ਲੱਚਰ ਗਾਇਕੀ ਖ਼ਿਲਾਫ਼ ਇੱਕਜੁਟ ਹੋਣ ਦਾ ਵੇਲਾ
ਅਮੋਲਕ ਸਿੰਘ
ਸੂਫ਼ੀ ਕਾਵਿ, ਕਿੱਸਾ ਕਾਵਿ, ਲੋਕ ਗਾਇਕੀ, ਗਿੱਧੇ,
ਭੰਗੜੇ, ਮੇਲਿਆਂ ਅਤੇ ਤਿਉਹਾਰਾਂ ਵਾਲੇ ਰੰਗਲੇ ਪੰਜਾਬ ਦੇ ਅਮੀਰ, ਸਾਂਝੇ, ਸੰਗਰਾਮੀ
ਵਿਰਸੇ ਨੂੰ ਲੱਚਰ ਗਾਇਕੀ ਨਾਲ ਗੰਧਲਾ ਕੀਤਾ ਜਾ ਰਿਹਾ ਹੈ। ਲੱਚਰ, ਵਿਸ਼ੇਸ਼ ਕਰਕੇ
ਔਰਤ-ਵਿਰੋਧੀ, ਬਜ਼ਾਰੂ, ਮਾਰ-ਧਾੜ, ਹਿੰਸਾ, ਦਿਸ਼ਾਹੀਣ, ਲੋਕ ਵਿਰੋਧੀ ਸੱਭਿਆਚਾਰ ਨਾਲ,
ਸਾਡੀਆਂ ਨਰੋਈਆਂ ਕਦਰਾਂ-ਕੀਮਤਾਂ, ਰਿਸ਼ਤਿਆਂ ਅਤੇ ਅਮੀਰ ਵਿਰਸੇ ਨੂੰ ਢਾਹ ਲਾਉਣ ਵਾਲਿਆਂ
ਦਾ ਮਨੋਰਥ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੀ ਗਾਇਕੀ ਨਾਲ ਭਰੀਆਂ ਕੈਸਟਾਂ ਦੇ ਬਾਜ਼ਾਰ
‘ਚ ਢੇਰ ਲਾਉਣ, ਇਸ਼ਤਿਹਾਰਬਾਜ਼ੀ ਕਰਨ, ਫ਼ਿਲਮਾਂਕਣ ਕਰਨ ‘ਤੇ ਪੂੰਜੀ ਖਰਚ ਕਰ ਕੇ ਮੋਟੇ
ਮੁਨਾਫ਼ੇ ਬਟੋਰਨ ਲਈ ਫਿਰਦੇ ਪੂੰਜੀਦਾਰਾਂ ਦਾ ਅਸਲ ਮਨੋਰਥ ਕੱਚੀ ਉਮਰ ਅਤੇ ਚੜ੍ਹਦੀ ਜੁਆਨੀ
ਨੂੰ ਨਸ਼ਿਆਂ, ਮਾਰ-ਧਾੜ ਦੀ ਲਪੇਟ ‘ਚ ਲੈ ਕੇ ਉਨ੍ਹਾਂ ਨੂੰ ਮਹਿੰਗੀ ਵਿੱਦਿਆ, ਬੇਰੁਜ਼ਗਾਰੀ,
ਗ਼ਰੀਬੀ ਅਤੇ ਚੌਤਰਫ਼ੇ ਸਮਾਜਿਕ-ਮਾਨਸਿਕ ਤਣਾਵਾਂ ਦੇ ਕਾਰਨਾਂ ਵੱਲ ਖੋਜਬੀਨ ਬਣਨ ਵੱਲ
ਰੁਚਿਤ ਹੋਣ ਤੋਂ ਰੋਕ ਕੇ ਖਿਆਲੀ ਸੁਪਨ-ਸੰਸਾਰ ਦੀ ਮੰਝਦਾਰ ‘ਚ ਡੋਬ ਮਾਰਨਾ ਹੈ।
ਲੋਕ ਮਨਾਂ, ਸੱਥਾਂ, ਚਰਚਾਵਾਂ ਅਤੇ ਪੜਤਾਲ ਦਾ ਵੇਰਵਾ ਮੂੰਹੋਂ ਬੋਲਦਾ ਹੈ ਕਿ ਬੱਸਾਂ, ਮੈਰਿਜ ਪੈਲਸਾਂ, ਬਜ਼ਾਰਾਂ ‘ਚ ਚਾਰੇ ਪਾਸੇ ਉੱਚੇ ਸ਼ੋਰ-ਸ਼ਰਾਬੇ ਨਾਲ ਭਰੀ ਗਾਇਕੀ ਤੋਂ ਲੋਕ ਅੱਕ ਗਏ ਹਨ। ਓਪਰੀ ਨਜ਼ਰੇ ਭਾਵੇਂ ਇਸ ਗਾਇਕੀ ਨੂੰ ਕੋਈ ਚੁਣੌਤੀ ਨਹੀਂ ਲੱਗਦੀ ਪਰ ਲੋਕ ਮਨਾਂ ਦੇ ਧੁਰ ਅੰਦਰ ਇਸ ਬਾਰੇ ਨਫ਼ਰਤ ਅਤੇ ਰੋਹ ਸੁਲਘ ਰਿਹਾ ਹੈ। ਜਦੋਂ ਇਸ ਨੂੰ ਢੁਕਵਾਂ ਮੌਕਾ ਮਿਲ ਗਿਆ ਤਾਂ ਇਹ ਵਿਸਫੋਟਕ ਰੂਪ ਧਾਰਨ ਕਰ ਸਕਦਾ ਹੈ। ਲੋਕੀਂ ਬੱਸਾਂ ‘ਚ ਵੱਜਦੇ ਗੀਤਾਂ ਅਤੇ ਘੱਟ ਕੱਪੜਿਆਂ ਵਾਲੀਆਂ ਕੁੜੀਆਂ ‘ਤੇ ਕੀਤੇ ਫ਼ਿਲਮਾਂਕਣ ਤੋਂ ਤੰਗ ਹਨ। ਖ਼ਾਸ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਮ ਹੀ 4-5 ਨੌਜਵਾਨ ਬਾਰੀਆਂ ਨਾਲ ਲਟਕਾਏ ਹੁੰਦੇ ਹਨ ਜੋ ਆਪਣੇ ਆਪ ਨੂੰ ਬੱਸ ਮਾਲਕ ਅਤੇ ਸਵਾਰੀਆਂ ਨੂੰ ਅਵਾ ਤਵਾ ਬੋਲਣਾ ਆਪਣਾ ਅਧਿਕਾਰ ਸਮਝਦੇ ਹਨ। ਅਜਿਹੀ ਮੁੰਡੀਰ ਦੀਆਂ ਖਰਮਸਤੀਆਂ ਤਕ ਕੇ, ਗੰਦੀ ਗਾਇਕੀ ਦੀਆਂ ਕੈਸਟਾਂ ਤੋਂ ਔਖੇ ਭਾਰੇ ਅਤੇ ਆਪਣੇ-ਆਪ ਨੂੰ ਸਫ਼ਰ ‘ਚ ਇਕੱਲੇ ਸਮਝਦੇ ਲੋਕ ‘ਦੜ ਵਟ ਜ਼ਮਾਨਾ ਕੱਟ’, ‘ਤੈਨੂੰ ਕੀ ਤੇ ਮੈਨੂੰ ਕੀ’ ਵਰਗੇ ਧੰਦੂਕਾਰੇ ‘ਚ ਉਲਝ ਕੇ ਰਹਿ ਜਾਂਦੇ ਹਨ ਅਤੇ ਐਨੇ ਨੂੰ ਸਵਾਰੀ ਦਾ ਸਫ਼ਰ ਮੁੱਕ ਜਾਂਦਾ ਹੈ।
ਅਜਿਹੀ ਹਾਲਤ ਹੀ ਮੈਰਿਜ ਪੈਲਸਾਂ ਵਿੱਚ ਹੈ। ਅਕਸਰ ਲੋਕ ਕਹਿਣਗੇ ‘ਗਾਇਕਾਂ ਦਾ ਬੇੜਾ ਬਹਿ ਗਿਐ’। ਨਾ ਗੀਤ, ਨਾ ਸੰਗੀਤ, ਸਿਰਫ਼ ਬੀਟ ਤੇ ਉਹ ਵੀ ਤੀਜੇ ਦਰਜੇ ਦੀ। ਫੇਰ ਵੀ ਨੋਟਾਂ ਦਾ ਮੀਂਹ ਵਰ੍ਹਦਾ ਹੈ। ਗੋਲ ਮੇਜ਼ਾਂ ‘ਤੇ ਚੁੰਝ-ਚਰਚਾ ਛਿੜਦੀ ਹੈ ਕਿ ਕੁੜੀ-ਮੁੰਡੇ ਨੂੰ ਸ਼ਗਨ ਪਾਉਣ ਜਿੰਨਾ ਚਿਰ ਵੀ ਪੈਲਸ ਅੰਦਰ ਰੁਕਣਾ ਦੁੱਭਰ ਹੋ ਗਿਆ। ਸਿਤਮਜਰੀਫ਼ੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਅਜਿਹੀ ਗੱਲ ਕਰਨ ਵਾਲਾ ਸੱਜਣ ਹੀ ਕੁਝ ਦਿਨਾਂ ਮਗਰੋਂ ਆਪਣੇ ਧੀ-ਪੁੱਤ ਦੇ ਵਿਆਹ ‘ਚ ਅਜਿਹਾ ਮਜ਼ਮਾ ਖ਼ੁਦ ਲਾ ਬਹਿੰਦਾ ਹੈ। ਇਸ ਤੋਂ ਵੀ ਅਗਲੀ ਗੱਲ ਕਈ ਵਿਗਿਆਨਕ, ਅਗਾਂਹਵਧੂ ਸੁਚੱਜੀ, ਤਰਕਸ਼ੀਲ, ਜਮਹੂਰੀ ਅਤੇ ਮਿਆਰੀ ਸੱਭਿਆਚਾਰਕ ਲਹਿਰ ਨਾਲ ਜੁੜੇ ਹੋਏ ਲੋਕ ਵੀ ਜਦੋਂ ਆਪਣੇ ਸਿਰ ਪੈਂਦੀ ਹੈ ਤਾਂ ਉਸ ਇਮਤਿਹਾਨ ‘ਚ ਬੁਰੀ ਤਰ੍ਹਾਂ ਫੇਲ੍ਹ ਹੋਏ ਦਿਖਾਈ ਦਿੰਦੇ ਹਨ। ਲੋਕਾਂ ‘ਚ ਚਰਚਾ ਛਿੜਦੀ ਹੈ ਕਿ ਜੇ ਮਾਰੂ ਸੱਭਿਆਚਾਰ ਦੀ ਹਨੇਰੀ ‘ਚ ਇਨ੍ਹਾਂ ਦੇ ਆਪਣੇ ਹੀ ਪੈਰ ਉਖੜ ਜਾਂਦੇ ਹਨ ਤਾਂ ਫਿਰ ਇਹ ਲੋਕਾਂ ਨੂੰ ਘਟੀਆ ਸੱਭਿਆਚਾਰ ਤੋਂ ਕਿਵੇਂ ਬਚਾਉਣਗੇ ਅਤੇ ਚੰਗੇ ਸੱਭਿਆਚਾਰ ਦੇ ਲੜ ਕਿਵੇਂ ਲਾਉਣਗੇ?
ਵੈਸੇ ਤਾਂ ‘ਹਰੇ ਇਨਕਲਾਬ’ ਦੀ ਆਮਦ ਉਪਰੰਤ ਪੰਜਾਬ ਅਤੇ ਖ਼ਾਸ ਕਰਕੇ ਜੱਟ ਕਿਸਾਨੀ ਦੇ ਪੱਲੇ ਸਿਰਫ਼ ਫੂਕ ਛਕਾਉਂਦੀ ਗਾਇਕੀ ਹੀ ਪਾਈ ਗਈ ਜਦਕਿ ਖਾਦ, ਬੀਜ, ਕੀਟ-ਨਾਸ਼ਕ ਦਵਾਈਆਂ ਦੇ ਉਤਪਾਦਕ ਅਤੇ ਏਜੰਟ ਸੋਨੇ ‘ਚ ਮੜ੍ਹੇ ਗਏ। ਜੱਟਾਂ ਅਤੇ ਸੀਰੀਆਂ ਦੇ ਪੱਲੇ ਪਈ ਤਾਂ ਸਿਰਫ਼ ਖ਼ੁਦਕੁਸ਼ੀਆਂ, ਕਰਜ਼ੇ, ਕੰਗਾਲੀ, ਜ਼ਮੀਨਾਂ ਦੀ ਵਿਕਰੀ, ਨੀਲਾਮੀ ਅਤੇ ਬੇਪਤੀ। ਹਕੀਕੀ ਆਰਥਿਕ, ਸਮਾਜਿਕ, ਮਨੋਵਿਗਿਆਨਕ ਸਥਿਤੀ ‘ਚੋਂ ਗੰਭੀਰ ਚਿੰਤਨ, ਚੇਤਨਾ ਅਤੇ ਸੰਗਰਾਮ ਦੀਆਂ ਲਗਰਾਂ ਫੁੱਟਣ ਤੋਂ ਰੋਕਣ ਦਾ ਬੰਦੋਬਸਤ ਕਰਨ ਲਈ ਖੜਕੇ ਦੜਕੇ ਭਰੀ ਗਾਇਕੀ ਨੂੰ ਦੱਬ ਕੇ ਥਾਪੜਾ ਦਿੱਤਾ ਜਾਂਦਾ ਹੈ। ਇਹ ਗਾਇਕੀ ਲੰਡੀਆਂ ਜੀਪਾਂ, ਰਫ਼ਲਾਂ, ਪਿਸਤੌਲਾਂ, ਬੁਲਟ, ਗੇੜੀਆਂ, ਕਚਹਿਰੀਆਂ ‘ਚ ਮੇਲੇ, ਜੱਟ ਦੀ ਮੌਜ਼, ਮਾਰ-ਧਾੜ ਵਾਲੇ ਬੋਲਾਂ ਨੂੰ ਉਤਸ਼ਾਹਤ ਕਰਦੀ ਸਭ ਹੱਦਾਂ ਟੱਪ ਗਈ ਹੈ। ਟਰੈਕਟਰਾਂ, ਮੋਟਰਾਂ, ਬੱਸਾਂ, ਪੈਲੇਸਾਂ ਆਦਿ ਵਿੱਚ ਚਾਰੇ ਪਾਸੇ ਖ਼ਾਸ ਕਰਕੇ ਜੱਟ ਕਿਸਾਨੀ ਦੀ ਹੀ ਬੱਲੇ-ਬੱਲੇ ਦੇ ਗੀਤਾਂ ‘ਚ ਬੱਕਰੇ ਬੁਲਾਏ ਜਾਣ ਲੱਗੇ, ਜਦਕਿ ‘ਹਰੇ ਇਨਕਲਾਬ’ ਨੇ ਕਿਸਾਨੀ ਨੂੰ ਆਰਥਿਕ ਪੱਖੋਂ ਪੀਲੇ ਭੂਕ ਕਰਕੇ ਸੁੱਟ ਦਿੱਤਾ ਹੈ।
ਅਜਿਹੀ ਗਾਇਕੀ ਉੱਪਰ ਕੋਈ ਰੋਕ-ਟੋਕ ਨਹੀਂ, ਕੋਈ ਸੈਂਸਰਸ਼ਿਪ ਨਹੀਂ, ਜਦੋਂਕਿ ਭਾਰਤੀ ਕਾਨੂੰਨ ਅਜਿਹੇ ਅਸ਼ਲੀਲ ਪ੍ਰਦੂਸ਼ਣ ਦੀ ਇਜਾਜ਼ਤ ਨਹੀਂ ਦਿੰਦਾ। ‘ਇੰਨਡੀਸੈਂਟ ਰਿਪਰਜੈਨਟੇਸ਼ਨ ਆਫ ਵਿਮੈਨ ਪਰੋਹਿਬਸ਼ਨ 1986 ਐਕਟ’ ਮੁਤਾਬਕ ਜੇਕਰ ਕੋਈ ਔਰਤ ਸਬੰਧੀ ਭੱਦੀ ਪੇਸ਼ਕਾਰੀ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇਕਰ ਉਹ ਦੁਬਾਰਾ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਨੂੰ 5 ਸਾਲ ਦੀ ਸਜ਼ਾ ਅਤੇ 10,000 ਰੁਪਏ ਤਕ ਜੁਰਮਾਨਾ ਹੋ ਸਕਦਾ ਹੈ ਪਰ ਗਾਇਕ, ਗੀਤਕਾਰ, ਰਿਕਾਰਡਿੰਗ ਕੰਪਨੀਆਂ ਥੋਕ ਪੱਧਰੀ ਡੀਲਰ ਅਜਿਹਾ ਅਪਰਾਧ ਨਿਰਵਿਘਨ ਕਰ ਰਹੇ ਹਨ। ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਕੋਈ ਭੈਅ ਨਹੀਂ। ਉਨ੍ਹਾਂ ਦੀ ਅਸ਼ਲੀਲ ਸੱਭਿਆਚਾਰ ਪਰੋਸਣ ਵਾਲਿਆਂ ਨਾਲ ਸੁਰ-ਤਾਲ ਮਿਲਦੀ ਹੈ।
ਲੱਚਰ ਗਾਇਕੀ, ਹਵਾ ‘ਚ ਲਟਕਦਾ ਕੋਈ ਆਜ਼ਾਦ ਵਰਤਾਰਾ ਨਹੀਂ। ਇਸ ਦਾ ਸਬੰਧ ਇੱਥੋਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਵਿਵਸਥਾ ਨਾਲ ਜੁੜਿਆ ਹੋਇਆ ਹੈ। ਇਸ ਸਮੁੱਚੇ ਪ੍ਰਬੰਧ ਦੀਆਂ ਜੜ੍ਹਾਂ ਅਤੇ ਸ਼ਾਖਾਵਾਂ ਨੂੰ ਸਮਝਦੇ ਹੋਏ ਹੀ ਲੋਕ-ਪੱਖੀ ਸਾਹਿਤਕ/ਸੱਭਿਆਚਾਰਕ ਕਾਮਿਆਂ ਦੀ ਧਿਰ ਆਪਣੀਆਂ ਕਲਾ ਕਿਰਤਾਂ ਦੇ ਵਿਸ਼ੇ ਚੁਣ ਸਕਦੀ ਹੈ, ਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕਰ ਸਕਦੀ ਹੈ, ਅਸ਼ਲੀਲ ਸਾਹਿਤ/ਸੱਭਿਆਚਾਰ ਦੀ ਮਾਰੂ ਹਨੇਰੀ ਨੂੰ ਪਛਾੜ ਸਕਦੀ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਪ੍ਰਗਤੀਸ਼ੀਲ, ਸਾਫ਼-ਸੁਥਰੇ ਅਤੇ ਜ਼ਿੰਦਗੀ ਲਈ ਰਾਹ-ਦਸੇਰਾ ਬਣਦੇ ਸੱਭਿਆਚਾਰ ਦਾ ਰੌਸ਼ਨ-ਮਿਨਾਰ ਸਿਰਜ ਸਕਦੀ ਹੈ।
ਪੰਜਾਬ ਦੀਆਂ ਸਮੂਹ ਸਾਹਿਤਕ/ਸੱਭਿਆਚਾਰਕ ਖੇਤਰ ‘ਚ ਸਰਗਰਮ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਹਾਲ ਦੀ ਘੜੀ ਜੇ ਉਨ੍ਹਾਂ ਦੀ ਹੋਂਦ ਅਲੱਗ ਵੀ ਹੈ ਤਾਂ ਵੀ ਸਮਾਜ-ਵਿਰੋਧੀ ਗਾਇਕੀ ਦਾ ਚੋਣਵਾਂ ਮੁੱਦਾ ਅਧਾਰਤ ਸਰਗਰਮੀ ਲਈ ਵਿਸ਼ਾਲ ਸਾਂਝੇ ਸੱਭਿਆਚਾਰਕ ਮੁਹਾਜ ‘ਤੇ ਜੋਟੀ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਅੰਦਰ ਅਜਿਹੀ ਅਗਾਂਹਵਧੂ ਗਿਣਨਯੋਗ ਸ਼ਕਤੀ ਹੈ, ਜੋ ਇੱਕ ਦੂਜੇ ਨਾਲ ਹੱਥ ‘ਚ ਹੱਥ ਪਾ ਕੇ ਤੁਰ ਪਵੇ ਤਾਂ ਅਸ਼ਲੀਲਤਾ ਦੇ ਹੱਦਾਂ ਬੰਨਾਂ ਪਾਰ ਕਰ ਗਈ- ਸੂਫ਼ੀਆਂ, ਕੂਕਿਆਂ, ਗ਼ਦਰੀਆਂ, ਕਿਰਤੀਆਂ ਅਤੇ ਭਗਤ-ਸਰਾਭਿਆਂ ਆਪਣੇ ਇਤਿਹਾਸ/ਵਿਰਸੇ ਤੋਂ ਬੇਮੁਖ ਹੋ ਕੇ ਕੁਰਾਹੇ ਵੱਲ ਧੱਕ ਰਹੀ ਗਾਇਕੀ ਦੇ ਪੈਰ ਉਖੇੜੇ ਜਾ ਸਕਦੇ ਹਨ। ਗੀਤ-ਮਹਿਫ਼ਲਾਂ, ਕਾਵਿ-ਮਹਿਫ਼ਲਾਂ, ਸੰਗੀਤ ਦਰਬਾਰਾਂ, ਰੰਗਮੰਚ, ਦਸਤਾਵੇਜ਼ੀ ਫ਼ਿਲਮਾਂ, ਨੁੱਕੜ ਨਾਟਕਾਂ, ਆਡੀਓ-ਵੀਡੀਓ ਕੈਸਟਾਂ ਰਾਹੀਂ ਪੰਜਾਬ ‘ਚ ਨਵੀਂ ਅਤੇ ਨਰੋਈ ਸੱਭਿਆਚਾਰਕ ਲਹਿਰ ਉਸਾਰੀ ਜਾ ਸਕਦੀ ਹੈ। ਸਾਡੇ ਮਹਿਬੂਬ ਲੋਕ-ਪੱਖੀ ਲੇਖਕਾਂ, ਗੀਤਕਾਰਾਂ, ਗਾਇਕਾਂ ਦੀ ਅਮੀਰ ਧਰੋਹਰ ਦੇ ਅਣਫੋਲੇ ਪੰਨੇ, ਲੋਕਾਂ ਦੀ ਨਜ਼ਰ ਕੀਤੇ ਜਾ ਸਕਦੇ ਹਨ। ਕਲਾਸੀਕਲ ਗੀਤ-ਸੰਗੀਤ ਅਤੇ ਮਾਖ਼ਿਓਂ ਮਿੱਠੀਆਂ ਆਵਾਜ਼ਾਂ ਦੀ ਮਿਠਾਸ ਅਤੇ ਖ਼ੁਸ਼ਬੋ ਨਾਲ ਪੰਜਾਬ ਦੀ ਧਰਤੀ ਨੂੰ ਮਹਿਕਾਇਆ ਜਾ ਸਕਦਾ ਹੈ। ਇਸ ਦਿਸ਼ਾ ਵੱਲ ਜਿਵੇਂ ਲੋਕ-ਸਰੋਕਾਰਾਂ ਅਤੇ ਸਿਹਤਮੰਦ ਸੱਭਿਆਚਾਰ ਨੂੰ ਚਿਰਾਂ ਤੋਂ ਪ੍ਰਫੁੱਲਤ ਕਰਨ ਦੇ ਖੇਤਰ ‘ਚ ਸਰਗਰਮ ਸ਼ਕਤੀਆਂ ਦਾ ਪੰਜਾਬ ਅੰਦਰ ਸੁਲੱਖਣਾ ਵਰਤਾਰਾ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਦੀ ਤਰਜਮਾਨੀ ਕਰਦੀ ਚਾਨਣ ਦੀ ਇੱਕ ਲੀਕ ਆਪਣੀ ਰੌਸ਼ਨੀ ਵੰਡ ਰਹੀ ਹੈ। ਇਹ ਲੀਕ ਇੱਕ ਕਾਫ਼ਲਾ ਬਣਨ ਲਈ ਯਤਨਸ਼ੀਲ ਹੈ। ਇਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵੇਂ ਹੁੰਗਾਰੇ ਦੀ ਆਸ ਹੈ। ਇਸ ਕਾਫ਼ਲੇ ਦੇ ਸੰਗੀ-ਸਾਥੀ ਅੱਜ-ਕੱਲ੍ਹ ਪੰਜਾਬ ਦੇ ਲੋਕਾਂ ਤਕ ਅਸ਼ਲੀਲ ਗਾਇਕੀ ਖ਼ਿਲਾਫ਼ ਅਤੇ ਬਦਲਵੀਂ ਲੋਕ-ਪੱਖੀ ਗਾਇਕੀ ਲਿਜਾਣ ਲਈ ਸਰਗਰਮੀ ਨਾਲ ਜੁਟੇ ਹੋਏ ਹਨ।
* ਸੰਪਰਕ : 94170-76735
(Courtesy Punjabi Tribune, June 23,2012)
No comments:
Post a Comment