StatCounter

Friday, April 13, 2012

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013:

ਸਾਥੋਂ ਕੁੱਝ ਆਸ ਕਰਦੀ ਹੈ
ਵਗਦੇ ਦਰਿਆ ਵਰਗੀ ਗ਼ਦਰ ਲਹਿਰ

- ਅਮੋਲਕ ਸਿੰਘ

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਨੇੜੇ ਢੁਕ ਰਹੀ ਹੈ। ਮੁਲਕ ਦੀ ਆਜ਼ਾਦੀ ਲਈ ਸੌ ਵਰ੍ਹੇ ਪਹਿਲਾਂ ਅਮਰੀਕਾ ਦੀ ਧਰਤੀ 'ਤੇ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅ ਦੀ ਜਥੇਬੰਦੀ ਬਣੀ। ਇਸ ਜਥੇਬੰਦੀ ਨੇ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ। ਵੱਖ-ਵੱਖ ਭਾਸ਼ਾਵਾਂ 'ਚ ਛਪਦਾ, ਵੱਖ-ਵੱਖ ਮੁਲਕਾਂ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਤੱਕ ਪਹੁੰਚਦਾ ਇਹ ਅਖ਼ਬਾਰ ਐਨਾ ਮਕਬੂਲ ਹੋਇਆ ਕਿ ਇਹ ਜਥੇਬੰਦੀ 'ਗ਼ਦਰ ਪਾਰਟੀ' ਦੇ ਨਾਂਅ ਨਾਲ ਹੀ ਜਾਣੀ ਜਾਣ ਲੱਗੀ। ਇਸ ਅਖ਼ਬਾਰ ਦੀ ਹਰਮਨ ਪਿਆਰਤਾ ਕਾਰਨ ਹੀ ਪਾਰਟੀ ਦੇ ਸਨਫਰਾਂਸਿਸਕੋ (ਅਮਰੀਕਾ) ਸਥਿਤ ਹੈੱਡ ਕੁਆਟਰ 'ਯੁਗਾਂਤਰ ਆਸ਼ਰਮ' ਦਾ ਨਾਂਅ ਵੀ 'ਗ਼ਦਰ ਆਸ਼ਰਮ' ਦੇ ਨਾਂਅ ਨਾਲ ਹੀ ਪ੍ਰਸਿੱਧ ਹੋਇਆ।

ਵਰ੍ਹਾ ਭਾਵੇਂ ਸੌ ਬੀਤ ਚੱਲਿਐ ਪਰ ਗ਼ਦਰ ਪਾਰਟੀ ਦਾ ਅਮੁੱਲਾ ਇਤਿਹਾਸ, ਰਾਜਨੀਤੀ ਅਤੇ ਸਾਹਿਤ ਸਾਡੇ ਸਮਿਆਂ ਲਈ ਹੋਰ ਵੀ ਪ੍ਰਸੰਗਕ ਅਤੇ ਭਵਿੱਖ-ਮੁਖੀ ਹੈ। ਸਥਾਪਨਾ ਸ਼ਤਾਬਦੀ ਦੇ ਇਸ ਦੌਰ ਅੰਦਰ ਗ਼ਦਰ ਪਾਰਟੀ ਦੇ ਅਨੇਕਾਂ ਪੱਖਾਂ ਉੱਪਰ ਹੋਰ ਵੀ ਗਹਿਰਾਈ ਅਤੇ ਵਿਸਥਾਰ ਨਾਲ ਵਿਚਾਰ-ਚਰਚਾ ਅੱਗੇ ਤੁਰੇਗੀ। ਅਗਲੇ ਪੰਜ ਵਰ੍ਹਿਆਂ ਦੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ ਇਸ ਮੁਹਿੰਮ ਦਾ ਸਿਖਰ 2013 ਤੱਕ ਗ਼ਦਰ ਲਹਿਰ ਦੇ ਬਹੁ-ਪੱਖਾਂ ਤੋਂ ਯਾਦਗਾਰੀ ਬਣੇ ਇਸ ਲਈ ਵਿਸ਼ੇਸ਼ ਉੱਦਮ ਜੁਟਾਉਣ ਲਈ ਸਿਰ ਜੋੜਨ ਦੀ ਲੋੜ ਹੈ।

ਭਵਿੱਖ ਦਾ ਚਿੰਨ੍ਹ: ਅਮੀਰ ਵਿਰਸਾ

ਮਹਾਨ ਆਦਰਸ਼ਾਂ ਨੂੰ ਪ੍ਰਣਾਈ ਅਤੇ ਅਥਾਹ ਕੁਰਬਾਨੀਆਂ ਭਰੀ ਬੀਰ-ਗਾਥਾ, ਗ਼ਦਰ ਲਹਿਰ ਦੀ ਸਥਾਪਨਾ ਸ਼ਤਾਬਦੀ ਮਹਿਜ਼ ਰਸਮ ਪੂਰਤੀ ਬਣ ਕੇ ਨਾ ਰਹੇ। ਇਹ ਸਿਰਫ਼ ਇਤਿਹਾਸਕ ਸਫ਼ਿਆਂ ਤੋਂ ਵਾਕਫ ਲੋਕਾਂ ਤੱਕ ਹੀ ਸੀਮਤ ਚਰਚਾ ਦਾ ਵਿਸ਼ਾ ਬਣਕੇ ਨਾ ਰਹੇ। ਇਕ ਨਵੰਬਰ 2013 ਦਾ ਦਿਹਾੜਾ ਇਤਿਹਾਸਕ ਪੁਰਬ ਦੇ ਤੌਰ 'ਤੇ ਲੋਕਾਂ ਦੇ ਇਨਕਲਾਬੀ ਜਸ਼ਨਾ ਦਾ ਤਿਓਹਾਰ ਬਣ ਜਾਏ। ਇਸ ਮੁਹਿੰਮ ਨੂੰ ਗ਼ਦਰ ਪਾਰਟੀ ਦੇ ਆਦਰਸ਼ਾਂ ਦਾ ਰੰਗ ਚੜ੍ਹੇ ਅਤੇ ਗੂਹੜਾ ਹੁੰਦਾ ਜਾਵੇ। ਗ਼ਦਰ ਲਹਿਰ ਅਤੇ ਸ਼ਤਾਬਦੀ ਮੁਹਿੰਮ ਦਾ ਲੋਕਾਂ ਨਾਲ ਮੱਛੀ ਅਤੇ ਪਾਣੀ ਦਾ ਰਿਸ਼ਤਾ ਬਣੇ। ਇਹ ਮੁਹਿੰਮ ਸਾਡੇ ਸਮਿਆਂ ਦੇ ਸੁਲਘਦੇ ਸੁਆਲਾਂ ਨੂੰ ਸਮਝਣ ਅਤੇ ਇਨ੍ਹਾਂ ਦਾ ਹੱਲ ਤਲਾਸ਼ਣ ਲਈ ਗ਼ਦਰ ਪਾਰਟੀ ਦੇ ਨਿਸ਼ਾਨਿਆਂ ਨੂੰ ਲੋਕਾਂ ਵਿਚ ਉਭਾਰਨ ਵੱਲ ਵਿਸ਼ੇਸ਼ ਤਵੱਜੋਂ ਦੇਵੇ ਫੇਰ ਹੀ ਇਸਦਾ ਸਿਫ਼ਤੀ ਪੱਖ ਗਾੜ੍ਹਾ ਅਤੇ ਗੂਹੜ੍ਹਾ ਹੋ ਸਕੇਗਾ। ਗ਼ਦਰ ਪਾਰਟੀ ਨੇ ਜਿਨ੍ਹਾਂ ਸਾਮਰਾਜੀ ਪਹਾੜਾਂ ਨਾਲ ਮੱਥਾ ਲਾਇਆ। ਜਿਹੜੀ ਆਜ਼ਾਦੀ, ਜਮਹੂਰੀਅਤ ਅਤੇ ਲੋਕਾਂ ਦੀ ਪੁੱਗਤ ਵਾਲੀ ਆਰਥਕ-ਸਮਾਜਕ ਉਸਾਰੀ ਲਈ ਇਨਕਲਾਬੀ ਸਮਾਜਕ ਤਬਦੀਲੀ ਦੇ ਆਦਰਸ਼, ਗ਼ਦਰ ਪਾਰਟੀ ਨੇ ਮਿੱਥੇ ਉਹ ਕੇਂਦਰੀ ਮੁੱਦਾ, ਮੁਹਿੰਮ 'ਚ ਫੋਕਸ ਹੋਵੇ, ਗ਼ਦਰ ਸ਼ਤਾਬਦੀ ਦਾ ਇਹ ਹਾਸਲ ਹੋਵੇਗਾ।

ਗ਼ਦਰ ਲਹਿਰ ਸਾਡੇ ਅਤੀਤ ਦੀ ਹੀ ਅਮੀਰ ਧਰੋਹਰ ਨਹੀਂ, ਇਹ ਸਾਡਾ ਵਰਤਮਾਨ ਅਤੇ ਭਵਿੱਖ ਵੀ ਹੈ। ਜਿਸ ਸਾਮਰਾਜੀ ਅਤੇ ਹਰ ਵੰਨਗੀ ਦੀ ਦੇਸੀ-ਬਦੇਸ਼ੀ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਨਵੇਂ-ਨਰੋਏ, ਅਗਾਂਹ ਵਧੂ, ਲੋਕਾਂ ਦੀਆਂ ਸੱਧਰਾਂ, ਉਮੰਗਾਂ 'ਤੇ ਪੂਰਾ ਉਤਰਨ ਵਾਲਾ ਰਾਜ ਅਤੇ ਸਮਾਜ ਸਿਰਜਣ ਲਈ ਗ਼ਦਰੀ ਸੰਗਰਾਮੀਏ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰ ਗਏ, ਉਹ ਕਾਜ਼ ਅਜੇ ਨੇਪਰੇ ਨਹੀਂ ਚੜ੍ਹਿਆ। ਗ਼ਦਰ ਦੇ ਉਦੇਸ਼ਾਂ ਦਾ ਗੀਤ ਇਸ ਮੁਹਿੰਮ ਦੌਰਾਨ ਲੋਕ-ਗਾਇਨ ਬਣ ਜਾਵੇ, ਸਾਡੀਆਂ ਸਰਗਰਮੀਆਂ ਦਾ ਵਿਸ਼ਾ-ਵਸਤੂ ਅਤੇ ਸੇਧ ਇਸ ਦਿਸ਼ਾ ਵਿਚ ਹੋਵੇ ਉਸ ਮਹਾਨ ਕਾਜ਼ ਦੀ ਪੂਰਤੀ ਲਈ ਇਸ ਸ਼ਤਾਬਦੀ ਮੁਹਿੰਮ ਦਾ ਵੱਡਮੁੱਲਾ ਯੋਗਦਾਨ ਹੋਵੇਗਾ।

ਕੂਕਾ ਲਹਿਰ, 1857 ਦਾ ਗ਼ਦਰ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਇਨ੍ਹਾਂ ਤਿੰਨਾਂ ਦੇ ਵਿਸ਼ੇਸ਼ ਯਾਦਗਾਰੀ ਸਮਾਗਮਾਂ ਦੀ ਤਾਜ਼ਾ ਸ਼ਤਾਬਦੀ ਲੜੀ ਮੌਕੇ ਸਭ ਦੇ ਸਾਹਮਣੇ ਹੈ ਕਿ ਉਹ ਧਿਰਾਂ ਵੀ ਅੱਡੀਆਂ ਚੁੱਕ ਚੁੱਕ ਕੇ ਇਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਅਤੇ ਇਨ੍ਹਾਂ ਦੇ ਵਾਰਸ ਬਣਨ ਦਾ ਖੇਖਣ ਕਰਦੀਆਂ ਰਹੀਆਂ ਹਨ ਜਿਨ੍ਹਾਂ ਦਾ ਆਜ਼ਾਦੀ ਸੰਗਰਾਮ ਦੌਰਾਨ ਦੇਸ਼ ਭਗਤੀ ਦੀ ਥਾਂ ਸਾਮਰਾਜੀਆਂ ਦੀ ਭਗਤੀ ਦਾ ਕਾਲਾ ਰਿਕਾਰਡ ਹੈ। ਜਿਹੜੀਆਂ ਅੱਜ ਵੀ ਨਿਸੰਗ ਹੋ ਕੇ ਲੋਕਾਂ ਦੀ ਆਜ਼ਾਦੀ, ਜਮਹੂਰੀਅਤ ਅਤੇ ਬਰਾਬਰੀ ਲਈ ਚੱਲ ਰਹੇ ਸੰਗਰਾਮ ਨੂੰ ਦਬਾਉਣ ਲਈ ਹਰ ਹਰਬਾ ਵਰਤ ਰਹੀਆਂ ਹਨ। ਜਿਨ੍ਹਾਂ ਦੇ ਦੇਸੀ ਅਤੇ ਬਦੇਸ਼ੀ, ਲੋਕ-ਦੁਸ਼ਮਣਾਂ ਨਾਲ ਗੂਹੜੇ ਯਰਾਨੇ ਹਨ।

ਟਕਰਾਵਾਂ ਇਤਿਹਾਸ: ਲੋਕਾਂ ਤੇ ਜੋਕਾਂ ਦਾ

ਗ਼ਦਰ ਪਾਰਟੀ ਦੀ ਜਨਮ ਸ਼ਤਾਬਦੀ ਮੁਹਿੰਮ ਮੌਕੇ ਅਤੇ ਖਾਸ ਕਰਕੇ ਇਸਦੇ ਸਿਖ਼ਰ ਮੌਕੇ ਅਜਿਹੀਆਂ ਵੰਨ-ਸੁਵੰਨੀਆਂ ਕਾਲੀਆਂ ਤਾਕਤਾਂ ਆਪਣੇ ਅਪਰਾਧੀ ਮੁਖੜੇ ਅਤੇ ਕਾਲੇ ਇਤਿਹਾਸ ਦੇ ਚਿੱਠੇ, ਗੋਰੇ ਕਰਨ ਲਈ ਗ਼ਦਰੀ ਸੂਰਮਿਆਂ ਦੀਆਂ ਬੇਸ਼ਰਮੀ ਨਾਲ ਵਾਰਾਂ ਗਾਉਣਗੀਆਂ। ਸ਼ਹੀਦ ਭਗਤ ਸਿੰਘ ਦਾ ਸੰਸਦ 'ਚ ਬੁੱਤ ਲਾਉਣਾ ਵੀ ਇਸ ਸਿਆਸੀ ਪੱਤੇਬਾਜ਼ੀ ਦਾ ਅੰਗ ਹੈ। ਇਸ ਲਹਿਰ ਨੂੰ ਆਪਣੇ ਆਪਣੇ ਸਿਆਸੀ ਸਾਂਚੇ 'ਚ ਢਾਲ ਕੇ ਲਾਹਾ ਲੈਣ ਦਾ ਜਾਲ ਵਿਛਾਉਣਗੀਆਂ। ਇਹ ਗ਼ਦਰੀਆਂ ਦੀ ਯਾਦ 'ਚ ਸਮਾਗਮ ਕਰਨ, ਆਦਮ-ਖਾਣੀਆਂ ਅਤੇ ਟੋਲ ਟੈਕਸ ਖਾਣੀਆਂ ਸੜਕਾਂ ਦੇ ਨਾਂਅ ਗ਼ਦਰੀਆਂ ਦੇ ਨਾਂਅ ਰੱਖਣ, ਸੀਰੀਅਲਾਂ, ਕੈਸਿਟਾਂ, ਸਾਹਿਤਕ ਪ੍ਰਕਾਸ਼ਨਾਵਾਂ ਆਦਿ ਜਾਰੀ ਕਰਨ ਦੇ ਧੰਦੇ ਲੱਗਣਗੀਆਂ। ਸਰਕਾਰੀ, ਗੈਰ-ਸਰਕਾਰੀ ਅਦਾਰਿਆਂ, ਬਹੁ-ਕੌਮੀ ਸਾਮਰਾਜੀ ਕੰਪਨੀਆਂ, ਮਾਫ਼ੀਆ ਗਰੋਹਾਂ, ਵੱਡੇ ਕਾਲੋਨਾਈਜਰਾਂ ਆਦਿ ਵਲੋਂ ਮਾਇਆ ਦੇ ਗੱਫ਼ਿਆਂ ਨਾਲ ਸਪਾਂਸਰਡ ਪ੍ਰੋਗਰਾਮਾਂ ਨੂੰ ਗ਼ਦਰੀਆਂ ਦੀ ਯਾਦ 'ਚ ਸਮਾਗਮਾਂ ਦੇ ਨਾਂਅ ਦੇਣ ਦੀਆਂ ਯੁਗਤਾਂ ਖੇਡਣਗੇ। ਅੱਤ ਦਰਜੇ ਦੇ ਫਿਰਕੂ, ਫਾਸ਼ੀ, ਪਿਛਾਖੜੀ, ਸਾਮਰਾਜੀਆਂ ਦੇ ਚਾਟੜੇ ਅਤੇ ਲੋਕਾਂ ਦੀ ਹਰ ਕੋਨ ਤੋਂ ਨਰਕ ਬਣੀ ਜ਼ਿੰਦਗੀ ਦੇ ਮੁਜ਼ਰਿਮ, ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਅਗਵਾ ਕਰਨ, ਜੱਫ਼ਾ ਮਾਰਨ ਅਤੇ ਇਸਦੀ ਆਪੇ ਕਲਗੀ ਸਜਾ ਕੇ ਆਪਣੇ ਕਾਲੇ ਚਿਹਰੇ ਕੱਜਣ ਦੇ ਅਡੰਬਰ ਰਚਣਗੇ। ਇਤਿਹਾਸ ਦਾ ਮੁਹਾਂਦਰਾ ਵਿਗਾੜਨ ਦਾ ਅਪਰਾਧ ਕਰਨਗੇ। ਇਸ ਸ਼ਤਾਬਦੀ ਮੁਹਿੰਮ ਦਾ ਮਹੱਤਵਪੂਰਣ ਪੱਖ ਹੋਵੇਗਾ ਕਿ ਇਨ੍ਹਾਂ ਵੰਨ-ਸੁਵੰਨੀਆਂ ਗਿਰਗਟਾਂ ਨਾਲੋਂ ਸਪੱਸ਼ਟ ਨਿਖੇੜੇ ਦੀ ਲੀਕ ਖਿੱਚ ਕੇ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਪੂਰਤੀ ਵੱਲ ਸੇਧਤ ਸ਼ਤਾਬਦੀ ਸਮਾਗਮਾਂ ਦਾ ਤੱਤ ਅਤੇ ਰੂਪ ਪੇਸ਼ ਕੀਤਾ ਜਾਵੇ।

ਲੋਕਾਂ ਅਤੇ ਜੋਕਾਂ ਦਾ ਇਤਿਹਾਸ, ਰਾਜਨੀਤੀ, ਸਾਹਿਤ ਅਤੇ ਸਭਿਆਚਾਰ ਇਕ ਨਹੀਂ ਹੁੰਦਾ। ਸਰਵ-ਸਾਂਝਾ ਨਹੀਂ ਹੁੰਦਾ। ਜੋਕਾਂ ਦੀਆਂ ਪ੍ਰਤੀਨਿਧ ਤਾਕਤਾਂ, ਲੋਕਾਂ ਦੇ ਇਤਿਹਾਸ ਨੂੰ ਲੋਕਾਂ ਅੱਗੇ ਆਉਣ ਤੋਂ ਰੋਕਣ ਲਈ ਜਿਹੜੀ ਵੀ ਯੁਗਤ ਵਰਤੀ ਜਾਵੇ ਵਰਤਦੀਆਂ ਹਨ। ਲੋਕਾਂ ਦੀ ਅਮੀਰ, ਜੁਝਾਰੂ, ਭਾਈਚਾਰਕ ਸਾਂਝ, ਸੰਗਰਾਮੀ ਵਿਰਾਸਤ ਨੂੰ ਲੋਕਾਂ ਦੀ ਚੇਤਨਾ ਵਿਚੋਂ ਮਨਫ਼ੀ ਕਰਨ ਲਈ ਵਾਹ ਜਹਾਨ ਦੀ ਲਾਉਂਦੀਆਂ ਹਨ। ਕੂਕਾ ਲਹਿਰ, ਕਾਮਾਗਾਟਾ ਮਾਰੂ ਅਤੇ ਜੱਲ੍ਹਿਆਂ ਵਾਲਾ ਬਾਗ ਦੇ ਅਮਰ ਸ਼ਹੀਦਾਂ ਨੂੰ ਸ਼ਹੀਦ ਅਤੇ ਆਜ਼ਾਦੀ ਲਹਿਰ ਦਾ ਅੰਗ ਮੰਨਣ ਤੋਂ ਵੀ ਅਜੇ ਤੱਕ ਕਿਨਾਰਾਕਸ਼ੀ ਕਰਦੇ ਰਹਿਣਾ ਇਸਦਾ ਮੂੰਹ ਬੋਲਦਾ ਸਬੂਤ ਹੈ। ਜਦੋਂ ਅਖੀਰ ਲੋਕਾਂ ਦੀ ਨਿਰੰਤਰ ਰੜਕਦੀ, ਉਭਰਦੀ ਮੰਗ ਕਰਕੇ ਇਹ ਕੌਮੀ ਇਤਿਹਾਸ ਦੇ ਅਣਗੌਲੇ ਪੰਨਿਆਂ ਅਤੇ ਸੰਗਰਾਮੀਆਂ ਨੂੰ ਮਾਨਤਾ ਦਾ ਰੁਤਬਾ ਵੀ ਦਿੰਦੇ ਹਨ ਤਾਂ ਇਹ ਮਜਬੂਰੀ ਵਸ ਭਰੀ ਕੌੜੀ ਘੁੱਟ ਹੁੰਦੀ ਹੈ ਨਾ ਕਿ ਇਨ੍ਹਾਂ ਦੇ ਹਿਰਦੇ-ਪ੍ਰੀਵਰਤਨ ਦਾ ਕੋਈ ਨਮੂਨਾ! ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮਹਾਨ ਆਦਰਸ਼ਾਂ ਨੂੰ ਘੱਟੇ ਰੋਲਣ ਲਈ ਅਜੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮਾਂ 'ਚ ਕੂੜ ਪਰੋਸਿਆ ਜਾ ਰਿਹੈ। ਕਦੇ ਉਸਨੂੰ ਪੌੜੀ ਦੇ ਪਹਿਲੇ ਡੰਡੇ ਦਾ ਸ਼ਹੀਦ ਕਿਹਾ। ਕਦੇ ਸ਼ਹੀਦ ਮੰਨਣ ਤੋਂ ਹੀ ਇਨਕਾਰੀ ਹੋਇਆ ਗਿਆ ਪਰ ਲੋਕਾਂ ਦਾ ਸ਼ਹੀਦ ਨੋਟਾਂ 'ਤੇ ਨਹੀਂ ਛਪਦਾ ਲੋਕਾਂ ਦੀਆਂ ਸੋਚਾਂ 'ਚ ਵਸਦਾ ਹੈ। ਫ਼ਿਲਮਾਂ, ਸੀਰੀਅਲਾਂ, ਕੈਲੰਡਰਾਂ, ਕੈਸਿਟਾਂ ਅਤੇ ਸਟਿਕਰਾਂ ਆਦਿ ਰਾਹੀਂ ਉਸਨੂੰ ਕੀ ਦਾ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹੈ। ਜਲ੍ਹਿਆਂਵਾਲਾ ਬਾਗ਼ ਦਾ ਮੁਹਾਂਦਰਾ ਬਦਲ ਕੇ, ਆਜ਼ਾਦੀ ਤਵਾਰੀਖ਼ ਦੀ ਮਹਾਨ ਸਾਂਝੀ ਇਨਕਲਾਬੀ ਵਿਰਾਸਤ ਨੂੰ ਟੂਰਿਸਟ ਸਪਾਟ ਬਣਾ ਕੇ ਪੀਜਾ ਹੱਟ ਅਤੇ ਰੌਣਕ ਮੇਲੇ ਦੀ ਥਾਂ ਵੱਲ ਸਹਿਜੇ-ਸਹਿਜੇ ਤਬਦੀਲ ਕਰਨ ਲਈ ਕਦਮ ਪੁੱਟੇ ਜਾ ਰਹੇ ਹਨ। ਇਤਿਹਾਸਕ ਤੰਗ ਗਲੀਆਂ ਅਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਮਿਟਾਉਣ ਲਈ ਢਾਅ-ਢੁਆਈ ਅਤੇ ਮਿੱਟੀ ਦੀ ਭਰਤੀ ਦਾ ਕੰਮ ਜ਼ੋਰ ਸ਼ੋਰ ਨਾਲ ਹੋ ਰਿਹੈ। ਇਸ ਲਹੂ ਰੱਤੀ ਧਰਤੀ ਤੋਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਮਿੱਟੀ ਦੀ ਮੁੱਠ ਸੀਨੇ ਲਾ ਕੇ ਆਜ਼ਾਦੀ ਸੰਗਰਾਮ ਦੇ ਧਰੂ ਤਾਰੇ ਬਣ ਕੇ ਚਮਕੇ। ਅੱਜ ਦੇ ਬਾਲਾਂ ਨੂੰ ਹੁਣ ਉਥੇ ਗੁਬਾਰਿਆਂ ਅਤੇ ਮੱਕੀ ਦੇ ਭੁੰਨੇ ਦਾਣਿਆਂ ਨੂੰ ਪੌਪ ਕਾਰਨ ਦੱਸਕੇ ਇਨ੍ਹਾਂ ਨਾਲ ਪਰਚਾ ਕੇ ਗੋਲੀਆਂ ਨਾਲ ਭੁੰਨੇ ਗਏ ਨਿਹੱਥੇ ਅਤੇ ਪੁਰਅਮਨ ਲੋਕਾਂ ਨੂੰ ਭੁਲਾਉਣ ਦਾ ਯਤਨ ਕੀਤਾ ਜਾਏਗਾ। ਅਜੇ ਤੱਕ ਵੀ ਮੁਲਕ ਦੀ ਰਾਜਧਾਨੀ ਦਿੱਲੀ ਅੰਦਰ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਬਣਾਉਣ ਦੀ ਬਜਾਏ ਬਰਤਾਨਵੀ ਸਾਮਰਾਜ ਦੇ ਹੀ ਚਿੰਨ੍ਹ 'ਇੰਡੀਆ ਗੇਟ' ਨੂੰ ਹੀ ਪੂਰੀ ਕੌਮ ਦਾ ਮੱਥਾ ਟਿਕਾਇਆ ਜਾਂਦਾ ਹੈ। ਇਸ ਤੋਂ ਵਧ ਸਾਡੇ ਆਜ਼ਾਦੀ ਸੰਗਰਾਮੀਆਂ ਅਤੇ ਕੌਮੀ ਸਵੈਮਾਣ ਦਾ ਹੋਰ ਅਪਮਾਨ ਕੀ ਹੋ ਸਕਦਾ ਹੈ?

ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ, 1857 ਦੇ ਗ਼ਦਰ ਦਾ ਪੂਰਵ-ਕਾਲ, 1857 ਦਾ ਗ਼ਦਰ, ਗ਼ਦਰ ਪਾਰਟੀ ਦਾ ਇਤਿਹਾਸ, ਬੱਬਰ ਅਕਾਲੀ ਲਹਿਰ, ਕਿਰਤੀ-ਕਿਸਾਨ ਲਹਿਰ, ਯੁੱਗ-ਪਲਟਾਊ ਲਹਿਰ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਉਸਦੇ ਸਮਕਾਲੀ ਸਾਥੀਆਂ/ਜਥੇਬੰਦੀਆਂ ਦਾ ਦੌਰ, ਆਈ.ਐਨ.ਏ. ਅਤੇ 1946 ਦੀ ਨੇਵੀ ਬਗਾਵਤ ਆਦਿ ਸਭਨਾਂ ਦਾ ਨਿਰੰਤਰ ਅੰਤਰ-ਸਬੰਧ, ਇਤਿਹਾਸ ਦੇ ਦਰਪਣ ਵਿੱਚੀਂ ਪੇਸ਼ ਕਰਨ ਦਾ ਯਤਨ ਹੋਏਗਾ। ਦੇਸ਼-ਬਦੇਸ਼ ਅੰਦਰ ਵੱਖ-ਵੱਖ ਖੇਤਰਾਂ 'ਚ ਸਰਗਰਮ ਸਭਨਾਂ ਸੁਹਿਰਦ ਹਿੱਸਿਆਂ ਸਿਰ ਇਨ੍ਹਾਂ ਲਹਿਰਾਂ ਦੀ ਖੋਜ-ਪੜਤਾਲ ਕਰਨ ਅਤੇ ਅਮੁੱਲੇ ਸ਼ਬਕਾਂ ਨੂੰ ਪੱਲੇ ਬੰਨਦਿਆਂ ਸਾਡੇ ਸਮਿਆਂ ਦੀਆਂ ਚੁਣੌਤੀਆਂ ਅਤੇ ਲੋੜਾਂ ਦਾ ਢੁਕਵਾਂ ਹਿੱਸਾ ਬਣਾਉਣ ਲਈ ਯਤਨ ਜਟਾਉਣ ਦੀ ਸਾਂਝੀ ਜ਼ਿੰਮੇਵਾਰੀ ਹੋਏਗੀ।

ਇਤਿਹਾਸ ਦਾ ਸੂਹਾ ਫੁੱਲ

ਗ਼ਦਰ ਪਾਰਟੀ ਦੇ ਇਤਿਹਾਸਕ ਬਾਗ਼ ਦੇ ਸੂਹੇ ਫੁੱਲ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੀ ਸਭ ਤੋਂ ਅਹਿਮ ਪ੍ਰਾਪਤੀ ਇਹ ਕਹੀ ਜਾ ਸਕਦੀ ਹੈ ਕਿ ਇਸ ਦੌਰ 'ਚ ਭਗਤ ਸਿੰਘ ਜਾਂਬਾਜ਼ ਸੂਰਮੇ, ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ, ਬੰਬ-ਬੰਦੂਕ ਵਾਲੇ, ਪੱਗ ਕਿ ਹੈਟ ਵਾਲੇ ਸਤਿਕਾਰਤ ਸ਼ਹੀਦ ਦੀਆਂ ਹੱਦਾਂ ਤੋਂ ਕਿਤੇ ਉੱਚੀ ਪਰਵਾਜ਼ ਭਰ ਗਿਆ ਹੈ। ਉਸ ਦਾ ਅਸਲੀ ਬਿੰਬ ਕਿਤੇ ਕੱਦਾਵਰ ਰੂਪ 'ਚ ਉਭਰਿਆ ਹੈ। ਉਹ ਗਹਿਰਾ, ਵਿਸ਼ਾਲ ਅਤੇ ਦੂਰ ਦ੍ਰਿਸ਼ਟੀ ਵਾਲਾ ਚਿੰਤਕ, ਰਾਜਨੀਤੀਵਾਨ, ਜੱਥੇਬੰਦਕਾਰ, ਲੇਖਕ ਅਤੇ ਕਹਿਣੀ ਅਤੇ ਕਰਨੀ ਦੇ ਪੂਰੇ, ਚੋਟੀ ਦੇ ਇਨਕਲਾਬੀ ਆਗੂ ਵਜੋਂ ਨਿਵੇਕਲੀ ਪਹਿਚਾਣ ਦਾ ਚਿੰਨ੍ਹ ਬਣ ਕੇ ਉਭਰਿਆ ਹੈ। ਕੌਮੀ ਮੁਕਤੀ ਸੰਗਰਾਮ ਨਾਲ ਜੁੜੀਆਂ ਸਭਨਾਂ ਲਹਿਰਾਂ ਦਾ ਡੂੰਘਾ ਅਧਿਐਨ ਕਰਕੇ, ਜੋ ਆਜ਼ਾਦੀ, ਜਮਹੂਰੀਅਤ ਅਤੇ ਸਮਾਜ ਦਾ ਮੁਹਾਂਦਰਾਂ ਭਗਤ ਸਿੰਘ ਨੇ ਪੇਸ਼ ਕੀਤਾ, ਜਨਮ ਸ਼ਤਾਬਦੀ ਮੁਹਿੰਮ ਉਸਨੂੰ ਉਚਿਆਉਣ 'ਚ ਸਫ਼ਲ ਰਹੀ। ਦੇਸੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ ਦੇ ਸੰਗਲ ਚੂਰ-ਚੂਰ ਕਰਕੇ ਖ਼ਰੀ ਆਜ਼ਾਦੀ ਲਿਆਉਣ ਅਤੇ ਸਮਾਜਵਾਦੀ ਰਾਜ ਪ੍ਰਬੰਧ ਦੀ ਸਥਾਪਨਾ ਦੇ ਅਗਲੇ ਪੜਾਵਾਂ ਬਾਰੇ ਟੀਚੇ ਮਿਥ ਕੇ ਚੱਲਣ ਵਾਲੇ ਇਸ ਇਨਕਲਾਬੀ ਸੰਗਰਾਮੀਏ ਦਾ ਕੱਦ ਇਸ ਕਰਕੇ ਹੋਰ ਵੀ ਉਭਰਿਆ ਅਤੇ ਨਿਖਰਿਆ ਕਿਉਂਕਿ ਉਹ ਸਾਡੇ ਸਮਿਆਂ ਦਾ ਅਤੇ ਸਾਡੇ ਭਵਿੱਖ ਦਾ ਵੀ ਚਾਨਣ-ਮੁਨਾਰਾ ਹੈ। ਜੇ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਲੋਕਾਂ ਦੀਆਂ ਖਰੀਆਂ ਸਭੇ ਤਾਕਤਾਂ ਆਪਣੇ ਮਹਿਬੂਬ ਸ਼ਹੀਦ ਦੇ ਇਹ ਪੱਖ ਲੋਕਾਂ ਵਿਚ ਗੂਹੜੇ ਕਰਨ 'ਚ ਸਫ਼ਲ ਨਾ ਹੁੰਦੀਆਂ ਤਾਂ ਭਗਤ ਸਿੰਘ ਜਨਮ ਸ਼ਤਾਬਦੀ ਮਹਿਜ਼ ਰਸਮ ਅਤੇ ਇਕੱਤਰਤਾਵਾਂ ਦੀ ਖ਼ਬਰ ਬਣ ਕੇ ਰਹਿ ਜਾਣੀ ਸੀ। ਦੇਸ਼-ਬਦੇਸ਼ ਕਿਤੇ ਵੀ ਵਸਦੇ ਸ਼ਹੀਦ ਦੇ ਸੂਝਵਾਨ ਵਾਰਸ ਮੁਬਾਰਕਵਾਦ ਦੇ ਹੱਕਦਾਰ ਹਨ ਕਿ ਉਹ ਹਰ ਥਾਂ ਪੂਰੇ ਸਵੈ-ਵਿਸ਼ਵਾਸ, ਰਾਜਨੀਤਕ ਸਪੱਸ਼ਟਤਾ ਅਤੇ ਖਾਸ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਆਦਰਸ਼ਾਂ ਦਾ ਝੰਡਾ ਹੱਥ ਲੈ ਕੇ ਜੰਗੀ ਪਧਰ 'ਤੇ ਇਉਂ ਜਨਮ ਸ਼ਤਾਬਦੀ ਮੁਹਿੰਮ 'ਤੇ ਉਤਰੇ ਕਿ ਲੋਕਾਂ ਦੇ ਵਿਰੋਧੀ ਕੈਂਪ 'ਚ ਖੜ੍ਹੇ ਵੰਨ-ਸੁਵੰਨੇ ਲੋਕ-ਦੁਸ਼ਮਣਾਂ ਵਲੋਂ ਸਾਡੇ ਸ਼ਹੀਦ ਨੂੰ ਆਪਣੇ ਮਨੋਰਥ ਲਈ ਵਰਤਣ ਦੇ ਸਭਨਾਂ ਯਤਨਾਂ ਉੱਪਰ ਪਾਣੀ ਫੇਰ ਕੇ ਰੱਖ ਦਿੱਤਾ। ਇਸ ਮੁਹਿੰਮ ਦੀ ਤਾਕਤ ਇਸ ਤੱਤ ਵਿਚ ਪਈ ਹੈ ਕਿ ਇਸ ਨੇ ਇਤਿਹਾਸ ਦੀ ਪਰਸੰਗਕਤਾ ਉਭਾਰੀ। ਹਰ ਰੰਗ ਦੇ ਲੋਕ-ਦੋਖੀਆਂ ਨਾਲੋਂ ਨਿਖੇੜਾ ਕੀਤਾ। ਲੋਕਾਂ ਅੱਗੇ ਮੁਕਤੀ ਦਾ ਰੌਸ਼ਨ ਮਾਰਗ, ਇਤਿਹਾਸ ਦੇ ਝਰੋਖੇ 'ਚੋਂ ਪੇਸ਼ ਕੀਤਾ।

ਮਿਸਾਲੀ ਇਕੱਠ ਪੱਖੋਂ ਵੀ ਸ਼ਹੀਦ ਭਗਤ ਸਿੰਘ ਸ਼ਤਾਬਦੀ ਹਾਕਮ ਧੜਿਆਂ ਨੂੰ ਮੂਧੇ ਮੂੰਹ ਮਾਰ ਗਈ ਅਤੇ ਪ੍ਰੋ. ਵਰਿਆਮ ਸਿੰਘ ਸੰਧੂ ਵਲੋਂ ਲਿਖੇ 'ਸ਼ਹੀਦ ਦੇ ਬੁੱਤ' ਵਿਚਲੇ ਕਾਵਿਕ ਬੋਲਾਂ ਨੂੰ ਲੋਕਾਂ ਦੀ ਜ਼ੁਬਾਨ 'ਤੇ ਵੀ ਲੈ ਗਈ ਕਿ:

.....'ਮੇਰੇ ਬੁੱਤ ਨੂੰ ਤੁਸੀਂ
ਜੇ ਬੁੱਤ ਬਣ ਕੇ ਵੇਖਦੇ ਰਹਿਣਾ,
ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ
ਤੇ ਮਿੱਟੀ 'ਚ ਮਿਲਾ ਦੇਵੋ
ਜਿਸ ਮਿੱਟੀ 'ਚ
ਮੈਂ ਤਲਵਾਰ ਬਣ ਕੇ ਉੱਗਣਾ ਸੀ
ਤੇ ਦਹਿਕਦੇ ਅੰਗਿਆਰਾਂ ਵਾਂਗੂ
ਕਾਲੀਆਂ ਰਾਤਾਂ 'ਚ
ਅੱਗ ਦਾ ਫੁੱਲ ਬਣ ਕੇ ਸੀ ਖਿੜਨਾ

ਇਸ ਫੁੱਲ ਨੂੰ, ਇਸ ਦੀ ਖੁਸ਼ਬੋ ਨੂੰ ਜਿਨ੍ਹਾਂ ਕੁੱਲੀਆਂ, ਢਾਰਿਆਂ, ਮਿੱਲਾਂ, ਚੁੱਲ੍ਹੇ ਚੌਂਕੇ, ਚੜ੍ਹਦੀ ਜੁਆਨੀ ਅਤੇ ਬੁੱਧੀਮਾਨਾ, ਵਿਦਵਾਨਾਂ, ਕਲਾਕਾਰਾਂ, ਖੋਜੀਆਂ, ਸਾਹਿਤਕਾਰਾਂ, ਕਵੀਆਂ, ਸਭਿਆਚਾਰਕ ਕਾਮਿਆਂ ਅਤੇ ਅੱਧਾ ਅੰਬਰ ਬਣਦੇ ਔਰਤ ਵਰਗ ਤੱਕ ਲਿਜਾਣਾ ਚਾਹੀਦਾ ਸੀ ਉਥੇ ਲਿਜਾਣ ਲਈ ਸ਼ਤਾਬਦੀ ਮੁਹਿੰਮ ਮੌਕੇ ਉਦਾਹਰਣਮਈ ਉੱਦਮ ਹੋਏ ਅਤੇ ਹੋ ਰਹੇ ਹਨ।

ਇਹ ਜਰਾ ਲੰਮੀ ਝਾਤ ਇਸ ਕਰਕੇ ਪਵਾਉਣ ਦੀ ਲੋੜ ਪਈ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਸੁਪਨਿਆਂ ਦੀ ਅਸਲ ਆਧਾਰਸ਼ਿਲਾ ਗ਼ਦਰ ਪਾਰਟੀ, ਬਹੁ-ਪਾਸਾਰ ਵਾਲੀ ਸ਼ਾਨਾਮੱਤੀ ਇਨਕਲਾਬੀ ਲਹਿਰ ਹੈ। ਇਸ ਕਰਕੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮਨਾਉਣ ਦੀਆਂ ਕੁੱਲ ਵਿਉਂਤਾਂ/ਸ਼ਕਲਾਂ 'ਚ ਕੇਂਦਰੀ ਨੁਕਤਾ ਗ਼ਦਰ ਪਾਰਟੀ ਦੀ ਵਿਚਾਰਧਾਰਾ, ਇਤਿਹਾਸ, ਸਾਹਿਤ, ਆਦਰਸ਼ ਅਤੇ ਅਜੋਕੇ ਸਮੇਂ ਨਾਲ ਇਸਦੀ ਪ੍ਰਸੰਗਕਤਾ ਨੂੰ ਉਭਾਰਨਾ ਕੇਂਦਰੀ ਨੁਕਤਾ ਹੋਣਾ ਚਾਹੀਦਾ ਹੈ।

ਮੂੰਹ ਬੋਲਦੇ ਗ਼ਦਰੀ ਆਦਰਸ਼

ਵਕਤ ਦੀ ਲੋੜ ਸਾਡੇ ਸਿਰਾਂ 'ਤੇ ਇਹ ਖੜ੍ਹੀ ਹੈ ਕਿ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਮੌਕੇ ਗ਼ਦਰ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਦੇ ਅਨੇਕਾਂ ਪੱਖਾਂ ਨੂੰ ਗੌਰ ਨਾਲ ਸਮਝ ਕੇ ਅੱਜ ਦੀਆਂ ਚੁਣੌਤੀਆਂ ਨੂੰ ਸਿੱਧੇ ਮੱਥੇ ਟੱਕਰਨ ਲਈ ਵੱਖ-ਵੱਖ ਖੇਤਰਾਂ 'ਚ ਸਰਗਰਮ ਲੋਕ-ਹਿੱਸੇ ਆਪਣਾ ਬਣਦਾ ਰੋਲ ਪਛਾਨਣ।
  •  ਗ਼ਦਰ ਪਾਰਟੀ ਨੇ ਸਾਮਰਾਜਵਾਦ ਨੂੰ ਪੂਰੀ ਤਰ੍ਹਾਂ ਮੁਲਕ ਵਿਚੋਂ ਉਖਾੜ ਕੇ ਸੰਪੂਰਨ ਆਜ਼ਾਦੀ ਦਾ ਨਿਸ਼ਾਨਾ ਮਿਥਿਆ।
  • ਗ਼ਦਰ ਪਾਰਟੀ ਨੇ ਜਮਹੂਰੀ, ਧਰਮ-ਨਿਰਪੱਖ (ਧਰਮ ਹਰੇਕ ਵਿਅਕਤੀ ਦਾ ਜਾਤੀ ਮਾਮਲਾ ਹੈ) ਅਤੇ ਪੰਚਾਇਤੀ ਲੋਕ-ਪੁਗਤ ਵਾਲੇ ਲੋਕ ਰਾਜ ਦਾ ਝੰਡਾ ਚੁੱਕਿਆ।
  • ਗ਼ਦਰ ਪਾਰਟੀ ਨੇ ਅਜਿਹੀ ਰਾਜਨੀਤਕ ਹਥਿਆਰਬੰਦ ਜੱਦੋ-ਜਹਿਦ ਦਾ ਰਾਹ ਫੜਿਆ ਜਿਸ ਬਗੈਰ ਉਹਦਾ ਖਿਆਲ ਸੀ ਸਾਮਰਾਜੀ ਧਾੜਵੀ ਸਾਡੇ ਮੁਲਕ 'ਚੋਂ ਆਪਣਾ ਕਬਜ਼ਾ ਕਦੇ ਨਹੀਂ ਛੱਡਣਗੇ। ਪਾਰਟੀ ਦਾ ਖਿਆਲ ਸੀ ਕਿ ਲੰਬੇ ਅਰਸੇ ਤੋਂ ਅਰਜ਼ੀਆਂ, ਤਰਲਿਆਂ ਦੇ ਫੜੇ ਰਾਹ ਨੇ ਮੁਲਕ ਦਾ ਕੁਝ ਨਹੀਂ ਸੰਵਾਰਿਆ।
  • ਗ਼ਦਰ ਪਾਰਟੀ ਨੇ ਸਭ ਲਈ ਰੁਜ਼ਗਾਰ, ਬਰਾਬਰ ਦੇ ਅਧਿਕਾਰ, ਪੂਰਨ ਹੁਨਰ ਤੱਕ ਲਾਜ਼ਮੀ ਮੁਫ਼ਤ ਪੜ੍ਹਾਈ ਦਾ ਨਿਸ਼ਾਨਾ ਮਿੱਥਿਆ।
  • ਗ਼ਦਰ ਪਾਰਟੀ ਪਹਿਲੇ ਪੜਾਅ ਸਮੇਂ ਮੁਲਕ ਦੀ ਆਜ਼ਾਦੀ ਅਤੇ ਜਮਹੂਰੀਅਤ ਲਈ ਜੂਝਦੀ ਹੋਈ ਅਗਲੇ ਪੜਾਵਾਂ ਵਿਚੋਂ ਗੁਜ਼ਰਦੀ ਹੋਈ ਸਾਂਝੀਵਾਲਤਾ ਦੇ ਸਮਾਜਕ ਪ੍ਰਬੰਧ ਦੇ ਆਪਣੇ ਸੰਕਲਪਾਂ ਨੂੰ ਅਮਲੀ ਰੂਪ ਦਿੰਦੀ ਸਮਾਜਵਾਦ ਤੱਕ ਅੱਗੇ ਜਾਣ ਲਈ ਸਾਫ਼ ਅਤੇ ਸਪੱਸ਼ਟ ਸੀ।
  • ਗ਼ਦਰ ਪਾਰਟੀ ਦੀ ਕੌਮਾਂਤਰੀਵਾਦੀ ਦ੍ਰਿਸ਼ਟੀ ਹਰੇਕ ਗ਼ਦਰੀ ਲਈ ਲਾਜ਼ਮੀ ਬਣਾਉਂਦੀ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੈ ਉਥੇ ਹੀ ਸਾਮਰਾਜ ਖਿਲਾਫ਼ ਚੱਲਦੀਆਂ ਕੌਮੀ ਮੁਕਤੀ ਅਤੇ ਲੋਕ-ਮੁਕਤੀ ਲਹਿਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੇ ਅਤੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਲਹਿਰ 'ਚ ਹਿੱਸਾ ਪਾਵੇ।
  • ਗ਼ਦਰ ਪਾਰਟੀ ਦਾ ਅਮੁੱਲਾ ਪੱਖ ਹੈ ਕਿ ਇਸਨੇ ਮਿੱਲਾਂ, ਖੇਤਾਂ 'ਚ ਕੰਮ ਕਰਦੇ ਕਿਰਤੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਤੋਂ ਲੈ ਕੇ ਬੁੱਧੀਜੀਵੀਆਂ, ਲੇਖਕਾਂ ਅਤੇ ਕਵੀਆਂ ਤੱਕ ਨੂੰ ਆਪਣੇ ਕਲਾਵੇ 'ਚ ਲਿਆ, ਨਵੇਂ ਪੂਰ ਪੈਦਾ ਕੀਤੇ।
  • ਗ਼ਦਰ ਪਾਰਟੀ ਦਾ ਮੁਢਲਾ ਲੜ ਪਰਉਪਕਾਰ, ਬੰਦੇ ਮਾਤਰਮ, ਸੂਫ਼ੀਆਨਾ ਰੰਗ, ਦੇਸ਼-ਭਗਤੀ, ਆਜ਼ਾਦੀ ਨਾਲ ਜੁੜਦਾ ਹੈ ਅਤੇ ਇਸਦਾ ਦੂਜਾ ਲੜ ਸਾਮਰਾਜਵਾਦ-ਮੁਰਦਾਬਾਦ! ਇਨਕਲਾਬ-ਜ਼ਿੰਦਾਬਾਦ!! ਅਤੇ ਸਮਾਜਵਾਦ-ਜ਼ਿੰਦਾਬਾਦ!!! ਨਾਲ ਜਾ ਜੁੜਦਾ ਹੈ।
  • ਗ਼ਦਰ ਪਾਰਟੀ ਵਲੋਂ ਛਾਪੇ ਜਾਂਦੇ ਅਖ਼ਬਾਰ 'ਗ਼ਦਰ' ਉੱਪਰ ''ਜੇ ਚਿਤ ਪ੍ਰੇਮ ਖੇਲਣ ਕਾ ਚਾਉ-ਸਿਰ ਧਰ ਤਲੀ ਗਲੀ ਮੋਰੀ ਆਉ'' ਉਕਰੇ ਹੋਣਾ, ਦੋ ਤਲਵਾਰਾਂ ਦਾ ਅਤੇ ਨਾਲ ਹੀ ਫੁੱਲਾਂ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਆਪਣੇ ਆਦਰਸ਼ਾਂ ਲਈ ਲੋੜ ਮੁਤਾਬਕ ਹਰ ਕੁਰਬਾਨੀ ਕਰਨ ਲਈ ਵੀ ਤਿਆਰ ਹੈ। ਇਹ ਪਾਰਟੀ ਅਮਨ ਦੀ ਛਾਂ ਵੀ ਲੋਚਦੀ ਹੈ ਅਤੇ ਫੁੱਲਾਂ ਲੱਦਿਆ ਮਹਿਕ ਭਰਿਆ ਖ਼ੂਬਸੂਰਤ ਸਮਾਜ ਵੀ ਸਿਰਜਣਾ ਚਾਹੁੰਦੀ ਹੈ।
ਸ਼ਹੀਦ ਭਗਤ ਸਿੰਘ, ਗ਼ਦਰ ਪਾਰਟੀ ਦੀ ਆਧਾਰਸ਼ਿਲਾ ਨੂੰ ਬੇਹੱਦ ਉਚਿਆਉਂਦਾ ਹੈ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਪ੍ਰੇਰਨਾ-ਸਰੋਤ ਅਤੇ ਸਾਥੀ ਵਜੋਂ ਸਤਿਕਾਰਦਾ ਹੈ। ਕੂਕਾ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੀ ਆਜ਼ਾਦੀ ਸੰਗਰਾਮ 'ਚ ਭੂਮਿਕਾ ਨੂੰ ਬੁਲੰਦ ਕਰਦਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੁੰਦਾ ਆਪਣੇ ਆਦਰਸ਼ਾਂ 'ਚ ਹੋਰ ਨਿਖਾਰ ਲਿਆਉਂਦਾ ਹੈ। ਇਤਿਹਾਸ ਦੇ ਸ਼ੀਸ਼ੇ 'ਚ ਇਉਂ ਹੀ ਅਜੋਕੀ ਲਹਿਰ ਨੂੰ ਵੀ ਆਪਾ ਵੇਖਣ ਦੀ ਲੋੜ ਹੈ। ਉਪਰੋਕਤ ਜ਼ਿਕਰ 'ਚ ਆਏ ਗ਼ਦਰ ਪਾਰਟੀ ਦੇ ਟੀਚਿਆਂ ਦੇ ਰੰਗ 'ਚ ਰੰਗੇ ਨਿਰੰਤਰ ਸੰਘਰਸ਼ ਦੀ ਗੱਲ ਕਰਦਿਆਂ ਜਿਵੇਂ ਭਗਤ ਸਿੰਘ ਲਿਖਦਾ ਹੈ ਕਿ:

''ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਅਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੀ ਥਾਂ ਸਮਾਜਕ ਖੁਸ਼ਹਾਲੀ 'ਤੇ ਆਧਾਰਤ ਨਵਾਂ ਸਮਾਜਕ ਢਾਂਚਾ ਉਸਰ ਨਹੀਂ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼ ਹੋਰ ਵਧੇਰੇ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।''

ਚਾਨਣ ਦੀ ਗ਼ੈਰ ਹਾਜ਼ਰੀ ਦਾ ਨਾਅ ਹਨ੍ਹੇਰਾ

ਪ੍ਰਕਾਸ਼ਨਾਵਾਂ ਅਤੇ ਸੈਮੀਨਾਰਾਂ ਆਦਿ 'ਚ ਗ਼ਦਰ ਪਾਰਟੀ ਬਾਰੇ 'ਭੁੱਲੜ', 'ਸਾਧਾਰਣ', 'ਜੋਸ਼ 'ਚ ਹੋਸ਼ ਨਾ ਰੱਖ ਸਕਣ ਵਾਲੇ', 'ਕਦੇ ਸਿੱਖ ਲਹਿਰ ਕਦੇ ਦਲਿਤ ਲਹਿਰ' ਬਣਾ ਕੇ ਪੇਸ਼ ਕਰਦਿਆਂ ਗ਼ਦਰ ਲਹਿਰ ਨੂੰ ਧਾਰਮਕ, ਜਾਤੀ ਰੰਗਣਾ ਚਾੜਨ, ਕਦੇ ਦਹਿਸ਼ਤਗਰਦ, ਲੋਕਾਂ ਨਾਲੋਂ ਟੁੱਟੇ ਹੋਏ, ਪਰਦੇਸਾਂ 'ਚ ਅਪਮਾਨ ਨਾ ਝੱਲਣ ਕਰਕੇ ਹੀ ਸੀਸ ਤਲੀ 'ਤੇ ਧਰ ਕੇ ਸਾਗਰਾਂ 'ਚ ਠਿੱਲ੍ਹ ਪੈਣ ਵਾਲੇ ਆਦਿ ਥੋਕ ਪੱਧਰ 'ਤੇ ਪੜ੍ਹਨ ਸੁਣਨ ਨੂੰ ਮਿਲਦਾ ਹੈ। ਗ਼ਦਰ ਪਾਰਟੀ ਦੇ ਉਲੀਕੇ ਆਦਰਸ਼ਾਂ, ਅਮਲਾਂ ਅਤੇ ਵਿਗਿਆਨਕ ਵਿਸ਼ਲੇਸ਼ਣ ਅੱਗੇ ਅਜਿਹੀ ਕੋਈ ਵੀ ਸ਼ਕਲ-ਵਿਗਾੜ ਕਰਦੀ ਕੋਸ਼ਿਸ਼ ਟਿਕ ਨਹੀਂ ਸਕਦੀ। ਸੋ, ਸਥਾਪਨਾ ਸ਼ਤਾਬਦੀ ਮੁਹਿੰਮ ਅੱਗੇ ਗ਼ਦਰ ਲਹਿਰ ਦੇ ਠੋਸ ਇਤਿਹਾਸਕ ਪ੍ਰਮਾਣਾਂ ਅਤੇ ਸਰਗਰਮੀਆਂ ਦੇ ਵੇਰਵੇ ਪੇਸ਼ ਕਰਦੇ ਸਮੇਂ ਅਜਿਹੇ ਇਰਾਦਿਆਂ ਬਾਰੇ ਚੌਕੰਨੇ ਕਰਨ ਦਾ ਕਾਰਜ ਹੋਏਗਾ। ਬਿਨਾਂ ਸ਼ੱਕ ਗ਼ਦਰ ਲਹਿਰ ਦੀਆਂ ਊਣਤਾਈਆਂ, ਸੀਮਤਾਈਆਂ, ਹਾਲਾਤ ਦੇ ਜਾਇਜਿਆਂ, ਯੁੱਧਨੀਤੀ ਆਦਿ ਕਿਸੇ ਵੀ ਪੱਖ ਉੱਪਰ ਉਂਗਲ ਧਰਦੇ ਸਮੇਂ ਉਸਾਰੂ ਆਲੋਚਨਾਤਮਕ ਨਜ਼ਰੀਆ ਉਸ ਤੋਂ ਅਮੁੱਲੇ ਸਬਕ ਹਾਸਲ ਕਰਨ ਦਾ ਹੋਵੇ। ਉਸ ਦੀ ਇਤਿਹਾਸਕ ਅਮੀਰੀ ਲਈ ਸਾਰਥਕ ਹੋਵੇ। ਸਾਡੇ ਅੱਜ ਅਤੇ ਕੱਲ੍ਹ ਦੇ ਸੰਗਰਾਮਾਂ ਮੌਕੇ ਉਨ੍ਹਾਂ ਝੁਕਾਵਾਂ, ਵਰਤਾਰਿਆਂ ਤੋਂ ਸੰਭਲ ਕੇ, ਸੁਚੇਤ ਹੋ ਕੇ ਚੱਲਣ ਦਾ ਹੋਵੇ ਅਜਿਹੀ ਪੜਚੋਲਵੀਂ ਕਸਵੱਟੀ ਉੱਪਰ ਕੀਤੀਆਂ ਇਤਿਹਾਸਕ ਨਿਰਖਾਂ ਪਰਖਾਂ ਨੂੰ ਕੌਣ ਜੀ ਆਇਆਂ ਨਹੀਂ ਕਹੇਗਾ। ਕਈ ਵਾਰੀ ਮੇਲਿਆਂ, ਸੈਮੀਨਾਰਾਂ, ਚਰਚਾਵਾਂ, ਸਰਗਰਮੀਆਂ ਮੌਕੇ ਅਫਸੋਸਨਾਕ ਪਹਿਲੂ ਸਾਹਮਣੇ ਆਉਂਦਾ ਹੈ ਜਿਸ ਸਦਕਾ ਨਾ ਤਾਂ ਗ਼ਦਰ ਲਹਿਰ ਦੇ ਇਤਿਹਾਸ ਨਾਲ ਇਨਸਾਫ ਹੁੰਦਾ ਹੈ। ਨਾ ਲਹਿਰ ਨੂੰ ਅਜੋਕੇ ਸਰੋਕਾਰਾਂ ਨਾਲ ਜੋੜ ਕੇ ਵਿਚਾਰਿਆ ਜਾਂਦਾ ਹੈ। ਨਾ ਹੀ ਭਵਿੱਖ ਸੰਵਾਰਨ ਲਈ ਇਸ ਦੀ ਅਮਿਟ ਦੇਣ ਤੋਂ ਰੌਸ਼ਨੀ ਲੈਣ ਦੇ ਪਹਿਲੂ ਉਭਾਰੇ ਜਾਂਦੇ ਹਨ। ਇਥੋਂ ਤੱਕ ਕਿ ਗ਼ਦਰ ਲਹਿਰ ਦੀ ਵਿਚਾਰਧਾਰਾ, ਇਤਿਹਾਸ, ਰਾਜਨੀਤੀ ਅਤੇ ਸਾਹਿਤ ਨਾਲ ਮੂਲੋਂ ਟਕਰਾਵੇਂ ਹਿੱਤਾਂ ਵਾਲੇ ਧੜੇ/ਵਿਅਕਤੀ, ਗ਼ਦਰੀ ਮੇਲੇ/ਸਮਾਗਮ ਦੇ ਮੌਕੇ ਦੇਸ਼-ਵਿਦੇਸ਼ ਅੰਦਰ ਮੁੱਖ ਮਹਿਮਾਨ ਸਜਾ ਲਏ ਜਾਂਦੇ ਹਨ। ਕਮਾਲ ਦਾ ਪੱਖ ਤਾਂ ਉਸ ਮੌਕੇ ਸਾਹਮਣੇ ਆਉਂਦਾ ਹੈ ਜਦੋਂ ਗ਼ਦਰ ਪਾਰਟੀ ਬਾਰੇ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਅੱਗੇ ਚਰਚਾ ਛੇੜਦੇ ਹਾਂ ਉਨ੍ਹਾਂ ਦਾ ਭਾਵੇਂ ਇਤਿਹਾਸਕ ਜਾਣਕਾਰੀ ਦਾ ਗਿਆਨ-ਭੰਡਾਰ ਊਣਾ ਹੋ ਸਕਦਾ ਹੈ ਪਰ ਉਨ੍ਹਾਂ ਦੀ ਲਹਿਰ ਦੀ ਵਿਚਾਰਧਾਰਾ ਅਤੇ ਉਦੇਸ਼ਾਂ ਨੂੰ ਆਤਮਸਾਤ ਕਰਨ ਦੀ ਦ੍ਰਿਸ਼ਟੀ ਵਧੇਰੇ ਸਪੱਸ਼ਟ ਹੈ। ਜਦ ਕਿ ਕਈ ''ਮਹਾਂ ਵਿਦਵਾਨ'' ਕਹਾਉਣ ਵਾਲੀਆਂ ਵੰਨਗੀਆਂ ਆਪਣੇ ਹੀ ਮਿਥੇ ਦਾਇਰਿਆਂ ਮੁਤਾਬਕ ਸਾਡੀ ਅਮੀਰ ਸਾਂਝੀ ਵਿਰਾਸਤ ਗ਼ਦਰ ਲਹਿਰ ਨੂੰ ਆਪਣੇ ਹੀ ਸਵੈ ਇੱਛਤ ਨਜ਼ਰੀਏ ਤੋਂ ਪੇਸ਼ ਕਰਦੀਆਂ ਹਨ। ਇਸ ਲਈ ਅਕਾਦਮਿਕ ਖੇਤਰਾਂ, ਸੰਘਰਸ਼ਸ਼ੀਲ ਲੋਕਾਂ ਅਤੇ ਅੱਜ ਵੀ ਵਿਸ਼ਵੀਕਰਣ ਦੇ ਨਵੇਂ ਲਿਬਾਸ 'ਚ ਸਾਮਰਾਜੀਆਂ ਵੱਲੋਂ ਬੋਲੇ ਹਮਲੇ ਹੇਠ ਆਏ ਲੋਕ ਹਿੱਸਿਆਂ ਵਿਚ ਸ਼ਤਾਬਦੀ ਮੁਹਿੰਮ ਉਤਸ਼ਾਹੀ ਵੇਗ ਅਤੇ ਨਵੇਂ ਮੁਹਾਵਰਿਆਂ 'ਚ ਛੇੜਨ ਦੀ ਜ਼ਰੂਰਤ ਹੈ। ਹਰ ਸੁਹਿਰਦ ਲੋਕ-ਪੱਖੀ ਸੰਸਥਾਵਾਂ ਅਤੇ ਵਿਅਕਤੀਆਂ ਦੀਆਂ ਵਿਸ਼ਾਲ ਕਮੇਟੀਆਂ ਉਸਾਰਕੇ ਗ਼ਦਰ ਲਹਿਰ ਦੇ ਸਾਂਝੇ ਪ੍ਰੋਗਰਾਮ ਨੂੰ ਆਧਾਰ ਬਣਾਕੇ ਸਾਂਝੀ ਸਰਗਰਮੀ ਅਤੇ ਮੁਹਿੰਮ ਵਿੱਢਣ ਦੀ ਲੋੜ ਹੈ। ਗ਼ਦਰ ਲਹਿਰ ਨੂੰ ਬਦਰੰਗ ਕਰਨ ਵਾਲੇ ਕਾਲਖ਼ ਦੇ ਵਣਜਾਰੇ ਉੱਥੇ ਹੀ ਚਾਂਬੜਾਂ ਪਾ ਸਕਦੇ ਹਨ ਜਿੱਥੇ ਇਤਿਹਾਸ ਦੇ ਚਾਨਣ ਦੀ ਗੈਰ ਹਾਜ਼ਰੀ ਹੁੰਦੀ ਹੈ ਕਿਉਂਕਿ ਰੌਸ਼ਨੀ ਅੱਗੇ ਹਨ੍ਹੇਰਾ ਖੜ੍ਹ ਨਹੀਂ ਸਕਦਾ। ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਇਤਿਹਾਸਕ ਬੋਲਾਂ ਨੂੰ ਸ਼ਤਾਬਦੀ ਮੁਹਿੰਮ ਮੌਕੇ ਲੋਕ-ਮਨਾਂ ਉੱਪਰ ਗੂਹੜ੍ਹੀ ਤਰ੍ਹਾਂ ਉਕਰਨ ਲਈ 'ਕੁੱਜੇ 'ਚ ਬੰਦ ਸਮੁੰਦਰ' ਵਰਗੇ ਇਨ੍ਹਾਂ ਵਿਚਾਰਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ:

''ਗ਼ਦਰ ਦਾ ਅਰਥ ਹੈ -
ਇਨਕਲਾਬ ਦਾ ਬਿਗਲ
ਏਕਤਾ ਦਾ ਫਲ - ਸ਼ਕਤੀ ਅਤੇ ਆਜ਼ਾਦੀ
ਏਕਤਾ ਦਾ ਮੂਲ - ਸਮਾਜਵਾਦ
ਅਨੇਕਤਾ ਦਾ ਮੂਲ - ਸਾਮਰਾਜਵਾਦ
ਨੌਜਵਾਨੋ! ਉੱਠੋ!! ਯੁੱਗ ਪਲਟ ਰਿਹਾ ਹੈ। ਆਪਣੇ ਕਰਤੱਵ ਪੂਰੇ ਕਰੋ। ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਕ ਕੀ ਰਾਜਨੀਤਕ ਤੇ ਕੀ ਸਮਾਜਕ ਜੜ੍ਹ ਤੋਂ ਉਖੇੜ ਸੁੱਟੋ।
ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ!!''

ਗ਼ਦਰ ਪਾਰਟੀ ਛੂਤ-ਛਾਤ ਦਾ ਸਖ਼ਤ ਵਿਰੋਧ ਕਰਨ ਦਾ ਰਾਹ ਦਿਖਾਉਂਦੀ ਇਉਂ ਕਹਿੰਦੀ ਹੈ;

''ਮਿਲਕੇ ਸਭ ਗਰੀਬਾਂ ਨੇ ਗ਼ਦਰ ਕਰਨਾ,
ਆਸ ਰੱਖਣੀ ਨਾ ਸ਼ਾਹੂਕਾਰ ਵਾਲੀ।
''ਛੂਤ ਛਾਤ ਦਾ ਕੋਈ ਖਿਆਲ ਨਾਹੀਂ
ਸਾਨੂੰ ਪਰਖ ਨਾ ਚੂਹੜੇ ਚੁਮਾਰ ਵਾਲੀ।''

ਗ਼ਦਰ ਲਹਿਰ ਤਾਂ ਫਿਰਕੂ, ਧਾਰਮਕ, ਜਾਤ-ਪਾਤੀ, ਖੇਤਰੀ, ਨਸਲੀ ਸਭਨਾ ਵੰਡੀਆਂ ਅਤੇ ਵਿਤਕਰਿਆਂ ਤੋਂ ਉੱਪਰ ਉਠ ਕੇ ਮਨੁੱਖ ਨੂੰ 'ਦੇਵਤੇ', ਕਿਰਤ ਨੂੰ ਧਰਮ ਅਤੇ ਕਿਰਤ ਦੀ ਆਜ਼ਾਦੀ ਨੂੰ ਸਭ ਤੋਂ ਪਵਿੱਤਰ ਕਾਜ਼ ਸਮਝਦੀ ਹੈ। ਫੇਰ ਵੀ ਮੱਲੋ ਜੋਰੀ ਕੁਝ ਵਿਅਕਤੀ ਜਿਨ੍ਹਾਂ ਦੇ ਆਪਣੇ ਪੱਲੇ ਨਾ ਕਿਰਤੀ ਲੋਕਾਂ ਦੀ ਮੁਕਤੀ ਲਈ ਵਿਚਾਰਧਾਰਾ/ਰਾਜਨੀਤੀ ਹੈ। ਨਾ ਹੀ ਆਪਣੇ ਮਿੱਤਰਾਂ ਅਤੇ ਦੁਸ਼ਮਣਾਂ 'ਚ ਸਹੀ ਨਿਖੇੜਾ ਕਰਨ ਦੀ ਦ੍ਰਿਸ਼ਟੀ ਅਤੇ ਇਰਾਦਾ ਹੈ। ਨਾ ਕਿਰਤੀਆਂ ਦਾ ਰਾਜ ਭਾਗ ਸਥਾਪਤ ਕਰਨ ਲਈ ਲੋਕ-ਸੰਗਰਾਮ ਦਾ ਕੋਈ ਏਜੰਡਾ ਹੈ। ਉਹ ਸੌ ਵਿੰਗ ਵਲ ਪਾ ਕੇ ਲੋਕ ਲਹਿਰ ਉਪਰ ਧਾਵਾ ਬੋਲਦੇ ਰਹਿੰਦੇ ਹਨ। ਉਹ ਅੱਜ ਵੀ ਕਿਰਤੀਆਂ ਦੀ ਪੁੱਗਤ ਵਾਲੇ ਸਮਾਜ ਲਈ ਜੂਝ ਰਹੀਆਂ ਤਾਕਤਾਂ ਉੱਪਰ ਬੇ ਸਿਰ ਪੈਰ ਦੂਸ਼ਣ ਥੱਪਣ ਦੀ ਖੇਡ 'ਚ ਗਲਤਾਨ ਰਹਿੰਦੇ ਹਨ। ਗ਼ਦਰੀ ਸੰਗਰਾਮੀਆਂ ਦੀ ਦ੍ਰਿਸ਼ਟੀ ਤਾਂ ਗ਼ਦਰੀ ਗੂੰਜਾਂ ਦੀਆਂ ਇਨ੍ਹਾਂ ਸਤਰਾਂ ਤੋਂ ਪਰਖੀ ਜਾ ਸਕਦੀ ਹੈ:

ਮਜ਼ਹਬੀ ਝਗੜਿਆਂ ਨੇ ਸਾਡਾ ਨਾਸ ਕੀਤਾ,
ਜਰਾ ਏਨ੍ਹਾ ਨੂੰ ਪਰੇ ਹਟਾ ਲਈਏ।
ਕਈ ਦੇਸ਼ ਘਾਤੀ ਫਿਰਨ ਇੱਲ੍ਹ ਵਾਂਗੂੰ,
ਬਾਜ਼ ਗ਼ਦਰ ਨੂੰ ਅਸੀਂ ਉੜਾ ਲਈਏ।

ਜੋਟੀਆਂ ਪਾ ਕੇ ਜੂਝਣ ਵਾਲੇ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਪੰਡਤ ਕਾਸ਼ੀ ਰਾਮ ਮੜੌਲੀ ਹੋਵੇ ਬਾਬਾ ਜਵਾਲਾ ਸਿੰਘ ਠੱਠੀਆਂ ਜਾਂ ਰਹਿਮਤ ਅਲੀ ਵਜੀਦਕੇ ਅਤੇ ਗ਼ਦਰੀ ਗੁਲਾਬ, ਗੁਲਾਬ ਕੌਰ ਵਰਗੇ ਹੋਣ। ਕੋਈ ਬੰਗਾਲੀ, ਮਰਾਠੀ, ਮੱਧ ਪ੍ਰਦੇਸ਼, ਯੂæਪੀæ ਪੰਜਾਬ ਆਦਿ ਤੋਂ ਹੋਵੇ ਇਨ੍ਹਾਂ 'ਚ ਕਿਸੇ ਤਰ੍ਹਾਂ ਦਾ ਮਜ਼੍ਹਬੀ ਅਤੇ ਇਲਾਕਾਈ ਭਿੰਨ ਭੇਦ ਲਾਗੇ ਨਹੀਂ ਆਇਆ। ਇਥੋਂ ਤੱਕ ਕਿ ਬਾਹਰਲੇ ਮੁਲਕਾਂ ਅੰਦਰ ਗੁਰਦਵਾਰਿਆਂ ਦੇ ਅੰਦਰ ਹੱਥੋ-ਹੱਥੀ ਗ਼ਦਰ ਅਖ਼ਬਾਰ ਵੰਡਿਆ ਜਾਂਦਾ ਸੀ। 'ਮੁਲਕ ਦੀ ਆਜ਼ਾਦੀ ਲਈ ਦੇਸ਼ ਨੂੰ ਚੱਲੋ' ਦੇ ਨਾਅਰੇ ਗੂੰਜਦੇ ਰਹਿੰਦੇ ਸਨ। ਰਹਿੰਦੀ ਖੂੰਹਦੀ ਕਸਰ ਇਤਿਹਾਸ ਦਾ ਲਹੂ ਰੱਤਾ ਸੁਨਹਿਰੀ ਪੰਨਾ ਕੱਢ ਦਿੰਦਾ ਹੈ ਜਿਹੜਾ ਦਰਸਾਉਂਦਾ ਹੈ ਕਿ ਕਿਵੇਂ ਇਕੋ ਦਿਨ, ਇਕੋ ਵੇਲੇ, ਇਕੋ ਰੱਸੇ ਨਾਲ ਬਲਵੰਤ ਸਿੰਘ ਖੁਰਦਪੁਰ (ਜਲੰਧਰ), ਡਾæ ਅਰੂੜ ਸਿੰਘ ਸੰਘਵਾਲ (ਜਲੰਧਰ), ਹਰਨਾਮ ਚੰਦ ਫਤਿਹਗੜ੍ਹ (ਹੁਸ਼ਿਆਰਪੁਰ), ਬਾਬੂ ਰਾਮ ਫਤਿਹਗੜ੍ਹ (ਹੁਸ਼ਿਆਰਪੁਰ) ਅਤੇ ਹਾਫ਼ਿਜ ਅਬਦੁੱਲਾ (ਜਗਰਾਓਂ) ਸੈਂਟਰਲ ਜੇਲ੍ਹ ਲਾਹੌਰ 'ਚ 27 ਮਾਰਚ 1915 ਨੂੰ ਸ਼ਹਾਦਤ ਦੀ ਹੱਸ ਹੱਸ ਕੇ ਇਕੱਠੇ ਹੀ ਪੀਂਘ ਝੂਟ ਗਏ। ਕੀ ਇਨ੍ਹਾਂ ਆਜ਼ਾਦੀ ਸੰਗਰਾਮੀਆ ਨੇ ਜਾਤ, ਧਰਮ, ਫ਼ਿਰਕਾ, ਇਲਾਕਾ ਆਦਿ ਦਾ ਫ਼ਰਕ ਸਮਝਿਆ? ਕੀ ਅੱਜ ਨਵੇਂ ''ਸਿਧਾਂਤਕਾਰ'', ''ਇਤਿਹਾਸਕਾਰ'' ਇਨ੍ਹਾਂ ਨੂੰ ਹੁਣ ਇਤਿਹਾਸ ਵਿਚੋਂ ਅਲੱਗ-ਅਲੱਗ ਕਰਨਗੇ? ਅਜਿਹੀਆਂ ਚੁਣੌਤੀਆਂ ਵਾਰ ਵਾਰ ਉਠਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਪਛਾੜਨ ਲਈ ਕਾਰਗਰ ਢੰਗ ਤਾਂ ਇਹੀ ਹੈ ਕਿ ਗ਼ਦਰ ਲਹਿਰ ਦੀ ਇਤਿਹਾਸਕ ਅਮੀਰੀ ਨੂੰ ਅਜੋਕੀ ਲੋਕ ਹਿਤੈਸ਼ੀ, ਦੇਸ਼ ਭਗਤ ਇਨਕਲਾਬੀ-ਜਮਹੂਰੀ ਲਹਿਰ ਅੰਦਰ ਸਥਾਪਤ ਕਰਨ ਲਈ ਚਿੰਤਨ, ਚੇਤਨਾ ਅਤੇ ਲੋਕ ਸੰਘਰਸ਼ ਦਾ ਪਰਚਮ ਬੁਲੰਦ ਕੀਤਾ ਜਾਵੇ। ਗ਼ਦਰੀਆਂ ਦੇ ਕਾਜ਼ ਨੂੰ ਹੋਰ ਅੱਗੇ ਤੋਰਦੇ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਪੂਰੇ ਇਤਿਹਾਸਕ ਦੌਰ ਨੂੰ ਅੰਤਰ-ਸਬੰਧਤ ਤੌਰ 'ਤੇ ਹੱਥ ਲੈਂਦੇ ਹੋਏ ਇਨ੍ਹਾਂ ਦੇ ਸੁਪਨਿਆਂ ਦਾ ਰੰਗਲਾ ਰੰਗੀਲਾ, ਤਰੱਕੀ ਦੀਆਂ ਪੁਲਾਂਘਾਂ ਭਰਦਾ, ਦੇਸ਼ੀ-ਬਦੇਸ਼ੀ ਜੋਕਾਂ ਦੀ ਥਾਂ ਲੋਕਾਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣ ਲਈ ਲੋਕ ਸੰਗਰਾਮ 'ਚ ਆਪੋ ਆਪਣੇ ਹਿੱਸੇ ਦੀ ਮੋਮਬੱਤੀ ਬਾਲੀ ਜਾਏ।

ਸੌ ਵਰ੍ਹੇ ਤੋਂ ਵੀ ਪਹਿਲਾਂ ਜਿਨ੍ਹਾਂ ਹਾਲਤਾਂ ਵਸ ਸਾਡੇ ਲੋਕ ਪਰਦੇਸੀ ਹੋਏ। ਫ�s  ਗ਼ਦਰੀ ਫ਼ਰੇਰੇ ਚੁੱਕੇ। ਲਾਮਿਸਾਲ ਕੁਰਬਾਨੀਆਂ ਦਾ ਇਤਿਹਾਸ ਰਚਿਆ। ਵਿਸ਼ਵ ਅੰਦਰ ਫੈਲੇ ਆਰਥਿਕ ਮੰਦਵਾੜੇ ਕਾਰਨ ਅਜੋਕੇ ਹਾਲਾਤ ਉਨ੍ਹਾਂ ਸਮਿਆਂ ਨਾਲੋਂ ਹੋਰ ਵੀ ਬਦ ਤੋਂ ਬਦਤਰ ਹੋਏ ਹਨ। ਗ਼ਦਰ ਦਾ ਗੀਤ ਮੁੜ ਚਹੁੰ ਕੂਟਾਂ 'ਚ ਗਾਉਣ ਦੀ ਤੀਬਰ ਲੋੜ ਹੈ। ਇਕ ਵਿਸ਼ਵੀਕਰਣ ਦਾ ਸੰਕਲਪ, ਗ਼ਦਰ ਪਾਰਟੀ, ਕਿਰਤੀ ਕਿਸਾਨ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਪੂਰੇ ਵਿਸ਼ਵ 'ਚੋਂ ਸਾਮਰਾਜ ਅਤੇ ਉਸਦਾ ਪਾਣੀ ਭਰਨ ਵਾਲਿਆਂ ਤੋਂ ਮੁਕਤ ਸਾਂਝੀਵਾਲਤਾ-ਸਮਾਜਵਾਦ ਵਾਲਾ ਵਿਸ਼ਵ ਭਾਈਚਾਰਾ ਉਸਾਰਨ ਦੇ ਨਿਸ਼ਾਨੇ ਵਾਲਾ ਮਿੱਥਿਆ। ਕਿੱਥੇ ਅਜੋਕਾ ਸਾਮਰਾਜੀ ਵਿਸ਼ਵੀਕਰਣ ਜੋ ਕੁੱਲ ਦੁਨੀਆਂ ਨੂੰ ਇਕ ਪਿੰਡ ਬਣਾਉਣ ਦੇ ਝੂਠੇ ਦਮਗਜ਼ੇ ਮਾਰਦਾ ਕੁੱਲ ਦੁਨੀਆਂ ਦੇ ਪਿੰਡ ਹੜੱਪਣ ਜਾ ਰਿਹੈ। ਵੇਲਾ, ਆਵਾਜ਼ ਦੇ ਰਿਹੈ ਆਪਣਾ ਇਤਿਹਾਸ, ਵਿਰਸਾ ਪਹਿਚਾਨਣ ਦੀ ਅਤੇ ਇਸਦੀ ਲੋਅ ਵੰਡਣ ਦੀ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ ਵਗਦੇ ਦਰਿਆ ਵਰਗੀ ਗ਼ਦਰ ਲਹਿਰ ਦੇ ਆਦਰਸ਼ਾਂ ਦੀ ਪੂਰਤੀ ਲਈ ਵਿਰਸੇ ਦੇ ਸਭਨਾ ਖਰੇ ਪਹਿਰੇਦਾਰਾਂ ਤੋਂ ਅਜੋਕਾ ਸਮਾਂ ਅਤੇ ਭਵਿੱਖ ਕੁੱਝ ਆਸ ਕਰਦਾ ਹੈ। ਆਓ! ਅਜਿਹੇ ਸੁਪਨਿਆਂ ਦੇ ਸੂਰਜਾਂ ਦੇ ਹਮਸਫ਼ਰ ਬਣੀਏ।

ਸਹਾਇਕ ਸਕੱਤਰ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ
ਫ਼ੋਨ: 94170-76735

(ਧੰਨਵਾਦ ਸਹਿਤ 'ਸੀਰਤ' ਅਪ੍ਰੈਲ 2009 ਚੋਂ)

No comments:

Post a Comment