ਸ਼ਰੂਤੀ ਨੂੰ ਵਾਪਸ ਘਰ ਲਿਆਉਣ ਤੇ ਗੁੰਡਿਆਂ ਨੂੰ ਸਜ਼ਾਵਾਂ ਦਿਵਾਉਣ ਲਈ
ਸੰਘਰਸ਼ ਦੀ ਸਿਸਤ, ਸਿਆਸੀ ਤੇ ਪੁਲਸੀ ਪੁਸ਼ਤ ਪਨਾਹੀ ਵੱਲ ਸੇਧੋ
ਗੁੰਡਾਗਰਦੀ ਦੀ ਜੰਮਣ-ਭੌਂਇ, ਮੌਜੂਦਾ ਰਾਜ ਭਾਗ ਬਦਲਣ ਦਾ ਅਜੰਡਾ ਲਾਓ
ਪਿਆਰੇ ਲੋਕੋ,
ਪੂਰੇ ਢਾਈ ਹਫ਼ਤੇ ਪਹਿਲਾਂ, ਫਰੀਦਕੋਟ ਸ਼ਹਿਰ ਦੀ ਸਕੂਲ ਪੜ੍ਹਦੀ ਲੜਕੀ, ਸ਼ਰੂਤੀ ਨੂੰ ਉਸਦੇ ਘਰੋਂ ਫਰੀਦਕੋਟ ਦੇ ਗੁੰਡਾ-ਗਰੋਹ ਵਲੋਂ ਹਥਿਆਰਾਂ ਦੇ ਜੋਰ ਕੀਤੇ ਅਗਵਾ ਨੇ ਨਾ ਸਿਰਫ਼ ''ਰਾਜ ਨਹੀਂ ਸੇਵਾ'' ਦੇ ਨਾਹਰੇ ਲਾ ਰਹੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦਾ ਅਤੇ ''ਸੇਵਾ ਸਨਮਾਨ, ਸੁਰੱਖਿਆ'' ਦੇ ਵੱਡੇ ਵੱਡੇ ਬੋਰਡ ਲਾਉਣ ਵਾਲੀ ਪੰਜਾਬ ਪੁਲਸ ਦਾ ਗੁੰਡਿਆਂ ਦੀ ਸਦਾ ਹੀ ਪੁਸ਼ਤਪਨਾਹੀ ਕਰਨ ਵਾਲਾ ਕਿਰਦਾਰ ਜੱਗ ਜ਼ਾਹਰ ਕਰ ਦਿੱਤਾ ਹੈ ਅਤੇ ਅਜਿਹੀ ਗੁੰਡਾਗਰਦੀ ਨੂੰ ਜਨਮ ਦੇਣ ਵਾਲੇ ਇਥੋਂ ਦੇ ਆਰਥਿਕ, ਸਿਆਸੀ ਤੇ ਸਮਾਜਿਕ-ਸਭਿਆਚਾਰਕ ਨਿਜ਼ਾਮ ਨੂੰ ਵੀ ਨੰਗਾ ਕਰ ਦਿੱਤਾ ਹੈ। ਅਗਵਾਕਾਰ ਪਿਸਤੌਲਾਂ ਦੇ ਡਰਾਵੇ ਨਾਲ ਗੁਆਂਢੀਆਂ ਨੂੰ ਅੰਦਰੀਂ ਵਾੜਕੇ ਅਤੇ ਅਗਵਾ ਦਾ ਵਿਰੋਧ ਕਰ ਰਹੇ ਸ਼ਰੂਤੀ ਦੇ ਮਾਤਾ, ਪਿਤਾ ਤੇ ਦਾਦੀ ਨੂੰ ਜ਼ਖਮੀ ਕਰਕੇ, ਇਹ ਕਾਰਾ ਕਰਕੇ ਗਏ ਹਨ।
ਫਰੀਦਕੋਟ ਪੁਲਸ ਸਟੇਸ਼ਨ ਮੂਹਰੇ ਲੱਗੇ ਲਗਾਤਾਰ ਧਰਨੇ 'ਚ ਸ਼ਾਮਲ ਲੋਕਾਂ ਤੋਂ, ਐਕਸ਼ਨ ਕਮੇਟੀ ਆਗੂਆਂ ਤੋਂ ਤੇ ਅਗਵਾ ਬੱਚੀ ਦੇ ਜ਼ਖ਼ਮੀ ਮਾਪਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਤੇ ਅਖ਼ਬਾਰਾਂ ਵਿਚ ਉੱਭਰੀਆਂ ਖ਼ਬਰਾਂ ਅਨੁਸਾਰ 23 ਸਤੰਬਰ ਨੂੰ ਫਰੀਦਕੋਟ ਵਿਖੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਾਲ ਇਹ ਅਗਵਾਕਾਰ, ਨਿਸ਼ਾਨ ਸਿੰਘ ਬਾਬਾ ਫਰੀਦ ਮੇਲੇ ਦੀ ਸਟੇਜ 'ਤੇ ਸ਼ਸ਼ੋਭਿਤ ਸੀ। ਮਗਰੋਂ ਚਾਹ-ਪਾਣੀ ਪੀਣ ਸਮੇਂ ਯੂਥ ਅਕਾਲੀ ਲੀਡਰ ਦੇ ਘਰ ਵੀ ਇਹ ਸਭ ਇਕੋ ਟੇਬਲ 'ਤੇ ਸਨ। ਤੇ ਅਗਲੇ ਦਿਨ 24 ਸਤੰਬਰ ਨੂੰ ਉਸਨੇ ਇਹ ਕਾਰਾ ਕੀਤਾ ਹੈ। ਇਸ ਅਗਵਾਕਾਰ ਖਿਲਾਫ਼ ਪਹਿਲਾਂ ਵੀ ਅਨੇਕਾਂ ਕੇਸ ਦਰਜ ਹਨ, ਪੁਲਸ ਦੇ ਸਭ ਅਧਿਕਾਰੀ ਇਹ ਸਭ ਜਾਣਦੇ ਹਨ, ਫੇਰ ਵੀ ਉਸ ਨਾਲ ਇਕੱਠੇ ਬੈਠੇ ਰਹੇ ਤੇ ਫਿਰਦੇ ਰਹੇ ਹਨ, ਗ੍ਰਿਫ਼ਤਾਰ ਨਹੀਂ ਕੀਤਾ।
ਇਸ ਅਗਵਾਕਾਰ ਨੂੰ, ਪੰਜਾਬ ਦੇ ਹਾਕਮ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਥਾਪੜਾ ਨੰਗਾ-ਚਿੱਟਾ ਹੈ। ਕੋਈ ਲੁਕੀ ਗੱਲ ਨਹੀਂ ਹੈ। ਇਹ ਤਾਂ ਫਰੀਦਕੋਟ ਸ਼ਹਿਰੀਆਂ ਦੇ ਸੰਘਰਸ਼ ਦਾ ਦਬਾਅ ਹੀ ਹੈ, ਜਿਸਨੇ ਫਰੀਦਕੋਟ ਦੇ ਅਕਾਲੀ ਐਮ.ਐਲ.ਏ. ਤੇ ਐਮ.ਪੀ. ਨੂੰ ਸ਼ਰੂਤੀ ਦੇ ਮਾਪਿਆਂ ਦੇ ਘਰ ਜਾਣ ਅਤੇ ਸੰਘਰਸ਼ ਦੇ ਟੈਂਟ ਵਿਚ ਆਉਣ ਲਈ ਮਜਬੂਰ ਕੀਤਾ ਹੈ। ਐਮ.ਪੀ. ਗੁਲਸ਼ਨ ਨੇ ਤਾਂ ਮੂੰਹ ਹੀ ਨਹੀਂ ਖੋਹਲਿਆ। ਐਮ.ਐਲ.ਏ. ਮਲਹੋਤਰਾ ਇਕ ਵਾਰ ਬੋਲ ਕੇ ਸ਼ਹਿਰ ਹੀ ਛੱਡ ਗਏ ਹਨ। ਅਕਾਲੀ ਦਲ ਦੀ ਯੂਥ ਲੀਡਰਸ਼ਿਪ ਅਗਵਾਕਾਰਾਂ ਨੂੰ ਬਚਾਉਣ ਲਈ ਅਤੇ ਸੰਘਰਸ਼ ਕਰ ਰਹੇ ਆਗੂਆਂ ਨੂੰ ਰੋਕਣ ਲਈ ਫੋਨਾਂ ਰਾਹੀਂ ਜੋਰ ਲਾ ਰਹੀ ਹੈ।
ਅਗਵਾਕਾਰਾਂ ਖਿਲਾਫ਼ ਪਰਚਾ ਦਰਜ ਹੋਏ ਨੂੰ ਉੱਨੀ (19) ਦਿਨ ਬੀਤ ਜਾਣ 'ਤੇ ਵੀ ਪੁਲਸ ਵਲੋਂ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਨਾ ਕਰਕੇ ਤੇ ਸ਼ਰੂਤੀ ਨੂੰ ਆਪਣੇ ਮਾਪਿਆਂ ਕੋਲ ਵਾਪਸ ਨਾ ਲਿਆਕੇ ਅਤੇ ਇਸਦੇ ਉਲਟ ਇਸ ਅਗਵਾਕਾਰ ਦਾ ਮੁਲਕ ਦੇ ਵੱਡੇ ਤੇ ਖੂੰਖਾਰ ਗੁੰਡਾ-ਗਰੋਹਾਂ ਨਾਲ ਨਾਤਾ ਵਿਖਾ ਕੇ ਵੱਡੀ ਤਾਕਤ ਬਣਾਕੇ ਵਿਖਾਉਣ ਨਾਲ ਗੁੰਡਾ ਬਿਰਤੀ ਵਾਲੇ ਨੌਜਵਾਨਾਂ ਨੂੰ ਇੱਧਰ ਜੋੜਨ, ਪਹਿਲੇ ਜੁੜਿਆਂ ਦਾ ਹੌਂਸਲਾ ਵਧਾਉਣ ਅਤੇ ਲੋਕਾਂ ਖਾਸ ਕਰਕੇ ਇਸ ਗੁੰਡਾਗਰਦੀ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਦਾ ਮੂੰਹ ਬੰਦ ਕਰਾਉਣ ਲਈ ਦਬਸ਼ ਪਾਉਣ ਦਾ ਆਪਣਾ ਰੋਲ ਹੀ ਨਿਭਾਇਆ ਜਾ ਰਿਹਾ ਹੈ। ਲੜਕੀ ਦੀ ਚਿੱਠੀ ਤੇ ਫੋਟੋਆਂ ਜਾਰੀ ਕਰਨ ਰਾਹੀਂ ਪੁਲਸ-ਪ੍ਰਸ਼ਾਸ਼ਨ ਗੁੰਡਾਗਰਦੀ ਖਿਲਾਫ਼ ਲਾਮਬੰਦ ਹੋ ਰਹੇ ਲੋਕਾਂ ਵਿਚ ਗੁੰਡਾਗਰਦੀ ਪ੍ਰਤੀ ਘਚੋਲਾ ਪੈਦਾ ਕਰਨ ਤੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀਆਂ ਚਾਲਾਂ ਚੱਲ ਰਿਹਾ ਹੈ।
ਪੁਲਸ ਪ੍ਰਸ਼ਾਸ਼ਨ ਦਾ ਅਗਵਾਕਾਰਾਂ ਨੂੰ ਸਹਿਯੋਗ ਹੀ ਹੈ ਕਿ ਉਨ੍ਹਾਂ ਨੇ ਜਮਾਨਤ ਦੀ ਅਰਜੀ ਇਥੇ ਫਰੀਦਕੋਟ ਹੀ ਲਾਈ ਹੈ। ਗ੍ਰਿਫ਼ਤਾਰ ਕੀਤੇ ਅਗਵਾਕਾਰਾਂ ਦੇ ਦੋ ਜੋੜੀਦਾਰਾਂ ਖਿਲਾਫ਼ ਸਰਕਾਰ ਤੇ ਪੁਲਸ ਵਲੋਂ ਆਵਦਾ ਕੋਈ ਵਕੀਲ ਪੇਸ਼ ਨਾ ਕਰਕੇ ਉਨ੍ਹਾਂ ਨੂੰ ਬਰੀ ਕਰ ਦਿੱਤੇ ਜਾਣ ਦਾ ਰਾਹ ਬਣਾ ਲਿਆ ਹੈ। ਨਿਸ਼ਾਨ ਸਿੰਘ ਨੂੰ ਹੁਣ ਤੱਕ 19 ਕੇਸਾਂ ਵਿਚੋਂ ਬਰੀ ਵੀ ਤਾਂ ਇਹਨਾਂ ਨੇ ਹੀ ਕਰਵਾਇਆ ਹੈ।
ਇਥੋਂ ਦਾ ਲੁਟੇਰਾ ਤੇ ਜਾਬਰ ਰਾਜ ਭਾਗ ਹੀ ਹੈ, ਜਿਹੜਾ ਇਸ ਗੁੰਡਾਗਰਦੀ ਨੂੰ ਜਨਮ ਦਿੰਦਾ ਹੈ ਤੇ ਪਾਲਦਾ ਪੋਸਦਾ ਹੈ, ਵਧਾਉਂਦਾ-ਫੈਲਾਉਂਦਾ ਹੈ। ਇਹ ਉਹੀ ਰਾਜ-ਭਾਗ ਹੈ, ਜਿਹੜਾ ਵਿਖਾਉਣ ਨੂੰ ਤਾਂ ਸੰਵਿਧਾਨ ਦਾ ਰਾਜ ਹੈ, ਕਹਿਣ ਨੂੰ ਤਾਂ ਕਨੂੰਨ ਦਾ ਰਾਜ ਹੈ ਪਰ ਅਸਲ 'ਚ ਚਲਦਾ ਡਾਂਗ ਵਾਹ ਕੇ ਹੀ ਹੈ। ਇਥੋਂ ਦੇ ਵੱਡੇ ਵੱਡੇ ਜਗੀਰਦਾਰਾਂ ਤੇ ਸਰਮਾਏਦਾਰਾਂ, ਇਨ੍ਹਾਂ ਦੀਆਂ ਪ੍ਰਤੀਨਿਧ ਸਿਆਸੀ ਪਾਰਟੀਆਂ, ਸਰਕਾਰਾਂ ਤੇ ਇਨ੍ਹਾਂ ਸਭਨਾਂ ਦੀ ਪਿੱਠ ਥਾਪੜ ਰਹੀਆਂ ਦੁਨੀਆਂ ਦੀਆਂ ਵੱਡੀਆਂ ਲਠੈਤ ਸਾਮਰਾਜੀ ਤਾਕਤਾਂ ਅਤੇ ਵੱਡੇ ਅਫ਼ਸਰਸ਼ਾਹੀ ਨੂੰ ਆਵਦੇ ਇਸ ਰਾਜ-ਭਾਗ ਨੂੰ ਜਿਉਂ ਦੀ ਤਿਉਂ ਚਲਦਾ ਰੱਖਣ ਲਈ, ਲੋਕਾਂ ਦੀ ਲੁੱਟ ਤੇਜ ਕਰਨ ਲਈ ਤੇ ਲੋਕਾਂ 'ਤੇ ਦਾਬਾ ਪਾ ਕੇ ਰੱਖਣ ਲਈ ਜਾਬਰ-ਸ਼ਕਤੀ ਪੁਲਸ-ਫੌਜ ਤੇ ਗੁੰਡਾ-ਢਾਣੀ ਦੀ ਜ਼ਰੂਰਤ ਹੈ।
ਮੌਜੂਦਾ ਦੌਰ ਅੰਦਰ ਜਦੋਂ ਕੇਂਦਰੀ ਤੇ ਸੂਬਾਈ ਹਕੂਮਤਾਂ ਵਲੋਂ ਸਾਮਰਾਜੀ ਨਿਰਦੇਸ਼ਿਤ ਨੀਤੀਆਂ ''ਵਿਕਾਸ'' ਦੇ ਨਾਂ ਹੇਠ ਮੜ ਕੇ ਲੋਕਾਂ ਨੂੰ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਕਰਜਈਪੁਣੇ ਤੇ ਰਿਸ਼ਵਤਖੋਰੀ ਵੱਲ ਨਿੱਤ ਦਿਨ ਧੱਕੇ ਜਾਣ ਖਿਲਾਫ਼ ਲੋਕ-ਰੋਹ ਰੋਸ ਵਿਚ ਪਲਟ ਰਿਹਾ ਹੈ ਤੇ ਸੰਘਰਸ਼ਾਂ ਦੇ ਸਵੱਲੜੇ ਰਾਹ ਪੈ ਰਿਹਾ ਹੈ। ਤਾਂ ਹਾਕਮਾਂ ਲਈ ਇਸ ਜਾਬਰ ਸ਼ਕਤੀ ਦੀ ਲੋੜ ਵੱਧ ਗਈ ਹੈ। ਪੁਲਸ-ਫੌਜ ਨੂੰ ਅੰਨ੍ਹੇ ਅਧਿਕਾਰਾਂ ਤੇ ਆਧੁਨਿਕ ਹਥਿਆਰਾਂ ਤੇ ਔਜਾਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਐਨ.ਸੀ.ਟੀ.ਸੀ. ਵਰਗੇ ਕਾਲੇ-ਕਾਤਲੀ ਕਾਨੂੰਨਾਂ ਰਾਹੀਂ ਕਤਲ ਕਰ ਦੇਣ ਤੱਕ ਦੀਆਂ ਖੁੱਲੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਤੇ ਲੋੜ ਤੇ ਹਾਲਾਤ ਅਨੁਸਾਰ ਨਿੱਜੀ ਸੈਨਾਵਾਂ ਵੀ ਖੜ੍ਹੀਆਂ ਕੀਤੀਆਂ ਹੋਈਆਂ ਹਨ। ਜਲ, ਜੰਗਲ, ਜਮੀਨ ਤੇ ਜ਼ਿੰਦਗੀ ਦੀ ਖੁਦਮੁਖਤਿਆਰ ਮਾਲਕੀ ਤੇ ਸੁਰੱਖਿਆ ਲਈ ਜੂਝ ਰਹੇ ਛਤੀਸਗੜ੍ਹ ਦੇ ਲੋਕਾਂ ਨੂੰ ਦਾਬੂ ਕੱਢ ਕੇ ਰੱਖਣ ਲਈ ਹਾਕਮਾਂ ਨੇ ਨਾ ਸਿਰਫ਼ ਭਾਰਤੀ ਫੌਜ ਨੂੰ ਹਵਾਈ ਤੇ ਡਰੋਨ ਹਮਲੇ ਕਰਨ ਤੱਕ ਦੇ ਹੁਕਮ ਦਿੱਤੇ ਹੋਏ ਹਨ, ਇਸ ਤੋਂ ਅੱਗੇ ਸਰਕਾਰੀ ਸਰਪ੍ਰਸਤੀ ਹੇਠ ਬਣਾਈਆਂ ਨਿੱਜੀ ਸੈਨਾਵਾਂ-ਸਲਵਾ ਜ਼ੁਦਮ ਤੇ ਕੋਇਆ ਕਮਾਂਡੋ ਰਾਹੀਂ ਹਮਲੇ ਕਰਵਾਏ ਜਾ ਰਹੇ ਹਨ। ਬਿਹਾਰ ਅੰਦਰ ਜਮੀਨਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਕਹਿਰ ਢਾਹੁਣ ਲਈ ਰਣਬੀਰ ਸੈਨਾ ਬਣਾਈ ਹੋਈ ਹੈ। ਇਹ ਗੁੰਡਾ-ਟੋਲੇ ਇਹਨਾਂ ਨਿੱਜੀ ਸੈਨਾਵਾਂ ਦਾ ਹੀ ਭਰੂਣ ਰੂਪ ਹੈ।
ਇਸ ਰਾਜ ਭਾਗ ਅੰਦਰ ਦਾਬੇ ਅਤੇ ਵਿਤਕਰੇ ਪੱਖੋਂ ਔਰਤ ਸਭ ਤੋਂ ਵੱਧ ਦਾਬੇ ਅਧੀਨ ਹੈ। ਔਰਤ, ਆਰਥਿਕ, ਰਾਜਨੀਤਿਕ ਤੇ ਸਮਾਜਿਕ ਦਾਬੇ ਤੇ ਵਿਤਕਰੇ ਦੇ ਨਾਲ-ਨਾਲ ਮਰਦ ਦਾਬੇ ਅਧੀਨ ਵੀ ਹੈ। ਹੱਕ-ਹਕੂਕ, ਸਵੈਮਾਣ ਤੇ ਇੱਜਤ-ਮਾਣ ਪੱਖੋਂ ਵੀ ਮਰਦ ਤੋਂ ਪਿੱਛੇ ਹੀ ਨਹੀਂ, ਅਸੁਰੱਖਿਅਤ ਵੀ ਹੈ। ਸਰਕਾਰੀ ਰਿਕਾਰਡ ਬੋਲਦਾ ਹੈ ਕਿ ਮੁਲਕ ਔਰਤਾਂ ਦੀ ਸੁਰੱਖਿਆ ਦੇ ਮਾਮਲੇ 'ਚ ਦੁਨੀਆਂ ਦਾ ਦਰਜੇ ਪੱਖੋਂ ਚੌਥਾ ਅਸੁਰੱਖਿਅਤ ਦੇਸ਼ ਹੈ ਅਤੇ ਪੰਜਾਬ ਅੰਦਰ ਬਲਾਤਕਾਰ, ਛੇੜ-ਛਾੜ ਤੇ ਅਗਵਾ ਦੀਆਂ ਰੋਜ਼ਾਨਾ ਔਸਤਨ ਅੱਠ (8) ਘਟਨਾਵਾਂ ਵਾਪਰਦੀਆਂ ਹਨ। ਸੋ ਇਸ ਰਾਜ ਦੀ ਪੈਦਾਇਸ਼ ਇਸ ਗੁੰਡਾਗਰਦੀ ਦਾ ਖਮਿਆਜਾ ਔਰਤਾਂ ਨੂੰ ਸਭ ਤੋਂ ਵੱਧ ਭੁਗਤਣਾ ਪੈਂਦਾ ਹੈ। ਤੇ ਬੱਚੀ, ਸ਼ਰੂਤੀ ਇਸ ਗੁੰਡਾ-ਢਾਣੀ ਦੇ ਪਾਪੀ-ਹੱਲੇ ਦੀ ਮਾਰ ਹੇਠ ਆਈ ਹੈ।
ਇਸ ਰਾਜ-ਭਾਗ ਅੰਦਰ ਚੱਲ ਰਹੇ ਲੋਕ-ਦੋਖੀ, ਔਰਤ-ਵਿਰੋਧੀ ਤੇ ਅਸੱਭਿਅਕ ਗੀਤਾਂ, ਫਿਲਮਾਂ ਤੇ ਸੀਰੀਅਲਾਂ ਅਤੇ ਸਾਮਰਾਜੀ ਨਵੀਆਂ ਆਰਥਿਕ ਤੇ ਸਨਅੱਤੀ ਨੀਤੀਆਂ ਦੇ ਨਾਲ-ਨਾਲ ਮੁਲਕ ਅੰਦਰ ਧੜਾ-ਧੜ ਆ ਰਿਹਾ ਸਾਮਰਾਜੀ-ਸੱਭਿਆਚਾਰ ਵੀ ਔਰਤ-ਵਿਰੋਧੀ ਗੁੰਡਾਗਰਦੀ ਨੂੰ ਬੜਾਵਾ ਦਿੰਦਾ ਹੈ।
ਇਸ ਕਾਰੇ ਨੇ ਤੇ ਬੀਤੇ ਦਿਨਾਂ ਨੇ ਅਗਵਾਕਾਰਾਂ ਨੂੰ ਹਕੂਮਤੀ-ਸਿਆਸੀ ਸਰਪ੍ਰਸਤੀ ਤੇ ਪੁਲਸੀ ਸਹਿਯੋਗ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਵਾ ਦਿੱਤੇ ਹਨ। ਇਕ ਪੂਰਾ-ਸੂਰਾ, ਅਗਵਾਕਾਰਾਂ, ਸਿਆਸਤਦਾਨਾਂ ਤੇ ਪੁਲਸ ਦਾ ਗੱਠਜੋੜ ਦਿਖਾ ਦਿੱਤਾ ਹੈ। ਸ਼ਰੂਤੀ ਨੂੰ ਵਾਪਸ ਘਰ ਮਾਪਿਆਂ ਕੋਲ ਲਿਆਉਣ ਲਈ ਤੇ ਅਗਵਾਕਾਰਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਦਾ ਸਿਸਤ ਬੱਝਵਾਂ ਵਾਰ ਬੇਝਿਜਕ ਤੇ ਬੇਬਾਕ ਇਸ ਗੱਠਜੋੜ ਖਿਲਾਫ਼ ਸੇਧਤ ਕਰਨ ਦੀ ਲੋੜ ਹੈ। ਇਸ ਗੁੰਡਾਗਰਦੀ ਨੂੰ ਮੁੱਢੋਂ-ਸੁੱਢੋਂ ਖ਼ਤਮ ਕਰਨ ਲਈ ਇਸਦੀ ਜੰਮਣ ਭੌਂਇ, ਇਸ ਰਾਜ-ਭਾਗ ਨੂੰ ਮੁੱਢੋਂ-ਸੁੱਢੋਂ ਬਦਲ ਕੇ ਲੋਕ ਪੱਖੀ ਖਰਾ ਜਮਹੂਰੀ ਰਾਜ ਸਿਰਜਣ ਵੱਲ ਧਿਆਨ ਤੇ ਤਾਕਤ ਲਾਉਣ ਦੀ ਮੰਗ ਹੈ। ਲੋਕ ਮੋਰਚਾ ਪੰਜਾਬ, ਸਦਾ ਲੋਕਾਂ ਦੇ ਸੰਘਰਸ਼ਾਂ ਦੇ ਅੰਗ-ਸੰਗ ਹੈ।
ਵੱਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ ਜਨਰਲ ਸਕੱਤਰ 94172-24822
ਜਗਮੇਲ ਸਿੰਘ ਜਨਰਲ ਸਕੱਤਰ 94172-24822
No comments:
Post a Comment