StatCounter

Monday, November 23, 2015

ਲੋਕਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼ ਨੂੰ ਰੋਕਣ ਦਾ ਜਾਬਰ ਹਥਿਆਰ -ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ - 2014 :

ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ - 2014 :
ਲੋਕਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼ ਨੂੰ ਰੋਕਣ ਦਾ
ਸਰਕਾਰ ਦੇ ਹੱਥ ਜਾਬਰ ਹਥਿਆਰ



ਪਾਰਲੀਮਾਨੀ ਚੋਣਾਂ ਵਿਚ ਕੀਤੇ ਵਾਅਦਿਆਂਦਾਅਵਿਆਂ ਦੇ ਉਲਟ ਹਕੂਮਤੀ ਗੱਦੀ ਮੱਲਦਿਆਂ ਹੀ ਭਾਜਪਾ ਹਕੂਮਤ ਵੱਲੋਂ ਕਾਂਗਰਸੀ ਹਕੂਮਤ ਵੇਲੇ ਦੀਆਂ ਮੁਲਕ ਸਿਰ ਮੜੀਆਂ ਲੋਕਦੋਖੀ ਸਾਮਰਾਜੀ ਤੇ ਕਾਰਪੋਰੇਟਾਂ ਪੱਖੀ ਨੀਤੀਆਂ ਨੂੰ ਨਾ ਸਿਰਫ ਜਾਰੀ ਰੱਖਿਆ ਜਾ ਰਿਹਾ ਹੈ, ਸਗੋਂ ਪੂਰੀ ਤੇਜ਼ੀ ਤੇ ਬੇਕਿਰਕੀ ਨਾਲ ਲਾਗੂ ਕੀਤੇ ਜਾਣ ਦੇ ਨਾਲ ਹੀ, ਭਾਜਪਾ ਦੀ ਪੱਕੀ ਭਾਈਵਾਲ ਤੇ ਪੰਜਾਬ ਦੀ ਆਕਾਲੀ ਹਕੂਮਤ ਨੇ ਸਾਲ 2010 ਵਿਚ ਲੋਕਵਿਰੋਧ ਮੂਹਰੇ ਝੁਕਦਿਆਂ ਵਾਪਸ ਲਏ ਕਾਨੂੰਨ ਨੂੰ ਦੁਬਾਰਾ ਸਾਣ 'ਤੇ ਲਾ ਕੇ ਹੁਣ ਆਵਦੀ ਵਜ਼ੀਰਮੰਡਲੀ ਤੋਂ ਪਾਸ ਕਰਵਾਇਆ ਹੈ। ਇਹ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਨੂੰਨ, ਲੋਕਾਂ ਦੇ ਰੋਸਵਿਰੋਧਸੰਘਰਸ਼ ਨੂੰ ਰੋਕਣ ਦਾ ਕਨੂੰਨ ਹੈ। ਲੋਕਾਂ ਦੀ ਜਬਾਨਬੰਦੀ ਕਰਨ ਦਾ ਕਾਨੂੰਨ ਹੈ। ਮੁਲਕ ਦੀ ਅਖੌਤੀ ਜਮਹੂਰੀਅਤ ਦੇ ਲੋਕਦੋਖੀ ਜਾਬਰ ਚੇਹਰੇ ਦੇ ਨੰਗੇ ਹੋਣ ਦਾ ਹੀ ਇਕ ਹੋਰ ਕਦਮ ਹੈ। ਇਸਦਾ ਪੰਜਾਬ ਦੇ ਬੁੱਧੀਮਾਨਾਂ, ਜਮਹੂਰੀਅਤ ਪਸੰਦਾਂ 'ਤੇ ਸੰਘਰਸ਼ਸ਼ੀਲਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ। 
ਵੱਖ ਵੱਖ ਗਿਆਰਾਂ ਮੁੱਖ ਮੱਦਾਂ ਵਾਲੀ ਵਜੀਰ-ਮੰਡਲੀ ਵੱਲੋਂ ਪਾਸ ਕੀਤੇ ਇਸ ਕਾਨੂੰਨ ਵਿਚ ਸਰਕਾਰੀ ਦੇ ਨਾਲ ਨਾਲ ਨਿੱਜੀ ਜਾਇਦਾਦ ਦਾ ਨੁਕਸਾਨ ਰੋਕਣ ਦੀ ਪਾਈ ਮੱਦ, ਹਰ ਖੇਤਰ ਵਿਚ ਹੋ ਚੁੱਕੀ ਤੇ ਹੋ ਰਹੀ ਕਾਰਪੋਰੇਟਾਂ ਦੀ ਘੁਸਪੈਠ ਦੀ ਅਤੇ ਹਕੂਮਤ ਵੱਲੋਂ ਇਹਨਾਂ ਕਾਰਪੋਰੇਟਾਂ ਦੇ ਹਿੱਤਾਂ ਦੀ ਹਰ ਹਾਲ ਰਾਖੀ ਕਰਨ ਦੀ ਚੁਗਲੀ ਕਰਦੀ ਹੈ। ਇਹ ਕਨੂੰਨ ਕੁਦਰਤੀ ਆਫਤਾਂ ਨਾਲ ਜਾਂ ਦੰਗੇ ਫਸਾਦਾਂ (ਇਹ ਸਭ ਹਕੂਮਤਾਂ ਤੇ ਹਾਕਮ ਪਾਰਟੀਆਂ ਕਰਵਾਉਂਦੀਆਂ ਹਨ) ਨਾਲ ਹੋਏ ਲੋਕਾਂ ਦੇ ਨੁਕਸਾਨ ਦੀ ਪੂਰਤੀ ਬਾਰੇ ਗੂੰਗਾ ਹੈ ਪਰ ਸਰਕਾਰੀ ਨੀਤੀਆਂ ਤੇ ਹੱਲਿਆਂ ਵਿਰੁਧ ਲੋਕਾਂ ਦੀ ਐਜੀਟੇਸ਼ਨ, ਹੜਤਾਲ, ਧਰਨਾ, ਬੰਦ, ਪ੍ਰਦਰਸ਼ਨ, ਮਾਰਚ, ਜਲੂਸ ਜਾਂ ਰੇਲ ਤੇ ਸੜਕੀ ਆਵਾਜਾਈ ਰੋਕਣ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਬੁੜਕ ਬੁੜਕ ਬੋਲਦਾ ਹੈ। 
ਇਸ ਕਨੂੰਨ ਵਿਚ, ਨੁਕਸਾਨ ਦੀ ਗਿਣਤੀ-ਮਿਣਤੀ ਕਰਨ ਵਾਲੀ ਸਮਰੱਥ ਅਥਾਰਟੀ ਵੀ ਸਰਕਾਰ ਨੇ ਖੁਦ ਹੀ ਬਣਾਉਣੀ ਹੈ। ਨੁਕਸਾਨ ਗਿਣਨ-ਮਿਣਨ ਦਾ ਪੈਮਾਨਾ ਉਸ ਅਥਾਰਟੀ ਦਾ ਆਪੇ ਘੜਿਆ ਪੈਮਾਨਾ ਹੋਵੇਗਾ। ਘਾਟੇਨੁਕਸਾਨ ਦੇ ਸ਼ਿਕਾਇਤ ਕਰਤਾ ਨੂੰ ਰਾਜ ਸਰਕਾਰ ਕੋਲ ਅਪੀਲ ਕਰਨ ਦੀ ਵਿਵਸਥਾ ਹੈ ਪਰ ਘਾਟੇ-ਨੁਕਸਾਨ ਦੇ ਪਾਏ ਬੋਝ ਥੱਲੇ ਆਇਆਂ ਨੂੰ ਅਪੀਲ ਦਾ ਹੱਕ ਨਹੀਂ ਦਿੱਤਾ ਗਿਆ। ਲੋਕਾਂ ਨੂੰ ਤਾਂ ਮੰਨਣਾ ਹੀ ਪਊ, ਨਹੀਂ ਘੱਟੋ ਘੱਟ ਪੰਜ ਸਾਲ ਤੱਕ ਦੀ ਸਜ਼ਾ ਤੇ ਤਿੰਨ ਲੱਖ ਰੁਪਏ ਤੱਕ ਦਾ ਜੁਰਮਾਨਾ ਭੁਗਤਣਾ ਪਵੇਗਾ। ਇਹ ਕਨੂੰਨ ਨਾਜਮਾਨਤ ਯੋਗ ਬਣਾਇਆ ਗਿਆ ਹੈ। 
ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਨੇ ਐਜੀਟੇਸ਼ਨ ਕਰਨ ਵਾਲਿਆਂ ਨੂੰ ਉਕਸਾਉਣ, ਸਲਾਹ ਦੇਣ ਜਾਂ ਗਾਈਡ ਕਰਨ ਦੇ ਦੋਸ਼ ਲਾ ਕੇ ਕਿਸੇ ਨੂੰ ਵੀ ਇਸ ਕਨੂੰਨ ਦੀ ਮਾਰ ਹੇਠ ਲੈ ਆਉਣ ਦੀ ਮਦ ਵੀ ਇਸ ਕਨੂੰਨ ਵਿਚ ਪਾਈ ਹੋਈ ਹੈ। 
ਇਸ ਕਨੂੰਨ ਵਿਚ, ਅਪਰਾਧ ਸਿੱਧ ਕਰਨ ਅਤੇ ਨੁਕਸਾਨ ਨੂੰ ਤਹਿ ਕਰਨ ਲਈ ਮੌਕੇ ਉਪਰ ਪੁਲਸ ਵੱਲੋਂ ਬਣਾਈ ਗਈ ਵੀਡੀਓ ਤਸੱਲੀਬਖਸ਼ ਗਵਾਹ ਮੰਨਿਆ ਜਾਵੇਗਾ (ਹਕੂਮਤ ਦੇ ਹਿੱਤ ਨਾ ਪੂਰਦੀ ਵੀਡੀਓ, ਉਹ ਗੁੰਮ ਹੋਈ ਦਿਖਾ ਦਿੰਦੇ ਹਨ) ਅਤੇ ਪੁਲਸ ਦਾ ਹੌਲਦਾਰ ਵੀ ਅਪਰਾਧ ਕਰਦੇ ਕਿਸੇ ਨੂੰ ਪਹਿਚਾਣ ਕੇ ਗ੍ਰਿਫ਼ਤਾਰ ਕਰ ਸਕਦਾ ਹੈ। (ਉਸ ਦੀ ਪਹਿਚਾਣ ਉਤੇ ਪ੍ਰਸ਼ਨ ਨਹੀਂ)
ਬਰਤਾਨਵੀ ਬਸਤੀਵਾਦੀਆਂ ਤੋਂ ਰਾਜ ਦੀ ਵਾਗਡੋਰ ਹੱਥ ਫੜਨ ਵੇਲੇ ਤੋਂ ਹੀ ਭਾਰਤੀ ਹਾਕਮਾਂ ਤੇ ਹਕੂਮਤਾਂ ਨੇ ਇਕ ਹੱਥ ਜਮਹੂਰੀਅਤ, ਆਜ਼ਾਦੀ, ਲੋਕਰਾਜ ਦੇ ਛਲਾਵੇ ਦਾ ਤੇ ਜਥੇਬੰਦ ਹੋਣ, ਰੋਸ ਪ੍ਰਗਟਾਉਣ ਦੇ ਅਖੌਤੀ ਮੌਲਿਕ ਹੱਕਾਂ ਦਾ ਤੰਦੂਆਂ ਜਾਲ ਵਿਛਾਇਆ ਹੋਇਆ ਹੈ ਤਾਂ ਦੂਜੇ ਹੱਥ ਲੋਕਾਂ ਦੀ ਜਬਾਨਬੰਦੀ ਕਰਨ ਲਈ ਸੈਂਕੜੇ ਕਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ ਅਤੇ ਜਾਬਰ ਰਾਜਮਸ਼ੀਨਰੀ ਖੜੀ ਕੀਤੀ ਹੋਈ ਹੈ। ਜੰਮੂ ਕਸ਼ਮੀਰ ਤੇ ਉੱਤਰ ਪੂਰਬ ਦੇ ਸੂਬਿਆਂ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਕੁਚਲਣ ਲਈ ਉਸ ਵੇਲੇ ਤੋਂ ਹੀ ਹਥਿਆਰਾਂਅਧਿਕਾਰਾਂ ਨਾਲ ਲੈਸ ਫੌਜਾਂ ਚਾੜੀਆਂ ਹੋਈਆਂ ਹਨ ਤੇ ਅਫਸਪਾ (ਆਰਮਡ ਫੋਰਸ ਸਪੈਸ਼ਲ ਪਾਵਰ ਐਕਟ) ਵਰਗੇ ਕਾਲੇ ਜਾਬਰ ਕਨੂੰਨ ਮੜੇ ਹੋਏ ਹਨ। 
ਸਾਮਰਾਜੀ ਨਿਰਦੇਸ਼ਿਤ, ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਲੋਕ ਦੋਖੀ ਨੀਤੀਆਂ ਦੇ ਹੱਲੇ ਦੇ ਨਾਲ ਹੀ ਇਹ ਕਾਲੇ ਕਨੂੰਨਾਂ ਅਤੇ ਜਬਰ ਦਾ ਹੱਲਾ ਵੀ ਤੇਜ਼ ਕੀਤਾ ਹੋਇਆ ਹੈ। ਕਿਉਂਕਿ ਇਹਨਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਲੋਕਾਂ ਅੰਦਰ ਗਰੀਬੀ ਤੇ ਬੇਰੁਜ਼ਗਾਰੀ ਵਧ ਰਹੀ ਹੈ। ਮਹਿੰਗਾਈ ਤੇ ਹੋਰ ਲੁੱਟ ਵਧ ਰਹੀ ਹੈ। ਸਿੱਖਿਆ, ਸਿਹਤ ਤੇ ਪਾਣੀ ਵਰਗੀਆਂ ਸਹੂਲਤਾਂ ਹੱਥੋਂ ਕਿਰ ਰਹੀਆਂ ਹਨ। ਜੀਹਦੇ ਕਰਕੇ ਸਰਕਾਰ ਖਿਲਾਫ ਲੋਕਾਂ ਅੰਦਰ ਬੇਚੈਨੀ ਤੇ ਔਖ ਵਧੀ ਹੈ ਅਤੇ ਸੰਘਰਸ਼ਾਂ ਦੇ ਫੁਹਾਰੇ ਫੁੱਟੇ ਹਨ। ਹਾਕਮਾਂ ਦੀ ਨੀਂਦ ਹਰਾਮ ਹੋਈ ਹੈ। ਏਹਦੇ ਕਰਕੇ ਹਾਕਮਾਂ ਲਈ ਇਹਨਾਂ ਕਾਲੇ ਕਨੂੰਨਾਂ ਦੀ ਲੋੜ ਵਧੀ ਹੈ। ਨੰਗੀ-ਚਿੱਟੀ ਤਾਨਾਸ਼ਾਹੀ ਵੱਲ ਵਧਣ ਲਈ ਧੱਕੇ ਜਾ ਰਹੇ ਹਨ। ਜਮਹੂਰੀਅਤ ਦਾ ਛਲਾਵਾ ਲਾਹੁਣ ਲਈ ਸਰਾਪੇ ਜਾ ਰਹੇ ਹਨ। 
ਏਥੇ ਪੰਜਾਬ ਵਿਚ ਲੋਕ ਰੋਸ ਤੇ ਸੰਘਰਸ਼ਾਂ ਨੂੰ ਰੋਕਣ, ਦਬਾਉਣ, ਕੁਚਲਣ ਲਈ ਅਨੇਕਾਂ ਹਰਬੇ ਵਰਤੇ ਜਾ ਰਹੇ ਹਨ। ਦਫਾ ਚੁਤਾਲੀ ਹਰ ਸ਼ਹਿਰ ਅੰਦਰ ਸਦਾ ਵਾਸਤੇ ਹੀ ਮੜ ਰੱਖੀ ਹੈ। 107/51 ਕਹਿਣ ਨੂੰ ਇਤਤਿਆਤ ਵਜੋਂ ਵਰਤਿਆ ਜਾਣ ਵਾਲਾ ਹਲਕਾ ਫੁਲਕਾ ਕਨੂੰਨ ਹੈ। ਜਾਤੀ ਮਚੱਲਕੇ ਦੇ ਸਿਰ 'ਤੇ ਛੱਡੇ ਜਾਣ ਦੀ ਖੁੱਲ ਦਿੰਦਾ ਹੈ ਪਰ ਹਕੂਮਤਾਂ ਦੇ ਹੱਥ ਵਿੱਚ, ਲੰਬੀ ਦੂਰੀ ਦੀ ਮਾਰ ਕਰਨ ਵਾਲੀ ਮਿਜਾਇਲ ਵਰਗਾ ਹਥਿਆਰ ਹੈ। ਇਸ ਤਹਿਤ ਅਕਸਰ ਹੀ ਰੁਜਗਾਰ ਮੰਗਦੇ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਨੂੰ ਫੜ ਕੇ ਜੇਲੀਂ ਡੱਕਿਆ ਜਾਂਦਾ ਹੈ, ਜਿਹਨਾਂ ਦੀ ਰਿਹਾਈ ਤਾਂ ਦੂਰ, ਜਮਾਨਤ ਵੀ ਹਕੂਮਤ ਦੇ ਹੱਥ ਹੁੰਦੀ ਹੈ, ਜਿੰਨਾਂ ਸਮਾਂ ਮਰਜੀ ਜੇਲ੍ਹੀਂ ਡੱਕੀ ਰੱਖਦੀ ਹੈ। ਨਿਆਂਪ੍ਰਣਾਲੀ ਨੂੰ ਆਜ਼ਾਦ ਕਹਿਣਾ ਤਾਂ ਛਲਾਵਾ ਹੈ। ਹਕੂਮਤ ਤੋਂ ਕੁਝ ਵੀ ਬਾਹਰ ਨਹੀਂ ਹੈ। ਰੈਲੀਆਂ ਮੁਜਾਹਰੇ ਕਰਨ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਹਨ।ਜਿਲ੍ਹਾ ਦਫਤਰਾਂ ਮੂਹਰੇ ਧਰਨੇ ਮਾਰਨ 'ਤੇ ਰੋਕਾਂ ਮੜੀਆਂ ਹੋਈਆਂ ਹਨ। ਰੈਲੀ, ਧਰਨੇ, ਮੁਜਾਹਰੇ ਕਰਨ ਤੋਂ ਪਹਿਲਾਂ ਹੀ ਘਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਰੋਸ ਪ੍ਰਗਟਾਵਿਆਂ 'ਤੇ ਪੂਰਨ ਪਾਬੰਦੀਆਂ ਹਨ। ਛੋਟੀ ਗਿਣਤੀ ਵਾਲੀਆਂ ਜਥੇਬੰਦੀਆਂ ਦੀ ਗੱਲ ਤਾਂ ਸੁਣਦੇ ਹੀ ਨਹੀਂ, ਉਲਟਾ ਮੀਟਿੰਗ ਕਰਨ ਤੋਂ ਵੀ ਰੋਕਿਆ ਜਾਂਦਾ ਹੈ। 
ਇਹ ਕਨੂੰਨ, ਭਾਵੇਂ ਅਜੇ ਬਕਾਇਦਾ ਕਨੂੰਨ ਬਣਨ ਦੀ ਪ੍ਰਕਿਰਿਆ ਵਿਚ ਹੈ (ਨਵੰਬਰ ੨੦੧੫ ਚ ਰਾਸ਼ਟਰਪਤੀ ਤੋਂ ਮਨਜੂਰੀ ਮਿਲਣ ਤੋਂ ਬਾਦ ਹੁਣ ਇਹ ਕਾਨੂਨ ਬਣ ਗਿਆ ਹੈ) ਪਰ ਇਸ ਕਨੂੰਨ ਵਿਚਲੀਆਂ ਧਰਾਵਾਂ ਵਰਗਾ ਬੜਾ ਕੁਝ ਪਹਿਲਾਂ ਵੀ ਹਕੂਮਤਾਂ ਦੇ ਹੱਥ ਵਿਚ ਹੈ। ਹਰ ਧਰਨੇ, ਰੈਲੀ, ਮੁਜਾਹਰੇ ਸਮੇਂ ਪੁਲਸ ਪਰਚੇ ਦਰਜ ਕੀਤੇ ਜਾਂਦੇ ਹਨ। ਇਹਨਾਂ ਪਰਚਿਆਂ ਤਹਿਤ ਕਾਰਵਾਈ ਕਰਨੀ ਹਕੂਮਤਾਂ ਦੀ ਮਰਜੀ 'ਤੇ ਹੈ। ਬੱਸਾਂ, ਟਰੱਕਾਂ, ਕੈਂਟਰਾਂ, ਰੇਲਾਂ ਰੋਕਣ, ਦਰਖਤ ਵੱਢ ਕੇ ਸੜਕਾਂ 'ਤੇ ਸੁੱਟਣ, ਸੜਕਾਂ ਪੁੱਟ ਦੇਣ ਅਤੇ ਇਰਾਦਾ ਕਤਲਾਂ ਦੇ ਅਨੇਕਾਂ ਕੇਸ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਸਿਰ ਪਾਏ ਹੋਏ ਹਨ। ਇਸਦੇ ਨੁਕਸਾਨ ਘਾਟੇ ਦੇ ਕੇਸ ਵੀ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਕਈ ਅਦਾਲਤਾਂ ਵਿਚ ਵੀ ਚੱਲ ਰਹੇ ਹਨ। 
ਲੋਕ ਮੋਰਚਾ ਪੰਜਾਬ, ਇਥੇ ਅਸਲੀ ਆਜਾਦੀ, ਸੱਚੀ ਜਮਹੂਰੀਅਤ, ਖਰਾ ਲੋਕਰਾਜ ਤੇ ਸਮਾਜ ਸਿਰਜਣ ਦੀ ਲਹਿਰ ਉਸਾਰਨ ਹਿਤ ਵੱਡੀ ਜਗੀਰਦਾਰੀ ਤੇ ਸਾਮਰਾਜ ਪੱਖੀ ਧੱਕੜ ਰਾਜ ਤੋਂ ਪੀੜਤ ਲੋਕ ਹਿੱਸਿਆਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਪ੍ਰਚਾਰਕ ਵਜੋਂ ਆਪਣੀ ਸਰਗਰਮੀ ਜਾਰੀ ਰੱਖ ਰਿਹਾ ਹੈ। ਇਹ ਕਨੂੰਨ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਦਾ ਗਲਾ ਘੁੱਟਣ ਦਾ ਕਨੂੰਨ ਹੈ। ਜਮਹੂਰੀਅਤ ਦਾ ਦੁਸ਼ਮਣ ਕਨੂੰਨ ਹੈ। ਇਸ ਕਨੂੰਨ ਦੀ ਲੋਕਦੋਖੀ ਅਸਲੀਅਤ ਨੂੰ ਉਘਾੜ ਕੇ ਲੋਕਾਂ ਦੇ ਜਥੇਬੰਦ ਹਿੱਸਿਆਂ ਵੱਲੋਂ ਆਪੋ ਆਪਣੇ ਤਬਕਾਤੀ ਜਮਾਤੀ ਮਸਲਿਆਂ ਮੁੱਦਿਆਂ 'ਤੇ ਲੜੇ ਜਾ ਰਹੇ ਘੋਲਾਂ ਨਾਲ ਕੜੀ ਜ਼ੋੜ ਕਰਕੇ, ਇਕ ਪ੍ਰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਦੇ ਵੱਖਵੱਖ ਖਿੱਤਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤਾਂ ਜ਼ੋ ਇਸ ਖਿਲਾਫ ਜ਼ੋਰਦਾਰ ਲੋਕ ਸੰਘਰਸ਼ਾਂ ਦੀ ਲੜੀ ਵੇਗ ਤੇ ਨਿਰੰਤਰਤਾ ਫੜ ਲਵੇ ਤੇ ਹਕੂਮਤ ਨੂੰ, ਨਾ ਸਿਰਫ ਇਹ ਕਨੂੰਨ ਵਾਪਸ ਆਵਦੀ ਵਜ਼ੀਰ ਮੰਡਲੀ ਦੀ ਝੋਲੀ ਪਾਉਣਾ ਪੈ ਜਾਵੇ, ਸਗੋਂ ਸਿਆਸੀ ਕੀਮਤ ਵੀ ਤਾਰਨੀ ਪਵੇ। 
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਕਨੂੰਨ ਖਿਲਾਫ ਖੁਦ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਵੱਖ ਵੱਖ ਲੋਕਹਿੱਸਿਆਂ ਨੂੰ ਜ਼ੋਰਦਾਰ ਸਾਂਝਾ ਸੰਘਰਸ਼ ਛੇੜਣ ਲਈ ਸਾਂਝੀ ਮੀਟਿੰਗ ਬੁਲਾਉਣ ਤੇ ਸਰਗਰਮੀ ਦਾ ਸੱਦਾ ਦੇਣ ਦੀ ਕੀਤੀ ਪਹਿਲਕਦਮੀ ਦਾ ਲੋਕ ਮੋਰਚਾ ਪੰਜਾਬ ਸੁਆਗਤ ਕਰਦਾ ਹੋਇਆ ਉਸ ਸਾਂਝੀ ਮੀਟਿੰਗ (19.7.14) ਵਿਚ ਵੀ ਸ਼ਾਮਲ ਹੋਇਆ ਸੀ ਤੇ ਅਗਲੀਆਂ ਸਰਗਰਮੀਆਂ ਵਿਚ ਵੀ ਹਿੱਸਾ ਪਾਵੇਗਾ।
ਜਗਮੇਲ ਸਿੰਘ
ਜਨਰਲ ਸਕੱਤਰ
ਲੋਕ ਮੋਰਚਾ ਪੰਜਾਬ
9417224822

Friday, November 20, 2015

ਤਾਨਾਸ਼ਾਹੀ 'ਤੇ “ਸਦਭਾਵਨਾ” ਦਾ ਚਾੜਿਆ ਨਕਾਬ ਲੀਰੋ ਲੀਰ !

ਕੋਠਾ ਗੁਰੂ ਵਿੱਚ ਸਰਕਾਰੀ ਸਿਆਸੀ ਧੱਕੇਸ਼ਾਹੀ :ਤਾਨਾਸ਼ਾਹੀ 'ਤੇ “ਸਦਭਾਵਨਾ” ਦਾ ਚਾੜਿਆ ਨਕਾਬ ਲੀਰੋ ਲੀਰ !

          ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੀ ਆਕਾਲੀ-ਭਾਜਪਾ ਦੀ ਸਾਂਝੀ ਬਾਦਲ ਹਕੂਮਤ, ਹੁਣ ਲੋਕਾਂ ਨੂੰ ਆਵਦੇ ਨਾਲ ਜੋੜਣ ਲਈ ਸਦਭਾਵਨਾ ਰੈਲੀਆਂ ਕਰ ਰਹੀ ਹੈ। ਮੰਤਰੀ ਇਹਨਾਂ ਰੈਲੀਆਂ ਦਾ ਸੱਦਾ ਦੇਣ ਪਿੰਡਾਂ ਵਿੱਚ ਜਾ ਰਹੇ ਹਨ ਤੇ ਉਥੋਂ ਦੇ ਆਵਦੇ ਪਾਰਟੀ ਲੀਡਰਾਂ ਜਾਂ ਸਰਪੰਚਾਂ/ ਖੜਪੰਚਾਂ ਨੂੰ ਬੱਸਾਂ ਭਰ ਕੇ ਲਿਆਉਣ ਲਈ ਤਾੜ੍ਹ ਰਹੇ ਹਨ। ਦੂਜੇ ਪਾਸੇ ਲੋਕ, ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ਈਪੁਣੇ ਨਾਲ ਜੂਝ ਰਹੇ ਹਨ। ਨਰਮੇ ਦੇ ਖ਼ਰਾਬੇ ਨੇ ਕਿਸਾਨਾਂ-ਮਜ਼ਦੂਰਾਂ ਨੂੰ ਤਬਾਹੀ ਮੂੰਹ ਧੱਕ ਦਿੱਤਾ ਹੈ। ਹਕੂਮਤ ਨਾ ਮੰਗਾਂ ਮੰਨਦੀ ਹੈ, ਨਾ ਗੱਲ ਸੁਣਦੀ ਹੈ।ਲੋਕਾਂ ਵਿੱਚ ਵਿਆਪਕ ਰੋਸ ਹੈ।
         ਸਦਭਾਵਨਾ ਕਿਹੋ ਜਿਹੀ ਤੇ ਕਿਵੇਂ ਕਰਨੀ ਹੈ, ਮੁੱਖ ਮੰਤਰੀ ਤੇ ਆਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਵਿਚ ਕੋਈ ਵਖਰੇਵਾਂ ਨਹੀਂ ਹੈ। ਇੱਕ ਵੱਲੋਂ ਹੱਥ ਜ਼ੋੜ ਕੇ ਮੁਆਫ਼ੀ ਮੰਗਦਿਆਂ ਤੇ ਦੂਜੇ ਵੱਲੋਂ ਦਬਕਾ ਮਾਰਦਿਆਂ ਲੋਕਾਂ 'ਤੇ  ਹਕੂਮਤੀ ਛੱਪਾ ਪਾਉਣ ਦਾ ਭਰਮ ਪਾਲਿਆ ਗਿਆ ਹੈ।ਜਦੋਂ ਸੂਬੇ ਦਾ ਮੁੱਖ ਮੰਤਰੀ ਮੁਆਫ਼ੀ ਦੇ ਓਹਲੇ, “ "ਵਿਰੋਧ ਨੂੰ ਸਹਿਣ ਨਹੀਂ ਕਰਾਂਗੇ." "ਕਰੜੇ ਹੱਥੀਂ ਸਿੱਝਾਂਗੇ”" ਦੀ ਸੁਣਾਉਣੀ ਕਰ ਰਿਹਾ ਹੋਵੇ ਅਤੇ ਡਿਪਟੀ ਮੁੱਖ ਮੰਤਰੀ,ਗ੍ਰਹਿ ਮੰਤਰੀ ਤੇ ਆਕਾਲੀ ਪਾਰਟੀ ਦਾ ਸੂਬਾ ਪ੍ਰਧਾਨ ਆਵਦੇ ਦਬਕੇ ਮਾਰੂ ਲਹਿਜ਼ੇ ਵਿਚ ਨੰਗੀ ਚਿੱਟੀ ਧਮਕੀ- "“ਕੋਈ, ਝਾਕ ਕੇ ਵੇਖੇ" ” ਦੇ ਸਟੇਜਾਂ ਤੋਂ ਭੜਕਾਊ ਹੋਕਰੇ ਮਾਰ ਰਿਹਾ ਹੋਵੇ।ਮੰਤਰੀ ਆਵਦੇ ਨਾਲ ਪੁਲਸੀ ਲਸ਼ਕਰ ਹੀ ਨਹੀਂ, ਆਕਾਲੀ ਲੱਠਮਾਰ ਵੀ ਲੈ ਕੇ ਜਾ ਰਹੇ ਹੋਣ ਤਾਂ ਗੱਲ ਸਾਫ਼ ਹੈ ਕਿ ਪਿੰਡਾਂ ਦੇ ਲੋਕਾਂ ਦੇ ਰੋਸ 'ਤੇ ਡਾਂਗ ਵਰ੍ਹਨੀ ਹੀ ਵਰ੍ਹਨੀ ਹੈ |  ਇਥੇ ਜੱਗ ਜ਼ਾਹਰ ਹੋ ਗਿਆ ਹੈ।         
       ਮੰਤਰੀ ਜਾਂਦੇ ਹਨ, ਲੋਕਾਂ ਨੂੰ ਸਦਭਾਵਨਾ ਰੈਲੀ ਦਾ ਸੱਦਾ ਦੇਣ ਪਰ ਮੁੜਦੇ ਹਨ, ਲੋਕਾਂ 'ਤੇ ਲਾਠੀਆਂ  ਗੋਲੀਆਂ ਵਰ੍ਹਾ ਕੇ, ਲੱਤਾਂ ਬਾਹਾਂ ਤੋੜ ਕੇ ਤੇ ਉਲਟਾ ਲੋਕਾਂ 'ਤੇ ਹੀ ਪੁਲਸੀ ਪਰਚੇ ਦਰਜ ਕਰਵਾ ਕੇ ਅਤੇ ਜੇਲ੍ਹੀਂ ਭਿਜਵਾ ਕੇ। ਰੁਜ਼ਗਾਰ ਮੰਗਦੀਆਂ ਨੰਨ੍ਹੀਆਂ ਛਾਂਵਾਂ ਨੂੰ ਕੁੱਟਣ ਵਾਲੇ ਪੰਚਾਇਤ ਮੰਤਰੀ ਨੇ ਜਥੇਬੰਦੀਆਂ ਨਾਲ ਆਪਣੀ ਘਰੋੜ ਦਾ ਰਿਕਾਰਡ ਪਿੰਡ ਕੋਠਾ ਗੁਰੂ ਵਿਚ ਵੀ ਕਾਇਮ ਰੱਖਿਆ ਹੈ ਤੇ ਅਗਾਂਹ ਨੂੰ, “ "ਐਂ ਈ ਕਰਾਂਗੇ" ” ਦਾ ਨਿਸ਼ੰਗ ਐਲਾਨ ਹੈ। ਇਹ ਵਿਰੋਧੀ ਨਾਲ ਤਾਂ ਕਰਦਾ ਹੀ ਕਰਦਾ ਹੈ, ਛੋਟੇ ਵਖਰੇਂਵੇ ਵਾਲੇ ਨਾਲ ਵੀ ਧੱਕੜ ਵਿਹਾਰ ਕਰਦਾ ਹੈ। ਪ੍ਰਿੰਸੀਪਲ ਦਲਜੀਤ ਸਿੰਘ ਦੀ ਪੱਗ ਲੁਹਾ ਕੇ ਤੇ ਨਜਾਇਜ਼ ਬਦਲੀ ਕਰਵਾ ਕੇ ਸਾਰੇ ਭਗਤੇ ਇਲਾਕੇ ਨਾਲ ਧ੍ਰੋਹ ਕਮਾਇਆ ਹੈ।ਅਧਿਆਪਕ ਸਮੂਹ ਤੇ ਲੋਕਾਂ ਦੇ ਸਵੈਮਾਣ ਨੂੰ ਵੰਗਾਰਿਆ ਹੈ।
         ਹਾਕਮ ਕਿਸੇ ਰੰਗ ਦੇ ਹੋਣ, ਸਭ ਦੇ ਸਭ ਸਾਮਰਾਜੀਆਂ, ਕਾਰਪੋਰੇਟਾਂ ਤੇ ਜਾਗੀਦਾਰਾਂ ਦੀ ਚਾਕਰੀ ਕਰਦੇ ਹਨ। ਇਹਨਾਂ ਲੁਟੇਰਿਆਂ ਤੇ ਜਾਬਰਾਂ ਦੇ ਹਿੱਤ ਵਿਚ ਹਾਕਮ, ਵਿੱਢੇ ਆਰਥਿਕ ਸੁਧਾਰਾਂ ਦੇ ਦੂਜੇ ਗੇੜ ਦੇ ਹੱਲੇ ਦੀ ਮਾਰ ਹੇਠ ਆਈ ਜਨਤਾ ਦੇ ਉੱਠ ਰਹੇ ਸੰਘਰਸ਼ਾਂ ਨੂੰ ਰੋਕਣ ਦੇ ਰਾਹ ਪਏ ਹੋਏ ਹਨ।ਲੋਕਾਂ ਦੀ ਸੰਘਰਸ਼ੀ ਆਵਾਜ਼ ਦਾ ਗਲਾ ਘੁੱਟਣ ਲਈ ਹਕੂਮਤ ਨੇ ਸਿਰਫ ਪੁਲਸ ਫੌਜ ਹੀ ਨਹੀਂ, ਪਾਲੇ ਪੋਸੇ ਗੁੰਡਾ ਗਰੋਹਾਂ ਦੀ ਖੁੱਲੀ ਵਰਤੋਂ ਕਰਨ ਦੀ ਆਪਣੀ ਰਾਜਨੀਤੀ ਅਖਤਿਆਰ ਕੀਤੀ ਹੋਈ ਹੈ। ਇਹ ਇਸੇ ਨੀਤੀ ਦਾ ਨੰਗਾ ਚਿੱਟਾ ਅਭਿਆਸ ਹੈ।
         ਹਾਕਮ ਜਬਰ-ਤਸਦੱਦ ਵਧਾ ਰਹੇ ਹਨ। ਵਿਰੋਧਾਂ ਵਖਰੇਂਵਿਆਂ ਨੂੰ ਨਾ ਪੰਜਾਬ ਹਕੂਮਤ ਤੇ ਨਾ ਇਹਨਾਂ ਦੀ .ਭਾਈਵਾਲ ਕੇਂਦਰੀ ਭਾਜਪਾਈ ਹਕੂਮਤ ਕੋਈ ਸਪੇਸ ਦੇ ਰਹੀ ਹੈ। ਛੋਟੇ ਤੋਂ ਛੋਟੇ ਵਿਰੋਧ ਨੂੰ ਵੀ ਸਹਿਣ ਨਹੀਂ ਕੀਤਾ ਜਾ ਰਿਹਾ। ਸਾਹਿਤਕਾਰਾਂ ਤੇ ਕਲਾਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਇਸ ਤਾਨਾਸ਼ਾਹੀ ਨਿਜ਼ਾਮ ਦੀ ਖਸਲਤ ਨੂੰ ਲੋਕਾਂ ਵਿੱਚ ਨੰਗਾ ਕੀਤਾ ਹੈ। ਕਿਸਾਨਾਂ ਮਜ਼ਦੂਰਾਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਨਾ ਅਤੇ ਨਰਮੇ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਕਰਨਾ ਜਾਰੀ ਰੱਖ ਕੇ ਲੜਨ ਦੀ ਲੋੜ ਤੇ ਲੜਣ ਦੀ ਸਮਰੱਥਾ ਦਿਖਾਈ ਹੈ।
          ਇਸ ਹਾਲਤ ਵਿਚ ਜਥੇਬੰਦੀ ਹੀ ਸਹਾਰਾ ਹੈ, ਇਸ ਨੂੰ ਮਜ਼ਬੂਤ ਕਰੋ।ਏਕਾ ਵਿਸ਼ਾਲ ਕਰੋ। ਦ੍ਰਿੜਤਾ ਨਾਲ ਸੰਘਰਸ਼ ਭਖਾਈ ਰੱਖੋ। ਸਭਨਾਂ ਜਮਹੂਰੀਅਤ ਪਸੰਦ, ਇਨਸਾਫਪਸੰਦ ਅਤੇ ਸੰਘਰਸ਼ ਸ਼ੀਲ ਸਗੰਠਨਾਂ ਨੂੰ ਇਸ ਧੱਕੇਸ਼ਾਹੀ ਖਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ ਜਾਂਦੀ ਹੈ।                                                          
 ਜਗਮੇਲ  ਸਿੰਘ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ

 (ਮੋਬ:9417224822)                            

Sunday, November 15, 2015

    ਹਕੂਮਤਾਂ ਖਿਲਾਫ਼ ਗੁੱਸੇ ਨੂੰ ਸਹੀ ਮੂੰਹਾਂ ਦਿਓ !
   ਲੋਕ-ਧੜਾ ਜ਼ੋੜੋ ! ਜਿੰਦਗੀ ਦੇ ਬੁਨਿਆਦੀ ਮਸਲਿਆਂ ਉੱਤੇ ਸੰਘਰਸ਼ ਭਖਾਓ !
   ਲੋਕ-ਸੰਘਰਸ਼ਾਂ ਦੇ ਰਾਹੀ, ਭੈਣੋ, ਭਰਾਵੋ,  ਨੌਜਵਾਨੋ ਅਤੇ ਪਿਆਰੇ ਲੋਕੋ,
         ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਸੂਬੇ ਦੀ ਫ਼ਿਜ਼ਾ ਅੰਦਰ ਤਣਾਅ ਜਾਰੀ ਰੱਖ ਰਹੀਆਂ ਹਨ। “”ਸੇਵਾ” ਕਰਨ ਵਾਲੀ “ਪੰਥਕ ਸਰਕਾਰ” ਤੇ “ਸੁਰੱਖਿਆ-ਸਨਮਾਨ” ਦੇਣ ਵਾਲੀ ਪੁਲਸ ਦਾ ਹੀਜ਼-ਪਿਆਜ਼ ਨੰਗਾ ਕਰ ਰਹੀਆਂ ਹਨ। ਇਹ ਬੇਅਦਬੀ ਕਰਨ ਵਾਲੇ ਕਹਿਣ ਨੂੰ ਕੁਝ ਵੀ ਕਹਿਣ, ਸਿੱਖ ਮਨਾਂ ਨੂੰ ਜਖ਼ਮੀ ਕਰਨ ਦਾ ਨਿੰਦਣ ਯੋਗ ਤੇ ਸਜ਼ਾ ਯੋਗ ਕਾਰਾ ਕਰ ਰਹੇ ਹਨ। ਜਖ਼ਮੀ ਮਨਾਂ ਦਾ ਰੋਸ ਕੁਦਰਤੀ ਹੈ, ਜਾਇਜ਼ ਹੈ। ਪਰ ਇਸ ਰੋਸ ਵਿਚ ਹੋਈਆਂ ਭੜਕਾਹਟਾਂ ਤੇ ਝੁਲਦੀਆਂ ਤਲਵਾਰਾਂ, ਜਾਣੇ ਜਾਂ ਅਣਜਾਣੇ, ਸੂਬੇ ਨੂੰ ਫਿਰਕੂ ਅੱਗ ਦੀ ਭੱਠੀ ਵਿਚ ਝੋਕਣ ਦਾ ਸਬੱਬ ਬਣ ਸਕਦੀਆਂ ਹਨ। ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਸਕਦੀਆਂ ਹਨ। ਲੋਕਾਂ ਦਾ ਏਕਾ ਤੋੜਨ ਦਾ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ ਲੀਹੋ ਭਟਕਾਉਣ ਦਾ ਸਾਧਨ ਬਣ ਸਕਦੀਆਂ ਹਨ।
         ਵਜ੍ਹਾ ਇਹੀ ਹੈ ਕਿ ਇਹਨਾਂ ਰੋਸ 'ਕੱਠਾਂ ਵਿਚ ਕੌਣ ਕੀ ਇਰਾਦੇ ਤੇ ਮਨਸੂਬੇ ਲੈ ਕੇ ਆਉਂਦਾ ਹੈ ? ਰੋਸ ਦਾ ਨਿਸ਼ਾਨਾਂ ਕੀ ਤੋਂ ਕੀ ਬਣਾ ਦਿੰਦਾ ਹੈ ? ਏਹਦੀ ਚੌਕਸ ਨਿਗਾਹੀ ਤੇ ਫਿਕਰਦਾਰੀ  ਜਰੂਰੀ ਹੈ। ਆਪੋ ਆਪਣੇ ਸਿਆਸੀ ਹਿਤ ਪੂਰਨ ਲਈ ਹਾਕਮ ਤੇ  ਕੱਟੜ ਫਿਰਕਾਪ੍ਰਸਤ ਅਜਿਹੀ ਹਾਲਤ ਦਾ ਲਾਹਾ ਲੈਣ ਲਈ ਤਹੂ ਰਹਿੰਦੇ ਹਨ। ਦੋਵਾਂ ਦਾ ਨਿਸ਼ਾਨਾਂ ਲੋਕ ਬਣਦੇ ਹਨ। 1947 ਵਿੱਚ ਦੇਸ਼ ਵੰਡ ਵਾਲੇ ਤੇ 1984 ਦੇ ਪੰਜਾਬ ਤੇ ਦਿੱਲੀ ਵਾਲੇ ਖ਼ੂਨੀ ਸਾਕਿਆਂ ਦੇ ਜਖ਼ਮ ਅੱਜ ਵੀ ਹਰੇ ਹਨ। 1978 ਦੇ ਅਕਾਲੀਆਂ  ਤੇ ਨਿਰੰਕਾਰੀਆਂ ਦੇ ਖ਼ੂਨੀ ਟਕਰਾ ਵੇਲੇ ਸ਼ਾਇਦ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਕਿ ਅਗਾਂਹ ਜਾ ਕੇ 10-12 ਸਾਲ ਮੌਤ ਸੰਨਾਟੇ ਵਿਚ ਗੁਜ਼ਾਰਨੇ ਪੈਣਗੇ। ਸੱਥਰਾਂ ਦਾ ਸੰਤਾਪ ਭੋਗਣਾ ਪਵੇਗਾ। ਅੱਜ ਵੀ ਲੋਕ-ਬੇਚੈਨੀ ਤੇ ਲੋਕ-ਸੰਘਰਸ਼ ਵਿਆਪਕ ਰੂਪ ਵਿਚ ਹੈ। ਤੇ ਅੱਜ ਵੀ ਹਾਕਮਾਂ ਦੀਆਂ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀਆਂ ਲੋੜਾਂ ਬਣੀਆਂ ਹੋਈਆਂ ਹਨ।
        ਇਹ ਹਾਲਤਾਂ ਮੁਲਕ ਦੇ ਲੁਟੇਰੇ ਤੇ ਜਾਬਰ ਰਾਜ-ਪ੍ਰਬੰਧ ਵੱਲੋਂ ਅਖਤਿਆਰ ਕੀਤੀਆਂ ਲੋਕਦੋਖੀ ਨੀਤੀਆਂ ਦੀ ਪੈਦਾਵਾਰ ਹਨ। ਲੋਕ-ਧੜੇ ਤੇ ਜ਼ੋਕ-ਧੜੇ ਦੀ ਸਦੀਵੀ ਟੱਕਰ ਦਾ ਸਿੱਟਾ ਹਨ । ਦੋਵਾਂ ਵਿਚ ਘਮਸਾਨੀ ਭੇੜ ਹੈ। ਜਿੰਦਗੀ ਮੌਤ ਦੀ ਲੜਾਈ ਹੈ। ਮਜ਼ਦੂਰਾਂ, ਕਿਸਾਨਾਂ, ਛੋਟੇ ਸਨਅਤਕਾਰਾਂ, ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਤੇ ਨੌਜਵਾਨਾਂ ਦੇ ਲੋਕ-ਧੜੇ ਕੋਲ ਸਾਧਨ ਨਿਗੂਣੇ ਹਨ। ਮੁਲਕ, ਖੇਤੀ ਪ੍ਰਧਾਨ ਮੁਲਕ ਹੈ। ਪਰ ਏਹਦੇ ਖੇਤੀ ਕਰਨ ਵਾਲਿਆਂ ਕੋਲ ਜ਼ਮੀਨ ਦੀ ਤੋਟ ਹੈ।ਬੇਰੁਜ਼ਗਾਰੀ ਬੇਸ਼ੁਮਾਰ ਹੈ। ਲੋੜੀਂਦੀ ਹਰ ਵਸਤ ਦੀ ਮਹਿੰਗਾਈ ਨੇ ਕਚੂੰਮਰ ਕੱਢ ਰੱਖਿਆ ਹੈ।ਗਰੀਬੀ, ਕੰਗਾਲੀ ਸਿਰ ਚੜੀ ਹੋਈ ਹੈ। ਕਰਜ਼ੇ, ਖਾਸ ਕਰ ਸੂਦਖੋਰ ਕਰਜ਼ੇ ਦੀਆਂ ਪੰਡਾਂ ਹਨ। ਵਿਦੇਸ਼ੀ ਤਕਨੀਕ ਤੇ ਨੀਤੀ ਨੇ ਸਨਅਤਾਂ ਵਿੱਚੋਂ ਰੁਜ਼ਗਾਰ ਖੋਹ ਲਿਆ ਹੈ।  ਨਵੀਂ ਸਨਅਤੀ ਨੀਤੀ ਛੋਟੇ ਕਾਰਖਾਨਿਆਂ ਤੇ ਕਾਰੋਬਾਰਾਂ  ਨੂੰ ਨਿਗਲ ਰਹੀ ਹੈ। ਸਿੱਖਿਆ, ਸੇਹਤ, ਬਿਜਲੀ, ਪਾਣੀ, ਆਵਾਜਾਈ ਪਹੁੰਚ ਤੋਂ ਬਾਹਰ ਹੋ ਰਹੇ ਹਨ।
        ਏਹਦੇ ਉਲਟ, ਵੱਡੇ ਜਾਗੀਰਦਾਰਾਂ, ਸਾਮਰਾਜੀਆਂ, ਸਰਮਾਏਦਾਰਾਂ ਤੇ ਵੱਡੇ ਅਫ਼ਸਰਸ਼ਾਹਾਂ ਦਾ ਜ਼ੋਕਧੜਾ ਸੰਦ-ਸਾਧਨਾਂ ਨਾਲ ਮਾਲਾ ਮਾਲ ਹੈ। ਸਾਰੇ ਮੁਲਕ ਦਾ ਮਾਲਕ ਹੈ। ਵੱਡੀਆਂ ਜ਼ਮੀਨਾਂ,ਕਾਰਖਾਨਿਆਂ ਤੇ ਅੰਨੀ ਪੂੰਜੀ ਦੀ ਤਾਕਤ ਹੈ। ਰਾਜ ਦੀਆਂ ਕੁੱਲ ਕਲ੍ਹਾਵਾਂ ਮੁੱਠੀ ਵਿੱਚ ਰੱਖਦਾ ਹੈ। ਇਸ ਤਾਕਤ ਨਾਲ ਮਰਜ਼ੀ ਦੀ ਹਕੂਮਤ ਚੁਣਵਾਉਂਦਾ ਹੈ। ਕਠਪੁਤਲੀ ਵਾਂਗੂੰ ਨਚਾਉਂਦਾ ਹੈ। ਲੋਕਧੜੇ ਨੂੰ ਦਬਾ ਕੇ ਰੱਖਣ ਲਈ ਜਾਬਰ ਰਾਜ ਮਸ਼ੀਨਰੀ ਦੀ ਨਿਸ਼ੰਗ ਵਰਤੋਂ ਕਰਦਾ ਹੈ।   
          ਜਿਥੇ ਮੁਰੱਬਿਆਂ ਵਾਲੇ ਨੂੰ ਕਚਹਿਰੀਆਂ ਵਿੱਚ ਕੁਰਸੀ ਮਿਲਦੀ ਹੋਵੇ, ਉਥੇ ਹਕੂਮਤੀ ਛਟੀ ਭਾਵੇਂ ਕਿਸੇ ਸਿਆਸੀ ਗੁੱਟ ਦੇ ਹੱਥ ਹੋਵੇ,  ਹਕੂਮਤ ਕੇਂਦਰ ਦੀ ਹੋਵੇ, ਚਾਹੇ ਸੂਬੇ ਦੀ, ਇਹਨਾਂ ਨੂੰ ਰਾਜ ਕਰਨ ਦੀਆਂ ਲੋੜਾਂ ਅਤੇ ਦੇਸੀ-ਬਦੇਸ਼ੀ ਹਾਕਮਾਂ ਦੀ ਚਾਕਰੀ ਕਰਨ ਦੀਆਂ ਗਰਜ਼ਾਂ, ਲੋਕਾਂ ਵਿੱਚ ਫੁੱਟ ਪਾ ਕੇ ਚੱਲਣ ਲਈ ਤੁੰਨਦੀਆਂ ਰਹਿਣਗੀਆਂ। ਮੌਕੇ-ਬਾਮੌਕੇ ਖ਼ਾਸ ਕਰਕੇ ਸੰਘਰਸ਼ਾਂ ਦੇ ਭਖੇ ਮੌਕਿਆਂ 'ਤੇ ਲੋਕਾਂ ਨੂੰ ਫਿਰਕੂ ਅੱਗ ਦੀ ਭੱਠੀ ਵਿਚ ਧੱਕਦੀਆਂ ਰਹਿਣਗੀਆਂ। ਇਹਦੇ ਵਿਚ ਕੱਟੜ ਫਿਰਕਾਪ੍ਰਸਤਾਂ ਦੀ ਮਦਦ ਵੀ ਲੈਂਦੀਆਂ ਰਹਿਣਗੀਆਂ। ਹੁਣ ਇਹੀ ਹੋ ਰਿਹਾ ਹੈ। ਇਹ ਮੁਲਕ ਦੇ ਮਾਲ-ਖ਼ਜਾਨੇ, ਜਲ, ਜੰਗਲ, ਜ਼ਮੀਨ, ਸੜਕਾਂ, ਸਕੂਲ, ਹਸਪਤਾਲ, ਬੈਕਾਂ,ਬੱਸਾਂ, ਰੇਲਾਂ,ਜਹਾਜ਼, ਸਰਕਾਰੀ ਵਿਭਾਗ ਸਭ ਜ਼ੋਕ-ਧੜੇ ਦੀ ਝੋਲੀ ਪਾ  ਰਹੀਆਂ ਹਨ। ਲੋਕਾਂ ਤੋਂ ਖੋਹ ਕੇ ਜ਼ੋਕਾਂ ਨੂੰ ਪਰੋਸ ਰਹੀਆਂ ਹਨ।  ਉਹਨਾਂ ਦੇ ਹਿੱਤਾਂ ਅਨੁਸਾਰ ਕਾਨੂੰਨਾਂ ਵਿੱਚ ਸੋਧਾਂ ਕਰ ਰਹੀਆਂ ਹਨ। ਚਤੁਰਾਈ ਇਹ ਹੈ ਕਿ ਇਹ ਸਭ “ਆਰਥਿਕ ਸੁਧਾਰਾਂ” ਤੇ “ਵਿਕਾਸ” ਦੇ ਨਾਂ ਹੇਠ ਕੀਤਾ ਜਾ ਰਿਹਾ ਹੈ। ਜਦੋਂ ਕਿ ਇਹ ਸਾਮਰਾਜੀਆਂ ਦਾ ਹੁਕਮ ਹੈ। ਧਨ ਲੁਟੇਰਿਆਂ ਕਾਰਪੋਰੇਟਾਂ ਦਾ ਨਿਰਦੇਸ਼ ਹੈ।  ਲੋਕਾਂ ਦੀ ਤਾਂ ਸੁਣੀ ਹੀ ਨਹੀਂ ਜਾਂਦੀ। ਨਾ ਭੋਰਾ ਪੁੱਗਤ ਹੈ, ਨਾ ਮਾਸਾ ਵੁਕਤ। ਸਭਨਾਂ ਪਾਸੇ ਠੇਡੇ ਹਨ।ਲੋਕਾਂ ਦੇ ਇੱਕਠੇ ਹੋਣ ਅਤੇ ਰੋਸ ਪ੍ਰਗਟਾਉਣ ਉੱਤੇ ਕਾਨੂੰਨੀ ਰੋਕਾਂ ਹਨ। ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ੇ ਤੇ ਜਾਨਲੇਵਾ ਬਿਮਾਰੀਆਂ ਅੱਡ ਘੇਰੀ ਰੱਖਦੀਆਂ ਹਨ। ਲੋਕਾਂ ਨੂੰ ਖੁਦਕੁਸ਼ੀਆਂ ਦੇ ਮੂੰਹ ਧੱਕਿਆ ਜਾ ਰਿਹਾ ਹੈ।
          ਇਸ ਹਾਲਤ ਵਿਚ  ਹਕੂਮਤਾਂ ਖਿਲਾਫ਼ ਲੋਕਾਂ ਵਿੱਚ ਰੋਸ ਬੁੜ ਬੁੜ ਤੋਂ ਅੱਗੇ ਵਧ ਲੋਕ-ਸੰਘਰਸ਼ਾਂ ਦਾ ਵਿਆਪਕ ਵਰਤਾਰਾ ਬਣ ਰਿਹਾ ਹੈ। ਉਠਾਣ ਉੱਠ ਰਹੇ ਹਨ। ਹਾਕਮਾਂ ਨੂੰ ਕੰਬਣੀਆਂ ਛੇੜ ਰਹੇ ਹਨ। ਹਾਕਮਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਹਰਾਮ ਕਰ ਰਹੇ ਹਨ। ਅਫਸਪਾ (AFSPA) ਵਰਗੇ ਸੈਂਕੜੇ ਜਾਬਰ ਕਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ। ਹੋਰ ਨਵੇਂ ਵੀ ਘੜੇ ਤੇ ਮੜੇ ਜਾ ਰਹੇ ਹਨ।ਮੁਲਕ ਦੇ ਅੱਧੇ ਸੂਬਿਆਂ ਵਿੱਚ ਲੋਕਾਂ ਦੀਆਂ ਲਹਿਰਾਂ ਉਤੇ ਫੌਜ ਵੀ ਚਾੜੀ ਹੋਈ ਹੈ। ਲੋਕਾਂ ਉਤੇ ਡਰੋਨਾਂ ਤੇ ਜਹਾਜ਼ਾਂ ਨਾਲ ਬਾਰੂਦੀ ਵਾਛੜ ਕੀਤੀ ਜਾ ਰਹੀ ਹੈ। ਜੇਲ੍ਹਾਂ ਵੱਡੀਆਂ ਕੀਤੀਆਂ ਜਾ ਰਹੀਆਂ ਹਨ। ਥਾਂ ਪਰ ਥਾਂ ਜਬਰ ਦਾ ਪਹਿਰਾ ਹੈ। ਹਰ ਮੋੜ 'ਤੇ ਸਲੀਬਾਂ ਹਨ। ਪਰ ਇਹ ਜਬਰ ਲੋਕਾਂ ਅੰਦਰਲਾ ਗੁੱਸਾ ਸ਼ਾਂਤ ਨਹੀਂ ਕਰ ਪਾਉਂਦਾ। ਕੁੱਟੇਮਾਰੇ ਲੋਕ ਭੇੜ ਵਿੱਚ ਪਏ ਰਹਿੰਦੇ ਹਨ।
          ਲੜਨ ਦੀ ਲੋੜ ਮੂਹਰੇ ਹਕੂਮਤ ਦਾ ਹਰ ਜਬਰ ਨਾਕਾਮ ਹੋ ਜਾਂਦਾ ਹੈ। “ਜ਼ਬਰ ਜੁਲਮ ਕੀ ਟੱਕਰ ਮੇਂ, ਸੰਘਰਸ਼”  ਨਾਹਰਾ ਬਣ ਗੂੰਜ ਉੱਠਦਾ ਹੈ। ਹਾਕਮਾਂ ਦੇ ਢਿੱਡੀਂ ਹੌਲ ਪੈਂਦੇ ਹਨ। ਅੰਗਰੇਜਾਂ ਤੋਂ ਵਿਰਸੇ ਵਿਚ ਹਾਸਲ ਕੀਤੀ “ ਪਾੜੋ ਤੇ ਰਾਜ ਕਰੋ””ਦੀ ਨੀਤੀ ਚਾਲ ਚਲਦੇ ਹਨ। ਇਥੇ ਜਾਤਾਂ, ਧਰਮਾਂ, ਫਿਰਕਿਆਂ, ਇਲਾਕਿਆਂ ਦੀ ਤਿੱਖੀ ਵੰਡ ਹੈ। ਸਦੀਆਂ ਤੋਂ ਲੋਕ-ਮਨਾਂ ਵਿੱਚ ਵਖਰੇਂਵਿਆਂ ਤੇ ਪਾਟਕਾਂ ਦੀ ਹਾਕਮਾਂ ਵੱਲੋਂ ਪਾਈ ਗੰਢ ਹੈ। ਹਾਕਮ ਇਹਦੀ  ਖੂਬ ਵਰਤੋਂ ਕਰਦੇ ਆ ਰਹੇ ਹਨ। ਲੋਕਾਂ ਦੇ ਏਕੇ ਤੇ ਘੋਲ ਮੂਹਰੇ ਘਿਰੇ ਹਾਕਮ ਇਹਨਾਂ ਵਖਰੇਂਵਿਆਂ ਤੇ ਪਾਟਕਾਂ ਨੂੰ ਉਛਾਲ ਲੈਂਦੇ ਹਨ।ਪਹਿਲਾਂ ਭਾਵਨਾਵਾਂ ਭੜਕਾ ਦਿੰਦੇ ਹਨ। ਹਿਰਦੇ ਵਲੂੰਧਰ ਸਿੱਟਦੇ ਹਨ। ਫੇਰ ਹਮਦਰਦੀ ਦੀ ਮਲ੍ਹਮ ਲਾਉਣ ਦੇ ਨਾਂ ਹੇਠ ਭਰਾ-ਮਾਰੂ ਟਕਰਾਅ ਦੇ ਟੀਕੇ ਲਾਉਂਦੇ ਹਨ। ਲੋਕਾਂ ਦੀ ਸੁਰਤ ਮਾਰ ਦਿੰਦੇ ਹਨ। ਹੱਥ ਲਏ ਰੋਟੀ-ਰੋਜੀ ਦੇ ਮਸਲੇ ਛਡਵਾ ਦਿੰਦੇ ਹਨ। ਗਲ-ਵੱਢ ਟੱਕਰਾਂ ਕਰਵਾ ਦਿੰਦੇ ਹਨ। ਲੋਕ ਲਾਸ਼ਾਂ ਗਿਣਦੇ ਹਨ, ਇਹ ਗੱਦੀਆਂ ਮੱਲ ਲੈਂਦੇ ਹਨ। ਰਾਜਭਾਗ ਤਕੜਾ ਕਰ ਲੈਂਦੇ ਹਨ।ਅੰਗਰੇਜਾਂ ਨੇ ਇਹੀ ਕੀਤਾ ਸੀ। 1947 ਤੋਂ, ਇਥੋਂ ਵਾਲੇ ਹਾਕਮ ਇਹੋ  ਕਰ ਰਹੇ ਹਨ। ਇਥੇ ਪੰਜਾਬ ਅੰਦਰ 1980 ਤੋਂ 1992 ਤੱਕ ਵੱਡਾ ਕਤਲੇ-ਆਮ ਕਰ ਅਤੇ ਕਰਵਾ ਕੇ ਲੋਕਾਂ ਦੇ ਨੱਕੋਂ-ਬੁੱਲੋਂ ਲਹੇ ਕਾਂਗਰਸੀ ਹਾਕਮ ਸ਼ਾਂਤੀ ਦੇ ਪੁੰਜ ਬਣ ਗਏ ਸਨ।
         ਭਾਜਪਾ ਤੇ ਆਰ. ਐਸ. ਐਸ. ਦੇ ਮੰਤਰੀ-ਸੰਤਰੀ ਤੇ ਸਾਧ-ਸੰਤ ਸਭ ਹਿੰਦੂ ਫਿਰਕਾਪ੍ਰਸਤੀ ਦੀ ਨੰਗੀ ਤਲਵਾਰ ਫੜ ਕੇਂਦਰੀ ਹਕੂਮਤੀ ਰੱਥ 'ਤੇ ਚੜੇ ਹੋਏ ਹਨ। ਅਜੇ 2002 ਵਿਚ ਰਚਾਏ ਗੁਜਰਾਤ ਕਤਲੇਆਮ ਦੇ ਖੂਨੀ ਧੱਬੇ ਇਹਨਾਂ ਦੇ ਮੱਥਿਓ ਲੱਥੇ ਨਹੀਂ ਹਨ। ਹੁਣ ਏਹਦੇ ਫਿਰਕੂ ਕਾਤਲੀ ਗ੍ਰੋਹ ਨਿੱਤ ਦਿਨ ਕਿਤੇ ਨਾ ਕਿਤੇ ਕਤਲ ਕਾਂਡ ਰਚਾਉਂਦੇ ਰਹਿੰਦੇ ਹਨ। ਮੂੰਹ-ਫੱਟ ਜਨੂੰਨੀ ਟੋਲੇ ਕਤਲਾਂ ਦਾ ਮਾਹੌਲ ਬਣਾਉਂਦੇ ਰਹਿੰਦੇ ਹਨ। ਹੁਣ ਇਹਨਾਂ ਨੇ ਲਵ ਜੇਹਾਦ, ਘਰ ਵਾਪਸੀ ਤੇ ਗਊਮਾਸ ਦੇ ਮੁੱਦੇ ਖੜੇ ਕਰਕੇ ਖੂਨੀ ਖਰੂਦ ਪਾਇਆ ਹੋਇਆ ਹੈ। ਲੋਕ-ਪੱਖੀ ਵਿਗਿਆਨਕ ਕਲਮਕਾਰਾਂ ਤੇ ਕਲਾਕਾਰਾਂ ਨੂੰ ਮਾਰਿਆ ਜਾ ਰਿਹਾ ਹੈ। ਘੱਟ ਗਿਣਤੀ ਧਰਮਾਂ ਫਿਰਕਿਆਂ, ਜਾਤਾਂ ਅਤੇ ਵੱਖਰੇ ਵਿਚਾਰਾਂ ਨੂੰ ਸਹਿਣ ਨਹੀਂ ਕੀਤਾ ਜਾ ਰਿਹਾ ਹੈ, ਇਥੋਂ ਭੱਜ ਜਾਣ ਦੀਆਂ ਮੌਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਇਸ ਦੀ ਭਾਈਵਾਲ ਬਣੀ ਸੂਬੇ ਦੀ ਆਕਾਲੀ ਪਾਰਟੀ ਅਤੇ ਸਿੱਖ ਕੱਟੜ ਫਿਰਕਾਪ੍ਰਸਤ ਵੀ ਫਿਰਕੂ ਵਖਰੇਂਵਿਆਂ ਨੂੰ ਆਵਦੇ ਸਿਆਸੀ ਹਿਤਾਂ ਵਾਸਤੇ ਨਿਸ਼ੰਗ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਨ। 1978 ਦੇ ਨਿਰੰਕਾਰੀਆਂ ਨਾਲ ਅਤੇ 2007 ਦੇ ਡੇਰਾ ਸਿਰਸਾ ਨਾਲ ਭੇੜ ਵਿਚ ਏਹ ਦਰਜਨਾਂ ਬੰਦਿਆਂ ਦੇ ਕਤਲ ਦੇ ਜੁੰਮੇਵਾਰ ਹਨ। ਹੁਣ ਵੀ ਡੇਰਾ ਸਰਸੇ ਦੇ ਮਾਮਲੇ 'ਤੇ ਸਿਆਸੀ ਗੋਟੀਆਂ ਖੇਲ੍ਹ ਰਹੇ ਹਨ। 1984 ਵਾਲੀ ਫਿਰਕੂ ਕਾਤਲੀ ਹਨੇਰੀ ਵਿਚ ਵੀ ਇਹ ਕਾਂਗਰਸ ਨਾਲ ਬਰਾਬਰ ਦੇ ਭਾਈਵਾਲ ਹਨ।       
         ਇਹਨਾਂ ਹਾਕਮਾਂ ਤੇ ਕੱਟੜ ਫਿਰਕਾਪ੍ਰਸਤਾਂ ਦੀਆਂ ਨੀਤੀ-ਚਾਲਾਂ ਨੂੰ ਸਮਝੋ।। ਸੁਚੇਤ ਹੋਵੋ। ਹਾਕਮ ਪਾਰਟੀਆਂ ਦੀਆਂ ਸਿਆਸੀ ਤਿਕੜਮ-ਬਾਜੀਆਂ ਤੇ ਲੋਕ ਦੋਖੀ ਖ਼ਸਲਤ ਨੁੰ ਜਾਣੋ। ਤਿਕੜਮਾਂ ਨੂੰ ਛੰਡਣਾ ਤੇ ਚਾਲਾਂ ਨੂੰ ਫੇਲ੍ਹ ਕਰਨਾ ਸਿੱਖੋ।ਬੇਅਦਬੀ ਕਰਨ ਵਾਲੇ ਤੇ ਜਾਨਾਂ ਲੈਣ ਵਾਲੇ ਮੁਜ਼ਰਮਾਂ ਨੂੰ ਸਜ਼ਾਵਾਂ ਦੀ ਮੰਗ ਕਰੋ। ਏਕੇ ਦਾ ਹੋਰ ਵੱਡਾ ਯੱਕ ਬੰਨੋ।ਆਪੋ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਜਥੇਬੰਦ ਸੰਘਰਸ਼ਾਂ ਦਾ ਪਿੜ ਮੱਲੋ। ਸਾਂਝੇ ਵਿਸ਼ਾਲ ਘੋਲਾਂ ਦੇ ਅਖਾੜੇ ਮਘਾਓ।ਮੰਗਾਂ ਦੇ ਬੁਨਿਆਦੀ ਹੱਲ ਵੱਲ ਅੱਗੇ ਵਧੋ।
          ਜਿੰਦਗੀ ਰੁਜ਼ਗਾਰ ਤੇ ਰੋਟੀ ਮੰਗਦੀ ਹੈ। ਭਾਈਚਾਰਾ ਭਾਲਦੀ ਹੈ। ਸਮਾਜਿਕ ਸਭਿਅਕ ਬੋਲ-ਚਾਲ ਦੀ ਆਜ਼ਾਦੀ ਚਾਹੁੰਦੀ ਹੈ। ਖੁਸ਼ਹਾਲੀ ਤੇ ਵਿਕਾਸ ਦੀ ਇੱਛਾ ਪਾਲਦੀ ਹੈ। ਬਰਾਬਰਤਾ, ਪੁੱਗਤ ਤੇ ਵੁੱਕਤ ਦੀ ਆਸ ਕਰਦੀ ਹੈ। ਹਰ ਰਾਤ ਦਿਵਾਲੀ ਵਾਲੀ ਰਾਤ ਲੋਚਦੀ ਹੈ। ਸਭ ਸੁੱਖ ਸਹੂਲਤਾਂ ਤੇ ਸੰਦ ਸਾਧਨਾਂ ਦੀ ਚਾਹਤ ਰੱਖਦੀ ਹੈ। ਇਹਦੇ ਲਈ ਇਹ ਲੁੱਟ ਤੇ ਦਾਬੇ ਦੇ, ਵੰਡਾਂ-ਵਿਤਕਰਿਆਂ ਵਾਲੇ, ਊਚ-ਨੀਚ ਵਾਲੇ ਅਤੇ ਪਾਟਕ-ਪਾਊ ਤੇ ਭਰਾ ਮਾਰੂ, ਰਾਜ ਤੇ ਸਮਾਜ ਬਦਲਣ ਵੱਲ ਤੁਰੋ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦਾ ਲੁੱਟ ਰਹਿਤ ਖ਼ਰਾ ਜਮਹੂਰੀ ਰਾਜ ਤੇ ਸਮਾਜ ਉਸਾਰਨ ਵੱਲ ਕਦਮ ਵਧਾਓ।ਪੂਰੇ ਲੋਕਧੜੇ ਨੂੰ ਨਾਲ ਲਵੋ। ਲੜਣ ਵਾਲਿਆਂ ਦੀ ਇੱਕ ਲਹਿਰ ਬਣਾਓ। 
         ਚੰਗਾ ਇਹ ਹੋਇਆ, ਕਿ ਤੁਸੀਂ ਲੋਕਾਂ ਦੇ ਵੱਡੇ ਹਿੱਸੇ ਨੇ ਇਸ ਜੁਰਮੀ ਕਾਰੇ ਨੂੰ ਬੁੱਝ ਲਿਆ ਹੈ। ਇਹਨਾਂ ਕਾਲੀਆਂ ਤਾਕਤਾਂ ਦੇ ਕਾਲੇ ਇਰਾਦੇ ਭਾਂਪ ਲਏ ਹਨ। ਏਕਾ ਬਣਾਈ ਰੱਖਿਆ ਹੈ। ਸੰਘਰਸ਼ ਦਾ ਝੰਡਾ ਚੱਕੀ ਰੱਖਿਆ ਹੈ।ਇਹ ਵੀ ਤਾਂ ਹੀ ਹੋ ਸਕਿਆ ਹੈ ਕਿ ਜਾਂ ਤਾਂ ਤੁਸੀਂ ਖੁਦ ਸੰਘਰਸ਼ਾਂ ਦੇ ਵਿਚ ਸੀਗੇ ਜਾਂ ਸੰਘਰਸ਼ਾਂ ਨਾਲ ਨੇੜਿਉਂ ਜੁੜੇ ਹੋਏ ਹੋਵੋਗੇ। ਸੰਘਰਸ਼ ਦਾ ਮੈਦਾਨ ਹੀ, ਜੀਵਨ ਲੋੜਾਂ ਦੇ ਸਾਂਝੇ ਇੱਕੋ ਹਿਤਾਂ ਵਾਲਿਆਂ ਨੂੰ ਇੱਕ ਮੰਚ ਓਤੇ ਇੱਕਠੇ ਕਰ ਦਿੰਦਾ ਹੈ। ਸੰਘਰਸ਼ ਹੀ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕਰਾਉਂਦਾ ਹੈ। ਦੋਸਤਾਂ ਦਾ ਏਕਾ ਪੱਕਾ ਕਰਦਾ ਹੈ। ਪੱਕਾ ਹੋਇਆ ਏਕਾ, ਸੰਘਰਸ਼ ਨੂੰ ਮਜ਼ਬੂਤ ਕਰਦਾ ਹੈ। ਕੱਠ, ਲੋਹੇ ਦੀ ਲੱਠ ਬਣ ਦੁਸ਼ਮਣ ਦੇ ਸਿਰ ਵਜਦਾ ਹੈ। ਇਹ ਬਣਾਓ।
                                        ਲੋਕ ਸੰਘਰਸ਼ਾਂ ਦੇ ਅੰਗਸੰਗ ! 
                                       ਸੂਬਾ ਕਮੇਟੀ ਲੋਕ ਮੋਰਚਾ ਪੰਜਾਬ                                                                                                                                   
ਪ੍ਰਕਾਸ਼ਕ : ਜਗਮੇਲ ਸਿੰਘ, ਜਨਰਲ ਸਕੱਤਰ (ਮੋਬਾ:9417224822)