ਇੱਕ ਰੁੱਪਈਆ
ਸ਼ਸ਼ੀ ਸਮੁੰਦਰਾ, 24 ਜਨਵਰੀ, 2011
26 ਜਨਵਰੀ,1950 ਨੂੰ ਭਾਰਤ ਦਾ ਸਵਿਧਾਨ ਤੈਅ ਹੋ ਗਿਆ ਸੀ | ਪਰ, ਜਿਹੜੇ ਮੁੰਡੇ ਬਾਰੇ ਮੈਂ ਇਹ ਕਵਿਤਾ ਲਿਖੀ ਹੈ, ਓਹ ਉਨ੍ਹਾਂ ਲਖਾਂ ਲੋਕਾਂ ਚੋਂ ਹੈ ਜਿੰਨਾ ਨੂੰ ਪਤਾ ਨਹੀਂ ਆਜ਼ਾਦੀ ਕੀ ਚੀਜ਼ ਹੈ, ਆਪਣੇ ਦੇਸ਼ 'ਤੇ ਗਰਵ ਕਰਨ ਦਾ ਕੀ ਮਤਲਬ ਹੈ, ਤੇ 26 ਜਨਵਰੀ ਕੀ ਹੈ ? ਉਨ੍ਹਾਂ ਦੀ ਆਪਣੀ ਇੱਕ ਵਖਰੀ ਕਹਾਣੀ ਹੈ ਜੀਹਦਾ ਇਸ ਸਭ ਕਾਸੇ ਨਾਲ ਕੋਈ ਵਾਸਤਾ ਨਹੀਂ | ਏਥੇ ਉਨ੍ਹਾਂ ਲਖਾਂ ਬਚਿਆਂ ਵਰਗੇ ਇੱਕ ਬੱਚੇ ਦੀ ਜ਼ਿੰਦਗੀ,ਓਹਦੇ ਦੁਖਾਂ ਦੀ ਕਹਾਣੀ ਮੈਂ ਓਹਦੀ ਜ਼ੁਬਾਨੀ ਦੱਸਣ ਲੱਗੀ ਹਾਂ :
ਇੱਕ ਰੁੱਪਈਆ
ਗਰਵ ਨਾਲ ਆਖੋ : ਅਸੀਂ ਭਾਰਤੀ ਹਾਂ !
ਗਰਵ ਨਾਲ ਆਖੋ : ਅਸੀਂ ਭਾਰਤੀ ਹਾਂ !
ਗਰਵ ਨਾਲ ਆਖੋ : ਅਸੀਂ ਭਾਰਤੀ ਹਾਂ !
ਕਿਧਰੇ ਜੋਸ਼ੀਲੇ ਨਾਹਰੇ ਵੱਜ ਰਹੇ ਸਨ
ਲੋਕ ਤਾੜੀਆਂ ਮਾਰ ਰਹੇ ਸਨ |
ਇੱਕ ਮੰਗਤਾ ਬੱਚਾ, ਇਨ੍ਹਾਂ ਅਰਥਾਂ ਤੋਂ ਅਨਜਾਣ
ਸੁਣ, ਉਚੀ ਉਚੀ ਆਖਣ ਲੱਗਾ :
ਮੈਂ ਗਰਵ ਨਾਲ ਕਹਿਨਾ : ਮੈਂ ਮੰਗਤਾ ਹਾਂ !
ਮੈਂ ਗਰਵ ਨਾਲ ਕਹਿਨਾ : ਮੈਂ ਮੰਗਤਾ ਹਾਂ !
ਮੈਂ ਗਰਵ ਨਾਲ ਕਹਿਨਾ : ਮੈਂ ਮੰਗਤਾ ਹਾਂ !
ਮੈਂ ਮੰਗ ਕੇ ਖਾਨਾ ! / ਫੁਟਪਾਥ 'ਤੇ ਸੌਨਾ !
ਮੇਰੇ ਘਰ ਵੀ ਏਹੋ ! / ਸਕੂਲ ਵੀ ਏਹੋ ! / ਸ਼ਹਿਰ ਵੀ ਏਹੋ ! / ਦੇਸ਼ ਵੀ ਏਹੋ !
ਫੇਰ ਰੁੱਕ ਗਿਆ / ਕੁਝ ਸੋਚਣ ਲੱਗਾ
ਤੇ ਧੀਮੀ ਸੁਰ, ਜਿਵੇਂ ਆਪਣੇ ਆਪ ਨੂੰ ਹੀ ਕੁਝ ਦੱਸਣ ਲੱਗਾ :
ਪਰਸੋੰ,ਏਥੇ ਹੀ, ਮੇਰੀ ਨਿੱਕੀ ਭੈਣ ਦੀ ਮੌਤ ਹੋਈ ਸੀ
ਲੀਰਾਂ 'ਚ ਲਪੇਟ / ਚੋਰਾਂ ਵਾਂਗ / ਮਾਂ ਤੇ ਮੈਂ / ਓਹਨੂੰ ਦੂ-ਰ ਕਿਤੇ ਦਫ਼ਨਾਉਣ ਗਏ ਸੀ
ਫਿਰ ਇੱਕ ਖੇਤ ਦੇ ਬੰਨੇ / ਚੌਕੰਨੇ ਹੋ / ਟੋਇਆ ਪੁੱਟ / ਕਾਹਲੀ ਵਿੱਚ, ਓਹਨੂੰ ਦਫਨਾ ਆਏ ਸੀ
ਸਾਨੂੰ ਰੋਣ ਦਾ ਚੇਤਾ ਪਿਛੋਂ ਆਇਆ |
ਫੁਟਪਾਥ 'ਤੇ ਬੈਠੀ ਮੇਰੀ ਮਾਂ / ਭੈਣ ਦਾ ਲੀਰਾਂ ਝੱਗਾ ਚੁੱਕੀ, ਰੋਈ ਹੀ ਜਾਂਦੀ ਸੀ
ਓਹਦੇ ਕੋਲ ਬੈਠਾ ਮੈਂ ਵੀ, ਹੁਬਕੀਂ ਹੁਬਕੀਂ ਰੋਇਆ ਸੀ |
ਨਿੱਕੀ ਭੈਣ, ਤੇ ਪਿਛਲੇ ਮਹੀਨੇ ਮੋਏ ਯਾਰ ਚੀਕੋ ਦੀ ਯਾਦ ਮੈਨੂੰ ਸਤਾ ਗਈ ਸੀ |
ਪਰ, ਫੇਰ, ਦੂਜੇ ਦਿਨ / ਭੁੱਖੇ ਪੇਟ / ਹੱਥ ਫੈਲਾਈ / ਮੈਂ ਭੀੜ ਵਿੱਚ ਗੁਆਚ ਗਿਆ ਸੀ...
ਕਦੇ ਕਦੇ, ਪੁਛਦਾ ਹਾਂ ਮੈਂ ਮਾਂ ਨੂੰ / ਆਪਣੇ ਬਾਪ ਦੇ ਬਾਰੇ / ਤਾਂ ਕਹਿੰਦੀ ਹੈ :
ਪੁਛਿਆ ਨਾ ਕਰ ! / ਪਤਾ ਨਹੀਂ ਹੈ ! /
ਲੋਕਾਂ ਦੇ ਚੇਹਰਾ ਤੱਕਦਾ, ਅਕਸਰ, ਕੁਝ ਸੋਚਦਾ ਮੈਂ ਰੁੱਕ ਜਾਣਦਾ ਹਾਂ :
ਕੌਣ ਹੋਊਗਾ ਮੇਰਾ ਬਾਪ ? / ਪੱਗ ਵਾਲਾ ? ਜਾਂ, ਮੋਨਾ ? / ਲਖ ਪਤੀ ? ਜਾਂ, ਰੇੜੀ ਵਾਲਾ ?
ਹਿੰਦੂ ? ਸਿਖ ? ਮੁਸਲਮਾਨ ? ਇਸਾਈ ?
"ਪਤਾ ਨਹੀਂ ਹੈ, " / ਮਾਂ ਦੇ ਬੋਲ ਤੋਰ ਦਿੰਦੇ ਨੇ ਅੱਗੇ ਮੈਨੂੰ
ਤੇ ਹੱਥ ਫੈਲਾਈ / ਮੈਂ ਫੇਰ ਭੀੜ ਵਿੱਚ ਗੁਆਚ ਜਾਂਦਾ ਹਾਂ...
ਮਾਣਯੋਗ ਭੈਣੋ ਤੇ ਭਰਾਵੋ / ਮਾਤਾ ਤੇ ਪਿਤਾਵੋ / ਮੇਰੇ ਦੇਸ਼ ਦੇ ਰੱਬ ਵਰਗੇ ਲੋਕੋ
ਜਿੰਦਗੀਆਂ ਜੀਵੋ / ਖੁਸ਼ੀਆਂ ਮਾਣੋ / ਪ੍ਰਮਾਤਮਾਂ ਤੁਹਾਨੂੰ ਬਹੁਤਾ ਦੇਵੇ
ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ, ਤੱਤੀ 'ਵਾ ਨਾ ਲੱਗੇ
ਰੱਜ ਰੱਜ ਜੀਵੋ / ਰੱਜ ਰੱਜ ਖਾਵੋ / ਕਾਰਾਂ ਵਿੱਚ ਝੂਟੋ / ਕੋਠੀਆਂ ਵਿੱਚ, ਗੱਦਿਆਂ 'ਤੇ ਸੌਵੋੰ
ਮੇਰੇ ਦੇਸ਼ ਦੇ ਰੱਬ ਵਰਗੇ ਲੋਕੋ...
ਇੱਕ ਰੁੱਪਈਆ, ਮਾਤਾ ਜੀ / ਇੱਕ ਰੁੱਪਈਆ, ਪਿਤਾ ਸ਼੍ਰੀ
ਇੱਕ ਰੁੱਪਈਆ, ਦੀਦੀ ਜੀ / ਇੱਕ ਰੁੱਪਈਆ, ਵੀਰ ਪਿਆਰੇ / ਇੱਕ ਰੁੱਪਈਆ ਅੰਕਲ ਜੀ
ਇੱਕ ਰੁੱਪਈਆ,ਅੰਟੀ ਜੀ
ਇੱਕ ਰੁੱਪਈਆ / ਇੱਕ ਰੁੱਪਈਆ / ਇੱਕ ਰੁੱਪਈਆ / ਇੱਕ ਰੁੱਪਈਆ...
ਸ਼ਸ਼ੀ ਸਮੁੰਦਰਾ, 24 ਜਨਵਰੀ, 2011
No comments:
Post a Comment