ਮੈਨੂੰ ਕ੍ਰਿਪਾਨਾਂ ਅਤੇ ਪਿਸਤੌਲਾਂ ਦੀ ਨੋਕ 'ਤੇ ਘਰੋਂ ਅਗਵਾ ਕੀਤਾ ਗਿਆ
(Note: This statement by Shruti, the minor girl, who was abducted by Goonda gang led by Nishan Singh, was read out in the rally held on 27.11.2012 by the Action Committee at Bhagat Singh Park Faridkot.)
ਮੇਰੇ ਸਤਿਕਾਰਯੋਗ ਮਾਤਾ-ਪਿਤਾ
ਜੀ, ਅੰਕਲ ਅਤੇ ਆਂਟੀਓ, ਭਰਾਵੋ ਅਤੇ ਭੈਣੋ ਅਤੇ ਬਜ਼ੁਰਗੋ,
ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਜਾਨ ਹੂਲਵੀਂ ਜੱਦੋਜਹਿਦ ਕਰਕੇ ਮੈਨੂੰ ਗੁੰਡਿਆਂ ਦੇ ਪੰਜਿਆਂ 'ਚੋਂ ਛੁਡਵਾਇਆ ਅਤੇ ਮਾਪਿਆਂ ਨਾਲ ਮਿਲਵਾਇਆ। ਇਹ ਤੁਹਾਡੇ ਸੰਘਰਸ਼ ਦੀ ਤਾਕਤ ਕਾਰਨ ਹੀ ਸੀ ਕਿ ਜਿਹੜੀ ਪੁਲਿਸ ਨੇ ਮੇਰੇ ਮਾਪਿਆਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਕਰਕੇ, ਗੁੰਡਿਆਂ ਨੂੰ ਪੰਜਾਬ 'ਚੋਂ ਆਸਾਨੀ ਨਾਲ ਬਾਹਰ ਨਿਕਲ ਜਾਣ ਦਿੱਤਾ, ਉਸੇ ਪੁਲਸ ਨੂੰ ਮਜਬੂਰ ਹੋ ਕੇ ਮੈਨੂੰ ਗੋਆ ਤੋਂ ਬਰਾਮਦ ਕਰਵਾਉਣਾ ਪਿਆ ਅਤੇ ਨਿਸ਼ਾਨ ਸਿੰਘ ਨੂੰ ਫੜਨਾ ਪਿਆ।
ਇਹ ਤੁਹਾਡਾ ਸੰਘਰਸ਼ ਹੀ ਸੀ ਜਿਸ ਨੇ ਮੈਨੂੰ ਇਹ ਸ਼ਕਤੀ ਪ੍ਰਦਾਨ ਕੀਤੀ ਕਿ ਮੈਂ ਸਾਰੇ ਦਬਾਵਾਂ ਅਤੇ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਅਦਾਲਤ ਵਿੱਚ ਡਟ ਕੇ ਆਪਣੇ ਮਾਪਿਆਂ ਕੋਲ ਜਾਣ ਦੀ ਮੰਗ ਕੀਤੀ ਅਤੇ ਅੰਤ ਆਪਣੇ ਮਾਪਿਆਂ ਕੋਲ ਪਹੁੰਚ ਗਈ, ਜਿਹਨਾਂ ਦੇ ਕਬਜ਼ੇ 'ਚ ਮੈਂ ਸੀ, ਉਹਨਾਂ ਵੱਲੋਂ ਮੈਨੂੰ ਡਰਾਇਆ ਗਿਆ ਕਿ ਤੇਰੇ ਮਾਪਿਆਂ ਨੇ ਤੇਰੀ ਬਹੁਤ ਬਦਨਾਮੀ ਕਰ ਦਿੱਤੀ ਹੈ, ਸਾਰੇ ਸ਼ਹਿਰ ਵਿੱਚ ਤੇਰੀਆਂ ਫੋਟੋਆਂ ਵਾਲੇ ਪੋਸਟਰ ਲੁਆ ਦਿੱਤੇ ਹਨ। ਮੈਨੂੰ ਜੇਲ੍ਹ ਵਿੱਚ ਬੰਦ ਨਿਸ਼ਾਨ ਸਿੰਘ, ਉਸਦੀ ਮਾਂ ਅਤੇ ਹੋਰ ਦੋਸ਼ੀਆਂ ਦਾ ਖਿਆਲ ਰੱਖਣ ਦੇ ਉਪਦੇਸ਼ ਦਿੱਤੇ ਗਏ। ਪਰ ਤੁਸੀਂ ਮੈਨੂੰ ਹੌਸਲਾ ਦਿੱਤਾ।
ਮੈਨੂੰ ਉਹ ਸ਼ਬਦ ਨਹੀਂ ਮਿਲ ਰਹੇ, ਜਿਹਨਾਂ ਰਾਹੀਂ ਮੈਂ ਤੁਹਾਡਾ ਆਭਾਰ ਪ੍ਰਗਟ ਕਰਾਂ।
ਮੇਰੇ ਬਾਰੇ ਵੱਖ ਵੱਖ ਪੁਲਿਸ ਅਧਿਕਾਰੀਆਂ ਅਤੇ ਗੁੰਡਿਆਂ ਵੱਲੋਂ ਬੇਸ਼ਰਮੀ ਨਾਲ ਝੂਠਾ ਪ੍ਰਚਾਰ ਕੀਤਾ ਗਿਆ। ਅੱਜ ਮੈਂ ਤੁਹਾਡੇ ਸਾਰਿਆਂ ਸਾਹਮਣੇ ਇਹ ਸਪਸ਼ਟ ਕਰਦੀ ਹਾਂ ਕਿ ਇਹ ਸਭ ਝੂਠ ਦਾ ਪੁਲੰਦਾ ਸੀ, ਜੋ ਮੈਨੂੰ ਬਦਨਾਮ ਕਰਨ ਲਈ ਅਤੇ ਤੁਹਾਨੂੰ ਮੇਰੇ ਮਾਪਿਆਂ ਦੀ ਹਮਾਇਤ ਕਰਨ ਤੋਂ ਰੋਕਣ ਲਈ ਸੋਚੀ ਸਮਝੀ ਸਾਜਿਸ਼ ਅਧੀਨ ਤਿਆਰ ਕੀਤਾ ਗਿਆ ਸੀ। ਪੁਲਸ ਵੱਲੋਂ ਪ੍ਰਚਾਰੀਆਂ ਇਹਨਾਂ ਗੱਲਾਂ 'ਚ ਭੋਰਾ ਭਰ ਸਚਾਈ ਨਹੀਂ। ਜਿਵੇਂ ਮੈਨੂੰ ਕ੍ਰਿਪਾਨਾਂ ਅਤੇ ਪਿਸਤੌਲਾਂ ਦੀ ਨੋਕ 'ਤੇ ਘਰੋਂ ਅਗਵਾ ਕੀਤਾ ਗਿਆ, ਮੇਰੇ ਮਾਪਿਆਂ ਦੇ ਸਿਰ ਅਤੇ ਲੱਤਾਂ ਬਾਹਾਂ ਭੰਨ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ; ਜਦੋਂ ਮੈਂ ਗੁੰਡਿਆਂ ਤੋਂ ਛੁੱਟ ਕੇ ਭੱਜੀ ਤਾਂ ਕਿਵੇਂ ਉਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਿਆ, ਕੱਪੜੇ ਪਾੜੇ, ਜਖਮੀ ਕੀਤਾ, ਇਹ ਵਾਕਾ ਸਾਡੀ ਗਲੀ ਦੇ ਸਾਰੇ ਲੋਕਾਂ ਨੇ ਅੱਖੀਂ ਦੇਖਿਆ ਹੈ।
ਮੈਂ ਚਾਹੁੰਦੀ ਹਾਂ ਕਿ ਦੋਸ਼ੀਆਂ ਨੂੰ ਸਜਾ ਮਿਲੇ ਤਾਂ ਜੋ ਉਹ ਮੁੜ ਕਿਸੇ ਦੀ ਧੀ ਭੈਣ ਵੱਲ ਮੁੰਹ ਨਾ ਕਰ ਸਕਣ। ਇਸ ਲਈ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੱਗੇ ਲਈ ਵੀ ਤੁਹਾਡੀ ਸਾਰਿਆਂ ਦੀ ਮੱਦਦ ਦੀ ਲੋੜ ਰਹੇਗੀ। ਮੈਨੂੰ ਯਕੀਨ ਹੈ ਕਿ ਤੁਸੀਂ ਪਹਿਲਾਂ ਵਾਂਗ ਹੀ ਭਵਿੱਖ ਵਿੱਚ ਵੀ ਸਾਡੇ ਨਾਲ ਖੜ੍ਹੋਗੇ।
ਅੰਤ 'ਚ ਮੈਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ।
No comments:
Post a Comment