'ਸਾਧ ਦੀ ਭੂਰੀ ਤੇ ਇਕੱਠ' ਜਾਂ ਲੋਕ ਏਕਾ ਤੋੜਨ ਦੀ ਸ਼ੈਤਾਨੀ ਚਾਲ ?
(N.K.JEET)
ਬਾਬਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਮੁਕੱਦਮੇ ਚ ਫੈਸਲੇ ਨੂੰ ਲੈ ਕੇ, ਹਾਕਮਾਂ ਦੀਆਂ ਸਾਰੀਆਂ ਧਿਰਾਂ ਜਿਥੇ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹਨ ਓਥੇ ਨਾਲ ਹੀ ਸੰਘਰਸ਼ੀ ਲੋਕਾਂ ਦੀ ਏਕਤਾ ਤੋੜਨ ਲਈ ਇਸ ਦੀ ਰੱਜ ਕੇ ਵਰਤੋਂ ਕਰ ਰਹੀਆਂ ਹਨ | ਇਹਨਾਂ ਸਾਰੀਆਂ ਧਿਰਾਂ ਦੇ ਜਨਤਕ ਐਲਾਨਾਂ ਅਤੇ ਅਮਲਾਂ ਚ ਗੰਭੀਰ ਪਾੜਾ ਹੈ , ਜੋ ਇਹਨਾਂ ਦੇ ਦੰਭ ਅਤੇ ਪਖੰਡ ਨੂੰ ਨੰਗਾ ਕਰਦਾ ਹੈ | ਮਿਸਾਲ ਵਜੋਂ :# ਪੰਜਾਬ ਦੀ ਸਰਕਾਰ ਅਤੇ ਪੁਲਸ ਮੁਖੀ ਐਲਾਨ ਤਾਂ ਇਹ ਕਰ ਰਹੇ ਹਨ ਕਿ "ਪੱਤਾ ਵੀ ਨਹੀਂ ਹਿੱਲਣ ਦਿਆਂਗੇ" ਪਰ ਹਕੀਕਤ ਇਹ ਹੈ ਕਿ ਪੁਲਸ ਨਾਕਿਆਂ ਦੇ ਬਾਵਜੂਦ ਲੱਖਾਂ ਲੋਕ ਪੰਚਕੂਲਾ ਦੇ ਪਾਰਕਾਂ ਅਤੇ ਸਿਰਸਾ ਦੇ ਡੇਰੇ ਚ ਕਈ ਦਿਨਾਂ ਤੋਂ ਲਗਾਤਾਰ ਪਹੁੰਚ ਰਹੇ ਹਨ | ਨਾਕਿਆਂ ਤੇ ਖੜੀ ਪੁਲਸ ਸਿਰਫ ਇਹਨਾਂ ਦੀ ਗਿਣਤੀ ਕਰ ਰਹੀ ਹੈ ਹੋਰ ਕੁਝ ਨਹੀਂ | ਕਈ ਸਰਕਾਰ ਦੀ ਇਹ ਅੱਗ ਅਤੇ ਬਾਰੂਦ ਨੂੰ ਇਕੱਠਾ ਕਰ ਕੇ ਵਿਸਫੋਟਕ ਸਥਿਤੀ ਬਣਾਉਣ ਦੀ ਚਾਲ ਨਹੀਂ ਤਾਂ ਜੋ ਲੋਕਾਂ ਨੂੰ ਭਰਾ ਮਾਰ ਲੜਾਈ ਚ ਉਲਝਾਇਆ ਜਾ ਸਕੇ ?
# ਬਾਬਾ ਅਤੇ ਓਹਦੇ ਪ੍ਰਮੁੱਖ ਆਗੂ ਲਗਾਤਾਰ ਪ੍ਰੈਸ ਅਤੇ ਬਿਜਲਈ ਮੀਡੀਆ ਚ ਬਿਆਨ ਦੇ ਰਹੇ ਹ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਾਂਗੇ, ਓਧਰ ਪੰਚਕੂਲਾ ਦੇ ਪਾਰਕਾਂ ਅਤੇ ਸਿਰਸਾ ਦੇ ਡੇਰੇ ਚ ਇਕੱਠੇ ਹੋਏ ਉਹਨਾਂ ਦੇ ਸ਼ਰਧਾਲੂ ਲਗਾਤਾਰ ਭੜਕਾਊ ਬਿਆਨ ਦੇ ਰਹੇ ਹਨ | ਬਾਬਾ ਜੀ ਨੂੰ ਪੁੱਛਦੇ ਹਾਂ ਕੇ ਜਨਾਬ ਜੇ ਅਦਾਲਤ ਦੇ ਫੈਸਲੇ ਦਾ ਸਨਮਾਨ ਹੀ ਕਰਨਾ ਹੈ ਫਿਰ ਸ਼ਰਧਾਲੂਆਂ ਦੀਆਂ ਭੀੜਾਂ ਨੂੰ ਓਥੇ ਕਾਹਦੇ ਲਈ ਤਾਇਨਾਤ ਕੀਤਾ ਹੈ ? ਕਿਓਂ ਨਹੀਂ ਉਹਨਾਂ ਨੂੰ ਕਹਿੰਦੇ ਕਿ ਭਾਈ ਸਾਹਿਬ ਆਵਦੇ ਆਵਦੇ ਘਰੀਂ ਜਾਓ ਅਤੇ ਕਬੀਲਦਾਰੀ ਦੇ ਕੰਮ ਕਰੋ |
# ਹਰਿਆਣੇ ਦਾ ਮੁਖ ਮੰਤਰੀ ਲਗਾਤਾਰ ਆਪਣੇ ਇੱਕ ਅਫਸਰ ਉਮਾ ਸ਼ੰਕਰ ਨੂੰ ਬਾਬਾ ਜੀ ਦੀ ਹਜ਼ੂਰੀ ਵਿਚ ਹਾਜ਼ਰ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ | ਬਾਬੇ ਵੱਲੋਂ ਵੇਚੀਆਂ ਸੰਗਤਾਂ ਦੀਆਂ ਵੋਟਾਂ ਨਾਲ ਮੁਖ ਮੰਤਰੀ ਪਦ ਮਿਲਣ ਦਾ ਸ਼ਾਇਦ ਕਰਜ਼ ਚੁਕਾ ਰਿਹਾ ਹੈ, 25 ਅਗਸਤ ਨੂੰ ਅਦਾਲਤ ਚ ਪੇਸ਼ ਹੋ ਜਾਣ ਲਈ ਲੇਹਲੜੀਆਂ ਪਾ ਰਿਹਾ ਹੈ | ਕੀ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਵਾਉਣ ਲਈ ਪੁਲਸ ਜਾਂ ਸਰਕਾਰ ਕੋਲ ਲੇਹਲੜੀਆਂ ਕੱਢਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ? "ਸੰਤ" ਭਿੰਡਰਾਂ ਵਾਲੇ ਅਤੇ "ਬਾਬੇ" ਸੱਤ ਪਾਲ ਦਾ ਇਤਿਹਾਸ ਸ਼ਾਇਦ ਮੁੜ ਦੁਹਰਾਇਆ ਜਾ ਰਿਹਾ ਹੈ | ਸਾਡੇ ਨੇਤਾ ਕਦੀ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ |
# ਸ਼ਿਰੋਮਣੀ ਕਮੇਟੀ ਵੀ, ਪਹਿਲਾਂ ਚਾਹੇ "ਇਸ ਮਸਲੇ ਨਾਲ ਕੋਈ ਲੱਗਾ ਦੇਗਾ ਨਹੀਂ" ਕਹਿੰਦੀ ਸੀ ਪਰ ਹੁਣ ਹਰਕਤ ਚ ਆ ਗਈ ਹੈ, ਕਿਓੰਕੇ ਇਥੇ ਵੀ ਦਾਲ ਚ ਕਈ ਕੁਝ ਕਾਲਾ ਕਾਲਾ ਹੈ | ਪਿਛਲੇ ਕੁਝ ਮਹੀਨਿਆਂ ਵਿਚ ਹੀ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ, ਫਿਰ ਗੁਰਦਵਾਰਾ ਸਾਹਿਬ ਭਗਤ ਭਾਈ ਕਾ ਅਤੇ ਹੁਣ ਗੁਰਦਵਾਰਾ ਛੋਟਾ ਘੱਲੂਘਾਰਾ ਚ ਜੋ ਵਾਪਰਿਆ ਹੈ, ਉਹਨੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਤੋਂ ਅੱਗੇ ਵੱਧ ਕੇ ਇਸ ਦੀ ਰੂਹ ਤੇ ਡੂੰਘੇ ਜ਼ਖਮ ਕੀਤੇ ਹਨ | ਪਰ ਸ਼ਿਰੋਮਣੀ ਕਮੇਟੀ ਚੋਣ ਕਿਸੇ ਦਾ ਹਿਰਦਾ ਵਲੂੰਧਰਿਆ ਨਹੀਂ ਗਿਆ, ਸਿਆਸੀ ਖੇਡਾਂ ਖੇਡ ਰਹੇ ਹਨ | ਹੁਣ ਬਡੂੰਗਰ ਸਾਹਿਬ ਨੂੰ ਲੱਗਿਆ ਕਿ ਜਿਸ ਮੁਕਾਮ ਤੇ ਅੱਜ ਸਿਰਸੇ ਵਾਲੇ ਬਾਬਾ ਜੀ ਪਹੁੰਚ ਗਏ ਹਨ ਓਥੇ ਕਿਸੇ ਵੇਲੇ ਕੋਈ ਸ਼ਿਰੋਮਣੀ ਕਮੇਟੀ ਦਾ ਕਰਤਾ ਧਰਤਾ ਵੀ ਪਹੁੰਚ ਸਕਦਾ ਹੈ | ਇਸ ਲਈ ਬਡੂੰਗਰ ਸਾਹਿਬ ਨੂੰ ਵੀ ਇਸ ਮਸਲੇ ਨਾਲ ਲੱਗਾ ਲੱਗਣ ਲੱਗ ਪਿਆ ਹੈ | ਓਹਨੂੰ ਵੀ ਲਗਦਾ ਹੈ ਕਿ ਇਸ ਤੋਂ ਪਹਿਲਾਂ ਕਿ ਲੋਕ ਸਾਡੇ ਪ੍ਰਬੰਧ ਅਧੀਨ ਵਿਆਪਕ ਵਿਭਚਾਰ ਵੱਲ ਉਂਗਲ ਉਠਾਉਣ ਉਹਨਾਂ ਨੂੰ ਭਰਾ ਮਾਰ ਲੜਾਈ ਚ ਉਲਝਾ ਦਿਓ | ਇਸ ਲਈ ਉਸਨੂੰ ਗੁਰਦਵਾਰਿਆਂ ਤੇ ਹਮਲੇ ਦਾ ਖਦਸ਼ਾ ਖੜਾ ਹੋ ਗਿਆ ਹੈ |
# 2017 ਦੀਆਂ ਚੋਣਾਂ ਸਮੇਂ ਬਾਬੇ ਦੇ ਦਰਬਾਰ ਚ ਵੋਟਾਂ ਲਈ ਨਤਮਸਤਕ ਹੋਏ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨ ਚੁੱਪ ਹਨ, ਸ਼ਾਇਦ 2019 ਦੀਆਂ ਚੋਣਾਂ ਚ ਬਾਬੇਕਿਆਂ ਵੱਲੋਂ ਕੁਝ ਹੱਥ ਝਾੜਨ ਦੀ ਆਸ ਹੈ
ਲੋਕੋ 22 ਅਗਸਤ ਨੂੰ ਬਰਨਾਲੇ ਚ ਖੇਤਾਂ ਦੇ ਪੁੱਤਾਂ ਦੇ ਇਕੱਠ ਦੀਆਂ ਫੋਟੋਆਂ ਜ਼ਰਾ ਧਿਆਨ ਨਾਲ ਦੇਖਿਓ | ਤੁਹਾਨੂੰ ਇਹਨਾਂ ਚ ਸਾਧਾਰਨ ਲੋਕ ਵੀ ਦਿਸਣਗੇ, ਅਮ੍ਰਿਤਧਾਰੀ ਸਿੱਖ ਵੀ ਦਿਸਣਗੇ, ਮੁਸਲਮਾਨ ਵੀ ਦਿਸਣਗੇ ਅਤੇ ਸਚੇ ਸੌਦੇ ਵਾਲੇ ਵੀ| ਕਰਜ਼ਾ ਮਾਫ਼ੀ, ਖ਼ੁਦਕੁਸ਼ੀ ਪੀੜਿਤ ਪਰਿਵਾਰਾਂ ਲਈ ਮੁਆਵਜ਼ਾ, ਬੇ ਰੁਜ਼ਗਾਰ ਪੁੱਤਾਂ ਧੀਆਂ ਲਈ ਰੁਜ਼ਗਾਰ, ਨਿਸ਼ਚਿਤ ਦਿਹਾੜੀਆਂ, ਮਕਾਨ, ਰਾਸ਼ਨ, ਬੁਢਾਪਾ ਪੈਨਸ਼ਨ ਆਦਿ ਮੰਗਾਂ ਮਸਲੇ ਉਹਨਾਂ ਦੇ ਸਾਂਝੇ ਹਨ | ਉਹਨਾਂ ਨੂੰ ਇਹ ਵੀ ਗਿਆਨ ਹੈ ਕਿ ਇਹ ਮਸਲੇ ਨਾਂ ਤਾਂ ਸ਼ਿਰੋਮਣੀ ਕਮੇਟੀ ਨੇਂ ਹੱਲ ਕਰਵਾਉਣੇ ਹਨ, ਨਾਂ ਡੇਰੇ ਨੇਂ ਅਤੇ ਨਾਂ ਹੀ ਮੌਕਾਪ੍ਰਸਤ ਸਿਆਸਤਦਾਨਾਂ ਨੇਂ ਅਤੇ ਉਹਨਾਂ ਦੀਆਂ ਸਰਕਾਰਾਂ ਨੇਂ | ਇਹ ਮਸਲੇ ਤਾਂ ਉਹਨਾਂ ਦੀ ਜਥੇਬੰਦਕ ਤਾਕਤ ਨਾਲ ਹੀ ਹੱਲ ਹੋਣੇ ਹਨ | ਪਰ ਜੇ ਲੋਕ ਇਕੱਠੇ ਹੋ ਗਏ ਤਾਂ ਲੁਟੇਰਿਆਂ ਦਾ ਕਈ ਬਣੂੰ, ਉਹਨਾਂ ਦੀਆਂ ਕੂੜ ਦੀਆਂ ਦੁਕਾਨਾਂ ਦਾ ਤਾਂ ਦੀਵਾਲਾ ਨਿੱਕਲ ਜਾਊ |ਬੱਸ ਇਹੋ ਚਿੰਤਾ ਹੈ ਜਿਸ ਨੂੰ ਦੂਰ ਕਰਨ ਲਈ ਸਾਰੇ ਲੁਟੇਰੇ ਇਕੱਠੇ ਹੋ ਗਏ ਹਨ ਲੋਕਾਂ ਨਾਲ ਛਲ, ਕਪਟ ਅਤੇ ਪਖੰਡ ਕਰਨ ਲਈ |
ਆਓ ਇਹਨਾਂ ਦੀਆਂ ਕਪਟੀ ਅਤੇ ਫੁੱਟ ਪਾਊ ਚਾਲਾਂ ਨੂੰ ਇਕੱਠੇ ਹੋ ਕੇ ਭਾਂਜ ਦੇਈਏ
ਲੋਕ ਏਕਤਾ ਦੇ ਪਰਚਮ ਲਹਿਰਾਈਏ |