StatCounter

Monday, April 9, 2012

Paying Homage to Sevewala Martyrs


ਮਸ਼ਾਲਾਂ ਬਾਲ ਕੇ ਚੱਲਣਾ.. ….. ..
Amolak Singh


13 ਅਪ੍ਰੈਲ 1919 ਦੀ ਖੂਨੀ ਵਿਸਾਖੀ, ਇਤਿਹਾਸ ਦੇ ਸਫੇ 'ਤੇ ਆਜ਼ਾਦੀ ਸੰਗਰਾਮ ਵੱਲ ਨਵੇਂ ਰਾਹ ਦੀ ਇਬਾਰਤ ਲਿਖੀ ਗਈ ਸੀ।
ਇਤਿਹਾਸਕਾਰਾਂ ਦੀ ਨਜ਼ਰ 'ਚ ਜੱਲ੍ਹਿਆਂਵਾਲਾ ਬਾਗ ਦੀ ਇਸ ਘਟਨਾ ਨੂੰ ਭਾਰਤੀ ਆਜ਼ਾਦੀ ਦੀ ਤਵਾਰੀਖ਼ 'ਚ ਤਿੱਖਾ ਇਤਿਹਾਸਕ ਮੋੜ ਦੱਸਿਆ ਗਿਆ ਹੈ।
ਇੱਕੋ ਘੜੇ ਦਾ ਪਾਣੀ ਪੀਂਦੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਇੱਕ ਆਵਾਜ਼ ਹੋ ਕੇ ਜੱਲ੍ਹਿਆਂਵਾਲਾ ਬਾਗ 'ਚ ਆਜ਼ਾਦੀ ਦਾ ਗੀਤ ਗਾਇਆ। ਬੁਖਲਾਏ ਬਰਤਾਨਵੀ ਹਾਕਮ, ਉਹਨਾਂ ਦੀ ਏਕਤਾ ਅਤੇ ਆਜ਼ਾਦੀ ਦੀ ਭਾਵਨਾ ਤੱਕ ਕੇ ਉਹਨਾਂ ਦੇ ਲਹੂ ਦੇ ਪਿਆਸੇ ਹੋ ਗਏ। ਹਥਿਆਰਬੰਦ ਟੁਕੜੀਆਂ ਨੂੰ ਨਿਹੱਥੇ ਅਤੇ ਨਿਰਦੋਸ਼ ਲੋਕਾਂ ਉਪਰ ਬਾਰੂਦੀ ਵਰਖਾ ਦੇ ਹੁਕਮ ਚਾੜ੍ਹੇ ਗਏ। ਹੱਕ, ਸੱਚ, ਇਨਸਾਫ ਅਤੇ ਆਜ਼ਾਦੀ ਦਾ ਸਮੂਹ ਗਾਇਨ ਗਾਉਣ ਵਾਲਿਆਂ ਨੂੰ ਖਾਮੋਸ਼ ਕਰਨ ਦਾ ਭਰਮ ਪਾਲਿਆ ਗਿਆ। ਮਨੋਰਥ ਸਾਫ ਸੀ ਕਿ ਗੋਲੀ ਦੇ ਜ਼ੋਰ ਬਗਾਵਤ ਨੱਪ ਦਿੱਤੀ ਜਾਵੇਗੀ।
ਵਕਤ ਦੇ ਪਰਾਂ ਨੇ ਹਾਕਮਾਂ ਦੇ ਇਰਾਦਿਆਂ ਦੇ ਐਨ ਉਲਟ ਪ੍ਰਵਾਜ਼ ਭਰੀ। ਆਵਾਮ ਵਿੱਚ ਇਹ ਵਿਚਾਰ ਹੋਰ ਵੀ ਗੂੜ੍ਹੇ ਹੋ ਗਏ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਵਿੱਚ-ਵਿਚਾਲੇ ਦਾ ਕੋਈ ਵੀ ਰਾਹ ਸਫਲਤਾਪੂਰਵਕ ਮੰਜ਼ਲ ਵੱਲ ਨਹੀਂ ਜਾ ਸਕਦਾ। ਭਾਰਤ ਦੀ ਮੁਕੰਮਲ ਆਜ਼ਾਦੀ ਲਈ ਲਹਿਰ ਨੇ ਨਵਾਂ ਰੁਖ ਅਤੇ ਨਵਾਂ ਵੇਗ ਫੜਿਆ। ਲੋਕਾਂ ਵਿੱਚ ਭਾਈਚਾਰਕ ਸਾਂਝ ਹੋਰ ਮਜਬੂਤ ਹੋਈ। ਦਹਿਲ ਜਾਂ ਦਬ ਜਾਣ ਦੀ ਬਜਾਏ ਆਜ਼ਾਦੀ ਸੰਗਰਾਮ ਹੋਰ ਮਘਿਆ। ਹੋਰ ਭਖਿਆ। ਜਵਾਨੀ ਦਹਿਲੀਜ਼ 'ਤੇ ਪੱਬ ਧਰਨ ਦੇ ਦੌਰ ਵਿੱਚ ਹੀ ਜੱਲ੍ਹਿਆਂਵਾਲਾ ਬਾਗ ਤੋਂ ਲਹੂ ਮਿੱਟੀ ਲਿਆਉਣ ਵਾਲੇ ਭਗਤ ਸਿੰਘ ਨੇ ਰੁਮਾਂਟਿਕ, ਭਾਵਿਕ ਜਾਂ ਜਜ਼ਬਾਤੀ ਸਾਂਝ ਹੀ ਇਸ ਲਹੂ ਰੱਤੀ ਮਿੱਟੀ ਨਾਲ ਨਹੀਂ ਦਿਖਾਈ, ਸਗੋਂ ਵਿਚਾਰਾਂ ਦੀ ਲਹਿਰ ਨੂੰ ਭਰਪੂਰ ਬਣਾਉਣ ਲਈ ਇਸ ਬਾਗ ਅੰਦਰ ਹੀ ਨੌਜੁਆਨ ਭਾਰਤ ਸਭਾ ਦਾ ਬੂਟਾ ਲਾਇਆ।
ਸ਼ਬੀਲ 'ਤੇ ਜਲ ਦੀ ਸੇਵਾ ਕਰਨ ਯਤੀਮਖਾਨੇ ਆਇਆ ਊਧੋ, ਸ਼ਹੀਦ ਰਾਮ ਮੁਹੰਮਦ ਸਿੰਘ ਆਜ਼ਾਦ ਬਣਿਆ। ਲੋਕਤਾ ਦੀ ਜੋਟੀ ਸਦਾ ਮਜਬੂਤ ਰੱਖਣ ਦਾ ਰੌਸ਼ਨ ਮਿਨਾਰ ਚਿੰਨ੍ਹ ਬਣਿਆ। ਕੋਈ 21 ਵਰ੍ਹੇ ਦੀ ਸਾਹਸ-ਭਰੀ ਤਪੱਸਿਆ ਉਪਰੰਤ ਉਸਨੇ ਲੰਡਨ ਤੋਂ ਇਹ ਬੋਲ ਆਪਣੇ ਹੀ ਅੰਦਾਜ਼ 'ਚ ਗੁੰਜਾ ਦਿੱਤੇ। ਜਿਵੇਂ ਉਹ ਕਹਿ ਰਹੇ ਹੋਣ ਕਿ-

ਹਰ ਮਿੱਟੀ ਦੀ ਆਪਣੀ ਖਸਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ

ਅੱਜ ਫੇਰ 21 ਵਰ੍ਹੇ ਪਹਿਲਾਂ ਵਾਪਰੇ ਸੇਵੇਵਾਲਾ ਦੇ ਖੂਨੀ ਕਾਂਡ ਦੀ ਦਸਤਕ ਸਾਡੇ ਮਨਾਂ ਦੇ ਦਰਵਾਜ਼ੇ ਖੜਕਾ ਰਹੀ ਹੈ। ਜੈਤੋ ਲਾਗੇ ਸੇਵੇਵਾਲਾ ਪਿੰਡ ਵਿੱਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਸਥਾਨਕ ਇਕਾਈ ਵੱਲੋਂ ਲੋਕਾਂ ਦੀ ਭਾਈਚਾਰਕ ਸਾਂਝ, ਆਪਸੀ ਸਦਭਾਵਨਾ ਦੀ ਮਜਬੂਤੀ ਅਤੇ ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਨੂੰ ਕਰਾਰੀ ਹਾਰ ਦੇਣ ਲਈ ਚੱਲ ਰਹੀਆਂ ਸਰਗਰਮੀਆਂ ਦੀ ਲੜੀ ਵਜੋਂ ਰੱਖੇ ਸਮਾਗਮ ਉੱਪਰ ਖਾਲਿਸਤਾਨੀ ਖ਼ੂਨੀ ਟੋਲੇ ਨੇ ਜੱਲ੍ਹਿਆਂਵਾਲਾ ਬਾਗ ਵਾਲੇ ਡਾਇਰ ਦੇ ਪਦ-ਚਿੰਨ੍ਹਾਂ 'ਤੇ ਚੱਲਦਿਆਂ ਧਰਮਸ਼ਾਲਾ ਦੀ ਚਾਰਦੀਵਾਰੀ 'ਚ ਜੁੜੇ ਲੋਕਾਂ ਉੱਪਰ ਬੰਬਾਂ, ਬੰਦੂਕਾਂ ਨਾਲ ਹੱਲਾ ਬੋਲ ਦਿੱਤਾ। ਮੌਕੇ 'ਤੇ ਹੀ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਗੁਰਜੰਟ ਸਿੰਘ ਢਿਲਵਾਂ ਅਤੇ ਮਾਂ ਸਦਾ ਕੌਰ ਸਮੇਤ 18 ਕਿਰਤੀ-ਕਿਸਾਨ ਸ਼ਹੀਦ ਅਤੇ ਦਰਜਨਾਂ ਜਖ਼ਮੀ ਹੋ ਗਏ। ਇਹ ਖੂਨੀ ਹੱਲਾ ਉਸ ਵੇਲੇ ਬੋਲਿਆ ਜਦੋਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਲਿਖਿਆ, 'ਅੰਨ੍ਹੇ ਨਿਸ਼ਾਨਚੀ' ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਖੇਡਿਆ ਗਿਆ ਅਤੇ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੇ ਕਨਵੀਨਰ ਅਮੋਲਕ ਸਿੰਘ ਉਸ ਮੌਕੇ ਸੰਬੋਧਨ ਕਰ ਰਹੇ ਸਨ।
ਜੱਲਿਆਂਵਾਲਾ ਕਾਂਡ ਮਗਰੋਂ ਵੀ ਡਾਇਰ ਅਤੇ ਉਡਵਾਇਰ ਨੇ ਧਮਕੀਆਂ ਦਿੱਤੀਆਂ ਸਨ ਕਿ ਮੁੜ ਕੋਈ ਬਰਤਾਨਵੀ ਸਲਤਨਤ ਖਿਲਾਫ ਜੇ ਆਵਾਜ਼ ਕੱਢਣ ਦੀ ਹਿੰਮਤ ਕਰੇਗਾ ਤਾਂ ਉਸਦਾ ਇਹੀ ਹਸ਼ਰ ਹੋਵੇਗਾ। ਇਉਂ ਹੀ ਬੰਬਾਂ, ਗੋਲੀਆਂ ਵਾਂਗ ਕਿਤੇ ਖਤਰਨਾਕ ਬੰਬ, ਹੱਥ ਲਿਖਤ ਚਿੱਠੀ ਸੀ, ਜਿਹੜੀ ਸੇਵੇਵਾਲਾ 'ਚ ਗੋਲੀਆਂ ਵਰ੍ਹਾਉਂਦੇ ਮੌਕੇ ਦੇ ਡਾਇਰਾਂ ਨੇ ਸੁੱਟੀ ਸੀ। ਚਿੱਠੀ ਵਿੱਚ ਵਿਸ਼ੇਸ਼ ਕਰਕੇ ਵੇਹੜੇ ਵਾਲੇ ਕਿਰਤੀਆਂ ਨੂੰ ਧਮਕੀ ਦਿੱਤੀ ਗਈ ਸੀ ਕਿ ਤੁਸੀਂ ਇਹਨਾਂ (ਫਰੰਟ ਅਤੇ ਇਨਕਲਾਬੀ ਸ਼ਕਤੀਆਂ) ਦਾ ਸਾਥ ਦੇਣਾ ਛੱਡ ਦਿਓ- ਨਹੀਂ ਫਿਰ ਅਜਿਹੇ ਵਾਰਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ।
ਚਿੱਠੀ-ਨੁਮਾ ਇਸ 'ਖਤਰਨਾਕ ਬੰਬ' ਦੇ ਇਰਾਦੇ ਜਨਤਾ ਨੇ ਚੂਰ ਚੂਰ ਕਰ ਦਿੱਤੇ। ਬਾਕਾਇਦਾ ਇਤਿਹਾਸ ਛਾਪ ਕੇ ਪੰਜਾਬ ਭਰ ਦੀਆਂ ਦੀਵਾਰਾਂ 'ਤੇ ਲਾਇਆ ਗਿਆ। ਦੋ ਕੁ ਹਫਤੇ ਦੀ ਤਿਆਰੀ ਮਗਰੋਂ ਜੈਤੋ ਦੀ ਧਰਤੀ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਅਤੇ ਸ਼ਹਿਰ ਵਿੱਚ ਰੋਹ ਭਰਿਆ ਵਿਖਾਵਾ ਕੀਤਾ ਗਿਆ।
ਪੰਜਾਬ ਭਰ ਵਿੱਚ ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਵਿਰੋਧੀ ਜਨਤਕ ਮੁਹਿੰਮ ਨੇ ਹੋਰ ਵੀ ਜਰਬਾਂ ਖਾਧੀਆਂ। ਭਗਤੂਆਣਾ, ਸੇਵੇਵਾਲਾ, ਸੇਲਬਰਾਹ, ਮੋਗਾ, ਕੋਟਕਪੂਰਾ, ਰਾਮਪੁਰਾ ਫੂਲ, ਤਲਵੰਡੀ ਸਲੇਮ, ਘੁਡਾਣੀ ਕਲਾਂ, ਚੜ੍ਹੀ ਅਤੇ ਦੋਰਾਹਾ ਆਦਿ ਥਾਵਾਂ 'ਤੇ ਹੋਏ ਵਿਸ਼ਾਲ ਸਮਾਗਮਾਂ ਵਿੱਚ ਲੋਕਾਂ ਦਾ ਹੜ੍ਹ ਆ ਗਿਆ। ਇਸ ਲਹਿਰ ਨੇ ਦ੍ਰਿੜ੍ਹ ਵਿਸ਼ਵਾਸ਼ ਨਾਲ ਐਲਾਨ ਕੀਤਾ ਕਿ ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਕਦੇ ਵੀ ਲੋਕਾਂ ਨੂੰ ਹਰਾ ਨਹੀਂ ਸਕਦੀ ਅਤੇ ਆਉਣ ਵਾਲੇ ਕੱਲ੍ਹ ਇਹਨਾਂ ਦਾ ਟਾਕਰਾ ਕਰਦੀ ਇਹਨਾਂ ਨੂੰ ਹਰਾਉਂਦੀ ਜੇਤੂ ਹੋ ਕੇ ਨਿੱਕਲੀ ਇਹ ਲਹਿਰ ਲੋਕਾਂ ਦੇ ਅਸਲ ਮੁੱਦਿਆਂ ਅਤੇ ਉਹਨਾਂ ਦੀ ਮੁਕਤੀ ਦੇ ਆਦਰਸ਼ ਨੂੰ ਨੇਪਰੇ ਚਾੜ੍ਹੇਗੀ। ਉਸ ਮੌਕੇ ਪੰਜਾਬ ਦੇ ਦ੍ਰਿਸ਼ 'ਤੇ ਉੱਭਰਿਆ 'ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ' ਜਿਥੇ ਧੜੱਲੇ ਨਾਲ ਏ.ਕੇ.-47 ਦੇ ਜ਼ੋਰ ਕੋਡ ਆਫ ਕੰਡਕਟ ਦਾ ਹੁਕਮ ਚਾੜ੍ਹ ਕੇ ਲੋਕਾਂ ਦੀ ਜੁਬਾਨਬੰਦੀ ਕਰਨ ਦਾ ਭਰਮ ਪਾਲਣ ਵਾਲਿਆਂ ਲਈ ਲਲਕਾਰ ਬਣਿਆ, ਉਥੇ ਝੂਠੇ ਪੁਲਸ ਮੁਕਾਬਲੇ ਰਚਣ ਅਤੇ ਖਾਲਿਸਤਾਨੀਆਂ ਦੇ ਪਰਿਵਾਰਾਂ ਉਪਰ ਹਕੂਮਤੀ ਕਟਕ ਚਾੜ੍ਹਨ, ਲੋਕਾਂ ਨੂੰ ਪੁਲਸ, ਅਰਧ-ਸੈਨਿਕ ਬਲਾਂ ਅਤੇ ਫੌਜ ਦੇ ਜ਼ੋਰ ਦਬਾਉਣ ਦੇ ਵਿਰੋਧ ਵਿੱਚ ਡਟ ਕੇ ਨਿੱਤਰਿਆ।
ਇਹੀ ਸ਼ਕਤੀਆਂ ਸਨ ਜਿਹੜੀਆਂ ਦਿੱਲੀ ਵਿੱਚ ਚੁਣ ਚੁਣ ਕੇ ਕੀਤੇ ਸਿੱਖਾਂ ਦੇ ਵਿਆਪਕ ਕਤਲੇਆਮ ਦਾ ਵਿਰੋਧ ਕਰਨ ਲਈ ਮੋਹਰੀ ਕਤਾਰ ਵਿੱਚ ਆਈਆਂ। ਇਹਨਾਂ ਨੇ ਹੀ ਗੁਜਰਾਤ ਵਿੱਚ ਮੁਸਲਿਮ ਭਾਈਚਾਰੇ ਦਾ ਨਸਲ-ਘਾਤ ਕਰਨ ਦੇ ਨਰਿੰਦਰ ਮੋਦੀ ਮਾਰਕਾ ਖੂਨੀ ਹੱਲੇ ਖਿਲਾਫ ਜਨਤਕ ਆਵਾਜ਼ ਬੁਲੰਦ ਕਰਨ ਦੀ ਸ਼ਾਨਦਾਰ ਭੂਮਿਕਾ ਨਿਭਾਈ।
1991 ਤੋਂ ਅੱਜ ਤੱਕ 21 ਵਰ੍ਹੇ ਦਾ ਇਤਿਹਾਸ ਗਵਾਹ ਹੈ ਕਿ ਸੇਵੇਵਾਲਾ ਵਿੱਚ ਡੁੱਲ੍ਹੀ ਰੱਤ ਦਾ ਜੁਆਬ ਭਗਤ ਸਿੰਘ, ਊਧਮ ਸਿੰਘ ਦੇ ਵਾਰਸ ਅਜੋਕੇ ਸਮੇਂ ਅੰਦਰ ਮਾਣ-ਮੱਤੇ ਨਵੇਂ ਅੰਦਾਜ਼ ਵਿੱਚ ਦੇ ਰਹੇ ਹਨ। ਸੇਵੇਵਾਲਾ ਦੇ ਖੂਨੀ ਕਾਂਡ ਰਾਹੀਂ ਜੋ ਵਾਰਨਿੰਗ ਕੰਮੀਆਂ ਨੂੰ ਦਿੱਤੀ ਗਈ ਸੀ, ਉਸਦਾ ਮੂੰਹ ਚਿੜਾਉਂਦਿਆਂ, ਹੁਣ ਪੰਜਾਬ ਦੇ ਕੰਮੀਆਂ ਦੇ ਵਿਹੜਿਆਂ ਅਤੇ ਕਿਸਾਨਾਂ ਦੇ ਪ੍ਰਵਾਰਾਂ 'ਚ ਮਿਲ ਕੇ ਲਹੂ ਰੱਤੇ ਝੰਡੇ ਦੇ ਮਾਟੋ ਨੂੰ ਹੋਰ ਵੀ ਗੂੜ੍ਹਾ ਕਰਦੇ ਹੋਏ ਦੋਵੇਂ ਮਿਲ ਕੇ ਗਾ ਰਹੇ ਹਨ ਕਿ-

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਹੁਣ ਛੰਨਾ, ਧੌਲਾ, ਸੰਘੇੜਾ, ਗੋਬਿੰਦਪੁਰਾ, ਤਖਤੂਪੁਰਾ, ਖੰਨਾ-ਚਮਾਰਾ, ਚੱਕ ਅਲੀਸ਼ੇਰ, ਜੇਠੂਕੇ, ਭਾਈ ਬਖਤੌਰ, ਰੱਲਾ, ਮਾਨਾਂਵਾਲਾ ਵਿੱਚ ਲੜੇ ਜਾ ਰਹੇ ਸੰਗਰਾਮ 'ਚ ਸੇਵੇਵਾਲਾ ਦੇ ਲਹੂ ਦੀ ਲੋਅ ਹੈ, ਗਰਜਦੀ ਆਵਾਜ਼ ਹੈ। ਸੇਵੇਵਾਲਾ ਦੇ ਅਮਰ ਸ਼ਹੀਦਾਂ ਦੇ ਵਡੇਰੇ ਆਦਰਸ਼ਾਂ ਦੀ ਹੋਰ ਵੀ ਗੂੜ੍ਹੀ ਹੋਈ ਕਹਾਣੀ ਹੈ।
ਸੇਵੇਵਾਲਾ 'ਚ ਸਮਾਗਮ ਦੇ ਆਯੋਜਿਕ ਸਿਰਫ ਫਿਰਕਾਪ੍ਰਸਤੀ ਅਤੇ ਹਕੂਮਤੀ ਦਹਿਸ਼ਤਗਰਦੀ ਵਿਰੋਧੀ ਲਹਿਰ ਦੇ ਹੀ ਸ਼ਹੀਦ ਨਹੀਂ, ਸਗੋਂ ਉਹਨਾਂ ਦੇ ਨਿਸ਼ਾਨੇ ਜੱਲ੍ਹਿਆਂਵਾਲਾ ਬਾਗ ਅਤੇ ਸ਼ਹੀਦ ਭਗਤ ਸਿੰਘ ਦੇ ਨਿਸ਼ਾਨਿਆਂ ਨੂੰ ਪ੍ਰਣਾਏ ਹੋਏ ਹਨ। ਉਹ ਲੋਕਾਂ ਦੀ ਆਨ-ਸ਼ਾਨ, ਸਵੈ-ਮਾਣ ਨੂੰ ਪ੍ਰਣਾਈ ਨਵੀਂ ਆਜ਼ਾਦੀ, ਜਮਹੂਰੀਅਤ, ਬਰਾਬਰੀ, ਨਿਆਂ ਅਤੇ ਖੁਸ਼ਹਾਲੀ ਭਰੇ ਸਮਾਜ ਦੀ ਸਿਰਜਣਾ ਨੂੰ ਪ੍ਰਣਾਏ ਹੋਏ ਸਨ।
ਇਹਨਾਂ ਨਿਸ਼ਾਨਿਆਂ ਲਈ ਹੀ ਚੱਲ ਰਹੀ, ਲਹਿਰ ਦੇ ਵਧਦੇ ਅਤੇ ਨਿੱਤ ਫੈਲਦੇ ਬੂਟੇ ਦੀਆਂ ਜੜ੍ਹਾਂ ਵਿੱਚ ਸੇਵੇਵਾਲਾ ਦੇ ਅਮਰ ਸ਼ਹੀਦਾਂ ਦੀ ਰੱਤ ਸਮੋਈ ਹੋਈ ਹੈ। ਇਸ ਬੂਟੇ ਨੂੰ ਕੋਈ ਵੀ ਲੋਕ-ਦੋਖੀ ਝੱਖੜ ਮੁਰਝਾਅ ਜਾਂ ਮਿਟਾਅ ਨਹੀਂ ਸਕਦਾ।
ਇਸ ਦੇ ਫੁੱਲਾਂ ਦੀ ਮਹਿਕ ਲੋਕਾਂ ਅੰਦਰ ਬਦਲਵੇਂ ਲੋਕ-ਪੱਖੀ ਰਾਜ ਅਤੇ ਸਮਾਜ ਦਾ ਮਾਡਲ ਪੇਸ਼ ਕਰ ਰਹੀ ਹੈ। ਇਹੀ ਸ਼ਕਤੀਆਂ ਹਨ ਜਿਹੜੀਆਂ ਅੱਜ ਰੰਗ-ਬਰੰਗੇ ਹਾਕਮਾਂ ਦੀਆਂ, ਸਾਮਰਾਜੀਆਂ, ਜਾਗੀਰਦਾਰਾਂ ਅਤੇ ਸਾਮਰਾਜੀਆਂ ਦੇ ਸੇਵਾਦਾਰ ਸਰਮਾਏਦਾਰਾਂ ਦੇ ਹਿੱਤਾਂ ਨੂੰ ਪ੍ਰਣਾਈਆਂ ਨਵੀਆਂ ਆਰਥਿਕ ਨੀਤੀਆਂ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਖਿਲਵਾੜ ਖਿਲਾਫ ਡਟਵੀਂ ਲੋਕ-ਲਹਿਰ ਉਸਾਰਨ ਵਿੱਚ ਜੁਟੀਆਂ ਹਨ, ਜਿਹੜੀਆਂ ਪੰਜਾਬ ਅੰਦਰ ਭਾਈਚਾਰਕ ਸਾਂਝ, ਆਪਸੀ ਸਦਭਾਵਨਾ ਦੀ ਤੰਦ ਨੂੰ ਮਜਬੂਤ ਕਰਦਿਆਂ ਹਰ ਵੰਨਗੀ ਦੀਆਂ ਫਿਰਕੂ ਤਾਕਤਾਂ ਅਤੇ ਹਾਕਮਾਂ ਦੇ ਚੰਦਰੇ ਮਨਸੂਬੇ ਨਾਕਾਮ ਕਰਨ ਲਈ ਮੈਦਾਨ ਵਿੱਚ ਡਟਦੀਆਂ ਹਨ। ਇਹੀ ਤਾਕਤਾਂ ਹਨ ਜਿਹੜੀਆਂ ਲੋਕਾਂ ਨੂੰ ਉਹਨਾਂ ਦੇ ਖੋਟੇ ਮਨਸ਼ਿਆਂ ਬਾਰੇ ਖਬਰਦਾਰ ਕਰਦੀਆਂ ਹਨ ਕਿ ਕਿਵੇਂ ਕਾਲੀਆਂ ਤਾਕਤਾਂ ਕੋਈ ਵੀ ਹੱਥ ਲੱਗਾ ਮੌਕਾ ਵਰਤ ਕੇ ਕਿਸੇ ਪਲ ਵੀ ਪੰਜਾਬ ਨੂੰ ਮੁੜ ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਜਬਾੜ੍ਹਿਆਂ ਵਿੱਚ ਧੱਕ ਸਕਦੀਆਂ ਹਨ। ਸੇਵੇਵਾਲਾ ਦੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਨੇਪਰੇ ਚਾੜ੍ਹਨ ਲਈ ਪ੍ਰਣਾਈਆਂ ਤਾਕਤਾਂ ਲੋਕਾਂ ਨੂੰ ਆਪਣੀ ਕਿਰਤ ਦੀ ਰਾਖੀ, ਆਪਣੇ ਬੁਨਿਆਦੀ ਮਸਲਿਆਂ ਅਤੇ ਲੋਕ ਮੁਕਤੀ ਦੇ ਮਾਰਗ ਵੱਲ ਡਟ ਕੇ ਅੱਗੇ ਵਧਣ ਲਈ ਲੋਕਾਂ ਨੂੰ ਜਥੇਬੰਦ ਕਰਨ ਅਤੇ ਘੋਲਾਂ ਦੇ ਰਾਹ ਤੁਰੀਆਂ ਹਨ। ਇਹਨਾਂ ਤਾਕਤਾਂ ਦੇ ਹਿੱਸੇ ਹੀ ਆਉਂਦੀ ਹੈ, ਇਹ ਸੇਧ ਜਦੋਂ ਉਹ ਵੋਟਾਂ ਦੇ ਵਣਜਾਰਿਆਂ ਤੋਂ ਲੋਕਾਂ ਨੂੰ ਚੁਕੰਨਿਆਂ ਕਰਦਿਆਂ ਪਗੜੀ ਸੰਭਾਲਣ ਦਾ ਹੋਕਾ ਦਿੰਦੀਆਂ ਹਨ।
9 ਅਪ੍ਰੈਲ, 8 ਅਪ੍ਰੈਲ ਦਾ ਅਗਲਾ ਦਿਨ ਹੈ, ਦੋਨਾਂ ਵਿਚਕਾਰ ਇੱਕ ਰਾਤ ਦਾ ਫਾਸਲਾ ਹੈ। ਇਸ ਰਾਤ ਉਹੀ ਮਸ਼ਾਲ ਲੈ ਕੇ ਸ਼ਹੀਦ ਭਗਤ ਸਿੰਘ ਅਤੇ ਬੀ.ਕੇ. ਦੱਤ ਦੇ ਵਾਰਸ ਤੁਰ ਰਹੇ ਹਨ। ਜਿਸ ਨਾਲ ਉਹਨਾਂ ਨੇ 8 ਅਪ੍ਰੈਲ 1929 ਨੂੰ ਬੋਲਿਆਂ ਨੂੰ ਸੁਣਾਉਣ ਲਈ ਗਰਜਵਾਂ ਧਮਾਕਾ ਕਰਦਿਆਂ ਅਤੇ ਪੈਂਫਲਿਟ ਸੁੱਟਦਿਆਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਗੁੰਜਾਇਆ ਸੀ। ਕਾਲੇ ਕਾਨੂੰਨਾਂ ਨੂੰ ਖਤਮ ਕਰਨ ਦੀ ਆਵਾਜ਼ ਉਠਾਈ ਸੀ। ਅੱਜ ਫੇਰ ਭਾਰਤੀ ਲੋਕਾਂ ਦੇ ਗਲੇ ਦੁਆਲੇ 'ਆਰਮਡ ਫੋਰਸਿਸਜ਼ ਸਪੈਸ਼ਲ ਪਾਵਰਜ਼ ਐਕਟ'' ਅਤੇ ਐਨ.ਸੀ.ਟੀ.ਸੀ. ਵਰਗੇ ਫੰਦੇ ਕਸੇ ਜਾ ਰਹੇ ਹਨ।
ਜੱਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ। ਸੇਵੇਵਾਲਾ ਕਾਂਡ 9 ਅਪ੍ਰੈਲ 1991 ਨੂੰ ਵਾਪਰਿਆ। ਸਮੇਂ ਦਾ ਇਹ ਕੇਹਾ ਗੇੜ ਹੈ ਕਿ 1919 ਦੇ ਹਿੰਦਸੇ ਬਦਲ ਕੇ 1991 ਵਿੱਚ ਡਾਇਰ ਨਵੀਂ ਸ਼ਕਲ ਵਿੱਚ ਲੋਕਾਂ ਉਪਰ ਮੌਤ ਦਾ ਛੱਟਾ ਦਿੰਦਾ ਹੈ। ਵਕਤ ਦੀ ਵੰਗਾਰ ਇਹੋ ਹੈ ਕਿ ਅਸੀਂ ਇਤਿਹਾਸ ਦੇ ਸਫੇ ਉਪਰ ਸ਼ਹੀਦਾਂ ਦੇ ਸੁਪਨਿਆਂ ਦੀ ਪੁਰਤੀ ਵਾਲੀ ਨਵੀਂ ਕਹਾਣੀ ਉੱਕਰਨ ਲਈ ਮਿਲ ਕੇ ਇਹ ਗੀਤ ਗਾਉਂਦੇ ਅੱਗੇ ਵਧੀਏ-

ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ
ਅੰਗਾਰਾਂ 'ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ।

No comments:

Post a Comment