ਸ਼ਰੂਤੀ ਕਾਂਡ
ਸੁੰਦਰੀਏ, ਮੁੰਦਰੀਏ ਤੇਰਾ ਕੌਣ ਵਿਚਾਰਾ ਹੋ....
(ਅਮੋਲਕ ਸਿੰਘ)
ਪਹਿਲਾਂ
ਨਿਸ਼ਾਨ ਸਿੰਘ ਅਤੇ ਉਸਦੇ ਗ੍ਰੋਹ ਵੱਲੋਂ ਅਤੇ ਹੁਣ ਸਰਕਾਰ ਦੀ ਸਰਪ੍ਰਸਤੀ ਹੇਠ ਦੋਹਰੇ
ਸ਼ਰੂਤੀ ਅਗਵਾ ਕਾਂਡ ਦੀ ਕਹਾਣੀ ਪੁਲਿਸ ਪਹਿਰੇ ਹੇਠ ਕਿੰਨਾ ਕੁ ਚਿਰ ਢਕੀ ਰਿਝਦੀ ਰਹੇਗੀ।
ਸ਼ਰੂਤੀ, ਇਕ ਨਾਬਾਲਗ ਲੜਕੀ ਜਿਹੜੀ ਆਪਣੇ ਮਾਪਿਆਂ ਨਾਲ ਥਾਣੇ ਜਾ ਕੇ ਬਲਾਤਕਾਰ ਅਤੇ ਅਗਵਾ
ਦੀ ਸ਼ਿਕਾਇਤ ਦਰਜ਼ ਕਰਾਉਂਦੀ ਹੈ ਉਸਨੂੰ ਇਨਸਾਫ ਦੇਣ ਅਤੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਡੱਕਣ
ਦੀ ਬਜਾਏ ਅਜੋਕਾ ਜੋਰਾਵਰਾਂ, ਬਲਾਤਕਾਰੀਆਂ, ਅਗਵਾਕਾਰਾਂ ਅਤੇ ਰਾਜ-ਦਰਬਾਰੇ ਪਹੁੰਚ
ਵਾਲਿਆਂ ਦਾ ਰਖੇਲ ਪ੍ਰਬੰਧ, ਉਹਨਾਂ ਨੂੰ ਥਾਪੜਾ ਦਿੰਦਾ ਹੈ। ਸੁਰੱਖਿਆ ਛਤਰੀ ਮੁਹੱਈਆ
ਕਰਦਾ ਹੈ।
ਪੁਲਿਸ, ਪ੍ਰਸ਼ਾਸਨ, ਕਾਇਦਾ ਕਾਨੂੰਨ, ਨਿਸ਼ਾਨ ਸਿੰਘ ਵਰਗੇ ਹੰਕਾਰੇ ਛੋਕਰਿਆਂ
ਨੂੰ ਨੱਥ ਪਾਉਣ ਦੀ ਬਜਾਏ ਬਾਬਾ ਫਰੀਦ ਮੇਲੇ ਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ
ਨਾਲ ਅਤੇ ਬਿਕਰਮ ਮਜੀਠੀਆ ਦੇ ਲੰਗੋਟੀਏ ਯਾਰ ਦੇ ਫਰੀਦਕੋਟ ਸਥਿਤ ਘਰ 'ਚ ਸਾਂਝਾ ਪ੍ਰੀਤੀ
ਭੋਜਨ ਕਰਦੇ ਨੂੰ ਦੇਖ ਕੇ ਵੀ ਅਣਡਿਠ ਕਰਦਾ ਹੈ। ਅਜੇਹੀ ਹਕੂਮਤੀ ਪੁਸ਼ਤ-ਪਨਾਹੀ ਸਦਕਾ
ਦੀਵਾਲੀ ਵਾਂਗ ਪਟਾਕੇ ਚਲਾਉਂਦੇ ਨਿਸ਼ਾਨ ਸਿੰਘ ਅਤੇ ਉਸਦੇ ਲੁੱਟਮਾਰ ਸ਼ਰੂਤੀ ਦੇ ਮਾਪਿਆਂ
ਦੀਆਂ ਬਾਹਵਾਂ ਭੰਨ ਕੇ ਸ਼ਰੂਤੀ ਨੂੰ ਉਧਾਲ ਕੇ ਲਿਜਾਣ ਦੇ ਜਸ਼ਨ ਮਨਾਉਂਦੇ, ਬੱਕਰੇ
ਬੁਲਾਉਂਦੇ ਕਿਵੇਂ ਸੁਰੱਖਿਅਤ ਨਿਕਲ ਗਏ ਇਹ ਕੋਈ ਅਲੋਕਾਰੀ ਘਟਨਾ ਨਹੀਂ। ਇਹ ਬਲਾਤਕਾਰੀ
ਅਤੇ ਅਗਵਾਕਾਰ ਟੋਲਾ ਦੇਖਣ ਨੂੰ ਗਿਣਤੀ ਪੱਖੋਂ 8 ਲੱਗਦਾ ਹੈ ਪਰ ਇਸ ਦਾ ਤੰਦੂਆ ਜਾਲ ਅਤੇ
ਵਹਿਸੀਆਨਾ ਖੁੰਖਾਰ ਪੰਜੇ ਪੁਲਿਸ, ਸਿਆਸਤ, ਪ੍ਰਸ਼ਾਸਨ ਅਤੇ ਗੁੰਡਾ ਗ੍ਰੋਹ ਦੇ ਗੱਠਜੋੜ ਦੀ
ਨੰਗੀ ਚਿੱਟੀ ਕਹਾਣੀ ਹੈ। ਇਹਨਾਂ ਨੂੰ ਪਾਲਦਾ ਹੈ ਲੋਕ-ਦੁਸ਼ਮਣ ਅਜੋਕਾ ਨਿਜ਼ਾਮ। ਜਿੱਥੇ
ਧੀਆਂ ਦੇ ਉਧਾਲੇ ਕਰਨ ਵਾਲੇ 'ਅਕਬਰ', 'ਰਾਵਣ' ਅਤੇ ਉਹਨਾਂ ਦੇ ਤੁਖ਼ਮ ਹੁਣ ਸ਼ਕਲਾਂ ਅਤੇ
ਬਾਣੇ ਬਦਲ ਕੇ ਸਾਊ ਤੇ ਕਮਾਊ, ਇੱਜ਼ਤਦਾਰ ਅਤੇ ਸ਼ਰੀਫ, ਲੋਕਾਂ ਨੂੰ ਲੁੱਟਣ, ਕੁੱਟਣ, ਉਹਨਾਂ
ਦੀਆਂ ਜ਼ਿੰਦਗੀਆਂ, ਅਣਖ-ਆਬਰੂ ਨਾਲ ਖਿਲਵਾੜ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ। ਲੋਕ
ਉਹਨਾਂ ਦੀਆਂ ਨਜ਼ਰਾਂ 'ਚ ਉਹਨਾਂ ਦੇ ਗੁਲਾਮ ਹਨ। ਰਾਜ ਤੰਤਰ ਵਹਿਸ਼ੀ ਦਰਿੰਦਿਆਂ ਨਾਲ
ਘਿਓ-ਖਿਚੜੀ ਹੈ। ਅਜੇਹੀ ਹਾਲਤ ਵਿਚ ਫੇਰ ਦੁੱਲੇ ਭੱਟੀ ਲੋੜੀਂਦੇ ਹਨ। 'ਸੁੰਦਰੀਏ,
ਮੁੰਦਰੀਏ, ਤੇਰਾ ਕੌਣ ਵਿਚਾਰਾ ਹੋ' ਦੇ ਲੋਕ ਗੀਤ, ਲੋਕ ਲਹਿਰ ਬਣਨਾ ਲੋਚਦੇ ਹਨ।
ਰਾਜ
ਤੰਤਰ ਕਠਪੁਤਲੀ ਨਾਚ ਨੱਚਦਾ ਹੈ। ਨਹੀਂ ਤਾਂ 22 ਕੇਸਾਂ ਵਿਚੋਂ ਮੁਜ਼ਰਿਮ ਕਰਾਰ ਦਿੱਤਾ
ਨਿਸ਼ਾਨ ਸਿੰਘ ਪੰਜਾਬ ਦੇ ਰਾਜਿਆਂ ਮਹਾਰਾਜਿਆਂ ਵਾਂਗ ਵਿਚਰਦੇ ਹਾਕਮਾਂ ਦੀ ਬੁੱਕਲ ਦਾ ਨਿੱਘ
ਕਿਵੇਂ ਮਾਣ ਸਕਦਾ ਹੈ? ਦਿਨ ਦੀਵੀ ਜਿਸ ਘਰ 'ਚੋਂ ਸ਼ਰੂਤੀ ਨੂੰ ਤਾੜ ਤਾੜ ਗੋਲੀਆਂ ਵਰ੍ਹਾ
ਕੇ ਅਗਵਾ ਕੀਤਾ ਗਿਆ ਜੇ ਸਦਰ ਥਾਣੇ ਤੋਂ ਪੈਦਲ ਚੱਲ ਕੇ ਵੀ ਉਸ ਘਰ ਆਉਣਾ ਹੋਵੇ ਤਾਂ
ਮੁਸ਼ਕਲ ਨਾਲ 5-7 ਮਿੰਟ ਦਾ ਰਾਹ ਹੈ। ਅਮਨ ਕਾਨੂੰਨ, ਜਾਨ-ਮਾਲ ਦੇ ਰਾਖੇ ਕਿੱਥੇ ਘੁਰਾੜੇ
ਮਾਰਦੇ ਰਹੇ? ਜੇ ਕਦੇ ਹੱਕ ਮੰਗਦੇ ਲੋਕਾਂ ਦਾ ਮਾਮਲਾ ਹੋਵੇ ਤਾਂ ਪੁਰਅਮਨ ਲੋਕਾਂ ਉਪਰ ਵੀ
6-6 ਜ਼ਿਲ੍ਹਿਆਂ ਦੀ ਪੁਲਿਸ ਝੋਕਣ ਲਈ ਅੱਖ ਝਪਕਣ ਜਿੰਨੀ ਦੇਰ ਨਹੀਂ ਲੱਗਦੀ। ਮਾਸੂਮ ਬਾਲੜੀ
ਜਦੋਂ ਦਹਿਸ਼ਤ ਦੇ ਪੰਜਿਆਂ 'ਚ ਛਟਪਟਾ ਰਹੀ ਸੀ, ਜਦੋਂ ਬੇਵਸ ਅਤੇ ਲਾਚਾਰ ਮਾਪੇ
ਗੁੱਥਮ-ਮ-ਗੁੱਥ ਹੋ ਰਹੇ ਸਨ ਤਾਂ 'ਚੁਸਤ ਪ੍ਰਬੰਧ' ਅਤੇ 'ਰਾਜ ਨਹੀਂ ਸੇਵਾ' ਵਾਲੇ ਪੂਰੀ
ਚੁਸਤੀ ਨਾਲ ਕੀਹਦੀ ਸੇਵਾ ਕਰ ਰਹੇ ਸਨ।
ਕੋਈ ਢਾਈ ਤਿੰਨ ਮਹੀਨੇ ਪਹਿਲਾਂ ਸ਼ਰੂਤੀ
ਅਤੇ ਉਸਦੇ ਮਾਪਿਆਂ ਵੱਲੋਂ ਰਪਟ ਦਰਜ ਕਰਾਉਣਾ, ਨਿਸ਼ਾਨ ਸਿੰਘ ਦਾ ਚੋਟੀ ਦੇ ਹਾਕਮਾਂ ਦੇ
ਗੋਡੇ ਮੁੱਢ ਬੈਠਣਾ, ਸ਼ਰੇਆਮ ਸ਼ਰੂਤੀ ਨੂੰ ਅਗਵਾ ਕਰਨਾ, ਅਗਵਾ ਕਾਂਡ ਨੂੰ ਆਹਲਾ ਦਰਜਾ
ਪੁਲਿਸ ਅਫਸਰਾਂ ਵੱਲੋਂ ਵਿਆਹ ਦਾ ਨਾਂਅ ਦੇਣਾ, ਮੀਡੀਆ ਦੇ ਇਕ ਹਿੱਸੇ ਵੱਲੋਂ ਪੱਤਰਕਾਰਤਾ
ਦੀ ਮਾਣਮੱਤੀ ਮਰਿਯਾਦਾ ਨੂੰ ਖ਼ਾਕ 'ਚ ਮਿਲਾ ਕੇ, ਅਗਵਾਕਾਰਾਂ ਦੀ ਪਿੱਠ ਥਾਪੜਨ ਅਤੇ ਹਕੀਕੀ
ਕਹਾਣੀ ਉਪਰ ਮਿੱਟੀ ਪਾ ਕੇ ਲੋਕਾਂ ਦੀਆਂ ਨਜ਼ਰਾਂ 'ਚ ਵੀ ਧੂੜ ਪਾਉਣ ਲਈ 'ਮੁਹੱਬਤ ਦਾ
ਕਿੱਸਾ' ਦੱਸਣਾ ਇਹ ਪੂਰਾ ਵਰਤਾਰਾ ਨਾ ਕਿਸੇ ਕੁਤਾਹੀ ਕਰਕੇ ਹੈ ਨਾ ਕਿਸੇ ਅਨਜਾਣਤਾ ਕਰਕੇ।
ਇਹ ਸੋਚੀ ਸਮਝੀ ਨੀਤੀ ਦਾ ਹਿੱਸਾ ਹੈ। ਉਸ ਨੀਤੀ ਦਾ ਜਿਹੜੀ ਨਿਸ਼ਾਨ ਵਰਗੇ ਧਾੜਵੀਆਂ,
ਬਲਾਤਕਾਰੀਆਂ ਨੂੰ ਆਪਣੇ ਰਾਜ ਭਾਗ ਦੇ ਪਾਵਿਆਂ ਦੀ ਮਜ਼ਬੂਤੀ ਲਈ ਵਰਤਣ ਵਾਸਤੇ ਪਾਲਦੀ ਹੈ।
ਜਿਸ ਨੀਤੀ ਤਹਿਤ ਅਗਲੇ ਸਮੇਂ ਅੰਦਰ ਹਾਕਮਾਂ ਨੇ ਲੋਕ-ਆਵਾਜ਼ ਲੋਕ ਲਹਿਰਾਂ ਦੀ ਸੰਘੀ ਨੱਪਣ
ਲਈ ਸਿਰਫ ਬਾਵਰਦੀ ਹਥਿਆਰਬੰਦ ਟੁੜੀਆਂ ਤੋਂ ਹੀ ਕੰਮ ਲੈਣ ਦੀ ਬਜਾਏ ਨਿਸ਼ਾਨ ਸਿੰਘ ਵਰਗਿਆਂ
ਨੂੰ ਸ਼ਿਸ਼ਕਾਰਕੇ ਲੋਕਾਂ ਉਪਰ ਝਪਟਣ ਲਈ, ਇਨਕਲਾਬੀ ਜਮਹੂਰੀ ਲਹਿਰਾਂ ਦੇ ਆਗੂਆਂ ਉਪਰ ਹਮਲੇ
ਕਰਾਉਣ ਲਈ ਵਰਤਣਾ ਹੈ।
ਪੰਜਾਬ ਅੰਦਰ ਆਪਣੀ ਕਿਸਮ ਦੇ 'ਸਲਵਾ ਜੁਡਮ' ਅਤੇ 'ਰਣਬੀਰ
ਸੈਨਾ' ਦੀਆਂ ਪਲਟਣਾ ਤਿਆਰ ਕਰਨ ਲਈ ਨਿਸ਼ਾਨ ਸਿੰਘ ਵਰਗਿਆਂ ਨੂੰ ਹਕੂਮਤੀ ਚੁੰਘਣੀ ਦਿੱਤੀ
ਜਾ ਰਹੀ ਹੈ। ਸ਼ਰੂਤੀ ਅਗਵਾ ਕਾਂਡ, ਨਿਸ਼ਾਨ ਸਿੰਘ ਤੇ ਤਾਣੀ ਸੁਰੱਖਿਆ ਛਤਰੀ, ਸ਼ਰੂਤੀ ਨੂੰ
ਪਹਿਲਾਂ ਨਿਸ਼ਾਨ ਸਿੰਘ ਵੱਲੋਂ ਅਤੇ ਹੁਣ ਹੁਕਮਰਾਨਾਂ ਵੱਲੋਂ ਜਿਵੇਂ ਮਾਪਿਅੰ, ਮੀਡੀਆ,
ਜਮਹੂਰੀਅਤ ਪਸੰਦ ਹਲਕਿਆਂ ਤੋਂ ਦੂਰ ਅਤੇ ਨੰਗੀ ਚਿੱਟੀ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ
ਹੈ ਇਸ ਰਾਹੀਂ ਇਹ ਸੁਣਾਉਣੀ ਕੀਤੀ ਜਾ ਰਹੀ ਹੈ ਕਿ ਅਜੋਕਾ ਰਾਜ ਪ੍ਰਭੰਧ ਸਭ ਨੂੰ ਟਿੱਚ
ਜਾਣਦਾ ਹੈ। ਅਣਕਹੇ ਹੀ ਉਸਦਾ ਇਹ ਕਹਿਣਾ ਹੈ ਕਿ ਲੋਕ ਜਿਵੇਂ ਮਰਜ਼ੀ ਪੁਤਲੇ ਸਾਡਜ਼ਨ,
ਮੁਜਾਰਹੇ, ਘਿਰਾਓ ਕਰਨ, ਸ਼ਹਿਰ ਬੰਦ ਕਰਨ, ਕਾਨੂੰਨੀ ਚਾਰਾਜੋਈ ਕਰਨ, ਸੜਕਾਂ ਤੇ ਨਿਕਲਦੇ
ਰਹਿਣ, ਹਾਕਮਾਂ ਨੂੰ ਇਸਦੀ ਕੋਈ ਪਰਵਾਹ ਨਹੀਂ। ਲੋਕਾਂ ਨੂੰ ਨਿਸੱਲ, ਬੇਦਿਲ ਕਰਨ, ਨਿਆਸਰੇ
ਮਹਿਸੂਸ ਕਰਨ, ਹਾਕਮਾਂ ਦੇ ਲੰਮੇ ਹੱਥਾਂ ਦਾ ਅਹਿਸਾਸ ਕਰਾਉਣ ਅਤੇ ਦੜ ਵੱਟ ਜ਼ਮਾਨਾ ਕੱਟ
ਦੀ ਮੁਹਾਰਨੀ ਪੜ੍ਹਾਉਣ ਦਾ ਗੁਝਾ ਰਾਜ ਕੰਮ ਕਰਦਾ ਹੈ ਇਸ ਸਾਰੇ ਵਰਤਾਰੇ ਦੀਆਂ ਗੋਲ ਗੰਢਾਂ
ਵਿਚ।
ਉਲਟਾ ਪੁਲਿਸ ਮੁਖੀ ਇਨਸਾਫ ਮੰਗਦੇ ਲੋਕਾਂ ਨੂੰ ਹੀ ਡਾਂਟ ਰਹੇ ਹਨ ਕਿ
ਜਿਹੜੇ ਲੋਕ ਸੜਕਾਂ 'ਤੇ ਰੇਡੀਓ ਸਪੀਕਰਾਂ ਆਦਿ ਰਾਹੀਂ ਨਾਅਰੇ ਲਗਾ ਕੇ ਅਤੇ ਬਿਨਾਂ ਕਿਸੇ
ਮਨਜ਼ੂਰੀ ਦੇ ਵਿਖਾਵੇ ਕਰਕੇ, ਸ਼ਰੂਤੀ ਦੀ ਇੱਜ਼ਤ ਖ਼ਰਾਬ ਕਰ ਰਹੇ ਹਨ ਉਹਨਾਂ ਖਿਲਾਫ ਕਾਨੂੰਨੀ
ਕਾਰਵਾਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼ਰੂਤੀ ਦੇ ਮਰਜ਼ੀ ਨਾਲ
ਜਾਣ ਦੀ ਰਟ ਲਗਾ ਕੇ ਅਸਲ 'ਚ ਧਾੜਵੀਆਂ ਦੀ ਰਾਖੀ ਲਈ ਅੱਗੇ ਆ ਰਹੇ ਹਨ। ਨਾਬਾਲਗ ਲੜਕੀ ਦੇ
'ਵਿਆਹ' ਦੀ ਕਹਾਣੀ ਨੂੰ ਜਾਇਜ਼ ਠਹਿਰਾਉਣ ਵਾਲੇ ਪੁਲਿਸ ਅਧਿਕਾਰੀਆਂ ਦੀ ਕੀ ਮਜ਼ਾਲ ਸੀ ਜੇ
'ਉਪਰੋਂ' ਸ਼ਾਬਾਸ਼ ਮਿਲਣ ਦੀ ਆਸ ਨਾ ਹੁੰਦੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਪਹਿਲਾਂ
ਲੰਮੀ ਚੁੱਪ ਧਾਰੀ ਰੱਖੀ ਜਦੋਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹਰਸਿਮਰਤਜੀਤ ਬਾਦਲ
(ਨੰਨ੍ਹੀ ਛਾਂ) ਬੋਲੇ ਤਾਂ ਪੁਲਿਸ ਨੂੰ ਸ਼ਾਬਾਸ਼ ਦਿੱਤੀ। ਅਜੇ ਤੱਕ ਵੀ ਨਿਸ਼ਾਨ ਸਿੰਘ ਦੀ
ਕਾਲੀ ਕਰਤੂਤ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਗਿਆ।
ਪੀੜਤ ਲੜਕੀ ਦੇ ਮਾਪਿਆਂ ਅਤੇ
ਪੱਤਰਕਾਰਾਂ ਸਾਹਮਣੇ ਬਿਆਨ ਹੋਏ ਕਿ ਉਹ ਮੈਡੀਕਲ ਕਰਾਉਣਾ ਅਤੇ ਮਾਪਿਆਂ ਨਾਲ ਜਾਣਾ
ਚਾਹੁੰਦੀ ਹੈ। ਪਲਾਂ ਛਿਣਾਂ 'ਚ ਹੀ ਸ਼ਰੂਤੀ ਪੁਲਿਸ ਹਿਰਾਸਤ ਦੇ ਤੰਗ ਸ਼ਿਕੰਜੇ 'ਚ ਲਈ
ਜਾਂਦੀ ਹੈ। ਨਾਰੀ ਨਿਕੇਤਨ ਦੇ ਨਾਂਅ ਹੇਠ ਪੁਲਿਸ ਦੇ ਸਖ਼ਤ ਪਹਿਰੇ ਹੇਠ ਰੱਖੀ ਜਾਂਦੀ ਹੈ।
ਮੀਡੀਆ, ਅਧਿਕਾਰੀਆਂ ਅਤੇ ਸਰਕਾਰ ਦਾ ਮਨਮਰਜ਼ੀ ਦਾ ਕੁਫ਼ਰ ਵਰ੍ਹਦਾ ਹੈ। ਮਾਪਿਆਂ ਅਤੇ
ਜਮਹੂਰੀ ਜੱਥੇਬੰਦੀਆਂ ਨੂੰ ਖੁੱਲ੍ਹ ਕੇ ਮਿਲਣ 'ਤੇ ਅਣ-ਐਲਾਨੀ ਪਾਬੰਦੀ ਮੜ੍ਹੀ ਜਾਂਦੀ ਹੈ।
ਹਰ ਸੰਵੇਦਨਸ਼ੀਲ ਮਨੁੱਖ ਨੂੰ ਖੁੜਕ ਰਿਹਾ ਹੈ ਕਿ ਜ਼ਰੂਰ ਕੁਝ ਅਜੇਹਾ ਹੈ ਜਿਸਨੂੰ ਜੱਗ
ਦੀਆਂ ਨਜ਼ਰਾਂ ਅਤੇ ਕੰਨਾਂ ਤੋਂ ਛੁਪਾਇਆ ਜਾ ਰਿਹਾ ਹੈ। ਜ਼ਰੂਰੀ ਨਹੀਂ ਕਿ ਜਿਹੜੀ ਕਹਾਣੀ
ਪੁਲਿਸ ਪੇਸ਼ ਕਰ ਰਹੀ ਹੈ ਉਹੀ ਹੋਵੇ। ਜੇ ਸਦਮੇ, ਪਹਿਰੇ, ਡਰ 'ਚੋਂ ਬਾਹਰ ਆ ਕੇ ਉਸਦੀ ਅਤੇ
ਮਾਪਿਆਂ ਦੀ ਸੁਰੱਖਿਆ ਦੀ ਜਾਮਨੀ ਹੋ ਕੇ ਸ਼ਰੂਤੀ ਲਈ ਸੁਖਾਵਾਂ ਅਤੇ ਯਕੀਨ ਭਰਿਆ ਮਾਹੌਲ
ਬਣੇ ਫਿਰ ਸ਼ਰੂਤੀ ਸ਼ਾਇਦ ਸਾਰੇ ਨਾਟਕ ਦੀ ਪੋਲ ਖੋਲ੍ਹ ਦੇਵੇ। ਪਤਾ ਨਹੀਂ ਫਿਰ ਕਿੰਨੇ ਕੁ
ਖ਼ਲਨਾਇਕ ਲੋਕਾਂ ਅੱਗੇ ਨੰਗੇ ਹੋ ਜਤਣ।
'ਗੱਲ ਸਹੇ ਦੀ ਹੀ ਨਹੀਂ ਪਹੇ ਦੀ ਹੈ'।
ਲੋਕਾਂ ਅਤੇ ਲੋਕ-ਜੱਥੇਬੰਦੀਆਂ ਦਾ ਸੁਲੱਖਣਾ ਵਰਤਾਰਾ ਸਾਹਮਣੇ ਆਇਆ ਹੈ। ਜ਼ਬਰਦਸਤ ਅਤੇ
ਨਿਰੰਤਰ ਵਿਰੋਧ ਇਹ ਦਰਸਾਉਂਦਾ ਹੈ ਕਿ ਪੰਜਾਬ ਅੰਦਰ ਗ਼ੈਰਤ ਜਿਉਂਦੀ ਹੈ। ਬੰਦੂਕਾਂ,
ਰਿਵਾਲਵਰਾਂ, ਲੰਡੀਆਂ ਜੀਪਾਂ, ਟਕੂਏ, ਗੰਡਾਸਿਆਂ ਅਤੇ ਗੋਲੀਆਂ ਦੀ ਵਾਛੜ ਨਾਲ ਕੁੜੀਆਂ
ਨੂੰ ਘੇਰਨ ਅਤੇ 'ਬੰਦੇ ਮਾਰਨ' ਦੀਆਂ ਸ਼ੇਖ਼ੀਆਂ ਪੇਸ਼ ਕਰਦੀ ਗਾਇਕੀ ਅਤੇ ਹੁਕਮਰਾਨਾਂ ਵੱਲੋਂ
ਅਜੇਹੀ ਗਾਇਕੀ ਦੀ ਪੁਸ਼ਤਪਨਾਹੀ ਦਰਸਾਉਂਦੀ ਹੈ ਕਿ ਅਣਖ਼ਾਂ ਦਾ ਭੋਗ ਪਾ ਕੇ ਪੰਜਾਬ ਨੂੰ
ਫੁਕਰੇ ਬਾਜ਼ੀ, ਹਿੰਸਾ, ਜਾਤ ਅਤੇ ਜਮਾਤ ਦੇ ਹੰਕਾਰ ਵੱਲ ਧੱਕਣ ਲਈ ਕੋਈ ਰੜਕ ਨਹੀਂ ਛੱਡੀ
ਜਾ ਰਹੀ ਹੈ। ਇਸ ਲਈ ਸ਼ਰੂਤੀ ਵਰਗੇ ਘਿਨੌਣਾ ਕਾਂਡ ਰੋਕਣ ਲਈ ਜਗਦੀ, ਰੌਸ਼ਨ ਦਿਮਾਗ ਅਤੇ
ਜੂਝਦੀ ਹੋਈ ਵਿਸ਼ਾਲ ਲੋਕਾਈ ਦੀ ਲਹਿਰ ਖੜ੍ਹੀ ਕਰਨਾ ਸਮੇਂ ਦੀ ਵਡੇਰੀ ਲੋੜ ਹੈ।
ਸੰਪਰਕ : 94170-76735