This is the Punjabi translation of an article by Arundhati Roy published in the magazine "OUTLOOK", which we are sharing with our readers. We are thankful to Sh. Buta Singh for getting this article translated in Punjabi and to Sh. A.S.Alam for getting it set in unimukhi font.
ਬੰਦੂਕਧਾਰੀ ਗਾਂਧੀਵਾਦੀ? ਕੁਝ ਸਵਾਲਾਂ ਦਾ ਜਵਾਬ ਲੈਣ ਲਈ ਅਰੁੰਧਤੀ ਰਾਏ ਗੌਂਡੀ ਲੋਕਾਂ ਦੇ ਸਮੁੰਦਰ ’ਚ ਜਾ ਪਹੁੰਚਦੀ ਹੈ.......
ਲਿਫ਼ਾਫ਼ਾ ਬੰਦ ਟਾਈਪ ਕੀਤਾ ਸੰਖੇਪ ਨੋਟ ਦਰਵਾਜ਼ੇ ਥੱਲਿਓ ਮੇਰੇ ਕੋਲ ਪਹੁੰਚਦਾ ਹੈ। ਇਹ ‘ਮੁਲਕ ਦੇ ਸਭ ਤੋਂ ਵੱਡੇ ਅੰਦਰੂਨੀ ਖ਼ਤਰੇ’ ਨਾਲ ਮੇਰੀ ਮਿਲਣੀ ਦੀ ਪੁਸ਼ਟੀ ਹੈ, ਜਿਸਦੀ ਮੈਨੂੰ ਕਈ ਮਹੀਨਿਆਂ ਤੋਂ ਉਡੀਕ ਸੀ। ਦੋ ਦਿਨਾਂ ਦਰਮਿਆਨ ਚਾਰ ਅਲੱਗ-ਅਲੱਗ ਵਕਤ ਤੈਅ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਕਿਸੇ ਇਕ ’ਤੇ ਮੈਂ ਦਾਂਤੇਵਾੜਾ ਦੇ ਮਾਂ ਦਾਂਤੇਸ਼ਵਰੀ ਮੰਦਰ ਪਹੁੰਚਣਾ ਹੈ। ਚਾਰ ਅਲੱਗ-ਅਲੱਗ ਵਕਤ ਇਸ ਲਈ ਤਾਂ ਜੋ ਮਾੜਾ ਮੌਸਮ, ਬੱਸ ਪੰਕਚਰ ਹੋਣ, ਸੜਕਾਂ ’ਤੇ ਜਾਮ ਲੱਗਣ, ਟਰਾਂਸਪੋਰਟ ਹੜਤਾਲ, ਜਾਂ ਫਿਰ ਮੰਦੇ ਭਾਗੀਂ ਕੋਈ ਹੋਰ ਅੜਚਣ ਤੈਅ ਕੀਤੇ ਪ੍ਰੋਗਰਾਮ ’ਚ ਖ਼ਲਲ ਨਾ ਪਾ ਸਕੇ। ਸੁਨੇਹੇ ’ਚ ਲਿਖਿਆ ਸੀ: ‘‘ਲੇਖਕ ਕੋਲ ਕੈਮਰਾ, ਨਾਰੀਅਲ ਤੇ ਮੱਥੇ ਟਿੱਕਾ ਹੋਵੇ। ਮੂਹਰਿਓਂ ਮਿਲਣ ਵਾਲੇ ਦੇ ਸਿਰ ’ਤੇ ਟੋਪੀ, ਹੱਥ ਵਿਚ ਹਿੰਦੀ ਆਊਟਲੁੱਕ ਅਤੇ ਕੇਲੇ ਹੋਣਗੇ। ‘ਨਮਸਕਾਰ ਗੁਰੂ ਜੀ’ ਕੋਡ ਸ਼ਬਦ ਹੋਵੇਗਾ।’’
'ਨਮਸਕਾਰ ਗੁਰੂ ਜੀ'!? ਕਿਤੇ ਸਾਹਮਣੇ ਵਾਲਾ ਕਿਸੇ ਮਰਦ ਦੇ ਆਉਣ ਦੀ ਉਮੀਦ ਤਾਂ ਨਹੀਂ ਕਰ ਰਿਹਾ ਹੋਵੇਗਾ, ਮੇਰੀ ਪ੍ਰੇਸ਼ਾਨੀ ਵਧ ਗਈ। ਕਿਤੇ ਮੈਨੂੰ ਨਕਲੀ ਮੁੱਛਾਂ ਲਗਾਉਣ ਦੀ ਜ਼ਰੂਰਤ ਤਾਂ ਨਹੀਂ।
ਦਾਂਤੇਵਾੜਾ ਨੂੰ ਕਈ ਤਰ੍ਹਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ। ਇਹ ਉਲਟ ਪੱਖਾਂ ਦਾ ਸੁਮੇਲ ਹੈ। ਇਹ ਹਿੰਦੁਸਤਾਨ ਦੇ ਦਿਲ ਵਿਚ ਇਕ ਸਰਹੱਦੀ ਕਸਬਾ ਹੈ। ਇਹ ਇਸ ਜੰਗ ਦਾ ਕੇਂਦਰ ਹੈ। ਇੱਥੇ ਸਭ ਕੁਝ ਉਲਟਾ-ਪੁਲਟਾ ਹੈ।
ਪੁਲੀਸ ਦਾਂਤੇਵਾੜਾ ਵਿਚ ਸਾਦੇ ਕੱਪੜੇ ਪਹਿਨਦੀ ਹੈ, ਬਾਗ਼ੀ ਵਰਦੀਆਂ ਵਿੱਚ ਘੁੰਮਦੇ ਹਨ। ਜੇਲ੍ਹ ਸੁਪਰਡੈਂਟ, ਜੇਲ੍ਹ ਵਿਚ ਬੰਦ ਹੈ। ਕੈਦੀ ਆਜ਼ਾਦ ਹਨ। (ਦੋ ਸਾਲ ਪਹਿਲਾਂ, ਤਿੰਨ ਸੌ ਦੇ ਕਰੀਬ ਕੈਦੀ ਪੁਰਾਣੇ ਸ਼ਹਿਰ ਦੀ ਜੇਲ੍ਹ ਵਿਚੋਂ ਬਚ ਕੇ ਨਿਕਲ ਗਏ ਸਨ।) ਬਲਾਤਕਾਰ ਦਾ ਸ਼ਿਕਾਰ ਔਰਤਾਂ ਪੁਲੀਸ ਹਿਰਾਸਤ ਵਿੱਚ ਹਨ। ਬਲਾਤਕਾਰੀ ਸ਼ਰੇ-ਬਜ਼ਾਰ ਭਾਸ਼ਣਬਾਜ਼ੀ ਕਰਦੇ ਹਨ।
ਇੰਦਰਾਵਤੀ ਨਦੀ ਪਾਰਲੇ ਪਾਸੇ ਦੇ ਇਲਾਕੇ ’ਤੇ ਮਾਓਵਾਦੀਆਂ ਦਾ ਕੰਟਰੋਲ ਹੈ, ਜਿਸ ਨੂੰ ਪੁਲਿਸ ‘ਪਾਕਿਸਤਾਨ’ ਆਖਦੀ ਹੈ। ਇੱਥੇ ਪਿੰਡ ਖਾਲੀ ਹਨ, ਪਰ ਜੰਗਲ ਵਿਚ ਲੋਕਾਂ ਦਾ ਮੰਗਲ ਲੱਗਿਆ ਹੋਇਆ ਹੈ। ਬੱਚੇ ਜਿਨ੍ਹਾਂ ਨੂੰ ਸਕੂਲ ਵਿਚ ਹੋਣਾ ਚਾਹੀਦਾ ਹੈ ਵਿਹਲੇ ਘੁੰਮਦੇ ਹਨ। ਖ਼ੂਬਸੂਰਤ ਪਿੰਡਾਂ ਵਿਚ ਕੰਕਰੀਟ ਦੀਆਂ ਬਣੀਆਂ ਸਕੂਲੀ ਇਮਾਰਤਾਂ ਜਾਂ ਤਾਂ ਮਲਬੇ ਦੇ ਢੇਰ ਵਿਚ ਤਬਦੀਲ ਹੋ ਚੁੱਕੀਆਂ ਹਨ ਜਾਂ ਫਿਰ ਪੁਲਸੀਆਂ ਨਾਲ ਭਰੀਆਂ ਪਈਆਂ ਹਨ। ਜਿਸ ਮਾਰੂ ਜੰਗ ਦਾ ਪਿੜ ਜੰਗਲ ’ਚ ਬੰਨ੍ਹਿਆ ਜਾ ਰਿਹਾ ਹੈ, ਇਸ ਉੱਪਰ ਹਿੰਦੋਸਤਾਨ ਦੀ ਸਰਕਾਰ ਮਾਣ ਵੀ ਮਹਿਸੂਸ ਕਰਦੀ ਹੈ ਤੇ ਇਹ ਸ਼ਰਮਨਾਕ ਵੀ ਹੈ। ਓਪਰੇਸ਼ਨ ਗਰੀਨ ਹੰਟ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਤੇ ਖੰਡਨ ਵੀ। ਹਿੰਦੁਸਤਾਨ ਦਾ ਗ੍ਰਹਿ ਮੰਤਰੀ ਪੀ. ਚਿਦੰਬਰਮ (ਇਸ ਜੰਗ ਦਾ ਸੀ ਈ ਓ) ਕਹਿੰਦਾ ਹੈ ਗਰੀਨ ਹੰਟ ਨਾਂਅ ਦੀ ਕੋਈ ਚੀਜ਼ ਨਹੀਂ, ਇਹ ਤਾਂ ਮੀਡੀਆ ਦੀ ਕਾਢ ਹੈ। ਪਰ ਫਿਰ ਵੀ ਵੱਡੀ ਗਿਣਤੀ ਵਿਚ ਫੰਡ ਦਿੱਤੇ ਜਾ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨੀਮ-ਫ਼ੌਜੀ ਦਸਤੇ ਭੇਜੇ ਜਾ ਰਹੇ ਹਨ। ਹਾਲਾਂਕਿ ਇਹ ਜੰਗ ਮੱਧ ਭਾਰਤ ਦੇ ਜੰਗਲਾਂ ਵਿਚ ਲੜੀ ਜਾਣੀ ਹੈ, ਪਰ ਇਸ ਦੇ ਸਿੱਟੇ ਸਾਡੇ ਸਾਰਿਆਂ ਲਈ ਹੀ ਘਾਤਕ ਨਿੱਕਲਣਗੇ।
ਜੇ ਭੂਤਾਂ ਬੀਤੇ ਦਾ, ਮਰ-ਮੁੱਕ ਚੁੱਕੀ ਹੋਂਦ ਦਾ ਪਰਛਾਵਾਂ ਹੁੰਦੀਆਂ ਹਨ, ਤਾਂ ਜੰਗਲ ਦੀ ਹਿੱਕ ਪਾੜਕੇ ਬਣ ਰਿਹਾ ਨਵਾਂ ਚਾਰ ਸੜਕਾਂ ਵਾਲਾ ਸ਼ਾਹੀ ਮਾਰਗ ਇਸ ਧਾਰਨਾ ਦੇ ਬਿਲਕੁਲ ਉਲਟ ਹੈ। ਇਹ ਦਸਤਕ ਹੈ ਆਉਣ ਵਾਲੇ ਕੱਲ੍ਹ ਦੀ।
ਜੰਗਲ ਵਿਚਲੀਆਂ ਵਿਰੋਧੀ ਤਾਕਤਾਂ ਹਰ ਤਰ੍ਹਾਂ ਨਾਲ ਬੇਜੋੜ ਅਤੇ ਬੇਮੇਚੀਆਂ ਹਨ। ਇਕ ਪਾਸੇ ਪੈਸੇ, ਅਸਲੇ, ਮੀਡੀਆ ’ਤੇ ਕੰਟਰੋਲ ਰੱਖਦੀ ਅਤੇ ਉੱਭਰ ਰਹੀ ਮਹਾਂ ਸ਼ਕਤੀ ਦੇ ਘਮੰਡ ਨਾਲ ਲੈਸ ਨੀਮ ਫ਼ੌਜੀ ਦਸਤੇ ਹਨ। ਦੂਜੇ ਪਾਸੇ ਹਨ, ਰਵਾਇਤੀ ਹਥਿਆਰਾਂ ਨਾਲ ਲੈਸ ਸਾਧਾਰਨ ਪੇਂਡੂ ਲੋਕ, ਜਿਨ੍ਹਾਂ ਨੂੰ ਬਿਹਤਰੀਨ ਤਰੀਕੇ ਨਾਲ ਲਾਮਬੰਦ, ਬੁਲੰਦ ਹੌਂਸਲੇ ਵਾਲੀ ਮਾਓਵਾਦੀ ਲੜਾਕਾ ਤਾਕਤ, ਜਿਸਦਾ ਹਥਿਆਰਬੰਦ ਬਗ਼ਾਵਤ ਦਾ ਅਸਧਾਰਨ ਤੇ ਹਿੰਸਕ ਇਤਹਾਸ ਹੈ, ਦੀ ਹਮਾਇਤ ਹਾਸਲ ਹੈ। ਮਾਓਵਾਦੀ ਅਤੇ ਨੀਮ-ਫ਼ੌਜੀ ਤਾਕਤਾਂ ਇਕ ਦੂਜੇ ਦੇ ਪੁਰਾਣੇ ਵਿਰੋਧੀ ਰਹੇ ਹਨ ਤੇ ਬੀਤੇ ਦੌਰਾਨ ਇਕ ਦੂਜੇ ਨਾਲ ਵੱਖ-ਵੱਖ ਰੂਪਾਂ ’ਚ ਟਕਰਾਉਂਦੇ ਰਹੇ ਹਨ : 1950ਵਿਆਂ ਵਿਚ ਤੇਲੰਗਾਨਾ ਅੰਦਰ, ਪੱਛਮੀ ਬੰਗਾਲ, ਬਿਹਾਰ, ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਵਿਚ 1960ਵਿਆਂ ਦੇ ਅੰਤ ਤੇ 1970ਵਿਆਂ ਦੌਰਾਨ, ਅਤੇ ਫੇਰ ਆਂਧਰਾ ਪ੍ਰਦੇਸ਼, ਬਿਹਾਰ ਤੇ ਮਹਾਂਰਾਸ਼ਟਰ ਵਿਚ 80ਵਿਆਂ ਤੋਂ ਲੈ ਕੇ ਅੱਜ ਤੱਕ। ਮਾਓਵਾਦੀ ਅਤੇ ਨੀਮ-ਫ਼ੌਜੀ ਤਾਕਤਾਂ ਦੋਵੇਂ ਇਕ ਦੂਜੇ ਦੇ ਦਾਅਪੇਚਾਂ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਇਕ ਦੂਜੇ ਦੇ ਜੰਗੀ ਕਾਇਦੇ ਦਾ ਵੀ ਧਿਆਨ ਨਾਲ ਅਧਿਐਨ ਕਰ ਚੁੱਕੀਆਂ ਹਨ। ਹਰ ਵਾਰ ਇਸ ਤਰ੍ਹਾਂ ਲਗਦਾ ਰਿਹਾ ਜਿਵੇਂ ਮਾਓਵਾਦੀ (ਜਾਂ ਇਨ੍ਹਾਂ ਦੇ ਬੀਤੇ ਦੇ ਰੂਪ) ਹਰ ਵਾਰ ਸਿਰਫ਼ ਹਾਰੇ ਹੀ ਨਹੀਂ ਬਲਕਿ ਇੰਜ ਵੀ ਜਾਪਿਆ ਕਿ ਇਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਗਈ। ਪਰ ਹਰ ਵਾਰ ਉਹ ਪਹਿਲਾਂ ਨਾਲੋਂ ਜ਼ਿਆਦਾ ਪਰਪੱਕਤਾ ਨਾਲ ਲਾਮਬੰਦ ਹੋ ਕੇ, ਪੱਕੇ ਤਹੱਈਏ ਨਾਲ, ਫਿਰ ਉੱਭਰ ਕੇ ਸਾਹਮਣੇ ਆਏ। ਅੱਜ ਇਕ ਵਾਰ ਫਿਰ ਓਹੀ ਬਗ਼ਾਵਤ, ਪੱਛਮੀ ਬੰਗਾਲ, ਛੱਤੀਸਗੜ੍ਹ ਝਾਰਖੰਡ ਅਤੇ ਉੜੀਸਾ ਦੇ ਖਣਿਜ ਭਰਪੂਰ ਜੰਗਲਾਂ ਵਿਚ ਫੈਲ ਚੁੱਕੀ ਹੈ। ਇਹ ਜੰਗਲ ਕਰੋੜਾਂ ਆਦਿਵਾਸੀਆਂ ਦਾ ਘਰ ਹਨ ਅਤੇ ਦੂਜੇ ਪਾਸੇ ਕਾਰਪੋਰੇਟ ਜਗਤ ਦੇ ਸੁਪਨਿਆਂ ਦਾ ਸਵਰਗ ਹਨ।
ਉਦਾਰਵਾਦੀਆਂ ਲਈ ਇਹ ਵਿਸ਼ਵਾਸ ਕਰਨਾ ਆਸਾਨ ਹੈ ਕਿ ਜੰਗਲ ਵਿਚ ਲੜੀ ਜਾਣ ਵਾਲੀ ਇਹ ਲੜਾਈ ਭਾਰਤ ਸਰਕਾਰ ਅਤੇ ਮਾਓਵਾਦੀਆਂ ਵਿਚਕਾਰ ਹੈ, ਉਹ ਮਾਓਵਾਦੀ ਜੋ ਚੋਣਾਂ ਨੂੰ ਢੌਂਗ, ਸੰਸਦ ਨੂੰ ਸੂਰਾਂ ਦਾ ਵਾੜਾ ਕਹਿੰਦੇ ਹਨ ਅਤੇ ਖੁੱਲ੍ਹੇਆਮ ਹਿੰਦੁਸਤਾਨੀ ਰਾਜ ਨੂੰ ਉਲਟਾ ਦੇਣ ਦਾ ਐਲਾਨ ਕਰ ਚੁੱਕੇ ਹਨ। ਪਰ ਨਾਲ ਹੀ ਇਹ ਵੀ ਆਸਾਨੀ ਨਾਲ ਭੁੱਲਾ ਦਿੱਤਾ ਜਾਂਦਾ ਹੈ ਕਿ ਮੱਧ ਭਾਰਤ ਦੇ ਕਬਾਇਲੀਆਂ ਦਾ ਟਾਕਰੇ ਦਾ ਲੰਬਾ ਇਤਹਾਸ ਹੈ, ਜੋ ਮਾਓ ਤੋਂ ਵੀ ਸਦੀਆਂ ਪੁਰਾਣਾ ਹੈ। (ਤੇ ਇਹ ਵੀ ਸੱਚ ਹੈ ਕਿ ਜੇ ਉਹ ਇੰਜ ਨਾ ਕਰਦੇ ਤਾਂ ਅੱਜ ਉਨ੍ਹਾਂ ਦੀ ਹੋਂਦ ਹੀ ਨਾ ਹੁੰਦੀ। ਹੋ, ਓਰਾਓਂ, ਕੌਲ, ਸੰਥਾਲ ਤੇ ਮੁੰਡਾ ਤੇ ਗੌਂਡ ਕਈ ਵਾਰ ਬਗ਼ਾਵਤ ਕਰ ਚੁੱਕੇ ਹਨ, ਕਦੇ ਅੰਗਰੇਜ਼ਾਂ ਖ਼ਿਲਾਫ਼, ਕਦੇ ਜਗੀਰਦਾਰਾਂ ਖਿਲਾਫ਼ ਤੇ ਕਦੇ ਸੂਦਖੋਰਾਂ ਦੇ ਖਿਲਾਫ਼। ਇਹ ਬਗ਼ਾਵਤਾਂ ਬੇਰਹਿਮੀ ਨਾਲ ਕੁਚਲ ਦਿੱਤੀਆਂ ਗਈਆਂ, ਕਈ ਹਜ਼ਾਰ ਮਾਰ ਦਿੱਤੇ ਗਏ। ਪਰ ਲੋਕ ਕਦੇ ਵੀ ਜਿੱਤੇ ਨਾ ਜਾ ਸਕੇ। ਇੱਥੋਂ ਤੱਕ ਕਿ ਆਜ਼ਾਦੀ ਤੋਂ ਬਾਅਦ, ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ (ਨਕਸਲੀ ਸ਼ਬਦ ਇਸੇ ਦੌਰਾਨ ਹੋਂਦ ’ਚ ਆਇਆ। ਹੁਣ ਇਸ ਨੂੰ ਤੇ ‘ਮਾਓਵਾਦੀ’ ਸ਼ਬਦ ਨੂੰ ਇਕ ਦੂਜੇ ਦੀ ਥਾਂ ਅਕਸਰ ਹੀ ਬਦਲ-ਬਦਲਕੇ ਵਰਤਿਆ ਜਾਂਦਾ ਹੈ) ਤੋਂ ਉੱਠੀ ਬਗ਼ਾਵਤ ਜਿਸ ਨੂੰ ਮਾਓਵਾਦੀ ਬਗ਼ਾਵਤ ਕਿਹਾ ਜਾ ਸਕਦਾ ਹੈ, ਦਾ ਧੁਰਾ ਵੀ ਆਦਿਵਾਸੀ ਲੋਕ ਹੀ ਸਨ। ਨਕਸਲੀ ਰਾਜਨੀਤੀ ਉਦੋਂ ਤੋਂ ਹੀ ਆਦਿਵਾਸੀ ਬਗ਼ਾਵਤਾਂ ਨਾਲ ਅਟੁੱਟ ਰੂਪ ’ਚ ਜੁੜ ਚੁੱਕੀ ਹੈ, ਜੋ ਆਦਿਵਾਸੀਆਂ ਦੀ ਵੀ ਓਨੀ ਹੀ ਗੱਲ ਕਰਦੀ ਹੈ ਜਿੰਨੀ ਨਕਸਲੀਆਂ ਦੀ।
ਬਗ਼ਾਵਤ ਦੀ ਇਹ ਵਿਰਾਸਤ ਉਨ੍ਹਾਂ ਲੋਕਾਂ ’ਚ ਰੋਹ ਦੇ ਭਾਂਬੜ ਬਾਲ ਗਈ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਜਾਣਬੁੱਝ ਕੇ ਅਲੱਗ-ਥਲੱਗ ਕਰਕੇ ਹਾਸ਼ੀਏ ’ਤੇ ਧੱਕਿਆ ਹੋਇਆ ਸੀ। 1950 ’ਚ ਭਾਰਤੀ ਸੰਵਿਧਾਨ, ਭਾਰਤੀ ਜਮਹੂਰੀਅਤ ਦੀ ਨੈਤਿਕ ਟੇਕ, ਨੂੰ ਸੰਸਦ ਵੱਲੋਂ ਅਪਣਾ ਲਿਆ ਗਿਆ। ਕਬਾਇਲੀ ਲੋਕਾਂ ਲਈ ਇਹ ਕਹਿਰ ਵਰਤਾਊ ਦਿਨ ਸੀ। ਬਸਤੀਵਾਦੀ ਨੀਤੀਆਂ ’ਤੇ ਸੰਵਿਧਾਨ ਦੀ ਮੋਹਰ ਲਾ ਕੇ, ਰਾਜ ਕਬਾਇਲੀ ਲੋਕਾਂ ਦੀ ਜ਼ਮੀਨ ਦਾ ਸਰਪ੍ਰਸਤ ਬਣ ਗਿਆ। ਇਕ ਰਾਤ ਵਿਚ ਹੀ, ਸਮੁੱਚੀ ਕਬਾਇਲੀ ਵਸੋਂ ਆਪਣੀ ਹੀ ਜ਼ਮੀਨ ’ਤੇ ਮਾਲਕੀ ਹੱਕ ਤੋਂ ਵਾਂਝੀ ਅਬਾਦਕਾਰ ਬਣਕੇ ਰਹਿ ਗਈ। ਇਸ ਨੇ ਜੰਗਲ ਉੱਪਰ ਉਨ੍ਹਾਂ ਦਾ ਰਵਾਇਤੀ ਹੱਕ ਵੀ ਖੋਹ ਲਿਆ ਤੇ ਉਨ੍ਹਾਂ ਦੇ ਸਮੁੱਚੇ ਜੀਵਨ ਨੂੰ ਹੀ ਅਪਰਾਧ ਦੇ ਘੇਰੇ ’ਚ ਲੈ ਆਂਦਾ। ਵੋਟ ਦੇ ਹੱਕ ਬਦਲੇ, ਕਬਾਇਲੀਆਂ ਤੋਂ ਜੀਵਨ ਗੁਜ਼ਾਰੇ ਅਤੇ ਸਨਮਾਨਯੋਗ ਜ਼ਿੰਦਗੀ ਜਿਊਣ ਦਾ ਅਧਿਕਾਰ ਹੀ ਖੋਹ ਲਿਆ।
ਉਨ੍ਹਾਂ ਤੋਂ ਹਰ ਹੱਕ, ਹਰ ਚੀਜ਼ ਖੋਹਕੇ, ਹਕੂਮਤ ਨੇ ਪੂਰੀ ਚਲਾਕੀ ਨਾਲ ਉਨ੍ਹਾਂ ਦੀ ਗ਼ਰੀਬੀ ਨੂੰ ਹੀ ਉਨ੍ਹਾਂ ਦੇ ਖਿਲਾਫ਼ ਵਰਤਣਾ ਸ਼ੁਰੂ ਕਰ ਦਿੱਤਾ। ਜਦੋਂ ਕਦੇ ਵੀ ਸਰਕਾਰ ਨੂੰ ਡੈਮਾਂ, ਸਿੰਜਾਈ ਪ੍ਰਾਜੈਕਟਾਂ, ਖਾਣਾਂ ਵਾਸਤੇ ਕਬਾਇਲੀਆਂ ਨੂੰ ਵੱਡੇ ਪੱਧਰ ’ਤੇ ਉਜਾੜਨ ਦੀ ਲੋੜ ਮਹਿਸੂਸ ਹੋਈ ਤਾਂ ਇਹ ‘ਕਬਾਇਲੀਆਂ ਨੂੰ ਮੁੱਖਧਾਰਾ ਵਿੱਚ ਲੈ ਕੇ ਆਉਣ’ ਜਾਂ ਉਨ੍ਹਾਂ ਨੂੰ ‘ਆਧੁਨਿਕ ਵਿਕਾਸ ਦੀਆਂ ਬਰਕਤਾਂ’ ਮੁਹੱਈਆ ਕਰਾਉਣ ਦੀਆਂ ਟਾਹਰਾਂ ਮਾਰਨੀਆਂ ਸ਼ੁਰੂ ਕਰ ਦਿੰਦੀ। ਭਾਰਤ ਦੀ ‘ਤਰੱਕੀ’ ਦੀ ਬਦੌਲਤ ਜਿਹੜੇ ਕਰੋੜਾਂ ਲੋਕ ਉਜਾੜੇ ਦਾ ਸ਼ਿਕਾਰ ਹੋਏ (ਤਿੰਨ ਕਰੋੜ ਤੋਂ ਜ਼ਿਆਦਾ ਸਿਰਫ਼ ਵੱਡੇ ਡੈਮਾਂ ਦੇ ਕਾਰਣ), ਉਨ੍ਹਾਂ ਵਿਚ ਵੱਡੀ ਗਿਣਤੀ ਕਬਾਇਲੀ ਲੋਕਾਂ ਦੀ ਹੀ ਹੈ। ਹੁਣ ਜਦੋਂ ਸਰਕਾਰ ਕਬਾਇਲੀ ਭਲਾਈ ਦੀਆਂ ਟਾਹਰਾਂ ਮਾਰ ਰਹੀ ਹੈ ਇਸ ਕਰਕੇ ਚਿੰਤਾ ਤਾਂ ਹੋਣੀ ਹੀ ਹੈ।
ਪਿਛਲੇ ਦਿਨੀਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਉਨ੍ਹਾਂ ਨਾਲ ਹੇਜ ਦਿਖਾਉਂਦਿਆਂ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕਬਾਇਲੀ ਲੋਕ ‘‘ਅਜਾਇਬਘਰਾਂ ਦੇ ਸੱਭਿਆਚਾਰ’’ ਦਾ ਸ਼ਿਕਾਰ ਬਣੇ ਰਹਿਣ, ਉਸ ਦਾ ਬਿਆਨ ਚਿੰਤਾ ਦਾ ਵਿਸ਼ਾ ਸੀ। ਜਦੋਂ ਚਿਦੰਬਰਮ ਵੱਡੀਆਂ ਕਾਰਪੋਰੇਸ਼ਨਾਂ ਦਾ ਵਕੀਲ ਬਣਕੇ ਖਾਣ ਕੰਪਨੀਆਂ ਦੇ ਮੁਕੱਦਮਿਆਂ ਦੀ ਪੈਰਵਾਈ ਕਰਦਾ ਰਿਹਾ ਸੀ ਓਦੋਂ ਤਾਂ ਕਬਾਇਲੀ ਲੋਕਾਂ ਦੀ ਭਲਾਈ ਉਸ ਦੀ ਤਰਜੀਹ ਨਹੀਂ ਸੀ! ਇਸ ਕਰਕੇ ਉਸਦੇ ਤਾਜ਼ਾ ਹੇਜ ਦੀ ਛਾਣਬੀਣ ਜ਼ਰੂਰ ਹੋਣੀ ਚਾਹੀਦੀ ਹੈ।
ਪਿਛਲੇ ਪੰਜ ਸਾਲਾਂ ਕੁ ਦੌਰਾਨ ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਸੈਂਕੜੇ ਸਮਝੌਤੇ ਕੀਤੇ ਹਨ ਜਿਨ੍ਹਾਂ ਦੀ ਕੀਮਤ ਕਈ ਅਰਬ ਡਾਲਰ ਹੈ। ਸਟੀਲ ਪਲਾਟਾਂ, ਲੋਹਾ ਗਾਲਣ ਦੀਆਂ ਫੈਕਟਰੀਆਂ, ਬਿਜਲੀ ਘਰਾਂ, ਐਲਮਿਨੀਅਮ ਸੋਧਕ ਪਲਾਂਟਾਂ, ਡੈਮਾਂ ਅਤੇ ਖਾਣਾਂ ਦੇ ਸਬੰਧ ’ਚ ਕੀਤੇ ਗਏ ਇਹ ਸਾਰੇ ਸਮਝੌਤੇ ਗੁਪਤ ਰੱਖੇ ਗਏ ਹਨ। ਇਨ੍ਹਾਂ ਸਮਝੌਤਿਆਂ ਨੂੰ ਪੈਸੇ ਵੇਲਣ ਵਾਲੀਆਂ ਮਸ਼ੀਨਾਂ ਬਣਾਉਣ ਲਈ, ਕਬਾਇਲੀ ਲੋਕਾਂ ਨੂੰ ਉਥੋਂ ਹਟਾਉਣਾ ਬਹੁਤ ਜ਼ਰੂਰੀ ਹੈ।
ਇਹ ਜੰਗ ਇਸ ਖ਼ਾਤਰ ਹੈ।
ਜਦੋਂ ਆਪਣੇ ਆਪ ਨੂੰ ਜਮਹੂਰੀਅਤ ਅਖਵਾਉਣ ਵਾਲਾ ਕੋਈ ਮੁਲਕ ਆਪਣੀਆਂ ਹੀ ਹੱਦਾਂ ਅੰਦਰ ਆਪਣੇ ਹੀ ਲੋਕਾਂ ਖਿਲਾਫ਼ ਜੰਗ ਛੇੜ ਦੇਵੇ, ਤਾਂ ਇਹ ਜੰਗ ਕਿਹੋ ਜਿਹੀ ਲਗਦੀ ਹੈ। ਕੀ ਟਾਕਰੇ ਦਾ ਕੋਈ ਮੌਕਾ ਹੈ? ਕੀ ਇਹ ਹੋਣਾ ਚਾਹੀਦਾ ਹੈ? ਮਾਓਵਾਦੀ ਕੌਣ ਹਨ? ਕੀ ਉਹ ਸਿਰਫ਼ ਤੇ ਸਿਰਫ਼ ਹਿੰਸਾਪਸੰਦ ਨਾਸ਼ਵਾਦੀ ਹਨ ਜੋ ਕਬਾਇਲੀ ਲੋਕਾਂ ’ਤੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਥੋਪ ਕੇ, ਉਨ੍ਹਾਂ ਨੂੰ ਐਸੀ ਬਗ਼ਾਵਤ ਵੱਲ ਧੱਕ ਰਹੇ ਹਨ ਜਿਸ ਤੋਂ ਕੋਈ ਆਸ ਨਹੀਂ ਹੋ ਸਕਦੀ। ਉਨ੍ਹਾਂ ਨੇ ਆਪਣੇ ਬੀਤੇ ਦੇ ਅਨੁਭਵਾਂ ਤੋਂ ਕੀ ਸਿੱਖਿਆ ਹੈ? ਕੀ ਹਥਿਆਰਬੰਦ ਸੰਘਰਸ਼ ਸੁਭਾਵਿਕ ਤੌਰ ’ਤੇ ਹੀ ਗ਼ੈਰ-ਜਮਹੂਰੀ ਹੈ? ਕੀ ਦੋ ਪੁੜ੍ਹਾਂ ਵਿਚਾਲੇ ਦਾ ਸਿਧਾਂਤˆਇਹ ਕਿ ਲੋਕ ਰਾਜ ਅਤੇ ਮਾਓਵਾਦੀਆਂ ਵਿਚਕਾਰ ਫਸੇ ਹੋਏ ਹਨˆਠੀਕ ਹੈ? ਕੀ ਕਬਾਇਲੀ ਅਤੇ ਮਾਓਵਾਦੀ ਦੋ ਪੂਰੀ ਤਰ੍ਹਾਂ ਵੱਖ-ਵੱਖ ਸ਼੍ਰੇਣੀਆਂ ਹਨ ਜਿਵੇਂ ਦਾਅਵਾ ਕੀਤਾ ਜਾ ਰਿਹਾ ਹੈ? ਕੀ ਉਨ੍ਹਾਂ ਦੇ ਹਿੱਤ ਕਿਤੇ ਮੇਲ ਖਾਂਦੇ ਹਨ? ਕੀ ਉਨ੍ਹਾਂ ਨੇ ਇਕ ਦੂਜੇ ਤੋਂ ਕੁਝ ਸਿੱਖਿਆ ਹੈ? ਕੀ ਉਨ੍ਹਾਂ ਨੇ ਇਕ ਦੂਜੇ ਨੂੰ ਬਦਲਿਆ ਹੈ?
ਪੂਰਾ ਲੇਖ ਪੜ੍ਹਨ ਲਈ ਇੱਥੇ > ਕਲਿਕ < ਕਰੋ