StatCounter

Wednesday, July 4, 2012

ਅਣਗੌਲੇ ਆਜ਼ਾਦੀ ਸੰਗਰਾਮੀਆਂ ਦੀ ਡਾਇਰੈਕਟਰੀ ਤਿਆਰ


ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਨੇ ਅਣਗੌਲੇ ਅਜ਼ਾਦੀ ਸੰਗਰਾਮੀਆਂ ਦੀ ਡਾਇਰੈਕਟਰੀ ਤਿਆਰ ਕੀਤੀ ਅਤੇ ਇਸਦੀ ਮੌਲਿਕ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤੀ

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ 2013 ਜਿਉਂ ਜਿਉਂ ਨੇੜੇ ਢੁੱਕ ਰਹੀ ਹੈ ਇਤਿਹਾਸਕਾਰ, ਖੋਜ਼ਕਾਰ, ਲੇਖਕ, ਬੁੱਧੀਜੀਵੀ ਇਸਦੇ ਇਤਿਹਾਸ ਦੀਆਂ ਪੈੜ੍ਹਾਂ ਖੋਜਣ, ਸੰਗ੍ਰਹਿ ਕਰਨ, ਅਣਫੋਲੇ ਅਤੇ ਅਣਗੌਲੇ ਰੌਸ਼ਨ ਦਿਮਾਗ ਆਜ਼ਾਦੀ ਸੰਗਰਾਮੀਏ ਨਾਇਕਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਲੜੀਬੱਧ ਕਰਕੇ ਨਵੀਆਂ ਪੈੜਾਂ ਪਾਉਣ ਲਈ ਸਾਹਮਣੇ ਆ ਰਹੇ ਹਨ।

ਇਸ ਕੜੀ 'ਚ ਦੁਰਲੱਭ ਇਤਿਹਾਸਕ ਦਸਤਾਵੇਜ਼ ਤਿਆਰ ਕਰਨ 'ਚ ਸੀਤਾ ਰਾਮ ਬਾਂਸਲ ਅਤੇ ਉਹਨਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਨੇ ਵਰਨਣਯੋਗ ਉੱਦਮ ਕੀਤਾ ਹੈ।

ਉਨ੍ਹਾਂ ਨੇ 2500 ਅਜ਼ਾਦੀ ਸੰਗਰਾਮੀਆਂ ਦਾ ਪਿੰਡ-ਵਾਰ ਕੋਸ਼ (Village wise Directory) ਤਿਆਰ ਕੀਤੀ ਹੈ।  ਇਹ ਡਾਇਰੈਕਟਰੀ ਉਨ੍ਹਾਂ ਨੇ ਉੱਘੇ ਇਤਿਹਾਸਕਾਰ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਅਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਨੂੰ ਸਮਰਪਤ ਕੀਤੀ ਹੈ।  ਇਹ ਡਾਇਰੈਕਟਰੀ ਗ਼ਦਰੀ ਅਤੇ ਹੋਰਨਾਂ ਦੇਸ਼ ਭਗਤਾਂ ਦੇ ਪਿੰਡਾਂ ਅੰਦਰ ਮੇਲੇ ਲਾਉਣ, ਲਾਇਬ੍ਰੇਰੀਆਂ ਅਤੇ ਅਜਾਇਬ ਘਰ ਸਥਾਪਿਤ ਕਰਨ ਅਤੇ ਪਿੰਡਾਂ ਅੰਦਰ ਸਮਾਗਮ ਕਰਨ ਦੇ ਕਾਰਜਾਂ ਨੂੰ ਹੁਲਾਰਾ ਦਿੰਦੀ ਹੋਈ ਗ਼ਦਰ ਸ਼ਤਾਬਦੀ ਮੁਹਿੰਮ 'ਚ ਅਹਿਮ ਯੋਗਦਾਨ ਪਏਗੀ।

ਇਸ ਜੋੜੀ ਨੇ ਇਸ ਦੀ ਵੱਡ-ਆਕਾਰੀ ਮੌਲਿਕ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤੀ।  ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਾਮਰੇਡ ਨੌਨਿਹਾਲ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਖਜ਼ਾਨਚੀ ਕਾਮਰੇਡ ਰਘਬੀਰ ਸਿੰਘ ਛੀਨਾ, ਦੇਵ ਰਾਜ ਨਈਅਰ ਅਤੇ ਕਾਮਰੇਡ ਗੁਰਮੀਤ ਢੱਡਾ ਹਾਜ਼ਰ ਸਨ।

ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਇਸ ਦੁਰਲੱਭ ਖੋਜ਼ ਭਰਪੂਰ ਕੋਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਕੂਕਾ ਲਹਿਰ, ਕਾਮਾਗਾਟਾ ਮਾਰੂ ਦੇ ਸੰਗਰਾਮੀਏ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਆਦਿ ਦਾ ਬਿਰਤਾਂਤ ਸ਼ਾਮਲ ਹੈ।  ਇਨ੍ਹਾਂ ਲਹਿਰਾਂ ਦੇ ਨਾਇਕਾਂ ਅਤੇ ਕਾਰਕੁੰਨਾਂ ਨੂੰ ਹੋਈਆਂ ਸਜ਼ਾਵਾਂ ਦਾ ਵੇਰਵਾ ਦਰਜ਼ ਹੈ।  ਪਿੰਡਾਂ, ਡਾਕਖ਼ਾਨਿਆਂ, ਪੁਲਸ ਸਟੇਸ਼ਨਾਂ ਅਤੇ ਜ਼ਿਲ੍ਹਿਆਂ ਦਾ ਵੇਰਵਾ ਇਕੱਤਰ ਕਰਕੇ ਇਨ੍ਹਾਂ ਦੇਸ਼ ਭਗਤਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਅਮੁੱਲਾ ਕਾਰਜ ਨੇਪਰੇ ਚੜ੍ਹਿਆ ਹੈ।

ਇਸ ਸੰਗ੍ਰ੍ਰਹਿ 'ਚ ਪੰਜਾਬ ਤੋਂ ਇਲਾਵਾ ਸਾਡੇ ਮੁਲਕ ਦੇ ਹੋਰ ਖਿੱਤਿਆਂ, ਕੈਨੇਡਾ, ਅਮਰੀਕਾ, ਅਫ਼ਰੀਕਾ, ਸ਼ਿਆਗ, ਚੀਨ, ਫਿਜ਼ੀ, ਇੰਡੋਨੇਸ਼ੀਆ, ਮਲਾਇਆ, ਪਨਾਮਾ, ਫਿਲਪਾਈਨਜ਼, ਸਿੰਘਾਪੁਰ, ਸਮਾਟਰਾ ਤੋਂ ਇਲਾਵਾ ਹੁਣ ਪਾਕਿਸਤਾਨ ਵਿੱਚ ਚਲੇ ਗਏ ਲਾਹੌਰ, ਪੇਸ਼ਾਵਰ, ਲਾਇਲਪੁਰ, ਰਾਵਲਪਿੰਡੀ, ਸਿਆਲਕੋਟ ਆਦਿ ਸ਼ਾਮਲ ਹਨ।

ਜਾਰੀ ਕਰਤਾ:
ਅਮੋਲਕ ਸਿੰਘ
94170 76735

No comments:

Post a Comment