ਪੰਜਾਬੀ ਸਾਹਿਤ ਦੇ ਨਾਮਾਵਰ ਹਸਤਾਖ਼ਰਾਂ ਨੂੰ ਸਿਜਦਾ
|
ਹੇ ਸਿਪਾਹੀ! ਹੇ ਕਲ੍ਹ ਦੇ ਰਾਹੀ! ਤੂੰ ਪ੍ਰਤੀਬੱਧ ਤੂੰ ਵਚਨਬੱਧ ਨਿਰਪੱਖ ਨਾ ਹੋ ਜਾਵੀਂ ਕਿਤੇ ਬਾਜ਼ਾਰੀ ਬੁੱਧੀਜੀਵੀਆਂ ਵਾਂਗ। ਪੱਖਪਾਤੀ ਰਹੀਂ ਪੂਰੀ ਤਰ੍ਹਾਂ ਪੱਖਪਾਤੀ ਝੁੱਗੀਆਂ ਦਾ ਦੀਵਾ ਬਣੀਂ ਕੁੱਲੀਆਂ ਦਾ ਪਹਿਰੇਦਾਰ | |
ਸੰਤੋਖ ਸਿੰਘ ਧੀਰ | | ਡਾ.ਟੀ.ਆਰ.ਵਿਨੋਦ |
ਪੰਜਾਬੀ ਸਾਹਿਤ ਅੰਦਰ ਨਾਵਲਾਂ-ਕਹਾਣੀਆਂ ਨੂੰ ਲੋਕ-ਪੱਖੀ ਖਾਸ ਕਰਕੇ ਗਰੀਬਾਂ -ਮਿਹਨਤਕਸ਼ਾਂ, ਕਿਸਾਨਾਂ-ਮਜ਼ਦੂਰਾਂ ਤੇ ਨੌਜਵਾਨਾਂ-ਪੱਖੀ, ਜੌਹਰੀ-ਪਰਖ ਤੇ ਸੁਝਾਓ-ਮੁਖੀ ਬੇਬਾਕ ਲਿਖਣੀ ਰਾਹੀਂ ਸਾਹਿਤ ਨੂੰ ਲੋਕਾਂ ਦੀ ਝੋਲੀ ਪਾਉਣ ਵਾਲੇ ਡਾ. ਟੀ.ਆਰ.ਵਿਨੋਦ ਅਤੇ ਪੰਜਾਬੀ ਸਾਹਿਤਕ ਖੇਤਰ ਦੀ ਕਾਵਿ-ਵਿਧਾ ਰਾਹੀਂ "ਸੁੱਤੇ ਦਾਨਸ਼ਾਂ" ਨੂੰ ਜਗਾਉਣ ਅਤੇ "ਰਾਵੀ ਕੰਢੇ ਖਾਧੀਆਂ ਸੌਹਾਂ ਤੇ ਕੀਤੇ ਕੌਲਾਂ" ਨੂੰ ਯਾਦ ਕਰਾਉਣ ਦਾ ਹੋਕਾ ਦੇਣ ਵਾਲੇ ਲੋਕ-ਧਾਰਾ ਦੇ ਕਵੀ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਵਿਛੋੜੇ ਨਾਲ ਸਾਹਿਤਕ ਖੇਤਰ ਅੰਦਰ ਪਏ ਘਾਟੇ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਅਹਿਸਾਸ ਕਰਦਿਆਂ ਲੋਕ ਮੋਰਚਾ ਪੰਜਾਬ ਸਾਹਿਤਕ ਜਗਤ ਦੇ ਇਹਨਾਂ ਲੋਕ-ਲਿਖਾਰੀਆਂ ਨੂੰ ਸਿਜਦਾ ਕਰਦਾ ਹੈ। ਲੋਕ ਮੋਰਚਾ ਪੰਜਾਬ ਦੀ ਤਰਫ਼ੋਂ ਐਨ.ਕੇ.ਜੀਤ ਤੇ ਜਗਮੇਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮੋਰਚੇ ਦੀਆਂ ਇਕਾਈਆਂ, ਸਾਹਿਤ ਪ੍ਰੇਮੀਆਂ ਤੇ ਲੋਕ-ਸੰਘਰਸ਼ਾਂ ਦੇ ਸੰਗਰਾਮੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਦੋਵਾਂ ਕਲਮਕਾਰਾਂ ਦੇ ਮਿਤੀ 14 ਫ਼ਰਵਰੀ ਨੂੰ ਕ੍ਰਮਵਾਰ ਬਠਿੰਡਾ ਅਤੇ ਮੁਹਾਲੀ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮਾਂ 'ਚ ਵਧ ਚੜ੍ਹ ਕੇ ਸ਼ਾਮਲ ਹੋਣ।ਲੋਕ ਮੋਰਚਾ ਦੇ ਕਾਰਕੁੰਨ ਦੋਵਾਂ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਇਹਨਾਂ ਦੋਵੇਂ ਕਲਮਕਾਰਾਂ ਨੇ, ਕਾਲੀਆਂ-ਬੋਲੀਆਂ ਹਨੇਰੀਆਂ, ਲੋਕ-ਪੱਖੀ ਵਿਚਾਰਾਂ ਬਾਰੇ ਉੱਠੇ ਵਾ-ਵਰੋਲਿਆਂ, ਪੂੰਜੀ ਦੇ ਝਲਕਾਰਿਆਂ ਤੇ ਧੌਂਸ ਦੇ ਫੁਕਾਰਿਆਂ ਤੋਂ ਅਡੋਲ ਆਪਣੀਆਂ ਕਲਮ-ਕਿਰਤਾਂ ਤੇ ਆਪੋ-ਆਪਣੀ ਵਿਧਾ ਰਾਹੀਂ ਨਾ ਸਿਰਫ਼ ਖੁਦ ਲੋਕ-ਪੱਖੀ ਆਦਰਸ਼ਾਂ ਦਾ ਪੱਲਾ ਫੜੀ ਰੱਖਿਆ ਸਗੋਂ ਹਜ਼ਾਰਾਂ ਦੀ ਗਿਣਤੀ ਨੂੰ ਇਹ ਪੱਲਾ ਫੜਨ ਲਈ ਪ੍ਰੇਰਿਆ ਤੇ ਉਤਸ਼ਾਹਤ ਕੀਤਾ। ਸਾਹਿਤਕ ਖੇਤਰ ਦੀਆਂ ਵੱਖ ਵੱਖ ਵਿਧਾਵਾਂ ਰਾਹੀਂ ਲੋਕ-ਚੇਤਨਾ ਦੇ ਚਾਨਣ ਦਾ ਛੱਟਾ ਦੇ ਰਹੇ ਸਭਨਾਂ ਕਲਮਕਾਰਾਂ-ਕਲਾਕਾਰਾਂ ਤੋਂ ਲੋਕ ਮੋਰਚਾ ਪੂਰਨ ਆਸ ਰੱਖਦਾ ਹੈ ਕਿ ਉਹ ਇਸ ਘਾਟੇ ਨੂੰ ਪੂਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
|
ਕਵਿਤਾ : ਸ਼੍ਰੀ ਸੰਤੋਖ ਸਿੰਘ ਧੀਰ (ਮਰਹੂਮ)
No comments:
Post a Comment