StatCounter

Friday, November 19, 2010

ਮੋਰਚੇ ’ਚ ਗੁਜ਼ਾਰੀ ਰਾਤ


ਹਰਮੇਸ਼ ਮਾਲੜੀ

ਉਨੱਤੀ ਅਕਤੂਬਰ ਨੂੰ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਮੰਡੀਆਂ ਵਿੱਚ ਹੋ ਰਹੀ ਬੇਕਦਰੀ ਵਿਰੁੱਧ 24 ਘੰਟਿਆਂ ਲਈ ਰੇਲਾਂ ਜਾਮ ਕਰਨ ਦਾ ਸੱਦਾ ਸੀ; ਜਿਸ ਨੂੰ 7 ਮਜ਼ਦੂਰ ਜਥੇਬੰਦੀਆਂ ਦੀ ਵੀ ਹਮਾਇਤ ਹਾਸਲ ਸੀ। ਪੰਜਾਬ ਵਿੱਚ 11 ਥਾਵਾਂ ’ਤੇ ਹੋਏ ਇਸ ਸਫਲ ਐਕਸ਼ਨ ਬਾਬਤ ਬੇਸ਼ਕ ਸਾਰੇ ਪਾਠਕ ਪੜ੍ਹ ਚੁੱਕੇ ਹਨ। ਮੈਂ ਆਪਣੇ ਵੱਲੋਂ ਇਨ੍ਹਾਂ ਕਿਸਾਨਾਂ ਨਾਲ ਗੁਜ਼ਾਰੇ 24 ਘੰਟਿਆਂ ਨੂੰ, ਪੰਜਾਬ ਵਿੱਚ ਖੇਤੀ ਧੰਦੇ ਦੇ ਡੂੰਘੇ ਹੋ ਰਹੇ ਸੰਕਟ ਅਤੇ ਇਸ ਦੀ ਮਾਰ ਹੇਠ ਆਏ ਕਿਸਾਨਾਂ-ਮਜ਼ਦੂਰਾਂ ਵੱਲੋਂ ਛੇੜੇ ਅੰਦੋਲਨ ਦੀ ਦਿਸ਼ਾ ਦੇ ਸਰੋਕਾਰਾਂ ਦੇ ਅਨੁਭਵ ਵਜੋਂ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ।
ਇਹ ਵੱਖਰਾ ਸਵਾਲ ਹੈ ਕਿ ਇਸ ਅੰਦੋਲਨ ਦੇ ਅਸਰ ਤਹਿਤ ਸਰਕਾਰ ਕਿਸਾਨਾਂ ਦੀ ਮੰਗ ਮੰਨਦੀ ਹੈ ਜਾਂ ਨਹੀਂ ਜਾਂ ਕਿੰਨੀ ਕੁ ਮੰਨਦੀ ਹੈ। ਇਨ੍ਹਾਂ 24 ਘੰਟਿਆਂ ਦੌਰਾਨ ਕਿਸਾਨਾਂ ਦੀ ਲੜਨ ਸਮਰੱਥਾ, ਦ੍ਰਿੜ੍ਹਤਾ, ਸਰਕਾਰੀ ਨੀਤੀਆਂ ਜਾਂ ਪਰਦਾਚਾਕ ਕਰਨ, ਖੇਤੀ ਧੰਦੇ ਦੇ ਸੰਕਟ ਸਬੰਧੀ ਜਾਣਕਾਰੀ ਅਤੇ ਆਪਣੀਆਂ ਮੰਗਾਂ ਸਬੰਧੀ ਵਾਜਬੀਅਤ ਲਈ ਕਿਸਾਨਾਂ ਵੱਲੋਂ ਦਿੱਤੀਆਂ ਦਲੀਲਾਂ ਨੇ ਮੇਰਾ ਇਹ ਵਿਸ਼ਵਾਸ ਪੱਕਾ ਕੀਤਾ ਹੈ ਕਿ ਕਿਸਾਨ ਅੰਦੋਲਨ ਠੀਕ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜੋ ਕਿ ਪੰਜਾਬ ਦੇ ਖੇਤੀ ਅਰਥਚਾਰੇ ਦੇ ਮੰਦਵਾੜੇ ਕਾਰਨ ਪੰਜਾਬ ਦੀ ਕੁੱਲ ਕਾਮਾ ਸ਼ਕਤੀ ’ਤੇ ਮਾਰੂ ਸਿੱਧ ਹੋ ਰਿਹਾ ਹੈ, ਨੂੰ ਬਚਾਉਣ ਲਈ ਢੋਈ ਬਣੇਗਾ। ਮਸਲਨ ਇਕ ਕਿਸਾਨ ਬੁਲਾਰੇ ਨੇ ਇਥੇ ਬੋਲਦੇ ਸਮੇਂ ਝੋਨੇ ਦੀ ਖਰੀਦ ਨਾ ਕਰਨ ਸਬੰਧੀ ਸਰਕਾਰੀ ਖਰੀਦ ਏਜੰਸੀਆਂ ਦੀ ਦਲੀਲ ਨੂੰ ਆਪਣੀ ਦਲੀਲ ਨਾਲ ਇਉਂ ਕਾਟ ਕੀਤਾ। ਉਹਨੇ ਕਿਹਾ, ‘‘ਸਰਕਾਰ ਸਾਨੂੰ 15 ਜੂਨ ਤੋਂ ਪਹਿਲਾਂ ਝੋਨਾ ਬੀਜਣ ਨਹੀਂ ਦਿੰਦੀ।’’ ‘‘ਕੋਈ ਇਨ੍ਹਾਂ ਭੜੂਆਂ ਨੂੰ ਪੁੱਛੇ ਪਈ ਜੇਕਰ 15 ਜੂਨ ਤੋਂ ਪਿੱਛੋਂ ਝੋਨਾ ਬੀਜਿਆ ਜਾਊਗਾ ਤਾਂ ਅਕਤੂਬਰ ਵਿੱਚ ਪੱਕੂ..ਤੇ ਸਿਆਲ ਦੀ ਸ਼ੁਰੂਆਤ ਹੋਣ ਕਰਕੇ ਸਿੱਲ ਤਾਂ ਹੋਣੀ ਹੀ ਹੈ, ਉਤੇ ਜੇਕਰ ਮੀਂਹ ਜਾਂ ਗੜੇ ਪੈ ਜਾਣ ਤਾਂ ਫਿਰ ਕਿਸਾਨ ਕੀ ਕਰੇ? ਕਿਸਾਨ ਲਈ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।’’ ਮੈਨੂੰ ਲੱਗਦਾ ਕਿ ਏਡੀ ਕਮਾਲ ਦੀ ਦਲੀਲ ਕੋਈ ਵੱਡਾ ਖੇਤੀ ਮਾਹਰ ਵੀ ਸ਼ਾਇਦ ਨਾ ਦੇ ਸਕੇ। ਕਿਸੇ ਵੀ ਮੰਗ ਪ੍ਰਤੀ ਜਿੰਨੀ ਵਾਜਬੀਅਤ ਜਚੀ ਹੋਈ ਹੋਵੇ ਸੰਘਰਸ਼ ਓਨੀ ਹੀ ਦ੍ਰਿੜ੍ਹਤਾ ਨਾਲ ਲੜਿਆ ਜਾਂਦਾ ਹੈ। ਇਸ ਰੇਲ ਜਾਮ ਦੌਰਾਨ ਵੀ ਕਿਸਾਨਾਂ ਦੀ ਇਹੋ ਜਿਹੀ ਦ੍ਰਿੜ੍ਹਤਾ ਹੀ ਨਜ਼ਰ ਆਈ। ਲੰਗਰ ਤਿਆਰ ਕਰਨ, ਮੀਡੀਆ ਨੂੰ ਸੰਬੋਧਨ ਹੋਣ, ਸਟੇਜ ਸੰਚਾਲਨ ਅਤੇ ਕੁੱਲ ਇਕੱਠ ਦੇ ਕੰਟਰੋਲ ਲਈ ਜਿਸ ਤਰ੍ਹਾਂ ਵਲੰਟੀਅਰਾਂ ਦੀਆਂ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਸਨ ਤੇ ਜਿਸ ਤਰ੍ਹਾਂ ਪਿੰਡਾਂ ਵਿੱਚੋਂ ਆ ਰਹੇ ਕਿਸਾਨ ਕਾਫਲੇ ਆਪਣੇ ਨਾਲ ਦੁੱਧ ਭਰੀਆਂ ਢੋਲੀਆਂ ਤੇ ਆਟੇ ਦੇ ਗੱਟੇ ਲਿਆ ਰਹੇ ਸਨ ਤੇ ਜਿਵੇਂ ਕਿਸਾਨਾਂ ਦੇ ਮੋਢਿਆਂ ਦੇ ਕੰਬਲ, ਭੂਰੇ ਧਰੇ ਪਏ ਸਨ। ਇਹ ਦੇਖ ਕੇ ਲੱਗਦਾ ਸੀ ਜਿਵੇਂ ਕਿਸਾਨ 24 ਘੰਟੇ ਨਹੀਂ ਬਲਕਿ ਕਿਸੇ ਨਿਬੇੜਾਕਰੂ ਮੋਰਚੇ ਮੱਲਣ ਦੀ ਤਿਆਰੀ ਕਰਕੇ ਆਏ ਹੋਣ। ਵੱਡੀ ਤਦਾਦ ਵਿੱਚ ਲਾਈ ਹੋਈ ਪੁਲੀਸ ਫੋਰਸ ਨੂੰ ਵੀ ਕਿਸਾਨ ਬਹੁਤ ਹੀ ਸਹਿਜਤਾ ਨਾਲ ਲੈ ਰਹੇ ਸਨ। ਕਿਸੇ ਦੇ ਵੀ ਚਿਹਰੇ ’ਤੇ ਕੋਈ ਘਬਰਾਹਟ ਜਾਂ ਕਾਹਲਾਪਨ ਨਜ਼ਰ ਨਹੀਂ ਆਇਆ। ਹਰ ਕਿਸਾਨ ਦੇ ਬੁੱਲਾਂ ’ਤੇ ਇਹ ਗੁੱਝਾ ਸਵਾਲ ਮੁਸਕਰਾ ਰਿਹਾ ਸੀ ਜਿਵੇਂ ਉਹ ਪੁਲੀਸ ਨੂੰ ਕਹਿ ਰਹੇ ਹੋਣ, ‘‘ਪੁਲੀਸ ਵਾਲਿਓ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕਰਨ ਦਿਓ।’’
ਕੋਈ ਤਿੰਨ ਹਜ਼ਾਰ ਦੇ ਲਗਪਗ ’ਕੱਠ ਵਿੱਚ 98 ਫੀਸਦੀ ਸਿੱਖ ਕਿਸਾਨ ਸਨ। ਇਨ੍ਹਾਂ ਵਿੱਚੋਂ ਵੀ ਬਹੁਤੇ ਅੰਮ੍ਰਿਤਧਾਰੀ ਤੇ ਅੱਗੋਂ ਇਨ੍ਹਾਂ ਵਿੱਚੋਂ ਇਕ ਗਿਣਨਯੋਗ ਗਿਣਤੀ ਨਿਹੰਗ ਸਿੰਘਾਂ ਦੀ ਸੀ। ਇਨ੍ਹਾਂ ਸਿੱਖਾਂ ਵਿੱਚ ਬਾਬੇ ਨਾਨਕ ਦੀ ਸੱਚੀ ਸਿੱਖੀ ਦਾ ਝਲਕਾਰਾ ਸਪਸ਼ਟ ਦੀਹਦਾ ਸੀ। ਪੂਰੀਆਂ ਸਿੱਖੀ ਰਵਾਇਤਾਂ ਨਾਲ ਇਨ੍ਹਾਂ ਮੋਰਚੇ ’ਤੇ ਬਾਕਾਇਦਾ ਪਾਠ ਕਰਕੇ ਜਦੋਂ ਅਰਦਾਸ ਕੀਤੀ ਤਾਂ ਇਹ ਸ਼ਬਦ ਵੀ ਸਹਿਜ ਸੁਭਾਅ ਹੀ ਕਹੇ, ‘‘ਹੇ ਅਕਾਲ ਪੁਰਖ ਅਸੀਂ ਹੱਕ, ਸੱਚ, ਇਨਸਾਫ ਦੀ ਲੜਾਈ ਲੜ ਰਹੇ ਹਾਂ। ਸਾਨੂੰ ਸਮੱਤ ਬਖਸ਼ੋ ਕਿ ਸਾਡਾ ਇਹ ਮੋਰਚਾ ਫਤਿਹ ਹੋਵੇ।’’ ਬਹੁਤੇ ਕਿਸਾਨਾਂ ਨੇ ਰਵਾਇਤੀ ਨੀਲੀ ਪੱਗੜੀ ਹੀ ਬੰਨ੍ਹੀ ਹੋਈ ਸੀ ਜੋ ਉਪਰੀ ਨਜ਼ਰੇ ਤਾਂ ਅਕਾਲੀਆਂ ਦਾ ’ਕੱਠ ਹੋਣ ਦਾ ਭੁਲੇਖਾ ਪਾਉਂਦੀ ਸੀ, ਪਰ ਜਦੋਂ ਸਪੀਕਰ ’ਤੇ ਖਾਸ ਕਰਕੇ ਦੋਹਾਂ ਬਾਦਲਾਂ ਵਿਰੁੱਧ ਕੋਈ ਟਿੱਪਣੀ ਹੁੰਦੀ ਤਾਂ ਹੇਠੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮਿਲਦੀ ਪ੍ਰਵਾਨਗੀ ਆਪਣੇ-ਆਪ ਵਿੱਚ ਹੀ ਇਕ ਫਤਵਾ ਲੱਗਦੀ। ਇਸੇ ਫਤਵੇ ਦਾ ਅਸਰ ਪੰਥ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਨੂੰ ਆਉਂਦੇ ਸਮੇਂ ਵਿੱਚ ਦੁਰਕਾਰੇਗਾ।
ਕਿਸਾਨਾਂ ਦੀ ਵਧੀ ਹੋਈ ਰਾਜਨੀਤਕ ਸੂਝ ਦਾ ਅੰਦਾਜ਼ਾ ਇਕ ਬੁਲਾਰੇ ਦੇ ਬੋਲਾਂ ’ਚੋਂ ਇੰਜ ਝਲਕਿਆ। ਉਸ ਨੇ ਕਿਹਾ, ‘‘ਉਏ ਮਨਪ੍ਰੀਤ ਸਿੰਹਾਂ! ਤੂੰ ਕਰਜ਼ੇ ਦੇ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਏਂ। ਕਰਜ਼ਾ ਦੇਣਾ ਜਾਂ ਮੁਆਫ ਕਰਨਾ, ਸਬਸਿਡੀਆਂ ਦੇਣੀਆਂ ਜਾਂ ਵਾਪਸ ਲੈਣੀਆਂ ਨਾ ਤੇਰੇ ਤਾਏ ਦੇ ਵਸ ਵਿੱਚ ਹੈ ਨਾ ਦਿੱਲੀ ਵਾਲਿਆਂ ਦੇ। ਇਹ ਤਾਂ ਸੰਸਾਰ ਬੈਂਕ ਤੇ ਸੰਸਾਰ ਵਪਾਰ ਸੰਸਥਾ ਤੈਅ ਕਰਦੀ ਹੈ। ਤੇਰੀ ਔਕਾਤ ਕੀ ਹੈ? ਕਿਆ ਪੱਦੀ ਤੇ ਕਿਆ ਪੱਦੀ ਦਾ ਸ਼ੋਰਬਾ।’’ ਇਕ ਹੋਰ ਬੁਲਾਰੇ ਨੇ ਕਿਹਾ, ‘‘ਭਰਾਵੋ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ’ਚ ਇੰਨਾ ਹੀ ਫਰਕ ਹੈ ਕਿ ਇਕ ਜਣਾ ਇਕੋ ਝਟਕੇ ਨਾਲ ਸਾਨੂੰ ਝਟਕਾਉਣਾ ਚਾਹੁੰਦਾ, ਦੂਜਾ ਜਵਾਂ ਹੌਲੀ-ਹੌਲੀ ਹਲਾਲ ਕਰਨਾ ਚਾਹੁੰਦਾ।’’ ਇਕ ਹੋਰ ਬੁਲਾਰਾ ਕਹਿੰਦਾ, ‘‘ਭਰਾਵੋ ਜਿੱਥੇ ਕਿਤੇ ਵੀ ਜ਼ਮੀਨਾਂ ਬਚਾਉਣ ਦੀ ਲੜਾਈ ਕਿਸਾਨ ਲੜ ਰਹੇ ਹਨ ਉਥੇ ਹੀ ਸਰਕਾਰ ਉਨ੍ਹਾਂ ’ਤੇ ਮਾਓਵਾਦੀ/ ਨਕਸਲਵਾਦੀ ਹੋਣ ਦਾ ਠੱਪਾ ਲਾ ਦਿੰਦੀ ਹੈ। ਉਸਨੇ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਜੰਗਲ-ਜ਼ਮੀਨਾਂ ਬਚਾਉਣ ਲਈ ਲੜ ਰਹੇ ਕਿਸਾਨ ਅੰਦੋਲਨ ਨੂੰ ਵੀ ਸਹੀ ਕਿਹਾ।’’ ਤਕਰੀਬਨ ਹਰ ਕਿਸਾਨ ਬੁਲਾਰੇ ਨੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਦੂਜਿਆਂ ਤਬਕਿਆਂ ’ਤੇ ਹੋ ਰਹੇ ਸਰਕਾਰੀ ਜਬਰ ਦੀ ਨਿਖੇਧੀ ਕੀਤੀ।
ਇਸ ਤੋਂ ਮਹੱਤਵਪੂਰਨ ਤੇ ਦਿਲਚਸਪ ਗੱਲ ਇਹ ਲੱਗੀ ਕਿ ਇਸ ਸਮੇਂ ਸਮਾਂ ਖੁੱਲ੍ਹਾ ਹੋਣ ਕਰਕੇ ਪਿੰਡ ਪੱਧਰ ਤੱਕ ਵਾਲੇ ਸਾਧਾਰਨ ਕਿਸਾਨਾਂ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲਿਆ। ਇਨ੍ਹਾਂ ਸਧਾਰਨ ਬੁਲਾਰਿਆਂ ਨੇ ਸਾਦੇ, ਪਰ ਵਜ਼ਨਦਾਰ ਢੰਗ ਨਾਲ ਪੇਸ਼ ਕੀਤਾ। ’ਕੱਠ ਨੇ ਇਨ੍ਹਾਂ ਬੁਲਾਰਿਆਂ ਦੇ ਇਨ੍ਹਾਂ ਬੋਲਾਂ ਨੂੰ ਬਹੁਤ ਹੀ ਸਤਿਕਾਰ ਨਾਲ ਕਬੂਲਿਆ। ਮੈਨੂੰ ਲੱਗਦਾ ਕਿ ਜੇ ਇਹੀ ਗੱਲਾਂ ਕਿਤੇ ਪਿੰਡ ਦੀ ਸੱਥ ’ਚ ਹੁੰਦੀਆਂ ਤਾਂ ਇਨ੍ਹਾਂ ਬੁਲਾਰਿਆਂ, ਕਲਾਕਾਰਾਂ ਦਾ ਮਖੌਲ ਉਡਾਇਆ ਜਾਣਾ ਸੀ। ਇਕ ਬਿਰਧ ਬਾਬੇ ਨੇ ਆਪਣੀ ਗੱਲ ਇਉਂ ਕੀਤੀ, ‘‘ਭਰਾਵੋਂ ਮੈਂ ਹਾਂ ਤਾਂ ਚਿੱਟਾ ਅਨਪੜ, ਪੜ੍ਹਿਆ-ਪੁੜ੍ਹਿਆ ਤੇ ਮੈਂ ਹੈ ਕੋਈ ਨਹੀਂ, ਪਰ ਮੈਂ ਇਨ੍ਹਾਂ ਦੋਹਾਂ ਪਿਉ-ਪੁੱਤਾਂ ਨੂੰ ਆਹਨਾਂ ਪਈ ਜੇ ਤੁਹਾਂ ਸਾਡੀਆਂ ਮੰਗਾਂ ਪੂਰੀਆਂ ਹੀ ਨਹੀਂ ਕਰਨੀਆਂ ਫਿਰ ਵਾਅਦੇ ਕਿਉਂ ਕਰਦੇ ਜੇ, ਪਈ ਬੰਦੇ ਦਾ ਕੰਮ ਹੁੰਦਾ ਪਈ ਜਿਹੜੀ ਗੱਲ ਕਹਿ ਦਿੱਤੀ ਉਹ ਪੂਰੀ ਕਰੇ। ਮੈਨੂੰ ਤਾਂ ਇਨ੍ਹਾਂ ਦੋਹਾਂ ਪਿਉ-ਪੁੱਤਾਂ ਵਿੱਚ ਬੰਦਿਆਂ ਵਾਲੀ ਗੱਲ ਈ ਨਹੀਂ ਦਿੱਸਦੀ।’’ ਇਕ ਹੋਰ ਕਿਸਾਨ ਨੇ ਕਿਸਾਨ ਸੰਘਰਸ਼ ਕਮੇਟੀ ਦਾ ਇਤਿਹਾਸ ਛੰਦਾ ਬੰਦੀ ਵਿੱਚ ਸੁਣਾਇਆ। ਇਕ ਕਿਸਾਨ ਨੇ ਮੂੰਹ ਨਾਲ ਹੀ ਤਿੰਗ-ਲਿੰਗ-ਲਿੰਗ ਕਰਕੇ ਗੀਤ ਸੁਣਾਇਆ। ਹਰ ਥਾਂ ’ਤੇ ਜਿੱਤੇ ਲੋਕ ਸਦਾ, ਹਰ ਥਾਂ ਹਾਰੀ ਸਰਕਾਰ ਹੈ। ਇਸ ਤਰ੍ਹਾਂ ਦੀਆਂ ਹੋਰ ਕਲਾਂ ਵੰਨਗੀਆਂ ਦੇਖ ਕੇ ਮਹਿਸੂਸ ਹੋਇਆ ਕਿ ਲੱਚਰ ਗਾਇਕੀ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਇਹ ਕਿਸਾਨ ਅੰਦੋਲਨ ਅਜਿਹੇ ਸੁੱਚੇ ਮੋਤੀ ਵੀ ਲੋਕਾਂ ਦੀ ਝੋਲੀ ਵਿੱਚ ਪਾ ਰਹੀ ਹੈ ਜੋ ਲੋਕ ਸਭਿਆਚਾਰ ਦੇ ਸੱਚੇ ਵਾਰਸ ਹਨ।
ਭਾਵੇਂ ਜਾਮ ’ਤੇ ਬੈਠੇ ਕਿਸਾਨਾਂ ਦੀ ਹਰ ਸਰਗਰਮੀ ਨੂੰ ਆਪਣੇ ਢੰਗ ਨਾਲ ਨੋਟ ਕਰਨ ਲਈ ਸੀ.ਆਈ.ਡੀ. ਦੀਆਂ ਧਾੜਾਂ ਤੁਰੀਆਂ ਫਿਰਦੀਆਂ ਸਨ, ਪਰ ਕਿਸਾਨਾਂ ਨੇ ਕੁਝ ਲੁਕਾ ਕੇ ਹੀ ਨਹੀਂ ਰੱਖਿਆ। ਉਨ੍ਹਾਂ ਸਭ ਗੱਲਾਂ ਸਪੀਕਰ ਤੋਂ ਹੀ ਕੀਤੀਆਂ। ਮਸਲਨ ਚਾਹ-ਰੋਟੀ ਦੇ ਮਾਮਲੇ ਵਿੱਚ ਇਹ ਐਲਾਨ ਵਾਰ-ਵਾਰ ਹੁੰਦਾ ਰਿਹਾ, ‘‘ਭਾਈ ਸਾਰੇ ਕਿਸਾਨ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਣ, ਵਰਤਾਵਿਆਂ ਦੇ ਮਗਰ ਨਾ ਭੱਜਣ। ਅਜਿਹਾ ਵਿਵਹਾਰ ਸਰਕਾਰ ਕਰਦੀ ਹੈ।’’ ਅਜਿਹੇ ਐਲਾਨ ਵੀ ਹੋਏ, ‘‘ਕੋਈ ਕਿਸਾਨ ਪੈੱਗ-ਛੈੱਗ ਨਾ ਲਾਵੇ। ਸੀ.ਆਈ.ਡੀ. ਤੁਹਾਡੀ ਇਹ ਕਮਜ਼ੋਰੀ ਨੋਟ ਕਰ ਰਹੀ ਹੈ। ਮੀਡੀਆ ਵਿੱਚ ਮੁੜ ਕੇ ਫੋਟੋਆਂ ਛਪਦੀਆਂ ਹਨ ਜੋ ਸਾਡੇ ਅੰਦੋਲਨ ’ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ।’’ ਜਦੋਂ ਸਟੇਜ ਤੋਂ ਇਹ ਐਲਾਨ ਹੁੰਦਾ, ‘‘ਭਾਈ ਜਾਮ ਨੂੰ ਵਧਾਇਆ ਹੀ ਜਾ ਸਕਦਾ ਕੀ ਤੁਸੀਂ ਤਿਆਰ ਹੋ ਤਾਂ ਹੇਠੋਂ ਸੋ ਨਿਹਾਲ ਦੇ ਜੈਕਾਰਿਆਂ ਨਾਲ ਹੱਥ ਕਰਕੇ ਲੋਕ ਕਹਿੰਦੇ ਕੋਈ ਗੱਲ ਨਹੀਂ ਨਿਬੇੜਾ ਕਰਕੇ ਹੀ ਜਾਵਾਂਗੇ।’’ ਕਿਸਾਨਾਂ ਦੀ ਇਸ ਲੜਨ ਸਮਰੱਥਾ ਦੀਆਂ ਇਨ੍ਹਾਂ ਝਲਕਾਂ ਨੇ ਇਸ ਆਸ ਬੰਨਾਈ ਹੈ ਕਿ ਜਿਸ ਤਰ੍ਹਾਂ ਦੀਆਂ ਸਾਮਰਾਜੀ ਨੀਤੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕੀਤਾ ਹੈ ਉਨ੍ਹਾਂ ਨੀਤੀਆਂ ਨੂੰ ਬਦਲਣ ਦੀ ਕਿਸੇ ਸਰਕਾਰ ਕੋਲੋਂ ਕੋਈ ਆਸ ਨਹੀਂ। ਤਬਾਹੀ ਦੇ ਕੰਢੇ ਖੜ੍ਹੇ ਸਮਾਜ ਨੂੰ ਇਨਕਲਾਬੀ-ਜਮਹੂਰੀ ਸੋਝੀ ਵਾਲੇ ਜਨ ਅੰਦੋਲਨ ਹੀ ਬਚਾ ਸਕਦੇ ਹਨ। ਬੇਸ਼ਕ ਕੁੱਲ ਕਿਸਾਨ ਜਨਤਾ ਦੇ ਮੁਕਾਬਲੇ ਇਨ੍ਹਾਂ ਅੰਦੋਲਨਾਂ ਵਿੱਚ ਬਹੁਤ ਛੋਟਾ ਹਿੱਸਾ ਹੀ ਅਜੇ ਸ਼ਮੂਲੀਅਤ ਕਰਦਾ ਹੈ

Courtesy: Punjabi Tribune, November 19,2010


2 comments:

  1. Man I can not resist my temptation to post a comment after reading this report by Harmesh Maliri..............Ajit wal rail line was blockaded.... all night.... 5-6 years ago in a similar situation by BKU...........the rumor in local revolutionary "comrade circles " was that ...Eh BKU wale koi wada panga paunge. I happened to be in my village that night from America ..in a fearful fit and concern ...I showed up at the Ajit wall-railway station through country link road at 6.A.M. to be embarrassed for my fear to see dozens of farmers walking from fields ( after relieving themselves in fields ) chewing Kikar Dattens in their mouths and taking their lay down positions... resting their heads on rail lines....And Punjab police surrounding three sides in full combat riot ready gear. I stayed there for three hours and observed what Harmesh Maliri did.
    I think history is being made!

    ReplyDelete
  2. It was 8-9 years ago Mr. Anonymous

    ReplyDelete