StatCounter

Thursday, November 22, 2012

ਸ਼ਰੂਤੀ ਦੇ ਅਗਵਾਕਾਰਾਂ ਦੀ ਹਮੈਤਣ, ਸਰਕਾਰ ਤੇ ਪੁਲਸ ਦੇ ਪੱਲੇ ਪਈ ਨਮੋਸ਼ੀ



ਚੋਰ ਦੀ ਮਾਂ, ਗੋਡਿਆਂ 'ਚ ਸਿਰ!
ਸ਼ਰੂਤੀ ਦੇ ਅਗਵਾਕਾਰਾਂ ਦੀ ਹਮੈਤਣ, ਸਰਕਾਰ ਤੇ ਪੁਲਸ ਦੇ ਪੱਲੇ ਪਈ ਨਮੋਸ਼ੀ

ਸ਼ਰੂਤੀ ਦੀ ਘਰ ਵਾਪਸੀ, ਅਗਵਾਕਾਰਾਂ-ਗੁੰਡਿਆਂ ਨੂੰ ਸਜ਼ਾਵਾਂ ਅਤੇ ਅਗਵਾਕਾਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸਤਦਾਨਾਂ ਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬੇਪਰਦ ਕਰਨ ਤੇ ਬਣਦੀਆਂ ਸਜਾਵਾਂ ਦੁਆਉਣ ਲਈ 24 ਸਤੰਬਰ ਤੋਂ ਲਗਾਤਾਰ ਇਕ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਸ਼ਹਿਰ ਤੋਂ ਤੁਰਦਾ ਹੋਇਆ ਜਿਲ
ਾ ਤੇ ਪੰਜਾਬ ਤੱਕ ਫੈਲ ਚੁੱਕਾ ਹੈ। ਇਹ ਸੰਘਰਸ਼ ਸ਼ਹਿਰੀਆਂ ਦੀ ਬਣੀ, ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਚੱਲ ਰਿਹਾ ਹੈ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ, ਔਰਤਾਂ ਦੀਆਂ ਜਥੇਬੰਦੀਆਂ ਤੇ ਜਨਤਕ-ਜਮਹੂਰੀ ਸੰਗਠਨਾਂ ਵੱਲੋਂ ਇਸ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ। ਇਸ ਸੰਘਰਸ਼ ਦੀ ਧਾਰ, ਪੂਰਾ ਪਹਿਲਾ ਇਕ ਮਹੀਨਾ ਇਸ ਅਗਵਾ ਹੋਈ ਧੀ ਨੂੰ ਗੁੰਡਿਆਂ-ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਵਾਉਣ ਦੀ ਮੰਗ ਅਤੇ ਹੁਣ ਆਹ ਪੂਰਾ ਮਹੀਨਾ, ਬੱਚੀ ਨੂੰ ਪੁਲਸ ਦੀ ਕੈਦ ਵਿਚੋਂ ਰਿਹਾਅ ਕਰਵਾਉਣ ਦੀ ਮੰਗ 'ਤੇ ਕੇਂਦਰਤ ਰਹੀ ਹੈ। ਹੁਣ ਤੱਕ ਦੋ ਮਹੀਨੇ ਤੋਂ ਚੱਲ ਰਹੇ ਇਸ ਸੰਘਰਸ਼ ਨੇ ਲੋਕ-ਤਾਕਤ ਤੇ ਲੋਕ-ਸੰਘਰਸ਼ ਦੀ ਝੋਲੀ ਜਿੱਤ ਅਤੇ ਪੁਲਸ-ਸਿਆਸੀ-ਗੁੰਡਾ ਗਠਜੋੜ ਦੇ ਪੱਲੇ ਨਮੋਸ਼ੀ ਹੀ ਪਾਈ ਹੈ।

ਮਾਪਿਆਂ ਦਾ ਸਿਰ ਪਾੜ ਕੇ ਤੇ ਬਾਹਾਂ ਤੋੜ ਕੇ ਕੇਸਾਂ ਤੋਂ ਧੂਹ ਕੇ ਲਿਜਾਈ ਗਈ ਇਹ ਨਾਬਾਲਗ ਬੱਚੀ ਸ਼ਰੂਤੀ ਨਾਲ ਜੱਗੋਂ ਤੇਰਵੀਂ ਕਰਨ ਦੇ ਦੋਸ਼ੀ ਅਗਵਾਕਾਰਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਅਕਾਲੀ-ਸਿਆਸਤਦਾਨ ਤੇ ਪੁਲਸ ਦੇ ਉੱਚ ਅਧਿਕਾਰੀ ਆਵਦੇ ਮੱਥੇ ਕਲੰਕੀ ਦਾ ਕਾਲਾ ਟਿੱਕਾ ਲਵਾਉਣ ਤੋਂ ਬਚ ਨਹੀਂ ਸਕੇ। ਸੰਘਰਸ਼ ਦੇ ਸ਼ੁਰੂ ਦੇ ਦਿਨਾਂ ਵਿਚ ਹੀ ਇਹ ਅਗਵਾਕਾਰਾਂ ਦੇ ਨਾਲ ਨਾਲ ਲੋਕ ਰੋਹ ਦਾ ਨਿਸ਼ਾਨਾ ਬਣ ਗਏ ਸਨ। ਲੋਕਾਂ ਤੋਂ ਮਣਾਂ ਮੂੰਹੀ ਥੂ-ਥੂ ਕਰਵਾਈ ਹੈ।

ਇਹਨਾਂ ਗੁੰਡਿਆਂ-ਅਗਵਾਕਾਰਾਂ ਨਾਲ, ਨਾ ਸਿਰਫ਼ ਪਹਿਲਾਂ, ਅਕਾਲੀ ਲੀਡਰਾਂ ਦੇ ਤੇ ਪੁਲਸ ਦੇ ਜਿਲਾ ਪੱਧਰੇ ਉੱਚ ਅਫਸਰਾਂ ਦੇ ਨੇੜਲੇ ਸੰਬੰਧਾਂ ਦੇ ਚਰਚੇ ਸ਼ਰੇਬਾਜਾਰ ਹਨ। ਸਗੋਂ ਇਸ ਅਗਵਾ ਤੋਂ ਬਾਅਦ ਵੀ ਖੁਦ ਅਕਾਲੀ ਲੀਡਰ ਹੀ ਨਹੀਂ, ਪੂਰੀ ਦੀ ਪੂਰੀ ਹਕੂਮਤੀ ਮਸ਼ੀਨਰੀ ਸਮੇਤ ਪੁਲਸ ਦਾ ਸੂਬਾ ਮੁਖੀ ਵੀ ਅਗਵਾਕਾਰਾਂ ਦੀ ਪਿੱਠ ਥਾਪੜਨ ਅਤੇ ਹਰ ਤੱਤੀ ਵਾਅ ਤੋਂ ਬਚਾਉਣ ਦੀਆਂ ਬੇਸ਼ਰਮ ਕੋਸ਼ਿਸ਼ਾਂ ਕਰਦੇ ਲੋਕ-ਸੰਘਰਸ਼ ਵੱਲੋਂ ਰੰਗੇ-ਹੱਥੀਂ ਫੜ ਕੇ ਚੁਰਾਹੇ ਵਿਚ ਨੰਗੇ ਕੀਤੇ ਜਾਂਦੇ ਰਹੇ ਹਨ। ਇਸ ਮਾਮਲੇ ਵਿਚ ਅਕਾਲੀ-ਭਾਜਪਾ ਸਰਕਾਰ ਦੇ ਸਿਆਸੀ ਬੁਲਾਰੇ ਬਣੇ ਪੁਲਸ ਦੇ ਸੂਬਾ ਮੁਖੀ ਵੱਲੋਂ ਇਸ ਬੱਚੀ ਖਿਲਾਫ਼ ਊਜਾਂ-ਤੁਹਮਤਾਂ ਦੀ ਹਨੇਰੀ ਝੁਲਾ ਕੇ ਪੰਜਾਬ ਅੰਦਰ ਧੁੰਦ-ਗੁਬਾਰ ਉਠਾਉਣ ਅਤੇ ਲੜਕੀ ਬਾਰੇ ਸੁਆਲ ਤੇ ਸ਼ੰਕੇ ਖੜੇ ਕਰਕੇ ਘੋਲ ਨੂੰ ਲੀਹੋ ਲਾਹੁਣ ਦੀ ਮਨ 'ਚ ਪਾਲੀ ਲੋਕ-ਦੋਖੀ ਇੱਛਾ ਨੂੰ ਲੋਕ-ਸੰਘਰਸ਼ ਦੀ ਰੋੜ• ਰੁੜ•ਾ ਕੇ ਲੈ ਗਈ ਹੈ।

ਜਦੋਂ ਸਰਕਾਰ ਤੇ ਪੁਲਸ ਦੇ ਉੱਚ ਅਧਿਕਾਰੀਆਂ ਦੀਆਂ ਸਭ ਚਾਲਾਂ ਤੇ ਊਜਾਂ-ਤੁਹਮਤਾਂ ਦੀਆਂ ਸਭ ਨਰਦਾਂ ਕੁੱਟੀਆਂ ਗਈਆਂ। ਪੰਜਾਬ ਸਰਕਾਰ ਦੇ ਵਜੀਰਾਂ-ਸ਼ਮੀਰਾਂ ਦਾ ਫਰੀਦਕੋਟ ਵਿਚ ਵੜਣਾ ਲੋਕਾਂ ਵੱਲੋਂ ਵਰਜਿਤ ਹੋ ਗਿਆ। ਹਲਕੇ ਦੀ ਮੈਂਬਰ ਪਾਰਲੀਮੈਂਟ ਟੂਣਾ ਕਰਨ ਵਾਲਿਆਂ ਵਾਂਗੂੰ ਨੀਂਹ ਪੱਥਰ ਧਰ ਕੇ ਮੂੰਹ ਵਲੇਟ ਕੇ ਤੁਰ ਗਈ। ਦਿਨੇ ਆਈ ਤਾਂ ਕਾਲੀਆਂ ਝੰਡੀਆਂ ਨੇ ਘੇਰ ਲਈ। ਪੰਜਾਬ ਸਰਕਾਰ ਦਾ ਇਕ ਅਕਾਲੀ ਮੰਤਰੀ ਫਰੀਦਕੋਟ ਵਿੱਚੋਂ ਦੀ ਕਾਰ ਤੋਂ ਝੰਡੀ ਲਾਹ ਕੇ ਚੋਰਾਂ ਵਾਂਗ ਲੰਘਿਆ। ਖੁਦ ਬਾਦਲ (ਦੋਵੇਂ-ਤਿੰਨੇ) ਦੂਰੋਂ ਹੀ ਦੌਰਾ ਰੱਦ ਕਰ ਗਏ। 'ਨੰਨੀ ਛਾਂ' 'ਤੇ ਰੋੜੇ ਵੱਜਣ ਲੱਗ ਪਏ। ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਬੀਬਾ-ਚੇਹਰਾ ਬਚਾ ਕੇ ਰੱਖਣ ਲਈ ਆਪਣੇ ਇਕ ਹੋਰ ਮੋਹਰੇ ਨੂੰ ਵਰਤਿਆ। ਸੰਘਰਸ਼ ਨੂੰ ਕੁਚਲਣ ਲਈ ਆਵਦੇ ਮੀਡੀਆ ਸਲਾਹਕਾਰ ਤੋਂ ਗਿੱਦੜ ਧਮਕੀਆਂ ਦਿਵਾਈਆਂ, ਜਿੰਨਾਂ ਨੂੰ ਲੋਕ-ਸੰਘਰਸ਼ ਨੇ ਮਿੱਟੀ-ਘੱਟੇ ਵਿਚ ਰੋਲ ਕੇ ਸਿੱਟ ਦਿੱਤਾ।
ਪਹਿਲਾਂ ਗੁੰਡਿਆਂ-ਅਗਵਾਕਾਰਾਂ ਤੇ ਮਗਰੋਂ ਕੁਝ ਦਿਨਾਂ ਦੀ ਪੁਲਸ-ਦਹਿਸ਼ਤ ਆਸਰੇ ਲੜਕੀ ਦੇ ਮਨ 'ਚ ਬਿਠਾਏ ਦਹਿਲ ਤੇ ਡਰ ਦੇ ਬਾਵਜੂਦ, ਅਦਾਲਤ ਵਿਚ ਆਉਣਸਾਰ ਲੜਕੀ ਵੱਲੋਂ ਮਾਪਿਆਂ ਕੋਲ ਜਾਣ ਅਤੇ ਮੈਡੀਕਲ ਕਰਵਾਉਣ ਦੇ ਦਿੱਤੇ ਮੁੱਢਲੇ ਬਿਆਨ ਦੇ ਉਲਟ ਜਾ ਕੇ, ਸਰਕਾਰੀ ਲੋੜਾਂ ਤੇ ਇੱਛਾ ਅਨੁਸਾਰ ਲੜਕੀ ਨੂੰ ਨਾਰੀ ਨਿਕੇਤਨ ਜਲੰਧਰ ਭੇਜਣ ਦੇ ਅਦਾਲਤ ਦੇ ਫੈਸਲੇ ਨੇ ਖੁਦ ਹੀ ਨਿਆਂ-ਪ੍ਰਬੰਧ ਦਾ ਜਮਹੂਰੀ ਤੇ ਆਜ਼ਾਦ ਗਿਲਾਫ਼ ਲੀਰਾਂ-ਲੀਰਾਂ ਕਰ ਦਿੱਤਾ। ਰਹਿੰਦੀ ਕਸਰ ਪੁਲਸ ਵੱਲੋਂ ਇਸ ਅਦਾਲਤੀ ਫੈਸਲੇ ਨਾਲ ਖੇਹ-ਖਰਾਬੀ ਕਰਦਿਆਂ ਨਾਰੀ ਨਿਕੇਤਨ ਦੀ ਥਾਂ 'ਚ ਹੀ ਕੱਚੀ ਜੇਲ ਬਣਾ ਕੇ ਆਪਣੀ ਸਖਤ ਤੀਹਰੀ ਪਹਿਰੇਦਾਰੀ ਵਿਚ ਕੈਦ ਕਰਕੇ ਰੱਖਣ ਨੇ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਗਿਲਾਫ਼ ਨੂੰ ਹੀ ਭਰਿਆੜ ਕਰ ਦਿੱਤਾ।
ਲੜਕੀ ਨੂੰ ਜਲੰਧਰ ਜਾ ਕੇ ਮਾਪਿਆਂ ਦੇ ਮਿਲਣ 'ਤੇ ਅਤੇ ਸ਼ਰੂਤੀ ਵੱਲੋਂ ਬਿਆਨ ਦੇਣ, ਬਿਆਨ ਲਿਖਣ ਤੇ ਵਕਾਲਤਨਾਮੇ 'ਤੇ ਦਸਤਖਤ ਕਰਨ ਉਤੇ ਪੁਲਸ ਦੀ ਤਾਕਤ ਨਾਲ ਲਾਈਆਂ ਰੋਕਾਂ ਤੇ ਪਹਿਰੇ, ਨਾਰੀ ਨਿਕੇਤਨ ਮੂਹਰੇ ਮਾਰੇ ਜਾਣ ਵਾਲੇ ਧਰਨੇ ਨੇ, ਚੱਕਣ ਲਈ ਸਰਕਾਰ ਤੇ ਪੁਲਸ ਲਈ ਬੇਵਸੀ ਤੇ ਮਜਬੂਰੀ ਵਾਲੀ ਹਾਲਤ ਬਣਾ ਦਿੱਤੀ ਸੀ।

ਲੋਕਾਂ ਅੰਦਰ ਨਿਆਂ-ਪ੍ਰਬੰਧ ਦੀ ਹੋਈ ਤੋਏ ਤੋਏ ਕਰਕੇ, ਅਦਾਲਤ ਨੂੰ ਲੜਕੀ ਦੇ ਮਾਪਿਆਂ ਵੱਲੋਂ ਪਾਈਆਂ ਅਰਜੀਆਂ ਦੀ ਸੁਣਵਾਈ ਕਰਨੀ ਪਈ। ਸਰਕਾਰੀ ਵਕੀਲ ਵੱਲੋਂ ਅਤੇ ਸਰਕਾਰੀ ਜੋਰ ਦੀ ਸ਼ਹਿ 'ਤੇ ਅਗਵਾਕਾਰਾਂ ਦੇ ਬਣੇ ਵਕੀਲ ਵੱਲੋਂ ਡਾਹੀਆਂ ਢੁੱਚਰਾਂ ਭਾਵੇਂ ਇਸ ਫੈਸਲੇ ਨੂੰ ਚਾਰ ਦਿਨ ਲੇਟ ਤਾਂ ਕਰ ਗਈਆਂ ਪਰ ਅੰਤ ਲੜਕੀ ਦੀ ਇੱਛਾ ਅਨੁਸਾਰ ਅਦਾਲਤ ਨੂੰ ਫੈਸਲਾ ਕਰਨਾ ਪਿਆ। ਸ਼ਰੂਤੀ ਮਾਪਿਆਂ ਦੇ ਸਪੁਰਦ ਕਰਨੀ ਪਈ।
ਘਰ ਆ ਕੇ ਸ਼ਰੂਤੀ ਵੱਲੋਂ ਅਖਬਾਰਾਂ ਨੂੰ ਦਿੱਤੇ ਬਿਆਨ, ''. . .ਉਸ ਬਾਰੇ ਮੁਹੱਬਤ ਦੇ ਕਿੱਸੇ ਵਰਗੀਆਂ ਅਫਵਾਹਾਂ ਬਿਲਕੁਲ ਬੇਬੁਨਿਆਦ ਹਨ
ਨੇ ਪੁਲਸ, ਸਿਆਸੀ, ਗੁੰਡਾ ਗਠਜੋੜ ਦੇ ਪਹਿਲੀ ਠਾਹ-ਚਪੇੜ ਮਾਰੀ ਹੈ।
ਇਸ ਫੈਸਲੇ ਨੇ ਲੋਕਾਂ ਵਿਚ ਏਕੇ ਤੇ ਸੰਘਰਸ਼ ਦੀ ਜਿੱਤ ਦਾ ਅਹਿਸਾਸ ਪੱਕਾ ਕੀਤਾ ਹੈ। ਸੰਘਰਸ਼ ਦੇ ਟੈਂਟ ਵਿਚ ਸਵੱਲੜੇ ਰਾਹ ਦੀ ਜੈ ਜੈ ਕਾਰ ਕਰਦਿਆਂ ਬੁਲਾਰਿਆਂ ਵੱਲੋਂ ਏਸੇ ਰਾਹ ਦਾ ਪੱਲਾ ਫੜੀ ਰੱਖਣ ਦੇ ਅਹਿਦ ਲਏ ਗਏ। ਸ਼ਹਿਰ ਵਿਚ ਹੋਏ ਮਾਰਚ ਸਮੇਂ ਕਾਉਂਟਰਾਂ ਤੋਂ ਉੱਠ ਉੱਠ ਦੁਕਾਨਦਾਰਾਂ ਵੱਲੋਂ ਹਿਲਾਏ ਹੱਥਾਂ ਨੇ ਜਿੱਤ ਦਾ ਸਵਾਗਤ ਕੀਤਾ ਹੈ ਤੇ ਭਰਵਾਂ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ ਹੈ। ਇਹ ਸਮੇਂ ਦਾ ਸੱਚ ਹੈ, ਸਹੀ ਹੈ ਕਿ ਪੁਲਸ-ਸਿਆਸੀ ਗੁੰਡਾ ਗਠਜੋੜ ਨੂੰ ਸਜਾਵਾਂ ਦਿਵਾਉਣ, ਲੋਕ-ਸੱਥਾਂ 'ਚ ਬੇਪਰਦ ਕਰਨ ਅਤੇ ਇਸ ਤੋਂ ਅਗਾਂਹ ਇਸ ਗੱਠਜੋੜ ਹੱਥੋਂ ਜਾਬਰ-ਸ਼ਕਤੀ ਖੋਹ ਕੇ ਇਸਨੂੰ ਲੋਕ ਤਾਕਤ ਮਤਹਿਤ ਕਰਨ ਦਾ ਕਾਰਜ ਕਿਸੇ ਕੱਲੇ ਕਹਿਰੇ ਵਿਅਕਤੀ, ਪ੍ਰੀਵਾਰ ਜਾਂ ਤਬਕੇ ਦੇ ਵੱਸ 'ਚ ਨਹੀਂ ਹੈ, ਵਿਤੋਂ ਵੱਡਾ ਕੰਮ ਹੈ। ਏਹਦੇ ਲਈ ਲੋਕ ਧੜੇ ਦੀ ਤਾਕਤ ਨੂੰ ਇਕਜੁੱਟ ਕਰਨ ਤੇ ਸੰਘਰਸ਼ ਦੇ ਰਸਤੇ ਤੋਰਨ ਦਾ ਕਾਰਜ ਸਿਰ ਖੜਾ ਹੈ। ਚੱਲ ਰਹੇ ਸੰਘਰਸ਼ ਨੂੰ ਅਗਾਂਹ ਜਾਰੀ ਰੱਖਣ ਦੀ ਅਣਸਰਦੀ ਲੋੜ ਹੈ।
ਜਗਮੇਲ ਸਿੰਘ
ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ
ਫੋਨ: 9417224822
----------------------
27 ਨਵੰਬਰ 2012 ਨੂੰ ਫਰੀਦਕੋਟ 'ਚ ਹੋ ਰਹੇ ਮੁਜ਼ਾਹਰੇ ਵਿੱਚ ਵੱਧ ਚੜ• ਕੇ ਸ਼ਾਮਿਲ ਹੋਵੋ।

No comments:

Post a Comment