StatCounter

Showing posts with label Santokh Singh Dheer. Show all posts
Showing posts with label Santokh Singh Dheer. Show all posts

Thursday, February 25, 2010

ਸ਼ਹੀਦ ਸਾਧੂ ਸਿੰਘ ਤਖਤੂਪੁਰਾ

ਕਿਸਾਨ ਲਹਿਰ ਦਾ ਮਾਣਮੱਤਾ ਵਰਕਾ

ਸੰਘਰਸ਼ਾਂ ਦੇ ਅਧਿਕਾਰ 'ਤੇ ਇਹ ਹਿੰਸਕ ਝਪਟਾਂ ਜ਼ਾਹਰ ਕਰਦੀਆਂ ਕਿ ਸੂਬੇ ਵਿਚ ਫੁੱਟ ਰਹੀਆਂ ਕਿਸਾਨ ਜਾਗਰਤੀ ਦੀਆਂ ਕਰੂੰਬਲਾਂ ਸਰਬੱਤ ਦੋਖੀ ਅਧਿਕਾਰਸ਼ਾਹੀ ਨੂੰ ਭੈਅ-ਭੀਤ ਕਰ ਰਹੀਆਂ ਹਨ। ਖੰਨਾ-ਚਮਿਆਰਾ ਕਤਲ-ਕਾਂਡ ਅਤੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇਸ ਗੱਲ ਦਾ ਸੰਕੇਤ ਹੈ ਕਿ ਹਾਕਮ ਕਿਸਾਨ ਹੱਕਾਂ ਦੀ ਲਹਿਰ ਨਾਲ ਹਿੰਸਾ ਅਤੇ ਸਿਆਸੀ ਕਤਲਾਂ ਦੇ ਜ਼ੋਰ ਨਜਿਠਣ 'ਤੇ ਉਤਾਰੂ ਹਨ।


ਕੁਰਬਾਨੀਆਂ ਨਾਲ ਰਚੇ ਜਾ ਰਹੇ ਕਿਸਾਨ ਲਹਿਰ ਦੇ ਇਤਿਹਾਸ ਵਿੱਚ ਇੱਕ ਹੋਰ ਲਿਸ਼ਕਦਾ ਸੂਹਾ ਵਰਕਾ ਜੋੜ ਕੇ ਸਾਧੂ ਸਿੰਘ ਤਖ਼ਤੂਪੁਰਾ 16 ਫਰਵਰੀ ਨੂੰ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ। 65 ਵਰ੍ਹਿਆਂ ਦੀ ਉਮਰ 'ਚ ਉਹ ਲਟ ਲਟ ਬਲਦੇ ਉਤਸ਼ਾਹ ਨਾਲ ਪੰਜਾਬ ਦੇ ਇੱਕ ਤੋਂ ਦੂਜੇ ਸਿਰੇ ਤੱਕ ਕਿਸਾਨ ਜਾਗਰਤੀ ਦਾ ਹੋਕਾ ਦਿੰਦਾ ਫਿਰਦਾ ਸੀ। ਅਧਿਆਪਕ ਦੇ ਕਿੱਤੇ ਤੋਂ ਰਿਟਾਇਰਮੈਂਟ ਲੈ ਕੇ ਉਹ ਜੁਝਾਰ ਕਿਸਾਨ ਲਹਿਰ ਦੇ ਕਾਫ਼ਲੇ ਵਿਚ ਜਾ ਕੁੱਦਿਆ ਸੀ। ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਮੁਲਕ ਦੇ ਸਭਨਾਂ ਮਜ਼ਲੂਮ ਲੋਕਾਂ ਦੀ ਮੁਕਤੀ ਕਿਸਾਨਾਂ-ਕਿਰਤੀਆਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਕਿਸਾਨ ਸੰਘਰਸ਼ਆਂ 'ਤੇ ਨਹੱਕੇ ਪੁਲਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਮੌਤ ਕਈ ਵਾਰ ਉਸ ਨਾਲ ਖਹਿ ਕੇ ਲੰਘਦੀ ਰਹੀ। ਛੰਨਾਂ ਵਿਚ ਕਿਸਾਨ ਘੋਲ ਦੌਰਾਨ ਵਰਦੀਆਂ ਗੋਲੀਆਂ ਦੌਰਾਨ ਜਦੋਂ ਉਸਦੀਆਂ ਉਂਗਲਾਂ ਜ਼ਖਮੀ ਹੋਈਆਂ ਉਦੋਂ ਉਸਦੀ ਪੋਤਰੀ ਵੀ ਕਿਸਾਨ ਕਾਫਲੇ ਦੀਆਂ ਅਗਲੀਆਂ ਕਤਾਰਾਂ ਵਿਚ ਉਸਦੇ ਅੰਗ ਸੰਗ ਜੂਝ ਰਹੀ ਸੀ।

ਖਤਰਿਆਂ ਤੋਂ ਬੇਪਰਵਾਹ ਕੁਰਬਾਨੀ ਦੀ ਅਡੋਲ ਭਾਵਨਾ ਨਾਲ ਉਹ ਆਖਰੀ ਸਾਹ ਤੱਕ ਜੂਝਿਆ। ਉਸ ਨੇ ਮਿਹਨਤਕਸ਼ ਲੋਕਾਂ ਦੇ ਦਰਦ ਵਿਚ ਪਰੋਏ ਗੀਤਾਂ ਦੀ ਰਚਨਾ ਕੀਤੀ। ਉਸਦਾ ਗੀਤ "ਸਾਨੂੰ ਭੁੱਖਿਆਂ ਨੂੰ ਹੋਰ ਨਾ ਬਗਾਰ ਪੁੱਗਦੀ" ਚਾਰ ਦਹਾਕਿਆਂ ਤੋਂ ਮਿਹਨਤਕਸ਼ਾਂ ਦੀਆਂ ਸਟੇਜਾਂ 'ਤੇ ਗੂੰਜਦਾ ਆ ਰਿਹਾ ਹੈ। ਆਪਣੇ ਬੋਲਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਉਹ ਇਹਨਾਂ ਦੀ ਗੂੰਜ ਉੱਚੀ ਕਰ ਗਿਆ।

14 ਫ਼ਰਵਰੀ ਨੂੰ ਮੈਂ ਉਸ ਨੂੰ ਆਖ਼ਰੀ ਵਾਰ ਤੱਕਿਆ ਸੀ। ਉਹ ਅੰਮ੍ਰਿਤਸਰ ਚੱਲ ਰਹੇ ਕਰੜੇ ਸੰਘਰਸ਼ ਦੇ ਮੈਦਾਨ ਵਿੱਚੋਂ ਮੁਹਾਲੀ ਆਇਆ ਸੀ। ਲੋਕ ਪੱਖੀ ਸਾਹਿਤ ਦੀ ਮਕਬੂਲ ਹਸਤੀ ਸੰਤੋਖ ਸਿੰਘ ਧੀਰ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਣ ਲਈ। ਮਜ਼ਲੂਮ ਲੋਕਾਂ ਦੀਆਂ ਆਸਾਂ, ਉਮੰਗਾਂ ਅਤੇ ਸੁਪਨਿਆਂ ਦੀ ਅਵਾਜ਼ ਬਣ ਕੇ ਗੂੰਜਦੀ ਰਹੀ ਵਿੱਛੜ ਗਈ ਸੰਗਰਾਮੀ ਕਲਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਸ ਨੇ ਪੰਡਾਲ ਵਿੱਚ ਜੁੜੇ ਸਰੋਤਿਆਂ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਬੋਲ ਯਾਦ ਕਰਵਾਏ ਅਤੇ ਦਾਤੀਆਂ ਕਲਮਾਂ ਅਤੇ ਹਥੌੜਿਆਂ ਦੀ ਏਕਤਾ ਦਾ ਸੱਦਾ ਦਿੱਤਾ। "ਲੋਕ ਕਵੀ ਸੰਤੋਖ਼ ਸਿੰਘ ਧੀਰ ਅਮਰ ਰਹੇ" ਦਾ ਬੈਨਰ ਅਤੇ ਉਹਨਾਂ ਦੀਆਂ ਕਵਿਤਾਵਾਂ ਦੀਆਂ ਤਖਤੀਆਂ ਚੁੱਕੀਂ ਪੰਡਾਲ ਵਿਚ ਦਾਖਲ ਹੋਏ ਸੈਂਕੜੇ-ਮਜ਼ਦੂਰਾਂ ਦੇ ਕਾਫ਼ਲੇ ਨੇ ਸਭਨਾਂ ਦਾ ਧਿਆਨ ਖਿੱਚਿਆ ਸੀ। ਸਾਧੂ ਸਿੰਘ ਤਖ਼ਤੂਪੁਰਾ ਨੇ ਜੋਰ ਦਿੱਤਾ ਕਿ ਲੋਕਾਂ ਦੇ ਸਾਹਿਤਕਾਰਂ ਨੂੰ ਸੰਭਾਲਣਾ ਪਹਿਲ-ਪ੍ਰਿਥਮੇ ਲੋਕਾਂ ਦੀਆਂ ਜਥੇਬੰਦੀਆਂ ਦੀ ਜੁੰਮੇਵਾਰੀ ਹੈ। ਲੋਕ-ਹਿਤੈਸ਼ੀ ਕਲਮਾਂ ਦੇ ਸਤਿਕਾਰ ਅਤੇ ਉਹਨਾਂ ਨਾਲ ਰਿਸ਼ਤੇ ਦੇ ਇਜ਼ਹਾਰ ਵਜੋਂ ਹੀ ਬੀ.ਕੇ.ਯੂ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਸੰਤੋਖ ਸਿੰਘ ਧੀਰ ਦੇ ਪਰਿਵਾਰ ਨੂੰ ਪੈਂਤੀ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।

ਸ਼ਾਇਦ ਇਹ ਇਤਫ਼ਾਕ ਨਹੀਂ ਸੀ ਕਿ ਇਸ ਸਮਾਗਮ ਵਿਚ ਸ਼ਰੀਕ ਹੁੰਦਿਆਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਮਾਜ ਦੀ ਅਸਲੀਅਤ ਨੂੰ ਪੇਸ਼ ਕਰਦੀ ਸੰਤੋਖ਼ ਸਿੰਘ ਧੀਰ ਦੀ ਰਚਨਾ ਮੁਲਕ ਦੇ ਸਮਾਜਿਕ ਪ੍ਰਬੰਧ ਦੇ ਹਿੰਸਕ ਸੁਭਾਅ ਨੂੰ ਚਿਤਰਦੀ ਹੈ। ਉਹਨਾਂ ਦੀਆਂ ਕਿੰਨੀਆਂ ਹੀ ਕਵਿਤਾਵਾਂ ਅਤੇ ਕਹਾਣੀਆਂ ਤਾਕਤ ਦੀ ਟੀਸੀ 'ਤੇ ਬੈਠੀਆਂ ਜਮਾਤਾਂ ਅਤੇ ਉਹਨਾਂ ਦੇ ਰਾਜ ਪ੍ਰਬੰਧ ਦੇ ਵਜੂਦ 'ਚ ਸਮੋਈ ਇਸ ਹਿੰਸਾ ਦੀ ਘਿਨਾਉਣੀ ਅਸਲੀਅਤ ਪੇਸ਼ ਕਰਦੀਆਂ ਹਨ।

ਸਾਧੂ ਸਿੰਘ ਤਖਤੂਪੁਰਾ ਇਸ ਸਮਾਗਮ ਤੋਂ ਰੁਖ਼ਸਤ ਲੈਂਦਿਆਂ ਹੀ ਮੁੜ ਸੰਘਰਸ਼ ਦੇ ਮੈਦਾਨ 'ਚ ਪਰਤ ਗਿਆ, ਜਿੱਥੇ ਸਮਾਜਿਕ ਤਾਕਤ ਦੀਆਂ ਮਾਲਕ ਗਿਰਝਾਂ ਦਾ ਹਿੰਸਕ ਪੰਜਾ ਉਸ ਉੱਤੇ ਘਾਤ ਲਾ ਕੇ ਝਪਟ ਲੈਣ ਲਈ ਇੰਤਜ਼ਾਰ ਕਰ ਰਿਹਾ ਸੀ। ਸੰਘਰਸ਼ ਦੇ ਮੈਦਾਨ 'ਚ ਸ਼ਹਾਦਤ ਪਾ ਕੇ ਸਾਧੂ ਸਿੰਘ ਤਖਤੂਪੁਰਾ ਨੇ ਸੰਤੋਖ ਸਿੰਘ ਧੀਰ ਦੀ ਰਚਨਾ ਦੀ ਗਵਾਹੀ ਆਪਣੇ ਲਹੂ ਨਾਲ ਲਿਖ ਦਿੱਤੀ। ਇਉਂ ਉਹ ਖੁਦ ਸੰਤੋਖ ਸਿੰਘ ਧੀਰ ਦੀ ਅਣ-ਲਿਖੀ ਕਵਿਤਾ ਹੋ ਨਿਬੜਿਆ।

ਸਾਧੂ ਸਿੰਘ ਤਖਤੂਪੁਰਾ ਦਾ ਕਤਲ ਇੱਕ ਸਿਆਸੀ ਕਤਲ ਹੈ। ਅੰਮ੍ਰਿਤਸਰ ਵਿੱਚ ਚਲ ਰਹੀ ਜਦੋਜਹਿਦ ਆਬਾਦਕਾਰ ਕਿਸਾਨਾਂ ਦੀ ਮਾਲਕੀ ਦੇ ਹੱਕ ਲਿਤਾੜ ਕੇ ਜਮੀਨਾਂ ਹੜੱਪ ਲੈਣ ਲਈ ਝਪਟ-ਰਹੀ ਲੋਕ ਦੁਸ਼ਮਣ ਜੁੰਡੀ ਨੂੰ ਬੇਆਰਾਮ ਕਰ ਰਹੀ ਸੀ। ਇਸ ਜੁੰਡੀ ਵਿੱਚ ਵੱਡੇ ਧਨਾਢ, ਸਿਆਸਤਦਾਨ ਅਤੇ ਪੁਲਸ ਅਧਿਕਾਰੀ ਸ਼ਾਮਲ ਹਨ। ਇਹਨਾਂ ਵਿਚ ਸਾਬਕਾ ਐਮ.ਐਲ.ਏ ਵੀਰ ਸਿੰਘ ਲੋਪੋਕੇ ਸ਼ਾਮਲ ਹੈ। ਥਾਣੇਦਾਰ ਰਛਪਾਲ ਸਿੰਘ ਬਾਬਾ ਸ਼ਾਮਲ ਹੈ, ਇੱਕ ਕਿਸਾਨ ਸੁੱਖਾ ਸਿੰਘ ਦੇ ਕਤਲ ਦੇ ਦੋਸ਼ ਵਿਚ ਜਿਸਦੀ ਗ੍ਰਿਫ਼ਤਾਰੀ ਲਈ 17 ਫ਼ਰਵਰੀ ਨੂੰ ਅਜਨਾਲਾ ਵਿਚ ਕਿਸਾਨਾਂ ਨੇ ਧਰਨਾ ਰੱਖਿਆ ਹੋਇਆ ਸੀ। ਇਸ ਤੋਂ ਪਹਿਲਾਂ ਸੌੜੀਆਂ ਵਿਚ ਕਿਸਾਨਾਂ 'ਤੇ ਖੂਨੀ ਹਮਲਾ ਹੋ ਚੁੱਕਿਆ ਸੀ ਅਤੇ ਖੰਨਾ-ਚਮਿਆਰਾ ਪਿੰਡ ਵਿਚ ਖ਼ੂਨੀਂ ਕਾਂਡ ਰਚਾ ਕੇ ਦੋ ਕਿਸਾਨ ਸ਼ਹੀਦ ਕਰ ਦਿੱਤੇ ਗਏ ਸਨ। ਖੰਨਾ-ਚਮਿਆਰਾ ਕਾਂਡ ਦੇ ਮੁਜ਼ਰਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਨਾਂ ਬੋਲਦਾ ਹੈ। ਕਤਲਾਂ ਦੇ ਇਹ ਮੁਜ਼ਰਮ ਅਜੇ ਤੱਕ ਸੁਰਖਿਅਤ ਹਨ। ਇਹ ਗੱਲ ਕਾਤਲਾਂ ਨੂੰ ਰਾਜ-ਭਾਗ ਦੀ ਸਰਪ੍ਰਸਤੀ ਦੀ ਚੁਗਲੀ ਕਰਦੀ ਹੈ।

ਇਹ ਗੱਲ ਵਰਨਣਯੋਗ ਹੈ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੇ ਸਿੱਟੇ ਵਜੋਂ ਅਖੌਤੀ ਅਮਨ ਕਨੂੰਨ ਨੂੰ ਸੂਈ ਤਾਂ ਕੀ ਸਿਲਤ੍ਹ ਵੀ ਨਹੀਂ ਸੀ ਵੱਜੀ। ਇਸਦੇ ਬਾਵਜੂਦ ਸੰਘਰਸ਼ਾਂ ਦੇ ਅਧਿਕਾਰ 'ਤੇ ਇਹ ਹਿੰਸਕ ਝਪਟਾਂ ਜ਼ਾਹਰ ਕਰਦੀਆਂ ਕਿ ਸੂਬੇ ਵਿਚ ਫੁੱਟ ਰਹੀਆਂ ਕਿਸਾਨ ਜਾਗਰਤੀ ਦੀਆਂ ਕਰੂੰਬਲਾਂ ਸਰਬੱਤ ਦੋਖੀ ਅਧਿਕਾਰਸ਼ਾਹੀ ਨੂੰ ਭੈਅ-ਭੀਤ ਕਰ ਰਹੀਆਂ ਹਨ। ਖੰਨਾ-ਚਮਿਆਰਾ ਕਤਲ-ਕਾਂਡ ਅਤੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇਸ ਗੱਲ ਦਾ ਸੰਕੇਤ ਹੈ ਕਿ ਹਾਕਮ ਕਿਸਾਨ ਹੱਕਾਂ ਦੀ ਲਹਿਰ ਨਾਲ ਹਿੰਸਾ ਅਤੇ ਸਿਆਸੀ ਕਤਲਾਂ ਦੇ ਜ਼ੋਰ ਨਜਿਠਣ 'ਤੇ ਉਤਾਰੂ ਹਨ।

ਇਹ ਨਾ ਸਿਰਫ਼ ਕਿਸਾਨਾਂ ਲਈ ਸਗੋਂ ਹੱਕਾਂ ਲਈ ਜੂਝ ਰਹੇ ਸਭਨਾਂ ਲੋਕਾਂ ਲਈ ਖਤਰੇ ਨੂੰ ਪਛਾਨਣ ਦੀ ਘੜੀ ਹੈ। 28 ਫ਼ਰਵਰੀ ਨੂੰ 22 ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਪਿੰਡ ਤਖਤੂਪੁਰਾ ਵਿਚ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸਾਂਝਾ ਸਮਾਗਮ ਕਰ ਰਹੀਆਂ ਹਨ। ਤਖਤੂਪੁਰਾ ਦਾ ਡੁੱਲ੍ਹਿਆ ਲਹੂ ਹੱਕਾਂ ਲਈ ਵਿਸ਼ਾਲ ਏਕਾ ਉਸਾਰ ਕੇ ਜੂਝਣ ਦਾ ਹੋਕਾ ਬਣ ਗਿਆ ਹੈ। ਇਹ ਸਾਂਝਾ ਸਮਾਗਮ ਸਮੇਂ ਦੀ ਲੋੜ ਨੂੰ ਹੁੰਗਾਰਾ ਹੈ ਅਤੇ ਕਿਸਾਨ ਆਗੂ ਨੂੰ ਖ਼ਰੀ ਸ਼ਰਧਾਂਜਲੀ ਦਾ ਰਸਤਾ ਹੈ।

ਕਿਸਾਨ ਲਹਿਰ ਦੇ ਅਗਲੇ ਵਰਕੇ ਸ਼ਹੀਦ ਤਖਤੂਪੁਰਾ ਦੇ ਡੁਲ੍ਹੇ ਲਹੂ ਨਾਲ ਰੌਸ਼ਨ ਹੋਣ ਦੀ ਇੰਤਜ਼ਾਰ ਵਿਚ ਹਨ।

ਵਲੋਂ- ਜਸਪਾਲ ਜੱਸੀ
ਮਕਾਨ ਨੰ: 15509, ਗਲੀ ਨੰ:1,
ਹਜ਼ੂਰਾ ਕਪੂਰਾ ਕਲੋਨੀ
ਬਠਿੰਡਾ - 151001

Friday, February 12, 2010

ਸ਼ਰਧਾਂਜਲੀ


ਪੰਜਾਬੀ ਸਾਹਿਤ ਦੇ ਨਾਮਾਵਰ ਹਸਤਾਖ਼ਰਾਂ ਨੂੰ ਸਿਜਦਾ



homage to santokh singh dheer, eminent punjabi writer,left thinker

ਹੇ ਸਿਪਾਹੀ!
ਹੇ ਕਲ੍ਹ ਦੇ ਰਾਹੀ!
ਤੂੰ ਪ੍ਰਤੀਬੱਧ
ਤੂੰ ਵਚਨਬੱਧ
ਨਿਰਪੱਖ ਨਾ ਹੋ ਜਾਵੀਂ ਕਿਤੇ
ਬਾਜ਼ਾਰੀ ਬੁੱਧੀਜੀਵੀਆਂ ਵਾਂਗ।
ਪੱਖਪਾਤੀ ਰਹੀਂ
ਪੂਰੀ ਤਰ੍ਹਾਂ ਪੱਖਪਾਤੀ
ਝੁੱਗੀਆਂ ਦਾ ਦੀਵਾ ਬਣੀਂ
ਕੁੱਲੀਆਂ ਦਾ ਪਹਿਰੇਦਾਰ
homage to dr. t. r. vinod,eminent punjabi writer.left thinker
ਸੰਤੋਖ ਸਿੰਘ ਧੀਰ
ਡਾ.ਟੀ.ਆਰ.ਵਿਨੋਦ

ਪੰਜਾਬੀ ਸਾਹਿਤ ਅੰਦਰ ਨਾਵਲਾਂ-ਕਹਾਣੀਆਂ ਨੂੰ ਲੋਕ-ਪੱਖੀ ਖਾਸ ਕਰਕੇ ਗਰੀਬਾਂ -ਮਿਹਨਤਕਸ਼ਾਂ, ਕਿਸਾਨਾਂ-ਮਜ਼ਦੂਰਾਂ ਤੇ ਨੌਜਵਾਨਾਂ-ਪੱਖੀ, ਜੌਹਰੀ-ਪਰਖ ਤੇ ਸੁਝਾਓ-ਮੁਖੀ ਬੇਬਾਕ ਲਿਖਣੀ ਰਾਹੀਂ ਸਾਹਿਤ ਨੂੰ ਲੋਕਾਂ ਦੀ ਝੋਲੀ ਪਾਉਣ ਵਾਲੇ ਡਾ. ਟੀ.ਆਰ.ਵਿਨੋਦ ਅਤੇ ਪੰਜਾਬੀ ਸਾਹਿਤਕ ਖੇਤਰ ਦੀ ਕਾਵਿ-ਵਿਧਾ ਰਾਹੀਂ "ਸੁੱਤੇ ਦਾਨਸ਼ਾਂ" ਨੂੰ ਜਗਾਉਣ ਅਤੇ "ਰਾਵੀ ਕੰਢੇ ਖਾਧੀਆਂ ਸੌਹਾਂ ਤੇ ਕੀਤੇ ਕੌਲਾਂ" ਨੂੰ ਯਾਦ ਕਰਾਉਣ ਦਾ ਹੋਕਾ ਦੇਣ ਵਾਲੇ ਲੋਕ-ਧਾਰਾ ਦੇ ਕਵੀ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਵਿਛੋੜੇ ਨਾਲ ਸਾਹਿਤਕ ਖੇਤਰ ਅੰਦਰ ਪਏ ਘਾਟੇ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਅਹਿਸਾਸ ਕਰਦਿਆਂ ਲੋਕ ਮੋਰਚਾ ਪੰਜਾਬ ਸਾਹਿਤਕ ਜਗਤ ਦੇ ਇਹਨਾਂ ਲੋਕ-ਲਿਖਾਰੀਆਂ ਨੂੰ ਸਿਜਦਾ ਕਰਦਾ ਹੈ।
ਲੋਕ ਮੋਰਚਾ ਪੰਜਾਬ ਦੀ ਤਰਫ਼ੋਂ ਐਨ.ਕੇ.ਜੀਤ ਤੇ ਜਗਮੇਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮੋਰਚੇ ਦੀਆਂ ਇਕਾਈਆਂ, ਸਾਹਿਤ ਪ੍ਰੇਮੀਆਂ ਤੇ ਲੋਕ-ਸੰਘਰਸ਼ਾਂ ਦੇ ਸੰਗਰਾਮੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਦੋਵਾਂ ਕਲਮਕਾਰਾਂ ਦੇ ਮਿਤੀ 14 ਫ਼ਰਵਰੀ ਨੂੰ ਕ੍ਰਮਵਾਰ ਬਠਿੰਡਾ ਅਤੇ ਮੁਹਾਲੀ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮਾਂ 'ਚ ਵਧ ਚੜ੍ਹ ਕੇ ਸ਼ਾਮਲ ਹੋਣ।ਲੋਕ ਮੋਰਚਾ ਦੇ ਕਾਰਕੁੰਨ ਦੋਵਾਂ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਇਹਨਾਂ ਦੋਵੇਂ ਕਲਮਕਾਰਾਂ ਨੇ, ਕਾਲੀਆਂ-ਬੋਲੀਆਂ ਹਨੇਰੀਆਂ, ਲੋਕ-ਪੱਖੀ ਵਿਚਾਰਾਂ ਬਾਰੇ ਉੱਠੇ ਵਾ-ਵਰੋਲਿਆਂ, ਪੂੰਜੀ ਦੇ ਝਲਕਾਰਿਆਂ ਤੇ ਧੌਂਸ ਦੇ ਫੁਕਾਰਿਆਂ ਤੋਂ ਅਡੋਲ ਆਪਣੀਆਂ ਕਲਮ-ਕਿਰਤਾਂ ਤੇ ਆਪੋ-ਆਪਣੀ ਵਿਧਾ ਰਾਹੀਂ ਨਾ ਸਿਰਫ਼ ਖੁਦ ਲੋਕ-ਪੱਖੀ ਆਦਰਸ਼ਾਂ ਦਾ ਪੱਲਾ ਫੜੀ ਰੱਖਿਆ ਸਗੋਂ ਹਜ਼ਾਰਾਂ ਦੀ ਗਿਣਤੀ ਨੂੰ ਇਹ ਪੱਲਾ ਫੜਨ ਲਈ ਪ੍ਰੇਰਿਆ ਤੇ ਉਤਸ਼ਾਹਤ ਕੀਤਾ।
ਸਾਹਿਤਕ ਖੇਤਰ ਦੀਆਂ ਵੱਖ ਵੱਖ ਵਿਧਾਵਾਂ ਰਾਹੀਂ ਲੋਕ-ਚੇਤਨਾ ਦੇ ਚਾਨਣ ਦਾ ਛੱਟਾ ਦੇ ਰਹੇ ਸਭਨਾਂ ਕਲਮਕਾਰਾਂ-ਕਲਾਕਾਰਾਂ ਤੋਂ ਲੋਕ ਮੋਰਚਾ ਪੂਰਨ ਆਸ ਰੱਖਦਾ ਹੈ ਕਿ ਉਹ ਇਸ ਘਾਟੇ ਨੂੰ ਪੂਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਕਵਿਤਾ : ਸ਼੍ਰੀ ਸੰਤੋਖ ਸਿੰਘ ਧੀਰ (ਮਰਹੂਮ)