20 ਨਿਹੱਥੇ ਪੇਂਡੂ ਮਾਰ ਮੁਕਾਏ: ਜਮਹੂਰੀ ਫਰੰਟ ਦਾ ਦੋਸ਼
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਨੇ ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਅੰਦਰ ਸੀ.ਆਰ.ਪੀ.ਐਫ. ਅਤੇ ਰਾਜ ਪੁਲਸ ਵੱਲੋਂ 20 ਨਕਸਲੀਆਂ ਨੂੰ ਪੁਲਸ ਮੁਕਾਬਲੇ 'ਚ ਮਾਰ ਮੁਕਾਉਣ ਦੇ ਕੀਤੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਮਨ-ਘੜਤ ਕਹਾਣੀ ਅਤੇ ਨਿਹੱਥੇ ਪੇਂਡੂਆਂ ਦਾ ਕਤਲੇਆਮ ਕਰਾਰ ਦਿੱਤਾ ਹੈ।
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ, ਪ੍ਰੋ. ਏ. ਕੇ. ਮਲੇਰੀ ਅਤੇ ਯਸ਼ਪਾਲ ਨੇ ਲਿਖਤੀ ਪ੍ਰੈਸ ਨੋਟ 'ਚ ਦਾਅਵਾ ਕੀਤਾ ਹੈ ਕਿ ਸਧਾਰਣ ਪੇਂਡੂ ਪਰਿਵਾਰ ਜਿਨ੍ਹਾਂ ਵਿੱਚ ਬੱਚੇ, ਨੌਜਵਾਨ ਅਤੇ ਔਰਤਾਂ ਵੀ ਸ਼ਾਮਲ ਸਨ ਨਿਕਟ ਭਵਿੱਖ 'ਚ ਮੌਸਮ ਦੀਆਂ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਕਰ ਰਹੇ ਸਨ ਜਿਨ੍ਹਾਂ ਉੱਪਰ ਚੁਫ਼ੇਰਿਓ ਘੇਰਾ ਪਾ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਨਤੀਜੇ ਵਜੋਂ ਬੱਚਿਆਂ, ਵਿਦਿਆਰਥੀਆਂ ਅਤੇ ਔਰਤਾਂ ਸਮੇਤ 20 ਨਿਹੱਥੇ ਅਤੇ ਨਿਰਦੋਸ਼ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ।
ਕੋ-ਕਨਵੀਨਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਮਬਰਮ ਨੇ ਬਿਨਾਂ ਕਿਸੇ ਜਾਂਚ-ਪੜਤਾਲ ਅਤੇ ਠੋਸ ਜਾਣਕਾਰੀ ਦੇ ਸੀ.ਆਰ.ਪੀ.ਐਫ. ਅਤੇ ਰਾਜ ਪੁਲਸ ਨੂੰ ਸਾਬਾਸ਼ ਦੇ ਦਿੱਤੀ ਜਦੋਂ ਕਿ ਹਕੀਕਤਾ ਇਸ ਮਨਘੜਤ ਮੁਕਾਬਲੇ ਦਾ ਮੂੰਹ ਚਿੜਾਉਂਦੀਆਂ ਹਨ।
ਕਨਵੀਨਰਾਂ ਨੇ ਜਮਹੂਰੀ ਫਰੰਟ ਵੱਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ, ਮੁਲਕ ਦੀਆਂ ਜਾਣੀਆਂ ਪਹਿਚਾਣੀਆਂ ਅਤੇ ਲੋਕਾਂ ਵੱਲੋਂ ਮਾਨਤਾ ਪ੍ਰਾਪਤ ਜਮਹੂਰੀ, ਬੁੱਧੀਜੀਵੀ ਸੰਸਥਾਵਾਂ ਦੇ ਵਫ਼ਦ ਨੂੰ ਘਟਨਾ ਦੀ ਵਿਸਥਾਰ ਪੂਰਵਕ ਤੱਥਾਂ ਦੀ ਜ਼ੁਬਾਨੀ ਜਾਣਕਾਰੀ ਇਕੱਤਰ ਕਰਨ ਦਾ ਮੌਕਾ ਦਿੱਤਾ ਜਾਵੇ, ਅਪਰੇਸ਼ਨ ਗਰੀਨ ਹੰਟ ਫੌਰੀ ਬੰਦ ਕੀਤਾ ਜਾਵੇ ਅਤੇ ਬਹੁ ਕੌਮੀ ਕੰਪਨੀਆਂ ਵੱਲੋਂ ਜੰਗਲਾਂ, ਜਲ, ਜ਼ਮੀਨ ਅਤੇ ਕੁਦਰਤੀ ਖਜ਼ਾਨੇ ਲੁੱਟਣ ਦੀ ਨੀਯਤ ਨਾਲ ਲੋਕਾਂ ਦਾ ਉਜਾੜਾ ਕਰਨਾ, ਦਹਿਸ਼ਤ ਪਾਉਣਾ ਅਤੇ ਰਾਜ ਮਸ਼ੀਨਰੀ ਦੇ ਜ਼ੋਰ ਉਨ੍ਹਾਂ ਦੀ ਜ਼ੁਬਾਨਬੰਦੀ ਕਰਨਾ ਬੰਦ ਕੀਤਾ ਜਾਵੇ।
ਕਨਵੀਨਰਾਂ ਨੇ ਦੇਸ਼ ਦੀ ਪ੍ਰਤੀਬੱਧਤ ਉੱਘੀ ਪੱਤਰਕਾਰ ਸੀਮਾ ਆਜ਼ਾਦ ਅਤੇ ਉਸਦੀ ਜੀਵਨ ਸਾਥੀ ਵਿਸ਼ਵ ਵਿਜੈ ਨੂੰ ਉਮਰ ਕੈਦ ਦੀ ਸਜ਼ਾ ਰੱਦ ਕਰਨ ਦੀ ਜ਼ੋਰਦਾਰ ਮੰਗ ਕਰਦਿਆਂ ਇਹ ਵੀ ਕਿਹਾ ਹੈ ਕਿ ਮੁਲਕ ਅੰਦਰ ਜਮਹੂਰੀ ਅਧਿਕਾਰਾਂ ਉੱਪਰ ਹੱਲੇ ਬੋਲਣਾ ਬੰਦ ਕੀਤਾ ਜਾਵੇ।
ਜਾਰੀ ਕਰਤਾ : ਡਾ. ਪਰਮਿੰਦਰ ਸਿੰਘ
95010-25030
No comments:
Post a Comment