾਂ ਮੀਚ ਲੈਣ ਦੇ ਹੁਕਮ ਚਾਹੜ ਦਿੱਤੇ ਹਨ | ਆਰ ਐਸ ਐਸ ਅਤੇ ਭਾਜਪਾ ਦੇ ਆਗੂਆਂ ਦੇ ਇਸ਼ਾਰਿਆਂ ਤੇ ਗੁੰਡਿਆਂ ਦੀਆਂ  ਭੀੜਾਂ ਇੱਕਠੀਆਂ ਹੋ ਕੇ ਕਿਸੇ ਵੀ ਵਿਅਕਤੀ ਨੂੰ "ਗਊ-ਹਤਿਆਰਾ" ਜਾਂ "ਦੇਸ਼-ਧ੍ਰੋਹੀ" ਕਹਿ ਕੇ ਕੁੱਟ ਕੁੱਟ ਕੇ ਮਾਰ ਸੁੱਟਦੀਆਂ ਹਨ| ਪੁਲਸ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ |
22 ਜੂਨ ਨੂੰ ਮਥੁਰਾ ਨੂੰ ਜਾ ਰਹੀ ਇੱਕ ਗੱਡੀ ਵਿਚ 16 ਸਾਲਾ ਮੁਸਲਿਮ ਬਚੇ -ਜੁਨੈਦ ਦਾ ਕਤਲ ਅਤੇ ਉਸਦੇ ਤਿੰਨ ਸਾਥੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕੀਤੇ ਜਾਣਾ ਇਸੇ ਵਰਤਾਰੇ ਦੀ ਇੱਕ ਦਿਲ ਕੰਬਾਊ ਕੜੀ ਹੈ |
    ਹਰਿਆਣਾ ਦੇ ਖੜਵਾਲੀ ਪਿੰਡ ਚ ਰਹਿੰਦੇ  ਦੋ ਮੁਸਲਿਮ ਬਚੇ -ਜੁਨੈਦ ਅਤੇ ਹਾਸ਼ਿਮ ਕੁਝ ਦਿਨ ਪਹਿਲਾਂ ਬਹੁਤ ਖੁਸ਼ ਸਨ| ਰਮਜ਼ਾਨ ਦੇ ਮਹੀਨੇ ਚ ਰੋਜ਼ਿਆਂ ਦੌਰਾਨ ਕੁਰਾਨ ਸ਼ਰੀਫ ਮੂੰਹ ਜ਼ੁਬਾਨੀ ਯਾਦ ਕਰਨ ਕਰਕੇ ਉਹਨਾਂ ਨੂੰ "ਹਾਫਿਜ਼" ਦੀ ਉਪਾਧੀ ਮਿਲੀ ਸੀ | ਇਸ ਖੁਸ਼ੀ ਚ ਉਹਨਾਂ ਦੀ ਮਾਂ ਨੇਂ ਉਹਨਾਂ ਨੂੰ 1500 ਰੁਪੈ ਇਨਾਮ ਵਿਚ ਦਿੱਤੇ ਸਨ| ਹਾਫਿਜ਼ ਬਣਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਈਦ ਸੀ ਅਤੇ ਉਹ ਇਸ ਖੁਸ਼ੀ ਚ ਸ਼ਾਨਦਾਰ ਕਪੜਿਆਂ ਚ ਸਜਣਾਂ ਚਾਹੁੰਦੇ ਸਨ|  ਖੁਸ਼ੀ ਮਨਾਉਣ ਅਤੇ ਖਰੀਦ ਦਾਰੀ ਕਰਨ ਲਈ ਉਹਨਾਂ ਨੇਂ ਦਿੱਲੀ ਦੀ ਜਾਮਾ ਮਸਜਿਦ ਜਾਣ ਦਾ ਪ੍ਰੋਗਰਾਮ ਬਣਾਇਆ (ਕਿਓੰਕੇ ਜਾਮਾ ਮਸਜਿਦ ਕੋਲ ਸਸਤੇ ਕਪੜਿਆਂ ਦਾ ਵੱਡਾ ਬਜ਼ਾਰ ਲਗਦਾ ਹੈ) ਅਤੇ ਘਰੇ ਸ਼ਾਮ ਨੂੰ ਜਲਦੀ ਮੁੜ ਕੇ ਆਉਣ ਲਈ ਕਹਿ ਕੇ ਗਏ | ਪਰ ਉਹਨਾਂ  ਚੋਂ ਸਿਰਫ ਇੱਕ ਹੀ ਮੁੜ ਸਕਿਆ | ਦੂਜੇ ਦੀ ਭਾਜਪਾ-ਆਰ ਐਸ ਐਸ ਵੱਲੋਂ ਭੜਕਾਏ ਗੁੰਡਿਆਂ ਹੱਥੋਂ ਛੁਰੀਆਂ ਨਾਲ ਵਿੰਨੀ, ਲਹੂ ਨਾਲ ਲਥਪਥ ਲਾਸ਼ ਹੀ ਵਾਪਿਸ ਆਈ |
ਉਹਨਾਂ ਦੀ ਮਾਂ ਨੇਂ ਉਹਨਾਂ ਨੂੰ ਸਭ ਤੋਂ ਵਧੀਆ ਸੇਵੀਆਂ ਅਤੇ ਮਠਿਆਈਆਂ ਖਰੀਦ ਕੇ ਲਿਆਉਣ ਲਈ ਕਿਹਾ ਸੀ ਤਾਂਕਿ ਸਵਾਦੀ ਅਤੇ ਮਿੱਠੀਆਂ ਵਸਤਾਂ ਨਾਲ ਰੋਜ਼ੇ ਖੋਹਲੇ ਜਾਣ | ਪਰ ਬਦਨਸੀਬ ਮਾਂ ਦੀ ਝੋਲੀ ਚ ਓਹਦੇ ਪੁੱਤਾਂ ਵੱਲੋਂ ਲਿਆਂਦੀਆਂ ਮਠਿਆਈਆਂ ਅਤੇ ਸੇਵੀਆਂ ਦੀ ਥਾਂ 16 ਸਾਲਾਂ ਦੇ ਮਾਸੂਮ ਪੁੱਤ ਜੁਨੈਦ ਦੀ ਲਾਸ਼ ਸੀ|

ਜੁਨੈਦ ਅਤੇ ਉਸਦੇ 3 ਸਾਥੀਆਂ ਨਾਲ ਕੀ ਬੀਤੀ ?

ਜੁਨੈਦ ਅਤੇ ਉਸਦੇ ਤਿੰਨ ਸਾਥੀ - ਜੋ 16 ਤੋਂ 20 ਸਾਲ ਦੀ ਉਮਰ ਦੇ ਸਨ, ਸ਼ਾਮ ਨੂੰ 05.30 ਵਜੇ ਦਿੱਲੀ ਸਦਰ ਰੇਲਵੇ ਸਟੇਸ਼ਨ ਤੋਂ ਬੱਲਭਗੜ ਜਾਣ ਵਾਲੀ ਗੱਡੀ ਤੇ ਚੜੇ| ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਸਫ਼ਰ ਉਹਨਾਂ ਲਈ ਕਿੰਨਾਂ ਭਿਆਨਕ ਹੋਣ ਵਾਲਾ ਹੈ | ਜਿਓਂ ਹੀ ਗੱਡੀ ਓਖਲਾ ਸਟੇਸ਼ਨ ਤੇ ਪਹੁੰਚੀ ਤਾਂ 15-20 ਲੋਕਾਂ ਦਾ ਇੱਕ ਗਰੋਹ ਗੱਡੀ ਚ ਵੜ ਆਇਆ ਅਤੇ ਉਹਨਾਂ ਨੂੰ ਸੀਟਾਂ ਛੱਡਣ ਲਈ ਕਹਿਣ ਲੱਗਾ| ਜਦੋਂ ਜੁਨੈਦ ਹੁਰਾਂ ਨੇਂ ਇਤਰਾਜ਼ ਕੀਤਾ ਤਾਂ ਗੁੰਡਿਆਂ ਨੇਂ ਉਹਨਾਂ ਤੇ ਫਿਰਕੂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ - ਜਿਵੇਂ "ਸਾਲੇ ਗਊ ਖਾਣੇ ਮੁਸਲੇ", "ਦੇਸ਼ ਦੇ ਗੱਦਾਰ", "ਮੁੱਲੇ" ਆਦਿ | ਗੁੰਡਿਆਂ ਨੇਂ ਉਹਨਾਂ ਦੀਆਂ ਦਾਹੜੀਆਂ ਫੜ ਕੇ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿਰਾਂ ਤੇ ਪਹਿਨੀਆਂ ਟੋਪੀਆਂ ਜਬਰੀ  ਸਿਰਾਂ ਤੋਂ ਲਾਹ ਕੇ ਥੱਲੇ ਸੁੱਟ ਦਿੱਤੀਆਂ ਅਤੇ ਉਹਨਾਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ | 
ਜੁਨੈਦ ਅਤੇ ਉਸਦੇ ਸਾਥੀਆਂ ਨੇਂ ਆਪਣੇ ਆਪ ਨੂੰ ਬਚਾਉਣ ਲਈ ਤੁਗਲਕਾਬਾਦ ਸਟੇਸ਼ਨ ਤੋਂ ਡੱਬਾ ਬਦਲ ਲਿਆ | ਪਰ ਫਿਰਕੂ ਜਨੂੰਨੀ ਗੁੰਡਿਆਂ ਨੇਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ | ਉਹ ਵੀ ਓਸੇ ਡੱਬੇ ਵਿਚ ਆ ਗਏ, ਅਤੇ ਘੇਰ ਕੇ ਉਹਨਾਂ ਨੂੰ ਕੁੱਟਣਾਂ ਸ਼ੁਰੂ ਕਰ ਦਿੱਤਾ | ਗੱਡੀ ਜਦੋਂ ਹਰਿਆਣਾ ਦੇ ਅਸੌਟੀ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਗੁੰਡਿਆਂ ਨੇਂ  16 ਸਾਲਾਂ ਦੇ ਜੁਨੈਦ ਨੂੰ ਛੁਰਿਆਂ ਨਾਲ  ਵਿੰਨ ਕੇ ਮਾਰ ਦਿੱਤਾ | ਓਹਦੇ ਤਿੰਨ ਸਾਥੀਆਂ ਮੋਇਨ, ਮੌਸਿਮ ਅਤੇ ਹਾਸ਼ਿਮ ਨੂੰ ਛੁਰੇ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ |
       ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਪੁਲਸ ਮੁਖੀ ਕੇ ਪੀ ਐਸ ਗਿੱਲ ਦੀ ਮੌਤ ਸਮੇਂ ਚੱਲੀ ਚਰਚਾ ਦੌਰਾਨ ਮੈਂ ਇੱਕ ਪੋਸਟ ਚ ਜ਼ਿਕਰ ਕੀਤਾ ਸੀ ਕਿ "ਲੋਕਾਂ ਦਾ ਦੁਖਾਂਤ ਇਹ ਹੈ ਕਿ ਜਿਸ ਫਿਰਕੂ ਦਹਿਸ਼ਤਗਰਦੀ ਨੂੰ ਖਤਮ ਕਰਨ ਦਾ ਸਿਹਰਾ ਗਿੱਲ ਦੇ ਸਿਰ ਤੇ ਬੰਨ੍ਹ ਕੇ ਹਾਕਮ ਉਸ ਨੂੰ ਸ਼ਿੰਗਾਰ ਕੇ ਹੀਰੋ ਵਜੋਂ ਪੇਸ਼ ਕਰ ਰਹੇ ਹਨ ਉਹ ਜਿਓਂ ਦੀ ਤਿਓਂ ਕਾਇਮ ਹੈ | ਜੇ ਭਿੰਡਰਾਂ ਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਸ ਤੋਂ ਵੀ ਵੱਧ ਜ਼ਹਿਰੀਲੇ ਫਿਰਕੂ ਆਗੂ ਅਸੀਮਾਨੰਦ, ਆਦਿਤਿਆ ਯੋਗੀ, ਸਾਧਵੀ ਪ੍ਰੱਗਿਆ ਆਦਿ ਜਿਓੰਦੇ ਹਨ | ਭਿੰਡਰਾਂ ਵਾਲੇ ਕੋਲ ਤਾਂ  ਲੋਕਾਂ ਤੇ ਝਪਟਣ ਲਈ ਗਿਣੇ ਚੁਣੇ ਹਥਿਆਰਬੰਦ ਟੋਲੇ ਸਨ ਪਰ ਇਹਨਾਂ ਕੋਲ ਆਵਦੇ ਲੋਕ ਵਿਰੋਧੀ ਮਨਸੂਬੇ ਹਾਸਲ ਕਰਨ ਲਈ ਭੜਕਾਈਆਂ ਹੋਈਆਂ ਭੀੜਾਂ ਹਨ, ਜਿਨ੍ਹਾਂ ਰਾਹੀ ਉਹ ਵੱਡੀ ਪੱਧਰ ਤੇ ਦੰਗੇ ਕਰਵਾਉਂਦੇ ਹਨ, ਕਤਲੋ ਗਾਰਦ ਅਤੇ ਲੁੱਟ ਮਾਰ ਕਰਦੇ ਹਨ |"

ਅਸੌਟੀ ਦੀ ਇਹ ਘਟਨਾ ਹਿੰਦੂ ਫਿਰਕੂ ਫਾਂਸੀ ਟੋਲਿਆਂ ਦੇ ਵਕਰਾਲ ਅਤੇ ਖੂੰ-ਖ਼ੈਰ ਰੂਪ ਨੂੰ ਹੀ ਉਜਾਗਰ ਕਰਦੀ ਹੈ | ਲੋੜ ਹੈ ਇਸ ਜ਼ਹਿਰੀਲੇ ਨਾਗ ਦਾ ਟਾਕਰਾ ਕਰਨ ਲਈ ਮਜ਼ਬੂਤੀ ਨਾਲ ਅੱਗੇ ਆਈਏ !