ਲੋਕ ਸਭਾ ਚੋਣ 2019 ਦਾ ਨਤੀਜਾ ਤੇ ਸੰਘਰਸ਼ :
ਇਹ ਚੋਣ ਨਤੀਜਾ, ਰਾਜਭਾਗ ਦੀ ਤਾਕਤ ਆਰਥਿਕ ਵਸੀਲਿਆਂ, ਸਮਾਜਿਕ ਰੁਤਬਿਆਂ, ਰਾਜ-ਮਸ਼ੀਨਰੀ ਦੇ ਸਾਰੇ ਅੰਗਾਂ, ਵੱਡੇ ਮੀਡੀਏ, ਵੋਟ-ਵਟੋਰੂਆਂ ਦੇ ਚੋਣ ਚਲਿੱਤਰਾਂ ਦੇ ਦਾਬੇ ਤੇ ਛੱਪੇ ਦੇ ਜ਼ੋਰ ਲੋਕਾਂ ਦੇ ਵੱਡੇ ਹਿੱਸੇ ਦੀ ਗਰੀਬੀ, ਬੇਰੁਜ਼ਗਾਰੀ, ਅਨਪੜਤਾ ਕਰਕੇ ਬਣੀ ਮੁਥਾਜਗੀ ਵਾਲੀ ਵੋਟ ਦੇ ਪਤਿਆਏ, ਭਰਮਾਏ, ਵਡਿਆਏ ਤੇ ਹਥਿਆਏ ਜਾਣ ਦਾ ਨਤੀਜਾ ਹੈ। ਜਾਤਾਂ,ਧਰਮਾਂ, ਫਿਰਕਿਆਂ, ਇਲਾਕਿਆਂ, ਤਬਕਿਆਂ ਦੀ ਤੰਗ ਸੋਚਣੀ ਵਿਚ ਉਲਝੇ ਹੋਣ ਦਾ ਨਤੀਜਾ ਹੈ। ਚੋਣ ਪ੍ਰਚਾਰ ਦੌਰਾਨ ਲਗਭਗ ਸਭਨਾਂ ਵੋਟਾਂ ਵਾਲਿਆਂ ਵੱਲੋਂ ਲੋਕ ਮਸਲਿਆਂ ਨੂੰ ਰੋਲ੍ਹ ਕੇ ਫਿਰਕੂ ਤੇ ਕੌਮੀ ਸ਼ਾਵਨਵਾਦ ਅਤੇ ਜੰਗੀ ਮਾਹੌਲ ਦੀ ਪੁੱਠ ਚੜੇ ਪ੍ਰਚਾਰ-ਗੁਬਾਰ ਦੀ ਹਨੇਰੀ ਝੁਲਾਈ ਹੋਣ ਦਾ ਨਤੀਜਾ ਹੈ। ਲੋਕ-ਧੜੇ ਦਾ ਅਜੇ ਯੱਕ ਨਾ ਬੰਨੇ ਹੋਣ ਦਾ ਨਤੀਜਾ ਹੈ। ਲੋਕਦੋਖੀ ਰਾਜਪ੍ਰਬੰਧ ਤੇ ਇਸ ਦੀਆਂ ਨੀਤੀਆਂ-ਕਾਨੂੰਨ ਅਜੇ ਲੋਕ-ਸੰਘਰਸ਼ਾਂ ਦਾ ਅਜੰਡਾ ਨਾ ਬਣਿਆ ਹੋਣ ਤੇ ਸੰਘਰਸ਼ਾਂ ਦਾ ਇੱਕ-ਜੁੱਟ ਨਾ ਹੋਣ ਦਾ ਨਤੀਜਾ ਹੈ। ਜੀਹਨੂੰ ਇਹ ਸਾਰਾ ਜੋਕ ਧੜਾ ਲੋਕ ਫਤਵੇ ਦਾ ਨਾਂ ਦੇ ਰਿਹਾ ਹੈ।ਸੰਘਰਸ਼ਾਂ ਦੇ ਮੋਹਰੀਆਂ ਮੂਹਰੇ ਤਾਂ ਉਹੀ ਕਾਰਜ ਖੜਾ ਹੈ, ਜਿਹੜਾ ਚੋਣਾਂ ਤੋਂ ਪਹਿਲਾਂ ਵੀ ਖੜਾ ਸੀ, ਕਿ ਲੋਕਾਂ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਅਤੇ ਸਮਾਜਿਕ ਤੌਰ 'ਤੇ ਪੁੱਗਤ ਤੇ ਵੁੱਕਤ ਵਾਲਾ ਲੋਕਾਂ ਦਾ ਖਰਾ ਜਮਹੂਰੀ ਰਾਜ ਉਸਾਰਨਾ ਹੈ।
ਚੋਣ ਨਤੀਜਿਆਂ ਨੇ ਇਸ ਕਾਰਜ ਨੂੰ ਪਹਿਲਾਂ ਨਾਲੋਂ ਵੱਧ ਤੱਦੀ ਵਾਲਾ ਕਾਰਜ ਬਣਾ ਦਿੱਤਾ ਹੈੈ ਕਿਉਂਕਿ ਚੋਣ ਪ੍ਰਚਾਰ ਦੌਰਾਨ ਫਿਰਕੂ ਤੇ ਕੌਮੀ ਸ਼ਾਵਨਵਾਦ ਦੀ ਪੁੱਠ ਚੜੇ ਪ੍ਰਚਾਰ-ਗੁਬਾਰ ਦੀ ਹਨੇਰੀ ਝੁਲਾਉਣ ਵਿਚ ਮੋਹਰੀ ਰਹੀ ਭਾਜਪਾ ਵੋਟਾਂ ਹਥਿਆਉਣ ਵਿਚ ਵੀ ਮੋਹਰੀ ਰਹੀ ਹੈ। ਕਿਉਂਕਿ ਭਾਜਪਾ ਤੇ ਉਸ ਦੀਆਂ ਫਾਕਾਂ ਦਾ ਅੰਗਰੇਜ਼ਾਂ ਵੇਲੇ ਤੋਂ ਤੁਰਿਆ ਆਉਂਦਾ ਹਿੰਦੂਤਵ ਦਾ ਅਜੰਡਾ ਅਤੇ ਪਿਛਲੇ ਸਾਲਾਂ ਅੰਦਰ ਹਿੰਦੂ ਫਿਰਕੂ ਫਾਸ਼ੀ ਭੀੜਾਂ ਵੱਲੋਂ ਚੱਕੀ ਸਿੰਗ ਮਿੱਟੀ ਇਸ ਕਾਰਜ ਨੂੰ ਤੇਜੀ ਨਾਲ ਕਰਨ ਦਾ ਮਹੱਤਵ ਵਧਾ ਦਿੰਦੀ ਹੈ। ਕਿਉਂਕਿ ਜੇ ਪਿਛਲੇ ਪੰਜ ਸਾਲਾਂ ਵਿਚ ਸੰਸਾਰੀਕਰਨ ਦੀਆਂ ਲੋਕ-ਦੋਖੀ ਨੀਤੀਆਂ ਬੇਕਿਰਕੀ ਨਾਲ ਲੋਕਾਂ ਸਿਰ ਮੜ੍ਹਣ ਵਾਲੀ, ਮੁਲਕ ਦਾ ਧਨ-ਦੌਲਤ ਲੋਕਾਂ ਕੋਲੋਂ ਖੋਹ ਕੇ ਮੁਲਕ ਦੇ ਧਨਕੁਬੇਰਾਂ ਦੀ ਝੋਲੀ ਪਾਉਣ ਵਾਲੀ, ਮੁਲਕ ਦੇ ਜਲ, ਜੰਗਲ, ਜ਼ਮੀਨ, ਦੇਸੀ-ਬਦੇਸ਼ੀ ਪੂੰਜੀਪਤੀਆਂ ਮੂਹਰੇ ਪਰੋਸ ਧਰਨ ਵਾਲੀ ਅਤੇ ਸਾਮਰਾਜ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਵਪਾਰ ਸੰਗਠਨ ਨਾਲ ਮੁਲਕ-ਮਾਰੂ ਸੰਧੀਆਂ/ ਸਮਝੌਤੇ ਕਰਨ ਵਾਲੀ ਭਾਜਪਾ ਸਰਕਾਰ ਹੀ ਮੁੜ ਮੁਲਕ ਦੀ ਗੱਦੀ ਮੱਲ ਰਹੀ ਹੈ, ਪਹਿਲਾਂ ਨਾਲੋਂ ਵੱਡੀ ਵੋਟ ਤਾਕਤ ਨਾਲ, ਤਾਂ ਫਿਰ ਲੋਕ ਦੋਖੀ ਨੀਤੀਆਂ ਕਾਨੂੰਨਾਂ ਦਾ ਅਤੇ ਫਿਰਕਾਪ੍ਰਸਤੀ ਦਾ ਕੁਹਾੜਾ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਲੋਕਾਂ ਸਿਰ ਵਰਾਇਆਂ ਜਾਣਾ ਇਸ ਨਤੀਜੇ ਦਾ ਨਤੀਜਾ ਬਣਨ ਦੇ ਹਾਲਾਤ ਬਣ ਜਾਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਣੀ।
ਇਸ ਹਾਲਤ ਵਿਚ, ਪਹਿਲਾਂ ਲੜੇ ਤੇ ਜਿੱਤੇ ਸੰਘਰਸ਼ ਮਨਚਿੱਤ ਵਿਚ ਚੱਤੋ ਪਹਿਰ ਚੇਤੇ ਰਹਿਣ ਅਤੇ ਹਰ ਮੁਸ਼ਕਲ, ਮਸਲੇ ਤੇ ਉਲਝਣ ਦਾ ਹੱਲ, ਸੰਘਰਸ਼ ਹੀ ਸਵੱਲੜਾ ਰਾਹ ਬਣੇ। ਲੋਕ ਧੜੇ ਦੇ ਏਕੇ ਦਾ ਮਜ਼ਬੂਤ ਯੱਕ ਬੱਝੇ। ਫੌਰੀ ਰਾਹਤ ਦਿੰਦੀਆਂ ਮੰਗਾਂ ਅਤੇ ਇਹਨਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼, ਜੂਨ ਸੁਧਾਰਨ ਵਾਲੀਆਂ ਮੰਗਾਂ ਅਤੇ ਸੰਘਰਸ਼ਾਂ ਵੱਲ ਵਧਣ। ਸੰਘਰਸ਼ਾਂ ਦੀਆਂ ਮੰਗਾਂ ਹੋਣ : ਮੁਲਕ ਲੁਟਾਊ ਸੰਧੀਆਂਸਮਝੌਤੇ ਰੱਦ ਹੋਣ; ਮੁਲਕ ਤੇ ਲੋਕ ਪੱਖੀ ਕਾਨੂੰਨ ਤੇ ਨੀਤੀਆਂ ਬਣਨ; ਖੇਤੀ ਤੇ ਰੁਜ਼ਗਾਰ ਨੂੰ ਤਰਜੀਹ ਮਿਲੇ; ਬੱਜ਼ਟ ਰਕਮਾਂ ਵਧਣ ਤੇ ਲੱਗਣ; ਨਿੱਜੀਕਰਨ ਦੀਆਂ ਨੀਤੀਆਂ ਰੱਦ ਹੋਣ; ਰੈਗੂਲਰ ਭਰਤੀ ਹੋਵੇ; ਤਾਉਮਰ ਸਮਾਜਿਕ ਸੁਰੱਖਿਆ ਹੋਵੇ; ਮੁੱਠੀ ਭਰ ਵੱਡੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ-ਮਜ਼ਦੂਰਾਂ ਵਿਚ ਵੰਡੀਆਂ ਜਾਣ; ਮੁੱਠੀ ਭਰ ਵੱਡੇ ਸਰਮਾਏਦਾਰਾਂ ਦੀ ਪੂੰਜੀ ਮੁਲਕ ਦੀ ਪੂੰਜੀ ਬਣੇ ਤੇ ਲੋਕਾਂ ਦੀ ਤਰੱਕੀ ਖੁਸ਼ਹਾਲੀ ਵਿਚ ਲੱਗੇ; ਹਰ ਸਰਕਾਰੀ ਅਦਾਰੇ ਅੰਦਰ ਲੋਕਾਂ ਦੀ ਪੁੱਗਤ ਹੋਵੇ ਤੇ ਵੁੱਕਤ ਬਣੇ, ਆਦਿ।
ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ ਸਕੱਤਰ (94172 24822) ਮਿਤੀ : 26.5.2019