ਨਾਨਕ ਸਿੰਘ ਸਿੰਘੇਵਾਲਾ ਨੂੰ ਮਜ਼ਦੂਰਾਂ-ਕਿਸਾਨਾਂ ਵੱਲੋਂ ਸ਼ਰਧਾਂਜਲੀਆਂ ਭੇਟ
ਮਜ਼ਦੂਰ ਘੋਲਾਂ ਦਾ ਸਿਰੜੀ ਜਰਨੈਲ ਸੀ ਨਾਨਕ ਸਿੰਘ ਸਿੰਘੇਵਾਲਾ: ਨਸਰਾਲੀ
ਲੰਬੀ, 12 ਸਤੰਬਰ -ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਲਾ ਸ੍ਰੀ
ਮੁਕਤਸਰ ਸਾਹਿਬ ਦੇ ਪ੍ਰਧਾਨ ਨਾਨਕ ਸਿੰਘ ਦੇ ਸ਼ਰਧਾਂਜਲੀ ਮੌਕੇ ਅੱਜ ਇਕ ਵਿਸ਼ਾਲ ਇਕੱਠ ਵੱਲੋਂਂ ਉਨਾਂ
ਸਲਾਮੀ ਭੇਂਟ ਕੀਤੀ ਗਈ। ਨਾਨਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਖੇਤ ਮਜ਼ਦੂਰ, ਕਿਸਾਨ,
ਔਰਤਾਂ, ਬਿਜਲੀ ਕਾਮੇ, ਨੌਜਵਾਨ, ਆਰ.ਐਮ.ਪੀ. ਡਾਕਟਰ ਤਰਕਸ਼ੀਲ ਕਾਮੇ ਤੇ ਅਧਿਆਪਕ ਬੇਹੱਦ ਵੱਡੀ ਤਦਾਦ
ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਸ੍ਰੀ ਨਾਨਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਖੇਤ ਮਜ਼ਦੂਰ
ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਵਿਤ ਸਕੱਤਰ ਹਰਮੇਸ਼ ਮਾਲੜੀ ਨੇ ਆਖਿਆ ਕਿ ਸ੍ਰੀ ਨਾਨਕ ਸਿੰਘ ਖੇਤ
ਮਜ਼ਦੂਰ ਲਹਿਰ ਦਾ ਨਿਧੱੜਕ ਯੋਧਾ ਸੀ। ਉਹ ਜਿਲੇ ਵਿੱਚ ਸਿਰੜੀ, ਲੰਬੇ ਤੇ ਖਾੜਕੂ ਘੋਲਾਂ ਦਾ ਮੋੜੀ ਗੱਡ
ਸੀ। ਉਸਨੇ ਘਰ ਦੀ ਘੋਰ ਗਰੀਬੀ ਤੇ ਅਨਪੜ ਹੋਣ ਦੇ ਬਾਵਜੂਦ 18 ਸਾਲ ਪੇਸ਼ਾਵਰ ਖੇਤ ਮਜਦੂਰ ਆਗੂ ਦੀਆਂ
ਜਿੰਮੇਵਾਰੀਆਂ ਨਿਭਾਈਆਂ। ਉਸਨੇ ਖੇਤ ਮਜ਼ਦੂਰਾਂ ਨੂੰ ਜਗੀਰੂ ਲੁੱਟ ਦਾਬੇ, ਜਾਤਪਾਤੀ ਵਿਤਕਰੇ ਤੋਂ ਮੁਕਤੀ
ਦੁਆਉਣ ਅਤੇ ਮਜ਼ਦੂਰਾਂ ਦੀ ਆਰਥਿਕ ਸਮਾਜਿਕ ਤੇ ਰਾਜਨੀਤਕ ਬਰਾਬਰੀ ਲਈ ਬੇਹੱਦ ਕਠਿਨ ਘਾਲਣਾ ਘਾਲੀ। ਉਸਦੀ
ਅਗਵਾਈ ਵਿੱਚ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਅਨੇਕਾਂ ਘੋਲ ਲੜਕੇ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਅਤੇ
ਖੇਤ ਮਜ਼ਦੂਰਾਂ ਅੰਦਰ ਆਪਣੀ ਹਸਤੀ ਤੇ ਤਾਕਤ ਦਾ ਨਵਾਂ ਅਹਿਸਾਸ ਭਰਿਆ ਗਿਆ। ਨਾਨਕ ਸਿੰਘ ਨੂੰ ਸ਼ਰਧਾਂਜਲੀ
ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ
ਉਗਰਾਹਾਂ ਨੇ ਕਿਹਾ ਕਿ ਨਾਨਕ ਸਿੰਘ ਨੇ ਜਿਲੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜੋਟੀ ਪਵਾਉਣ ਲਈ
ਵਿਸ਼ੇਸ਼ ਉਪਰਾਲੇ ਕੀਤੇ। ਉਨਾਂ ਆਖਿਆ ਕਿ ਅੱਜ ਜਦੋਂ ਸਰਕਾਰਾਂ ਵਲੋਂ ਸਾਮਰਾਜੀਆਂ , ਜਗੀਰਦਾਰ ਤੇ ਕਾਰਪੋਰੇਟ
ਘਰਾਣਿਆਂ ਪੱਖੀ ਤੇ ਲੋਕਾਂ ਦਾ ਕੰਘਾ ਕਰਨ ਵਾਲੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਕਾਲੇ ਕਾਨੂੰਨ ਘੜਨ
ਵਗੈਰਾ ਕਦਮਾਂ ਰਾਹੀਂ ਲੋਕਾਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ ਤਾਂ ਨਾਨਕ ਸਿੰਘ ਵਰਗੇ ਨਿਧੜੱਕ ਤੇ
ਸੂਝਵਾਨ ਆਗੂਆਂ ਦੀ ਬੇਹੱਦ ਲੋੜ ਹੈ। ਉਨਾ ਐਲਾਨ ਕੀਤਾ ਕਿ ਸਾਡੀ ਜਥੇਬੰਦੀ ਖੇਤ ਮਜਦੂਰਾਂ ਨਾਲ ਸਾਂਝ
ਨੂੰ ਹੋਰ ਵੀ ਗੂੜੀ ਤੇ ਪੱਕੀ ਕਰਕੇ ਹਕੂਮਤ ਦੇ ਆਰਥਿਕ ਤੇ ਜਾਬਰ ਧਾਂਵੇ ਦਾ ਮੂੰਹ ਮੋੜਨ ਲਈ ਕੋਈ ਕਸਰ
ਨਹੀਂ ਛੱਡੇਗੀ। ਉਨਾਂ ਕਿਹਾ ਕਿ ਖੇਤ ਮਜ਼ਦੂਰ , ਕਿਸਾਨਾਂ ਤੇ ਆਮ ਲੋਕਾਂ ਦੀ ਮੁਕਤੀ ਲਈ ਘੋਲਾਂ ਨੂੰ
ਹੋਰ ਤੇਜ ਕਰਨਾ ਹੀ ਨਾਨਕ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਜਨਰਲ
ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਨਾਨਕ ਸਿੰਘ ਸ਼ਹੀਦ ਭਗਤ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੂਝ ਰਹੇ
ਕਾਫਲੇ ਦਾ ਸੰਗੀ ਸੀ। ਉਨਾਂ ਕਿਹਾ ਕਿ ਮੌਜੂਦਾ ਪ੍ਰਬੰਧਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੀ ਨਾਨਕ
ਸਿੰਘ ਵਰਗੇ ਅਣਮੋਲ ਆਗੂਆ ਦੀ ਮੌਤ ਲਈ ਜਿੰਮੇਵਾਰ ਹੈ। ਉਨਾਂ ਕਿਹਾਕਿ ਮੌਜੂਦਾ ਲੋਕ ਦੋਖੀ, ਆਰਥਿਕ,
ਸਮਾਜਿਕ ਤੇ ਰਾਜਨੀਤਕ ਨਿਜਾਮ ਨੂੰ ਬਦਲ ਕੇ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਅੱਗੇ ਵਧਣਾ ਹੀ ਨਾਨਕ
ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਸਿੰਘਵੇਾਲਾ, ਫਤੂਹੀਵਾਲਾ
ਵੱਲੋਂ ਗੁਰਪਾਸ਼ ਸਿੰਘ, ਟੀ.ਐਸ.ਯੂ., ਮੈਡੀਕਲ ਪਰੈਕਟੀਸ਼ਨਰ
ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਿੰਦਰ ਸਰਾਂ, ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਤਰਕਸ਼ੀਲ ਆਗੂ
ਰਾਮ ਸਵਰਨ ਲੱਖੇਵਾਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇ,
ਸੁੱਖਾ ਸਿੰਘ, ਗੁਰਮੇਲ ਕੌਰ, ਤਰਸੇਮ ਸਿੰਘ ਖੁੰਡੇ ਹਲਾਲ ਤੋਂ ਇਲਾਵਾ ਨਾਨਕ ਸਿੰਘ ਦੀ ਬੇਟੀ ਮਮਤਾ ਰਾਣੀ
ਤੇ ਸ਼ਮਿੰਦਰ ਕੌਰ ਨੇ ਵੀ ਨਾਨਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।