ਰਾਜ ਬਦਲੋ – ਸਮਾਜ ਬਦਲੋ ਕਾਨਫਰੰਸ ਵੱਲੋਂ
ਵੋਟਾਂ ਦੀ ਥਾਂ ਸਾਂਝੇ, ਵਿਸ਼ਾਲ ਤੇ ਤਿੱਖੇ ਘੋਲਾਂ ਦੇ ਰਾਹ ਪੈਣ ਦਾ ਸੱਦਾ
ਬਠਿੰਡਾ 31 ਜਨਵਰੀ – “ਰਾਜ ਬਦਲੋ - ਸਮਾਜ ਬਦਲੋ” ਕਾਨਫਰੰਸ ਚ ਪੰਜਾਬ ਭਰ ਚੋਂ ਹਜਾਰਾਂ ਦੀ ਗਿਣਤੀ ਚ ਪਹੁੰਚੇ ਕਿਸਾਨਾਂ, ਪੇਂਡੂ-ਮਜ਼ਦੂਰਾਂ, ਸਨਅਤੀ ਕਾਮਿਆਂ, ਨੌਜਵਾਨਾਂ, ਔਰਤਾਂ ਤੇ ਵੱਖੋ ਵੱਖਰੀ ਵੰਨਗੀ ਦੇ ਮੁਲਾਜ਼ਮਾਂ ਵੱਲੋਂ ਵੋਟਾਂ ਤੋਂ ਝਾਕ ਛੱਡ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਹਕੀਕੀ ਤਰੱਕੀ ਤੇ ਵਿਕਾਸ ਦਾ ਮਾਰਗ ਖੋਲ੍ਹਣ ਲਈ ਸਾਂਝੇ, ਵਿਸ਼ਾਲ ਤੇ ਤਿੱਖੇ ਘੋਲਾਂ ਦੇ ਰਾਹ ਪੈਣ ਤੇ ਇਹਨਾਂ ਨੂੰ ਸੁਚੇਤ ਰੂਪ ਚ ਰਾਜ ਤੇ ਸਮਾਜ ਬਦਲਣ ਦੇ ਕਾਰਜ ਵੱਲ ਹਕੀਕੀ ਤੌਰ ਤੇ ਸੇਧਤ ਕਰਨ ਦਾ ਸੱਦਾ ਦਿੱਤਾ ਗਿਆ। ਇਹ ਕਾਨਫਰੰਸ ਪੰਜਾਬ ਦੇ ਵੱਖ-ਵੱਖ ਜਨਤਕ ਜਮਹੂਰੀ ਲੋਕ ਆਗੂਆਂ ’ਤੇ ਆਧਾਰਤ ਬਣੀ “ਰਾਜ ਬਦਲੋ – ਸਮਾਜ ਬਦਲੋ” ਮੁਹਿੰਮ ਕਮੇਟੀ ਪੰਜਾਬ ਵੱਲੋਂ ਜਥੇਬੰਦੀ ਕੀਤੀ ਗਈ ਸੀ। ਅੱਜ ਦੀ ਕਾਨਫਰੰਸ ਨੂੰ, ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਬੁਰਜ ਗਿੱਲ, ਪਾਵੇਲ ਕੁੱਸਾ, ਲਾਲ ਸਿੰਘ ਗੋਲੇਵਾਲਾ, ਕੰਵਲਜੀਤ ਖੰਨਾ, ਸ਼ਿੰਦਰ ਸਿੰਘ ਨੱਥੂਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਗਰਜਾਂ ਤੇ ਵਗਾਰਾਂ ਦੇ ਬੋਝ ਥੱਲੇ ਦੱਬੇ ਲੋਕ, ਵੋਟ ਦੇ ਅਖੌਤੀ ਜਮਹੂਰੀ ਹੱਕ ਦੀ ਬਜਾਏ ਘੋਲਾਂ ਦੇ ਰਾਹ ਪੈ ਕੇ ਹੀ ਆਪਣੀ ਪੁੱਗਤ ਸਥਾਪਤੀ ਦੇ ਅਦਾਰੇ ਸਿਰਜਦੇ ਹੋਏ ਲੋਕਾਂ ਦੀ ਪੁੱਗਤ ਵਾਲਾ ਪੂਰਾ ਸੂਰਾ ਹਕੀਕੀ ਲੋਕ ਪੱਖੀ ਰਾਜ ਉਸਾਰਨ ਵੱਲ ਅੱਗੇ ਵਧ ਸਕਦੇ ਹਨ।
ਉਹਨਾਂ ਆਖਿਆ ਕਿ ਮੌਜੂਦਾ ਸਮੇਂ ਹੋ ਰਹੀਆਂ ਚੋਣਾਂ ਲੋਕਾਂ ਨਾਲ ਛਲ ਤੇ ਧੋਖੇ ਦੀ ਖੇਡ ਹਨ ਕਿਉਂਕਿ ਇਹਨਾਂ ਚੋਣਾਂ ਰਾਹੀਂ ਸਿਰਫ਼ ਬੰਦੇ ਤੇ ਪਾਰਟੀਆਂ ਹੀ ਬਦਲਦੇ ਹਨ, ਲੋਕਾਂ ਨੂੰ ਲੁੱਟਣ, ਕੁੱਟਣ ਤੇ ਉਜਾਡ਼ਨ ਵਾਲਾ ਰਾਜ-ਪ੍ਰਬੰਧ (ਪੁਲਸ, ਫੌਜ, ਕਾਨੂੰਨ, ਅਫਸਰਸ਼ਾਹੀ, ਅਦਾਲਤਾਂ ਆਦਿ) ਅਤੇ ਨੀਤੀਆਂ ਨਹੀਂ ਬਦਲਦੀਆਂ। ਉਹਨਾਂ ਕਿਹਾ ਕਿ ਚੋਣਾਂ ਲਡ਼ ਰਹੀਆਂ ਸਭਨਾਂ ਪਾਰਟੀਆਂ ਦੀ ਲੋਕ ਦੋਖੀ ਆਰਥਿਕ ਤੇ ਸਨਅਤੀ ਨੀਤੀਆਂ ਉੱਪਰ ਪੂਰੀ ਤਰ੍ਹਾਂ ਸਹਿਮਤੀ ਹੈ ਜੋ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਮਾਊ ਲੋਕਾਂ ਨੂੰ ਕੰਗਾਲੀ, ਮੰਦਹਾਲੀ ਦੀ ਭੱਠੀ ਵਿੱਚ ਝੋਕਣ ਲਈ ਜੁੰਮੇਵਾਰ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਹਾਕਮ ਜਮਾਤਾਂ ਵੱਲੋਂ ਵੋਟਾਂ ਦੀ ਇਸ ਧੋਖੇ ਭਰੀ ਖੇਡ ਰਾਹੀਂ ਲੋਕਾਂ ਦੇ ਅਸਲ ਮੁੱਦਿਆਂ ਨੂੰ ਰੋਲਣ ਅਤੇ ਉਹਨਾਂ ਦੀ ਸੰਘਰਸ਼ ਚੇਤਨਾ ਨੂੰ ਗੰਧਲਾ ਕਰਨ ਤੇ ਇਸ ਨੂੰ ਚੀਰਾ ਦੇਣ ਦਾ ਕੁਕਰਮ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਅਤੇ ਮੁਲਕ ਦੇ ਲੋਕਾਂ ਸਾਹਮਣੇ ਮੂੰਹ ਅੱਡੀ ਖੜੀਆਂ ਬੇਰੁਜਗਾਰੀ, ਮਹਿੰਗਾਈ, ਗਰੀਬੀ, ਭੁੱਖਮਰੀ ਤੇ ਖੁਦਕੁਸ਼ੀਆਂ ਆਦਿ ਅਲਾਮਤਾਂ ਦੇ ਹੱਲ ਲਈ ਵੱਡੇ ਨੀਤੀ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹਨਾਂ ਵੱਡੇ ਕਦਮਾਂ ‘ਚ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀਆਂ ਜਮੀਨਾਂ ਤੇ ਸੰਦ-ਸਾਧਨਾਂ ਦੀ ਪੇਂਡੂ-ਮਜ਼ਦੂਰਾਂ, ਬੇਜ਼ਮੀਨੇ ਤੇ ਗਰੀਬ ਕਿਸਾਨਾਂ ‘ਚ ਵੰਡ ਕਰਨ, ਕਰਜੇ ਮੋਡ਼ਨ ਤੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਕਰਜੇ ‘ਤੇ ਲੀਕ ਮਾਰਨ, ਸੂਦਖੋਰੀ ਪ੍ਰਬੰਧ ਖਤਮ ਕਰਨ, ਸਾਮਰਾਜੀ ਤਕਨੀਕ ਅਤੇ ਮਸ਼ੀਨਰੀ ‘ਤੋਂ ਨਿਰਭਰਤਾ ਤਿਆਗ ਕੇ ਖੇਤੀ ਆਧਾਰਤ ਰੁਜ਼ਗਾਰ-ਮੁਖੀ ਸਨਅਤਾਂ ਲਾਉਣ, ਵੱਡੇ ਕਾਰਪੋਰੇਟ ਘਰਾਣਿਆਂ ਤੇ ਵੱਡੀਆਂ ਪੇਂਡੂ ਤੇ ਸ਼ਹਿਰੀ ਜਾਇਦਾਦਾਂ ‘ਤੇ ਭਾਰੀ ਟੈਕਸ ਲਾ ਕੇ ਉਹਨਾਂ ਦੀ ਉਗਰਾਹੀ ਯਕੀਨੀ ਕਰਨ, ਸਰਕਾਰੀ ਖਜਾਨੇ ਦਾ ਵੱਡੀਆਂ ਜੋਕਾਂ ਵੱਲ ਖੋਲ੍ਹਿਆ ਮੂੰਹ ਬੰਦ ਕਰ ਕੇ ਆਮ ਲੋਕਾਂ ਵੱਲ ਖੋਲ੍ਹਣ, ਨਿੱਜੀਕਰਨ, ਵਪਾਰੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਠੇਕਾ ਪ੍ਰਣਾਲੀ ਦੀ ਥਾਂ ਪੱਕੇ ਰੁਜ਼ਗਾਰ ਦੀ ਨੀਤੀ ਲਾਗੂ ਕਰਨਾ ਆਦਿ ਸ਼ਾਮਲ ਹਨ।
ਇਹੀ ਉਹ ਨੀਤੀ ਕਦਮ ਬਣਦੇ ਹਨ ਜੋ ਮੌਜੂਦਾ ਸਮੇਂ ਲੋਕਾਂ ਨੂੰ ਦਰਪੇਸ਼ ਸੰਕਟ ਦਾ ਹੱਲ ਕਰਕੇ ਮਿਹਨਤਕਸ਼ ਜਨਤਾ ਦੀ ਬੰਦਖਲਾਸੀ ਕਰਨ ਅਤੇ ਸਮੁੱਚੇ ਮੁਲਕ ਦੀ ਤਰੱਕੀ ਦਾ ਮਾਰਗ ਖੋਲ੍ਹਣ ਵੱਲ ਜਾਂਦੇ ਹਨ। ਉਹਨਾਂ ਆਖਿਆ ਕਿ ਅਜਿਹਾ ਲੋਕ-ਪੱਖੀ ਵਿਕਾਸ ਮਾਡਲ ਕਿਸੇ ਵੀ ਵੋਟ ਪਾਰਟੀ ਦਾ ਅਜੰਡਾ ਨਹੀਂ ਹੈ। ਸਗੋਂ ਚੋਣ ਤਮਾਸ਼ੇ ‘ਚ ਕੁੱਦੀਆਂ ਪਾਰਟੀਆਂ 70 ਸਾਲਾਂ ਤੋਂ ਆਟੇ ਦਾਲ, ਸ਼ਗਨ ਸਕੀਮਾਂ, ਬੁਢਾਪਾ ਪੈਨਸ਼ਨਾਂ ਵਰਗੇ ਵਾਅਦੇ ਹੀ ਕਰਦੀਆਂ ਹਨ। ਏਸੇ ਤਰਜ਼ ਤੇ ਐਤਕੀਂ ਇਹਨਾਂ ਪਾਰਟੀਆਂ ਨੇ ਪ੍ਰਤੀ ਪਰਿਵਾਰ ਕੁਝ ਹਜਾਰ ਰੁਪਏ ਜਾਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਆਪੋ ਆਪਣੇ ਚੋਣ ਮੈਨੀਫੈਸਟੋਆਂ ਚ ਦਰਜ ਕੀਤੇ ਹਨ। ਇਹ ਪਾਰਟੀਆਂ ਅਸਲ ਚ ਇਹਨਾਂ ਨਿਗੂਣੇ ਵਾਅਦਿਆਂ ਤੇ ਤੁੱਛ ਰਿਆਇਤਾਂ ਰਾਹੀਂ ਅਤੇ ਕਰਜੇ ਖਤਮ ਕਰਨ ਤੇ ਵਿਕਾਸ ਕਰਨ ਦੇ ਬੇਨਕਸ਼ ਨਾਅਰਿਆਂ ਰਾਹੀਂ ਲੋਕਾਂ ਨੂੰ ਭਰਮਾਉਣ ਤੇ ਉੱਪਰ ਬਿਆਨੇ ਹਕੀਕੀ ਲੋਕ ਪੱਖੀ ਵਿਕਾਸ ਦੇ ਮਾਡਲ ਨੂੰ ਘੱਟੇ ਰੋਲਣ ਦੀ ਖੇਡ ਖੇਡ ਰਹੀਆਂ ਹਨ। ਉਹਨਾਂ ਜੋਰ ਦੇ ਕੇ ਕਿਹਾ ਕਿ ਇਸ ਲੋਕ ਪੱਖੀ ਵਿਕਾਸ ਮਾਡਲ ਦਾ ਮਾਰਗ ਵਿਧਾਨ ਸਭਾਵਾਂ ਦੀ ਥਾਂ ਲੋਕਾਂ ਦੇ ਤਰਥੱਲ ਪਾਊ ਸੰਘਰਸ਼ਾਂ ਵਿੱਚੋਂ ਦੀ ਗੁਜਰਦਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮੌਜੂਦਾ ਸਮੇਂ ਫੌਰੀ ਤੇ ਅੰਸ਼ਕ ਮੁੱਦਿਆਂ ਉੱਪਰ ਚੱਲਦੇ ਆਪਣੇ ਘੋਲਾਂ ਨੂੰ ਉੱਪਰ ਬਿਆਨੇ ਬੁਨਿਆਦੀ ਮੁੱਦਿਆਂ ਤੱਕ ਲੈ ਕੇ ਜਾਣ ਦਾ ਉੱਦਮ ਜੁਟਾਉਣ। ਪਲਸ ਮੰਚ ਦੀਆਂ ਨਾਟਕ ਟੀਮਾਂ, ਗੀਤ ਸੰਗੀਤ ਮੰਡਲੀਆਂ ਤੇ ਗੀਤਕਾਰਾਂ ਵੱਲੋਂ ਲੋਕ ਪੱਖੀ ਸਭਿਆਚਾਰ ਪੇਸ਼ ਕੀਤਾ ਗਿਆ। ਅੰਤ ‘ਚ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਪਲਸ ਮੰਚ ਦੀਆਂ ਨਾਟਕ ਟੀਮਾਂ ਨੇ ਸਾਂਝੇ ਤੌਰ'ਤੇ ਕਾਨਫਰੰਸ ਦੇ ਕੇਂਦਰੀ ਸੰਦੇਸ਼ “ਰਾਜ ਬਦਲ ਦਿਓ, ਸਮਾਜ ਬਦਲ ਦਿਓ” ਦੇ ਗੀਤ ‘ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਜਿਸਨੇ ਲੋਕਾਂ ਦੇ ਮਨਾਂ ‘ਤੇ ਗਹਿਰੀ ਛਾਪ ਛੱਡੀ। ਸਟੇਜ ਸਕੱਤਰ ਦੇ ਫਰਜ ਜਗਮੋਹਣ ਸਿੰਘ ਪਟਿਆਲਾ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਨਿਭਾਏ।