ਲੋਕ ਮੋਰਚਾ ਪੰਜਾਬ ਵੱਲੋਂ ਫਿਰਕੂ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਦੀ ਨਿਖੇਧੀ ਕੌਮੀ ਭਾਵਨਾਵਾਂ ਨੂੰ ਚੋਣ ਗਿਣਤੀਆਂ ਚ ਵਰਤੇ ਜਾਣ ਖਿਲਾਫ ਚੌਕਸ ਰਹਿਣ ਦਾ ਸੱਦਾ
ਲੋਕ ਮੋਰਚਾ ਪੰਜਾਬ ਵੱਲੋਂ ਇੱਕ ਬਿਆਨ ਰਾਹੀਂ ਭਾਰਤੀ ਹਾਕਮਾਂ ਵੱਲੋਂ ਫਿਰਕੂ ਅਤੇ ਕੌਮੀ ਸ਼ਾਵਨਵਾਦੀ ਲੀਹਾਂ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਕੌਮੀ ਭਾਵਨਾਵਾਂ ਨੂੰ ਚੋਣ ਗਿਣਤੀਆਂ ਵਿੱਚ ਵਰਤੇ ਜਾਣ ਖ਼ਿਲਾਫ਼ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ|ਬੀਤੇ ਦਿਨੀਂ ਪੁਲਵਾਮਾ ਘਟਨਾ ਤੋਂ ਬਾਅਦ ਅਜਿਹੀਆਂ ਕੋਸ਼ਿਸ਼ਾਂ ਹੋਰ ਤੇਜ਼ ਹੋਈਆਂ ਹਨ ਅਤੇ ਮੋਦੀ ਹਕੂਮਤ ਸਮੇਤ ਸਾਰੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਇਸ ਘਟਨਾ ਤੋਂ ਸਿਆਸੀ ਲਾਹਾ ਖੱਟਣ ਦੀ ਤਾਕ ਵਿੱਚ ਹਨ|
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਭਾਰਤੀ ਹਕੂਮਤ ਵੱਲੋਂ ਮੁਲਕ ਦੇ ਫ਼ੌਜੀ ਜਵਾਨਾਂ ਨੂੰ ਆਪਣੇ ਸੌੜੇ ਸਿਆਸੀ ਮੰਤਵਾਂ ਦੀ ਭੇਟ ਚੜ੍ਹਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ| ਲੋਕਾਂ ਦੇ ਪੁੱਤਾਂ ਨੂੰ ਭਾਰਤੀ ਹਾਕਮਾਂ ਵੱਲੋਂ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਦੇਸ਼ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਵਾਰ ਵਾਰ ਬਲਦੀ ਦੇ ਬੁਥੇ ਦਿੱਤਾ ਗਿਆ ਹੈ|ਕਸ਼ਮੀਰ ਅੰਦਰ ਵੀ ਕਸ਼ਮੀਰੀ ਲੋਕਾਂ ਦੀ ਕੌਮੀ ਮੁਕਤੀ ਦੀ ਲਹਿਰ ਨੂੰ ਫੌਜੀ ਜ਼ੋਰ ਤੇ ਦਬਾਉਣ ਲਈ ਸਭ ਤੋਂ ਵੱਡੀ ਗਿਣਤੀ ਵਿੱਚ ਹਥਿਆਰਬੰਦ ਬਲ ਭੇਜੇ ਗਏ ਹਨ| ਕਸ਼ਮੀਰੀ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਅਤੇ ਉਨ੍ਹਾਂ ਉੱਪਰ ਅਣਮਨੁੱਖੀ ਕਹਿਰ ਢਾਹ ਰਹੀ ਭਾਰਤੀ ਹਕੂਮਤ ਪ੍ਰਤੀ ਉਨ੍ਹਾਂ ਦੀ ਨਫਰਤ ਦਾ ਨਿਸ਼ਾਨਾ ਹਥਿਆਰਬੰਦ ਬਲ ਬਣਦੇ ਹਨ| ਮੌਜੂਦਾ ਪੁਲਵਾਮਾ ਹਮਲਾ ਵੀ ਮੋਦੀ ਹਕੂਮਤ ਵੱਲੋਂ ਕਸ਼ਮੀਰੀ ਲੋਕਾਂ ਦੀ ਹੱਕੀ ਮੰਗ ਨੂੰ ਬੰਦੂਕਾਂ,ਪੈਲੇਟ ਗੰਨਾਂ ਤੇ ਦਰਿੰਦਗੀ ਭਰੇ ਕਾਰਿਆਂ ਨਾਲ ਦਬਾਏ ਜਾਣ ਖ਼ਿਲਾਫ਼ ਮੋੜਵਾਂ ਵਾਰ ਹੈ ਜਿਸ ਦਾ ਨਿਸ਼ਾਨਾ ਫੌਜੀ ਬਣੇ ਹਨ|
ਪਿਛਲੇ ਦਹਾਕਿਆਂ ਦੌਰਾਨ ਜਿੱਥੇ ਇੱਕ ਪਾਸੇ ਕਸ਼ਮੀਰ ਅੰਦਰ ਹਕੂਮਤੀ ਹਿੰਸਕ ਕਹਿਰ ਵਰਤਾਇਆ ਗਿਆ ਹੈ ਅਤੇ ਨਿਰਦੋਸ਼ ਜਿੰਦਾਂ ਦੇ ਕਤਲਾਂ,ਬਲਾਤਕਾਰਾਂ,ਫਰਜ਼ੀ ਮੁਕਾਬਲਿਆਂ ਤੇ ਜਨਤਕ ਇਕੱਠਾਂ ਤੇ ਗੋਲੀਆਂ-ਛਰਿਆਂ ਦੀਆਂ ਬੁਛਾਰਾਂ ਦਾ ਚੱਕਰ ਚੱਲਿਆ ਹੈ,ਦੂਜੇ ਪਾਸੇ ਭਾਰਤ ਅੰਦਰ ਕਸ਼ਮੀਰੀਆਂ ਪ੍ਰਤੀ ਬੇਗਾਨਗੀ ਅਤੇ ਵਿਰੋਧ ਦੀ ਭਾਵਨਾ ਉਤਸ਼ਾਹਤ ਕਰਦੇ ਹੋਏ ਕਸ਼ਮੀਰੀ ਕੌਮ ਨੂੰ ਅੱਤਵਾਦੀਆਂ ਵਜੋਂ ਪੇਸ਼ ਕੀਤਾ ਗਿਆ ਹੈ|ਵਾਰ ਵਾਰ ਇਸ ਝੂਠੇ ਰਾਸ਼ਟਰਵਾਦ ਅਤੇ ਫਿਰਕੂ ਪਾਲਾਬੰਦੀ ਨੂੰ ਵੋਟ ਪਾਰਟੀਆਂ ਵੱਲੋਂ ਵੋਟ ਸਿਆਸਤ ਵਿੱਚ ਵਰਤਿਆ ਗਿਆ ਹੈ|ਹੁਣ ਵੀ ਪੁਲਵਾਮਾ ਹਮਲੇ ਪਿੱਛੋਂ ਫਿਰਕੂ ਪਾਲਾਬੰਦੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ,ਪਾਕਿਸਤਾਨ ਖਿਲਾਫ ਜੰਗੀ ਜਨੂੰਨ ਭੜਕਾਇਆ ਜਾ ਰਿਹਾ ਹੈ ਅਤੇ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਕਸ਼ਮੀਰੀਆਂ ਨੂੰ ਦੇਸ਼ ਅੰਦਰ ਥਾਂ ਥਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ|ਗੁਆਂਢੀ ਮੁਲਕ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਵਿੱਢ ਕੇ ਅਤੇ ਕੌਮੀ ਸ਼ਾਵਨਵਾਦ ਭੜਕਾ ਕੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਵੋਟ ਪਾਰਟੀਆਂ ਵੱਲੋਂ ਇਸ ਘਟਨਾ ਦੀ ਵਰਤੋਂ ਕੀਤੀ ਜਾ ਰਹੀ ਹੈ|ਲੋਕ ਮੋਰਚਾ ਪੰਜਾਬ ਨੇ ਲੋਕਾਂ ਨੂੰ ਫਿਰਕੂ ਤੇ ਅੰਧ-ਰਾਸ਼ਟਰੀ ਪ੍ਰਚਾਰ ਤੋਂ ਦੂਰ ਰਹਿੰਦਿਆਂ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਲਈ ਜਦੋਜਹਿਦ ਦੀ ਹਮਾਇਤ ਕਰਨ,ਮੁਲਕ ਦੇ ਬਾਕੀ ਹਿੱਸਿਆਂ ਅੰਦਰ ਵੱਸਦੇ ਕਸ਼ਮੀਰੀਆਂ ਦੀ ਹਿਫਾਜ਼ਤ ਕਰਨ,ਗੁਆਂਢੀ ਮੁਲਕਾਂ ਨਾਲ ਮਿੱਤਰ ਭਾਵ ਬਣਾਈ ਰੱਖਣ ਅਤੇ ਫਿਰਕੂ ਤੇ ਕੌਮੀ ਸ਼ਾਵਨਵਾਦ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ|
ਇਸ ਮੌਕੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੂੰ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਅਧਿਕਾਰ ਅਤੇ ਹੱਕੀ ਸੰਘਰਸ਼ ਨੂੰ ਹਿੰਸਾ ਦਾ ਚੱਕਰ ਚਲਾ ਕੇ ਦਬਾਉਣ ਦੀ ਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਮੁਲਕ ਦੀਆਂ ਵੱਖ ਵੱਖ ਥਾਵਾਂ ਅੰਦਰ ਲੋਕਾਂ ਦੇ ਹੱਕੀ ਸੰਘਰਸ਼ ਦਬਾਉਣ ਲਈ ਝੋਕੇ ਗਏ ਹਥਿਆਰਬੰਦ ਬਲ ਵਾਪਸ ਬੁਲਾਉਣੇ ਚਾਹੀਦੇ ਹਨ|
ਲੋਕ ਮੋਰਚਾ ਪੰਜਾਬ ਵੱਲੋਂ ਪੁਲਵਾਮਾ ਘਟਨਾ ਤੋਂ ਪਿੱਛੋਂ ਮੁਲਕ ਵਿੱਚ ਅਨੇਕਾਂ ਥਾਈਂ ਮੁਸਲਮਾਨਾਂ ਅਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਅਤੇ ਸਰਕਾਰ ਤੋਂ ਕਸ਼ਮੀਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ|
ਜਾਰੀ ਕਰਤਾ:ਜਗਮੇਲ ਸਿੰਘ(941724822)