ਲੋਕਾਂ ਦੀ ਆਵਾਜ਼ ਦਬਾਉਣ ਦੇ ਜਾਬਰ ਹੱਥ ਕੰਡੇ ਕਾਰਗਰ ਸਾਬਤ ਨਹੀਂ ਹੋ ਸਕਦੇ ਹਾਕਮੋ !
ਲੋਕ ਪੱਖੀ ਅਤੇ ਸੰਘਰਸ਼ਸ਼ੀਲ ਧਿਰਾਂ ਦੀ 31 ਜਨਵਰੀ ਨੂੰ ਬਠਿੰਡੇ ਚ ਹੋਈ "ਰਾਜ ਬਦਲੋ ਸਮਾਜ ਬਦਲੋ" ਰੈਲੀ ਹਾਕਮਾਂ ਨੂੰ ਪਸੰਦ ਨਹੀਂ ਆਈ | ਉਹ ਇਹ ਜਰ ਹੀ ਨਹੀਂ ਸਕਦੇ ਕਿ ਲੋਕ ਇਕੱਠੇ ਹੋ ਕੇ ਉਹਨਾਂ ਦੇ ਲੁੱਟ ਅਤੇ ਜਬਰ ਦੇ ਨਿਜ਼ਾਮ ਦੇ ਖਿਲਾਫ ਉੱਠ ਖੜੇ ਹੋਣ ਅਤੇ ਸੰਘਰਸ਼ਾਂ ਦੇ ਜ਼ੋਰ ਆਪਣੇ ਹੱਕ ਲੈਣ ਦੀ ਗੱਲ ਕਰਨ | ਅਖੌਤੀ ਨਿਰਪੱਖ "ਚੋਣ ਕਮਿਸ਼ਨ" ਵੱਲੋਂ ਨਿਯੁਕਤ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਦੀ ਸ਼ਿਕਾਇਤ ਤੇ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਸ ਨੇਂ ਇਸ ਰੈਲੀ ਨੂੰ ਜਥੇਬੰਦ ਕਰਨ ਵਾਲੇ 4 ਆਗੂਆਂ - ਝੰਡਾ ਸਿੰਘ ਜੇਠੂਕੇ, ਕੰਵਲਜੀਤ ਸਿੰਘ, ਜਗਮੋਹਨ ਸਿੰਘ ਅਤੇ ਸ਼ਿੰਦਰ ਸਿੰਘ ਨੱਥੂਵਾਲਾ ਦੇ ਖਿਲਾਫ IPC ਦੀ ਧਾਰਾ 188 ਤਹਿਤ ਮੁਕੱਦਮਾ ਨੰਬਰ 11 ਦਰਜ ਕਰ ਲਿਆ ਗਿਆ ਹੈ | ਦੋਸ਼ ਸਿੱਧ ਹੋਣ ਤੇ ਇਹਨਾਂ ਨੂੰ 6 ਮਹੀਨੇ ਤੱਕ ਦੀ ਕੈਦ ਅਤੇ 1000 ਰੁਪੈ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ | ਇਹਨਾਂ ਆਗੂਆਂ ਖਿਲਾਫ ਦੋਸ਼ ਇਹ ਲਾਇਆ ਗਿਆ ਹੈ ਕਿ ਉਹਨਾਂ ਨੇ ਬਿਨਾ ਇਜ਼ਾਜ਼ਤ ਲਿਆਂ ਸਰਕਾਰੀ ਅਦਾਰੇ ਦੀ ਜ਼ਮੀਨ ਤੇ ਰੈਲੀ ਕੀਤੀ ਹੈ|
ਚੋਣਾਂ ਮੌਕੇ ਵੀ ਲੋਕਾਂ ਦੀ ਜ਼ੁਬਾਨ ਬੰਦੀ
ਹਾਕਮਾਂ ਨੇਂ ਇਹ ਕਦਮ ਕਿਸੇ 'ਜਨਤਕ ਹਿੱਤ' ਵਿਚ ਨਹੀਂ ਚੁੱਕਿਆ, ਸਗੋਂ ਲੋਕਾਂ ਅਤੇ ਉਹਨਾਂ ਦੇ ਆਗੂਆਂ ਨੂੰ ਉਹਨਾਂ ਦੀ ਨਾਬਰੀ ਲਈ ਸਜ਼ਾ ਦੇਣ ਲਈ ਚੁੱਕਿਆ ਹੈ | "ਰਾਜ ਬਦਲੋ ਸਮਾਜ ਬਦਲੋ" ਰੈਲੀ ਕਰਨ ਤੋਂ ਪਹਿਲਾਂ ਇਸ ਦੇ ਪੋਸਟਰ ਸਾਰੇ ਪੰਜਾਬ ਚ ਲਾਏ ਗਏ ਸਨ | ਬਠਿੰਡੇ ਸ਼ਹਿਰ ਚ ਵੀ ਅਨੇਕਾਂ ਥਾਵਾਂ ਤੇ ਇਹ ਪੋਸਟਰ ਲੱਗੇ ਸਨ | ਬਠਿੰਡੇ ਜ਼ਿਲੇ ਦੇ ਪੁਲਸ ਮੁਖੀ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਚ ਇਹਨਾਂ ਆਗੂਆਂ ਨੇ ਖੁਦ ਜਾ ਕੇ ਰੈਲੀ ਅਤੇ ਇਸ ਦੇ ਸਥਾਨ ਸਬੰਧੀ ਸੂਚਨਾ ਦਿੱਤੀ ਸੀ | ਇਸ ਦੇ ਬਾਵਜੂਦ ਕਿਸੇ ਅਧਿਕਾਰੀ ਨੇਂ ਰੈਲੀ ਦੇ ਪ੍ਰਬੰਧਕਾਂ ਨੂੰ ਇਸ ਦੀ ਇਜ਼ਾਜ਼ਤ ਨਾਂ ਦੇਣ ਸਬੰਧੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸੂਚਨਾ ਨਹੀਂ ਦਿੱਤੀ |
ਰੈਲੀ ਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਘਰਸ਼ਸ਼ੀਲ ਲੋਕ ਆਏ , ਕਿਤੇ ਕੋਈ ਟਰੈਫਿਕ ਚ ਵਿਘਨ ਨਹੀਂ ਪਿਆ ਅਤੇ ਇਹ ਅਮਨ ਅਮਾਨ ਨਾਲ ਸਿਰੇ ਚੜੀ | ਪਰ ਲੋਕਾਂ ਦਾ ਇਹ ਇਕੱਠ ਜੋਕਾਂ ਨੂੰ ਹਜ਼ਮ ਨਹੀਂ ਹੋਇਆ| ਇਸੇ ਲਈ ਆਗੂਆਂ ਤੇ ਇਹ ਕੇਸ ਦਰਜ ਕਰ ਦਿੱਤਾ ਗਿਆ | ਜਮਹੂਰੀਅਤ ਦਾ ਦੰਭ ਨੰਗਾ ਹੋ ਗਿਆ | ਚੋਣਾਂ ਮੌਕੇ ਵੀ ਲੋਕ ਆਪਣੀ ਗੱਲ ਨਹੀਂ ਕਹਿ ਸਕਦੇ, ਕਿਸੇ ਉ
ਮੀਦਵਾਰ ਨੂੰ ਉਸ ਦੀ ਕਾਰਗੁਜ਼ਾਰੀ ਬਾਰੇ ਸਵਾਲ ਨਹੀਂ ਕਰ ਸਕਦੇ, ਜੇ ਕਰੋਗੇ ਤਾਂ ਜਾਂ ਤਾਂ ਉਮੀਦਵਾਰ ਦੇ ਪਾਲਤੂ ਗੁੰਡੇ ਹੀ ਤੁਹਾਨੂੰ ਕੁੱਟ ਧਰਨਗੇ, ਨਹੀਂ ਤਾਂ ਪੁਲਸ "ਚੋਣ ਅਮਲ ਚ ਵਿਘਨ ਪਾਉਣ" ਦੇ ਦੋਸ਼ ਚ ਤੁਹਾਨੂੰ ਜੇਹਲ ਚ ਸੁੱਟ ਦੇਵੇਗੀ| ਜੇ ਇੱਕਠਿਆਂ ਹੋ ਕੇ ਇਸ ਤਰਾਂ ਰੈਲੀ ਕਰ ਕੇ ਆਵਦੀ ਗੱਲ ਕਹਿਣ ਦੀ ਕੋਸ਼ਿਸ਼ ਕਰੋਗੇ ਤਾਂ ਵੀ ਪੁਲਸ ਮੁਕੱਦਮਾ ਦਰਜ ਕਰ ਲਵੇਗੀ| ਅਖੌਤੀ ਜਮਹੂਰੀਅਤ ਦਾ ਲੋਕ ਵਿਰੋਧੀ ਖਾਸ ਜੱਗ ਜਾਹਰ ਹੈ | ਇਸ ਰੈਲੀ ਚ ਬਿਲਕੁਲ ਸਹੀ ਸੰਦੇਸ਼ ਦਿੱਤਾ ਗਿਆ ਹੈ, "ਵੋਟਾਂ ਨੇਂ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ" |
No comments:
Post a Comment