StatCounter

Saturday, August 8, 2015

ਸਾਥੀ ਕਰੋੜਾ ਸਿੰਘ ਦੀ ਇਨਕਲਾਬੀ ਵਿਰਾਸਤ ਦਾ ਝੰਡਾ ਬੁਲੰਦ ਕਰੋ

           ਸਾਥੀ ਕਰੋੜਾ ਸਿੰਘ ਨੂੰ ਲਾਲ ਸਲਾਮ - ਲਾਲ ਸਲਾਮ ਲਾਲ ਸਲਾਮ          
ਕਰੋੜਾ ਸਿੰਆਂ ਤੇਰੀ ਸੋਚ ਤੇ - ਪਹਿਰਾ ਦਿਆਂਗੇ ਠੋਕ ਕੇ 

ਬਿਜਲੀ ਕਾਮਿਆਂ ਦੀ ਜੁਝਾਰ ਜਥੇਬੰਦੀ ਟੀ.ਐਸ.ਯੂ  ਦੇ ਸਾਬਕਾ ਜਨਰਲ ਸਕੱਤਰ, ਇਨਕਲਾਬੀ ਜਮਹੂਰੀ ਲਹਿਰ ਦੀ ਨਿਹਚਾਵਾਨ ਸਖਸ਼ੀਅਤ

ਸਾਥੀ ਕਰੋੜਾ ਸਿੰਘ ਦੀ ਇਨਕਲਾਬੀ ਵਿਰਾਸਤ ਦਾ ਝੰਡਾ ਬੁਲੰਦ ਕਰੋ 


ਬਿਜਲੀ ਮੁਲਾਜ਼ਮਾਂ ਦੀ ਜੁਝਾਰ ਜਥੇਬੰਦੀ ਟੀ.ਐਸ.ਯੂ.ਦੇ ਸਾਬਕਾ ਸੂਬਾ ਜਨਰਲ ਸਕੱਤਰ ਸਾਥੀ ਕਰੋੜਾ ਸਿੰਘ ਨਹੀ ਰਹੇ । ਇੱਕ ਅਗਸਤ 2015 ਸਵੇਰ ਨੂੰ ਪਿੱਤੇ ਅਤੇ ਜਿਗਰ ਦੇ ਕੈਂਸ਼ਰ ਦੀ ਚੰਦਰੀ ਬਿਮਾਰੀ ਨੇ ਉਹਨਾਂ ਨੂੰ ਸਾਥੋਂ ਖੋਹ ਲਿਆ ਹੈ । ਉਹਨਾ ਦੇ ਘਰ-ਪਰਿਵਾਰ ਤੇ ਇਨਕਲਾਬੀ ਕਾਫਲੇ ਦੀਆਂ ਸਿਰ ਤੋੜ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀ ਜਾ ਸਕਿਆ ਪਰ ਸਾਥੀ ਕਰੋੜਾ ਸਿੰਘ ਉਹਨਾਂ ਨਿਵੇਕਲੇ ਲੋਕ ਆਗੂਆਂ ਵਿੱਚੋਂ ਇੱਕ ਸਨ ਜਿਹੜੇ ਕਿ ਮਰਕੇ ਵੀ ਨਹੀ ਮਰਦੇ । ਸਗੋਂ ਆਪਣੇ ਵਿਚਾਰਾਂ ਤੇ ਕਾਰਨਾਮਿਆਂ ਸਦਕਾ ਸਦਾ ਜਿਉਂਦੇ ਰਹਿੰਦੇ ਹਨ । ਅਜਿਹੇ ਲੋਕ ਨਾ ਸਿਰਫ ਲੋਕਾਂ ਦੇ ਪਿਆਰ ਤੇ ਸਤਿਕਾਰ ਦਾ ਪਾਤਰ ਬਣੇ ਰਹਿੰਦੇ ਹਨ ਸਗੋਂ ਉਹਨਾਂ ਨੂੰ ਬਿਹਤਰ ਜਿੰਦਗੀ ਦੇ ਸੰਘਰਸ਼ ਲਈ ਪ੍ਰੇਰਦੇ ਤੇ ਝੰਜੋੜਦੇ ਵੀ ਰਹਿੰਦੇ ਹਨ ।
ਸਾਥੀ ਕਰੋੜਾ ਸਿੰਘ ਭਾਵੇਂ ਆਪਣੀ ਰਿਟਾਇਰਮੈਂਟ (ਸਾਲ 2006) ਤੱਕ ਸਰਕਾਰੀ ਬਿਜਲੀ ਮੁਲਾਜਮ ਰਹੇ ਤੇ ਇਸਦੀ ਜੁਝਾਰ ਜਥੇਬੰਦੀ ਟੀ.ਐਸ.ਯੂ. ਦੇ ਸਧਾਰਨ ਵਰਕਰ ਤੋਂ ਲੈ ਕੇ ਸੂਬਾ ਜਨਰਲ ਸਕੱਤਰ ਤੱਕ ਦੇ ਵੱਖ-ਵੱਖ ਸਥਾਨਾਂ ਤੇ ਰਹਿ ਕੇ ਬਿਜਲੀ ਮੁਲਾਜ਼ਮਾਂ ਦੀ ਬਿਹਤਰੀ ਲਈ ਜੂਝਦੇ ਰਹੇ । ਪਰ ਉਹਨਾ ਦੀ ਸੋਚ ਤੇ ਸਰਗਰਮੀ ਦਾ ਘੇਰਾ ਨਿੱਜੀ, ਨੌਕਰੀ ਤੇ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਨ ਤੱਕ ਹੀ ਸੀਮਤ ਨਹੀ ਸੀ । ਉਹ ਤਾਂ ਦਰਅਸਲ ਇੱਕ ਨਿਹਚਾਵਾਨ ਇਨਕਲਾਬੀ ਸਨ । ਜਿਹੜੇ ਆਪਣੀਆਂ ਨਿੱਜੀ ਤੇ ਮਹਿਕਮੇ ਦੀਆਂ ਸਾਰੀਆਂ ਮੁਸ਼ਕਲਾਂ ਤੇ ਔਹਰਾਂ ਨੂੰ ਲੁੱਟੀ ਤੇ ਲਤਾੜੀ ਜਾਂਦੀ ਸਮੁੱਚੀ ਲੋਕਾਈ ਦੀਆਂ ਮੁਸ਼ਕਲਾਂ ਤੇ ਔਕੜਾਂ ਦਾ ਹਿੱਸਾ ਹੀ ਗਿਣਦੇ ਸਨ ਤੇ ਇਹਨਾਂ ਸਭਨਾਂ ਦਾ ਨਿਵਾਰਨ  ਸਮਾਜ ਅੰਦਰ ਵੱਡੀਆਂ ਤਬਦੀਲੀਆਂ ਰਾਹੀਂ ਦੇਖਦੇ ਸਨ । 
ਖੱਬੀ ਪਾਹ ਵਾਲੇ ਵਿਚਾਰਾਂ ਦੀ ਗੁੜਤੀ ਤਾਂ ਸਾਥੀ ਕਰੋੜਾ ਸਿੰਘ ਨੂੰ ਆਪਣੇ ਪਿਤਾ ਸਰਦਾਰ ਕਾਲਾ ਸਿੰਘ ਤੋਂ ਮਿਲੀ ਜਿਹੜੇ ਲੰਬੀ ਬਲਾਕ ਦੇ ਪਿੰਡ ਘੁਮਿਆਰਾ ਦੇ ਇੱਕ ਗਰੀਬ ਕਿਸਾਨ ਸਾਬਕਾ ਫੌਜੀ ਤੇ ਸੀ.ਪੀ.ਆਈ.ਨਾਲ ਜੁੜੇ ਹੋਏ  ਲੋਕ-ਪੱਖੀ ਸਰਪੰਚ ਵੱਜੋਂ ਇਲਾਕੇ ਵਿੱਚ ਮਸ਼ਹੂਰ ਸਨ । ਸਕੂਲ ਕਾਲਜ ਤੇ ਆਈ.ਟੀ.ਆਈ.ਦੀ ਪੜ੍ਹਾਈ ਸਮੇਂ ਭਗਤ ਸਿੰਘ ਦੇ ਵਿਚਾਰਾਂ ਨੇ ਤੇ  ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ.ਦੀਆਂ ਸਰਗਰਮੀਆਂ ਨੇ ਉਹਨਾਂ ਦੀ ਇਨਕਲਾਬੀ 
ਨਿਹਚਾ ਨੂੰ ਹੋਰ ਸਾਣ ਤੇ ਲਾਇਆ ਤੇ ਅਮੋੜ ਝੁਕਾਅ ਚ ਬਦਲ ਦਿੱਤਾ । ਸਿੱਟੇ ਵੱਜੋਂ ਸਾਥੀ ਕਰੋੜਾ ਸਿੰਘ ਉਮਰ ਭਰ ਆਵਦੇ ਇਹਨਾਂ ਵਿਚਾਰਾਂ ਨੂੰ ਜਿੰਦਗੀ ਦੇ ਵੱਖ-ਵੱਖ ਖੇਤਰਾਂ ਅੰਦਰ ਅਮਲੀ ਜਾਮਾਂ ਪਹਿਨਾਉਣ ਲਈ ਵੱਡੀ ਘਾਲਣਾ ਘਾਲਦੇ ਰਹੇ । 
ਬਿਜਲੀ ਮੁਲਾਜ਼ਮ ਮੁਹਾਜ ਤੇ ਜਿੱਥੇ ਇਕ ਪਾਸੇ ਉਹ ਵੱਖ-2 ਅਹੁਦਿਆਂ ਤੇ ਕੰਮ ਕਰਦਿਆਂ ਮੁਲਾਜਮਾਂ ਦੇ ਆਰਥਿਕ ਹਿੱਤਾਂ, ਕੰਮ ਦੀਆਂ ਬਿਹਤਰ ਹਾਲਤਾਂ ਤੇ ਉਹਨਾਂ ਦੇ ਟ੍ਰੇਡ ਯੂਨੀਅਨ ਜਮਹੂਰੀ ਅਧਿਕਾਰਾਂ ਲਈ ਮੁਹਰੈਲ ਸਫਾਂ *ਚ ਅਗਵਾਈ ਦਿੰਦੇ ਰਹੇ ਤੇ 1970-71 ਅਤੇ ਜਨਵਰੀ 1974 ਦੀਆਂ ਬਿਜਲੀ ਮੁਲਾਜਮਾਂ ਦੀਆਂ ਹੜਤਾਲਾਂ ਚ ਸਿਰ ਕੱਢ ਰੋਲ ਨਿਭਾਉਂਦੇ ਰਹੇ ਉੱਥੇ ਪੁਲਸੀ ਜਬਰ, ਗੁੰਡਾਗਰਦੀ ਤੇ ਜਗੀਰੂ ਧੌਂਂਸ ਵਿਰੁੱਧ ਘੌਲਾਂ ਵਿੱਚ ਮੂਹਰੇ ਹੋ ਕੇ ਜੂਝਦੇ ਰਹੇ । ਜਿਹਦੇ ਵਿਚ 1977  ਚ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਮਲੋਟ ਦੇ ਇਕ ਬਿਜਲੀ ਕਾਮੇ ਦੀ ਲੜਕੀ ਅਚਲਾ ਦੇ ਅਗਵਾ ਕਾਂਡ ਵਿਰੁੱਧ ਘੋਲ, ਤੱਪਾਖੇੜਾ ਦੇ ਬਰਗੇਡੀਅਰ ਦੀ ਗੁੰਡਾ ਗਰਦੀ ਵਿਰੋਧੀ ਘੋਲ,  ਮਲੋਟ ਦੇ ਰਿਕਸ਼ਾ ਚਾਲਕ ਦੀ ਪੁਲਿਸ ਵਲੋਂ ਕੁੱਟਮਾਰ ਵਿਰੁੱਧ ਘੋਲ ਤੇ ਮਲੋਟ ਦੇ ਸੂਰਜ ਟੈਕਸਟਾਈਲ ਮਿਲ ਦੇ ਕਾਮਿਆਂ ਦੇ ਘੋਲ *ਚ ਅਹਿਮ ਰੋਲ ਨਿਭਾਇਆ ਤੇ ਇਹਨਾਂ ਨੂੰ ਜਿੱਤ ਤੱਕ ਪਹੁੰਚਾਇਆ । ਐਮਰਜੈਂਸੀ ਦੌਰਾਨ ਜਦੋਂ ਟੀ.ਐਸ.ਯੂ. ਦੀ ਮੌਕਾਪ੍ਰਸਤ ਲੀਡਰਸ਼ਿਪ ਨੇ ਜਥੇਬੰਦੀ ਤੋੜ ਦਿਤੀ ਤਾਂ ਇਹ ਬਿਜਲੀ ਮੁਲਾਜਮ ਹਿਤਾਂ ਲਈ ਭਾਰੀ ਸੱਟ ਸੀ । ਉਸ ਮੌਕੇ ਸਾਥੀ ਕਰੋੜਾ ਸਿੰਘ ਨੇ ਅਮਰ ਲੰਬੀ ਤੇ ਹੋਰ ਆਗੂਆਂ ਨਾਲ ਰਲ ਕੇ ਇਸ ਜਥੇਬੰਦੀ ਨੂੰ ਮੁੜ ਬਹਾਲ ਕਰਨ ਚ ਆਗੂ ਭੁਮਿਕਾ ਨਿਭਾਈ ਤੇ ਪਿਛੋਂ ਨਾ ਸਿਰਫ ਇਨਾਂ ਨੇ ਆਪਣੇ ਆਪ ਨੂੰ ਖੱਬੀਖਾਨ ਕਹਾਉਂਦੇ ਅਫਸਰਾਂ - ਐਸ.ਈ. ਸੂਦ, ਐਕਸੀਅਨ ਸੁਖਮੰਦਰ, ਗਰੇਵਾਲ, ਦਿਉਲ ਤੇ ਹੀਰਾ ਸਿੰਘ ਵਰਗਿਆਂ ਵਿਰੁੱਧ ਜੁਝਾਰ ਘੋਲਾਂ ਚ ਆਗੂ ਭੁਮਿਕਾ ਨਿਭਾਈ ਤੇ ਇਹਨਾਂ ਖੱਬੀਖਾਨਾਂ ਦੀ ਬੂਥ ਲਵਾਈ ਸਗੋਂ  ਵੇਲੇ ਦੇ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਦਲਾਖੋਰ ਨੀਤੀ ਵਿਰੁੱਧ  ਘੋਲ ਵਰਗੇ ਲੰਮੇ ਤੇ ਵੱਕਾਰੀ ਘੋਲਾਂ ਵਿੱਚ ਅਹਿਮ ਆਗੂ ਭੂਮਿਕਾ ਨਿਭਾਈ ਤੇ ਇਸ ਘੈਂਕਰੇ ਮੰਤਰੀ ਦੀ ਹੈਂਕੜ ਭੰਨੀ ।ਸਿੱਟੇ ਵੱਜੋਂ ਕਈ ਝੂਠੇ ਕੇਸਾਂ *ਚ ਮੜ੍ਹਿਆ ਗਿਆ, ਜੇਲ੍ਹ ਜਾਣਾ ਪਿਆ ਤੇ ਨੌਕਰੀ ਤੋਂ ਮੁਅੱਤਲੀ ਵੀ ਝੱਲਣੀ ਪਈ  ਪਰ ਉਨ੍ਹਾਂ ਨੇ ਇਹ ਸਾਰਾ ਕੁੱਝ ਖਿੜੇ ਮੱਥੇ ਪੂਰੇ ਸਿੱਦਕ ਤੇ ਸਿਰੜ ਨਾਲ ਝੱਲਿਆ । 
ਮੁਲਾਜ਼ਮ ਮੁਹਾਜ ਤੇ ਮੌਕਾਪ੍ਰਸਤ ਤੇ ਸਮਝੌਤਾ ਪ੍ਰਸਤ ਰੁਝਾਨਾਂ ਵਿਰੁੱਧ ਡੱਟਵੀ ਲੜਾਈ ਦਿੰਦਿਆਂ ਅਮਰ ਲੰਬੀ ਤੇ ਹੋਰ ਸਾਥੀਆਂ ਨਾਲ ਜੁੜ ਕੇ ਮੁਲਾਜ਼ਮ ਮੁਹਾਜ ਨੂੰ ਇਨਕਲਾਬੀ ਲੀਹਾਂ ਤੇ ਜਥੇਬੰਦ ਕਰਨ ਲਈ "ਲੰਬੀ ਗਰੁੱਪ" ਚ ਸ਼ਾਮਲ ਹੋ ਕੇ ਪੰਜਾਬ ਪੱੱਧਰ ਤੇ ਅਹਿਮ ਆਗੂ ਭੂਮਿਕਾ ਨਿਭਾਈ। ਸਿੱਟੇ ਵੱਜੋਂ ਮੁਲਾਜ਼ਮ ਲਹਿਰ ਨੂੰ ਆਰਥਕਵਾਦ, ਕਾਨੂੰਨਵਾਦ ਦੀ ਦਲਦਲ ਚੋਂ ਕੱਢਕੇ ਦ੍ਰਿੜ, ਖਾੜਕੂ ਲੰਬੇ ਘੋਲਾਂ ਦੇ ਨਾਅਰੇ ਦੁਆਲੇ ਤੇ ਦੂਜੇ ਪਾਸੇ ਜਮਹ੍ਵਰੀ ਲੀਹਾਂ ਤੇ ਜਥੇਬੰਦ ਕਰਨ ਲਈ ਵੱਡੇ ਉੱਦਮ ਜੁਟਾਏ ।ਇਸ ਵੱਂਡੇ ਉਪਰਾਲੇ ਦੌਰਾਨ ਉਨ੍ਹਾਂ ਨੇ "ਲੰਬੀ ਸੋਚ" ਤੇ ਅਧਾਰਿਤ ਲੰਬੀ ਬਲਾਕ ਚ ਤਾਲਮੇਲ ਕਮੇਟੀ ਬਣਾ ਕੇ ਇਸ ਦਾ ਸੁਨੇਹਾ ਪੰਜਾਬ ਪੱਧਰ ਤੇ ਉਭਾਰਦਿਆਂ ਨਾ ਸਿਰਫ ਵੇਲੇ ਦੇ ਹਾਕਮਾਂ ਤੇ ਮੌਕਾਪ੍ਰਸਤ ਪਾਰਟੀਆਂ ਨਾਲ ਮੇਲ ਮਿਲਾਪ ਦੀ ਸਮਝੌਤਾਵਾਦੀ ਟਰੇਡ ਯੂਨੀਅਨ ਨੀਤੀ ਨੂੰ ਰੱਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਇਨਕਲਾਬੀ ਜਮਾਤੀ ਨਜਰੀਏ ਤੋਂ ਜੁਝਾਰ ਘੋਲਾਂ ਦੀਆਂ ਪਿਰਤਾਂ ਪਾਈਆਂ । ਇਸ ਤੋਂ ਅਗੇ ਵੱਧ ਕੇ ਇਸ  ਇਨਕਲਾਬੀ ਸਮਝ ਨੂੰ ਬਿਜਲੀ ਮੁਹਾਜ ਤੇ ਅਮਲੀ ਜਾਮਾ ਪਹਿਨਾਉਣ ਲਈ ਸਾਥੀ ਅਮਰ ਲੰਬੀ ਨਾਲ ਮਿਲਕੇ ਬਿਜਲੀ ਮੁਲਾਜ਼ਮਾਂ ਚ "ਇਨਕਲਾਬੀ ਜਮਹੂਰੀ ਫਰੰਟ" ਜਥੇਬੰਦ ਕੀਤਾ ਤੇ ਇਸਦੇ ਸਿਰ ਤੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮੁਲਾਜ਼ਮ ਤਬਕਿਆਂ ਨਾਲ ਸਾਂਝੇ ਘੌਲਾਂ ਦੀਆਂ ਪਿਰਤਾਂ ਪਾਉਣ ਚ ਆਗੂ ਰੋਲ ਨਿਭਾਇਆ  । 1978 ਵਿੱਚ  ਬੁੇਰਜ਼ਗਾਰ  ਅਧਿਆਪਕਾਂ  ਦਾ ਘੋਲ, 1979  ਚ ਵਿਦਿਆਰਥੀ ਆਗੂ ਰੰਧਾਵਾਂ ਦੇ ਕਤਲ ਵਿਰੋਧੀ ਘੋਲ 1980 ਚ ਪੰਜਾਬ ਪੱਧਰਾ ਬੱਸ ਕਿਰਾਇਆ ਘੋਲ, ਅੱਤਵਾਦ ਦੇ ਕਾਲੇ ਦਿਨਾਂ ਵਿੱਚ ਦੋ-ਮੂੰਹੀ ਦਹਿਸ਼ਤਗਰਦੀ ਵਿਰੁੱਧ ਜਾਨ ਹੂਲਵੇਂ ਸੰਘਰਸ਼ , ਸੰਨ 2000 ਵਿੱਚ ਜੇਠੂਕੇ ਦਾ ਬੱਸ ਕਿਰਾਇਆ ਘੋਲ, ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਘੋਲ ਆਦਿ ਅਜਿਹੇ ਇਤਿਹਾਸਕ ਘੋਲਾਂ ਦੀਆਂ ਉਦਾਹਰਨਾਂ ਹਨ ਜਿੰਨਾਂ ਵਿੱਚ ਅਮਰ ਲੰਬੀ ਤੇ ਪਿੱਛੋਂ ਗੁਰਦਿਆਲ ਭੰਗਲ ਨਾਲ ਮਿਲਕੇ ਸਾਂਝੇ ਲੋਕ ਘੋਲਾਂ ਚ ਬਿਜਲੀ ਮੁਲਾਜ਼ਮਾਂ ਦੀ ਅਗਵਾਈ ਕਰਨ ਚ ਮਿਸਾਲੀ ਆਗੂ ਭੂਮਿਕਾ ਨਿਭਾਈ । 
ਇਨਕਲਾਬੀ ਵਿਚਾਰਾਂ ਦੇ ਪ੍ਰਚਾਰ, ਪ੍ਰਸਾਰ ਦੇ ਖੇਤਰ ਚ ਸਾਥੀ ਕਰੋੜਾ ਸਿੰਘ ਨੇ ਜਿਥੇ ਹਰ ਮਈ ਦਿਵਸ ਮੌਕੇ ਕੌਮਾਤਰੀ ਮਜਦੂਰ ਜਮਾਤ ਦਾ ਪਰਚਮ ਲਹਿਰਾਇਆ ਉਥੇ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਗਮ ਮੌਕੇ, ਬਰਨਾਲਾ ਦੀ ਪੱਗੜੀ ਸੰਭਾਲ ਕਾਨਫਰੰਸ ਤੇ ਮੋਗਾ ਦੀ ਇਨਕਲਾਬ ਜਿੰਦਾਬਾਦ ਰੈਲੀ ਮੌਕੇ ਬਿਜਲੀ ਮੁਲਾਜਮਾਂ ਤੇ ਆਮ ਲੋਕਾਂ ਅੰਦਰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਅਜੋਕੀ ਹਾਲਤ ਨਾਲ ਜੋੜ ਕੇ ਪਰਚਾਰਣ   ਚ ਅਹਿਮ  ਭੂਮਿਕਾ ਨਿਭਾਈ । ਉਸਨੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਮੌਕੇ ਤੇ ਪਿੱਛੋਂ ਅਜਮੇਰ ਸਿੰਘ ਔਲਖ ਦੇ ਸਨਮਾਨ ਸਮਾਰੋਹ ਮੌਕੇ ਇਹਨਾਂ ਸਮਾਗਮਾਂ ਦੀਆਂ ਸੰਚਾਲਕ ਕਮੇਟੀਆਂ ਚ ਸ਼ਾਮਲ ਹੋ ਕੇ ਇਨਕਲਾਬੀ ਸਾਹਿਤ ਤੇ ਇਨਕਲਾਬੀ ਲੋਕ ਲਹਿਰ ਦੇ ਰਿਸ਼ਤੇ ਸਬੰਧੀ ਅਤੇ ਇਨਾਂ ਨਾਮਵਰ ਸਖਸ਼ੀਅਤਾਂ ਦੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਚ ਵੱਡੀ ਆਗੂ ਭੂਮਿਕਾ ਨਿਭਾਈ । 
ਕਮਾਲ ਦੀ ਗੱਲ ਇਹ ਹੈ ਕਿ ਸੱਚੇ ਸਿੱਦਕਵਾਨ ਇਨਕਲਾਬੀ ਵਾਂਗ ਸਾਥੀ ਕਰੋੜਾ ਸਿੰਘ  ਨੇ ਆਪਣੀ ਇਹ ਲੜਾਈ ਧੜੱਲੇ ਤੇ ਜੋਸ਼ ਨਾਲ ਜਾਰੀ ਰੱਖੀ ਤੇ ਹੁਣ ਤੱਕ ਵੀ ਉਹ ਬਿਜਲੀ ਕਾਮਿਆਂ ਦੇ ਇਨਕਲਾਬੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਚਲੇ ਆ ਰਹੇ ਸਨ । ਮੁਲਾਜਮਾਂ ਅੰਦਰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਲਈ ਉਹ ਅੰਤਿਮ ਸਾਹਾਂ ਤੱਕ  "ਵਰਗ ਚੇਤਨਾ " ਪਰਚੇ ਚ ਅਹਿਮ ਸੰਪਾਦਕੀ ਜੁੰਮੇਵਾਰੀਆਂ ਨਿਭਾਉਂਦੇ ਰਹੇ ਤੇ ਅੰਤਲੇ ਸਾਹਾਂ ਤੱਕ ਜੁਝਾਰ ਜਨਤਕ ਘੋਲਾਂ ਚ ਸਮੂਲੀਅਤ ਤੇ ਅਗਵਾਈ ਵਿਚ ਜੀ-ਜਾਨ ਨਾਲ ਜੂਝਦੇ ਰਹੇ ਹਨ। ਆਪਣੇ ਆਖਰੀ ਦਿਨਾਂ ਚ ਉਨ੍ਹਾਂ ਨੇ ਸਾਹਮਣੇ ਦਿਖਦੀ ਮੌਤ ਦਾ ਵੀ ਪੂਰੇ ਹੌਂਸਲੇ ਨਾਲ ਡੱਟ ਕੇ ਟਾਕਰਾ ਕੀਤਾ ਤੇ ਅੰਤ ਤੱਕ ਬੁਲੰਦ ਹੌਂਸਲੇ ਤੇ ਭਖਾ ਨਾਲ ਜਿਉਂਦੇ ਰਹੇ । ਅੱਜ ਜਦੋਂ ਸਾਮਰਾਜੀਆਂ, ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਪੱਖੀ ਸਰਕਾਰਾਂ ਵਲੋਂ ਮੁਲਾਜਮਾਂ ਅਤੇ ਲੋਕਾਂ ਉਤੇ ਚੌਤਰਫਾ ਹਮਲਾ ਤੇਜ ਕੀਤਾ ਜਾ ਰਿਹਾ ਹੈ ਜਦੋਂ ਇਨ੍ਹਾਂ ਹਕੂਮਤਾ ਵਲੋਂ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਅਜੰਡੇ ਨੂੰ ਜੋਰ-ਸ਼ੋਰ ਨਾਲ ਅੱਗੇ ਵਧਾਉਂਦੇ ਹੋਏ ਲੋਕਾਂ ਦੇ ਆਰਥਿਕ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ । ਜਲ, ਜੰਗਲ ,ਜ਼ਮੀਨਾਂ, ਰੁਜਗਾਰ ,ਵਿੱਦਿਆ, ਆਵਾਜਾਈ ਤੇ ਸਿਹਤ ਸੇਵਾਵਾਂ ਖੌਹੀਆਂ ਜਾ ਰਹੀਆਂ ਹਨ ।ਜਮਹੂਰੀ ਹੱਕਾਂ ਤੇ ਸੰਘਰਸ਼ਾਂ ਦੇ ਗਲ ਘੁੱਟਣ ਲਈ ਜਾਬਰ ਰਾਜ ਮਸ਼ੀਨਰੀ ਦੇ ਦੰਦੇ ਆਏ ਰੋਜ਼ ਹੋਰ ਤਿੱਖੇ ਕੀਤੇ ਜਾ ਰਹੇ ਹਨ । ਧਾਰਮਿਕ, ਜਾਤਪਾਤੀ ਤੇ ਕੌਮੀ ਜਨੂੰਨ ਭੜਕਾ ਕੇ ਲੋਕਾਂ *ਚ ਵੰਡੀਆਂ ਪਾਉਣ ਦੇ ਪੱਤੇ ਵਰਤੇ ਜਾ ਰਹੇ ਹਨ ਤੇ ਜਦੋਂ ਦੂਜੇ ਪਾਸੇ ਥਾਂ-ਥਾਂ ਲੋਕ ਘੋਲਾਂ ਦੇ ਫੁਟਾਰੇ  ਫੁੱਟ ਰਹੇ ਹਨ ਤਾਂ ਅੱਜ ਸਾਨੂੰ ਸਾਥੀ ਕਰੋੜਾ ਸਿੰਘ ਵਰਗੇ ਨਿਹਚਾਵਾਨ, ਸੂਝਵਾਨ, ਧੜੱਲੇਦਾਰ, ਸਮਰਪਤ ਲੋਕ ਆਗੂ ਦੀ ਲੋੜ  ਹੋਰ ਵੀ ਵੱਧ ਜਾਂਦੀ ਹੈ । ਅਜਿਹੇ ਮੌਕੇ ਸਾਥੀ ਕਰੋੜਾ ਸਿੰਘ ਦਾ ਵਿਛੋੜਾ ਮੁਲਾਜਮ ਲਹਿਰ ਲਈ ਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਸਦਮਾ ਤੇ ਘਾਟਾ ਹੈ । ਇਸ ਸਦਮੇ ਚੋਂ ਨਿਕਲਣ ਤੇ ਉਨਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਲੋਕ ਪੱਖੀ ਇਨਕਲਾਬੀ ਵਿਚਾਰਾਂ ਤੇ ਡਟਵਾਂ ਪਹਿਰਾ ਦਿੰਦੇ ਹੋਏ ਜਮਾਤੀ ਇਨਕਲਾਬੀ ਘੋਲਾਂ ਨੂੰ ਹੋਰ ਤੇਜ ਕਰੀਏ ਤੇ ਅਗੇ ਵਧਾਈਏ ਇਹੀ ਸਾਥੀ ਕਰੋੜਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

ਵਲੋਂ ਇਨਕਲਾਬੀ ਜਮਹੂਰੀ ਫਰੰਟ ਪੰਜਾਬ

ਮਿਤੀ : 8-8-2015         ਜਾਰੀ ਕਰਤਾ
ਸੁਖਵੰਤ ਸਿੰਘ ਸੇਖੋਂ
ਮੋਬਾਈਲ 9417181791

No comments:

Post a Comment