ਫਰੀਦਕੋਟ ਅਗਵਾ ਕਾਂਡ ਨਾਲ
ਸਬੰਧਤ ਕੇਸਾਂ ਬਾਰੇ
ਸੈਸ਼ਨ ਕੋਰਟ ਦੇ ਫੈਸਲੇ 'ਤੇ
ਸੰਖੇਪ ਪ੍ਰਤੀਕਰਮ
ਸੰਖੇਪ ਪ੍ਰਤੀਕਰਮ
- ਇਹ ਫੈਸਲਾ ਲੋਕਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ ਹੈ। ਫਰੀਦਕੋਟ ਦੇ ਲੋਕਾਂ ਦੀ, ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਅਤੇ ਉਸਦੀ ਹਮਾਇਤ ਵਿੱਚ ਡਟ ਕੇ ਨਿੱਤਰੀਆਂ, ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜੁਆਨਾਂ ਦੀਆਂ ਜਥੇਬੰਦੀਆਂ- ਖਾਸ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਹਨਾਂ ਨੇ ਅਗਵਾ ਵਾਲੀ ਘਟਨਾ ਤੋਂ ਲਗਾਤਾਰ ਸੰਘਰਸ਼ ਕੀਤਾ, ਦੇ ਸਿਰ ਇਸ ਜਿੱਤ ਦਾ ਸਿਹਰਾ ਜਾਂਦਾ ਹੈ।
- ਅਗਵਾ ਕੀਤੀ ਨਾਬਾਲਗ ਲੜਕੀ-ਸ਼ਿਵਾਨੀ (ਕਾਲਪਨਿਕ ਨਾਂ) ਦੀ ਬ੍ਰਾਮਦਗੀ ਅਤੇ ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ, ਪੀੜਤ ਪਰਿਵਾਰ ਅਤੇ ਕੇਸ ਦੀ ਪੈਰਵੀ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ, ਵਕੀਲਾਂ ਆਦਿ ਨੂੰ ਚੁੱਪ ਕਰਵਾਉਣ ਲਈ, ਮੁਲਜ਼ਮਾਂ, ਉਹਨਾਂ ਦੇ ਸਿਆਸੀ ਸਰਪ੍ਰਸਤ ਅਕਾਲੀ ਹਾਕਮਾਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਮੁੱਢ ਇਸ ਕੇਸ ਵਿੱਚ ਗਵਾਹੀਆਂ ਸ਼ੁਰੂ ਹੋਣ ਸਮੇਂ ਤੋਂ ਹੀ ਬੱਝ ਗਿਆ ਸੀ, ਜਦੋਂ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਨੇ ਜੇਲ੍ਹ ਅੰਦਰੋਂ ਫੋਨ 'ਤੇ ਪੀੜਤ ਲੜਕੀ ਦੇ ਪਿਤਾ ਨੂੰ ਧਮਕਾਇਆ ਸੀ। ਇਹਨਾਂ ਧਮਕੀਆਂ ਦਾ ਡਟਵਾਂ ਟਾਕਰਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਹਨਾਂ ਜਥੇਬੰਦੀਆਂ ਨਾਲ ਜੁੜੀਆਂ ਔਰਤਾਂ ਨੇ ਫਰੀਦਕੋਟ ਸ਼ਹਿਰ ਵਿੱਚ ਲਾਮਿਸਾਲ ਮੁਜਾਹਰੇ ਕੀਤੇ, ਪੀੜਤ ਪਰਿਵਾਰ ਅਤੇ ਪੈਰਵੀ ਕਰ ਰਹੇ ਵਿਅਕਤੀਆਂ ਲਈ ਸੁਰੱਖਿਆ ਮੁਹੱਈਆ ਕਰਵਾਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਸੁਣਵਾਈ ਕੀਤੀ।
- ਇਹ ਫੈਸਲਾ ਪੰਜਾਬ ਦੇ ਅਕਾਲੀ ਹਾਕਮਾਂ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦੀ ਅਗਵਾਈ ਹੇਠ, ਨਿਸ਼ਾਨ ਸਿੰਘ-ਡਿੰਪੀ ਸਮਰਾ ਗ੍ਰੋਹ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੇ ਉੱਚ ਪੁਲਿਸ ਅਧਿਕਾਰੀਆਂ- ਜਿਹਨਾਂ ਵਿੱਚ ਡੀ.ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ. ਗੁਰਿੰਦਰ ਸਿੰਘ ਢਿੱਲੋਂ ਅਤੇ ਆਈ.ਜੀ. ਨਿਰਮਲ ਸਿੰਘ ਢਿੱਲੋਂ ਦੀ ਸ਼ਰਮਨਾਕ ਇਖਲਾਕੀ ਹਾਰ ਹੈ, ਜੋ ਆਪਣੇ ਸਿਆਸੀ ਪ੍ਰਭੂਆਂ ਦੇ ਇਸ਼ਾਰੇ 'ਤੇ ਇਸ ਗੁੰਡਾ ਗਰੋਹ ਨੂੰ ਨਿਰਦੋਸ਼ ਦੱਸ ਰਹੇ ਸਨ ਅਤੇ ਸਾਰੀ ਘਟਨਾ ਨੂੰ ਅਗਵਾ ਦੀ ਥਾਂ ਮੁਹੱਬਤ ਦਾ ਕਿੱਸਾ ਦੱਸ ਰਹੇ ਸਨ ਅਤੇ ਇਹ ਕੂੜ ਪ੍ਰਚਾਰ ਫੈਲਾਉਣ ਲਈ ਵਾਰ ਵਾਰ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਨੂੰ ਇੰਟਰਵਿਊਆਂ ਦੇ ਰਹੇ ਸਨ। ਮੁਲਜ਼ਮਾਂ ਨੇ ਇਹਨਾਂ ਇੰਟਰਵਿਊਆਂ ਦੀਆਂ ਸੀ.ਡੀਆਂ ਅਤੇ ਅਜੀਤ ਅਖਬਾਰ ਵਿੱਚ ਛਪੀਆਂ ਖਬਰਾਂ ਅਦਾਲਤ ਵਿੱਚ ਆਪਣੀ ਬੇਗੁਨਾਹੀ ਦੇ ਸਬੂਤ ਵਜੋਂ ਪੇਸ਼ ਕੀਤੀਆਂ।
- ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾ ਦਿਵਾਉਣ ਲਈ ਪੀੜਤ ਪਰਿਵਾਰ ਵੱਲੋਂ ਲਿਆ ਗਿਆ ਦ੍ਰਿੜ੍ਹ ਸਟੈਂਡ ਅਤਿ ਸ਼ਲਾਘਾਯੋਗ ਹੈ। ਉਹਨਾਂ ਨੇ ਹੁਕਮਰਾਨ ਪਾਰਟੀਆਂ ਦੇ ਸਾਰੇ ਦਬਾਅ ਨਕਾਰਦਿਆਂ ਲੋਕ-ਤਾਕਤ 'ਤੇ ਟੇਕ ਰੱਖੀ ਅਤੇ ਨਿਸ਼ਾਨ ਸਿੰਘ-ਡਿੰਪੀ ਸਮਰਾ ਗਰੋਹ ਦੇ ਖਿਲਾਫ ਬੇਖੌਫ਼ ਹੋ ਕੇ ਅਦਾਲਤ ਵਿੱਚ ਸੱਚ ਬੋਲਣ ਦੀ ਜੁਰਅੱਤ ਵਿਖਾਈ।
- ਪੰਜਾਬ ਦੇ ਲੱਗਭੱਗ ਸਾਰੇ ਅਖਬਾਰਾਂ ਨੇ ਇਸ ਮਸਲੇ 'ਤੇ ਮੁੱਖ ਤੌਰ 'ਤੇ ਹਾਂ-ਪੱਖੀ ਰੋਲ ਨਿਭਾਇਆ। ਘਟਨਾ ਲਈ ਜੁੰਮੇਵਾਰ ਨਿਸ਼ਾਨ ਸਿੰਘ-ਡਿੰਪੀ ਸਮਰਾ ਗੁੰਡਾ ਗਰੋਹ ਅਤੇ ਉਸਦੀ ਪੁਸ਼ਤ-ਪਨਾਹੀ ਕਰਨ ਵਾਲੇ ਅਕਾਲੀ ਹਾਕਮਾਂ ਅਤੇ ਪੁਲਿਸ ਅਫਸਰਾਂ ਦਾ ਲੋਕ-ਦੋਖੀ ਕਿਰਦਾਰ ਲੋਕਾਂ ਵਿੱਚ ਨੰਗਾ ਕੀਤਾ। ਗੁੰਡਿਆਂ, ਸਿਆਸੀ ਆਗੂਆਂ ਅਤੇ ਪੁਲਸ ਦੇ ਨਾਪਾਕ ਗੱਠਜੋੜ ਤੋਂ ਧੀਆਂ-ਭੈਣਾਂ ਦੀਆਂ ਇੱਜਤਾਂ ਬਚਾਉਣ ਲਈ ਜੂਝ ਰਹੇ ਲੋਕਾਂ ਦੇ ਸੰਘਰਸ਼ ਨੂੰ ਸਹੀ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਤਰ੍ਹਾਂ ਪੀੜਤ ਲੜਕੀ ਨੂੰ ਬਰਾਮਦ ਕਰਵਾਉਣ ਅਤੇ ਗੁੰਡਾ ਗਰੋਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਆਵਦਾ ਬਣਦਾ ਰੋਲ ਨਿਭਾਇਆ। ਪਰ ਪੰਜਾਬੀਅਤ ਦਾ ਮੁਦੱਈ ਕਹਾਉਂਦੇ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਦੇ ਦੋ ਪੱਤਰਕਾਰਾਂ ਅਤੇ ਹਾਕਮਾਂ ਦੀ ਦੇਖ-ਰੇਖ ਹੇਠ ਚੱਲ ਰਹੇ ਕੁੱਝ ਟੀ.ਵੀ. ਚੈਨਲਾਂ ਨੇ ਦੋਸ਼ੀਆਂ ਦਾ ਬੇਸ਼ਰਮੀ ਨਾਲ ਪੱਖ ਪੂਰ ਰਹੇ ਪੁਲਸ ਅਧਿਕਾਰੀਆਂ ਵੱਲੋਂ ਜਾਰੀ ਕੂੜ-ਕਹਾਣੀਆਂ ਤੇ ਖੋਜੀ ਪੱਤਰਕਾਰਤਾ ਦਾ ਲੇਬਲ ਲਾ ਕੇ ਸਿਰੇ ਦੀਆਂ ਗੈਰ ਜੁੰਮੇਵਾਰ ਅਤੇ ਮਨਘੜਤ ਕਹਾਣੀਆਂ ਛਾਪੀਆਂ/ਦਿਖਾਈਆਂ। ਇਹਨਾਂ 'ਚੋਂ ਕੁੱਝ ਮੁਜਰਮਾਂ ਦਾ ਪੱਖ ਪੂਰਨ ਲਈ ਅਦਾਲਤ ਵਿੱਚ ਝੂਠੀਆਂ ਗਵਾਹੀਆਂ ਦੇਣ ਵੀ ਆਏ ਅਤੇ ਇਸ ਤਰ੍ਹਾਂ ਲੋਕ-ਲਹਿਰਾਂ ਨਾਲ ਸਿਰੇ ਦੀ ਨਫ਼ਰਤ ਅਤੇ ਦੁਸ਼ਮਣੀ ਦਾ ਪ੍ਰਗਟਾਵਾ ਕੀਤਾ। ਇਹ ਫੈਸਲਾ ਇਹਨਾਂ ਵਿਕਾਊ ਅਤੇ ਬਦਚਲਣ ਕਲਮਾਂ ਲਈ ਨਮੋਸ਼ੀ ਭਰੀ ਹਾਰ ਹੈ।
- ਲੋਕਾਂ ਦੀ ਇਹ ਜਿੱਤ ਇਸ ਪੱਖੋਂ ਹੋਰ ਵੱਧ ਮਹੱਤਵਪੂਰਨ ਹੈ ਕਿ ਨਿਸ਼ਾਨ ਸਿੰਘ-ਡਿੰਪੀ ਸਮਰਾ ਦੇ ਜਿਸ ਗੁੰਡਾ ਗਰੋਹ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾ ਦਿਵਾਉਣ ਲਈ ਉਹ ਜੂਝ ਰਹੇ ਸਨ, ਉਹ ਅੱਤ ਦਰਜੇ ਦਾ ਖੂੰਖਾਰ ਅਤੇ ਵਹਿਸ਼ੀ ਸੀ, ਅਕਾਲੀ ਹਾਕਮਾਂ ਅਤੇ ਪੁਲਸ ਦੇ ਥਾਪੜੇ ਹੇਠ ਸੀ। ਕੇਸ ਦੌਰਾਨ ਪੇਸ਼ ਹੋਏ ਸਬੂਤਾਂ ਅਨੁਸਾਰ ਇਸ ਗਰੋਹ ਦੇ ਖਿਲਾਫ ਪੰਜਾਬ ਦੇ ਫਰੀਦਕੋਟ, ਮੋਗਾ, ਬਠਿੰਡਾ, ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ 35 ਮੁਕੱਦਮੇ ਦਰਜ ਹਨ, ਜਿਹਨਾਂ 'ਚੋਂ 12 ਅਸਲਾ ਐਕਟ ਤਹਿਤ, 7 ਇਰਾਦਾ ਕਤਲ, ਇੱਕ ਕਤਲ ਦੇ ਜੁਰਮ ਤਹਿਤ ਸੀ। ਇਸ ਤੋਂ ਇਲਾਵਾ ਇਹ ਗਰੋਹ ਲੁੱਟਾਂ-ਖੋਹਾਂ, ਡਾਕਿਆਂ, ਦੰਗਾ-ਫਸਾਦ ਕਰਨ, ਜਬਰੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਰਦਾਤਾਂ ਕਰਨ ਅਤੇ ਚੋਰੀਆਂ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੈ। ਅਦਾਲਤ 'ਚ ਦੋਸ਼ੀਆਂ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ ਫਰੀਦਕੋਟ ਦੇ ਸਿਰਕੱਢ ਅਕਾਲੀ ਹਨ, ਅਤੇ ਬੇਸ਼ੁਮਾਰ ਜਾਇਦਾਦ ਦੇ ਮਾਲਕ ਹਨ। ਗਰੋਹ ਦੇ ਮੁਖੀਆਂ 'ਚੋਂ ਇੱਕ ਨਿਸ਼ਾਨ ਸਿੰਘ, ਪਹਿਲਾਂ ਨਜਾਇਜ਼ ਹਥਿਆਰ ਰੱਖਣ ਦੇ ਇੱਕ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀ ਐਲਾਨਿਆ ਗਿਆ ਹੈ। ਪਰ ਜੁਰਮ ਕਰਨ ਸਮੇਂ ਨਾਬਾਲਗ ਹੋਣ ਕਾਰਨ ਉਹਨੂੰ ਸਾਲ 2011 ਵਿੱਚ ਇੱਕ ਸਾਲ ਦੀ ਸਮਾਜ ਸੇਵਾ ਕਰਨ ਦਾ ਡੰਨ ਲਾਇਆ ਗਿਆ ਸੀ। ਅਗਵਾ ਅਤੇ ਬਲਾਤਕਾਰ ਦੀਆਂ ਇਹ ਦੋਵੇਂ ਵਾਰਦਾਤਾਂ, ਉਸਨੇ ਆਪਣੇ ਗਰੋਹ ਨਾਲ ਮਿਲ ਕੇ, 'ਸਮਾਜ ਸੇਵਾ' ਦਾ ਡੰਨ ਨਿਭਾਉਂਦੇ ਸਮੇਂ ਹੀ ਕੀਤੀਆਂ ਹਨ।
- ਇਸ ਕੇਸ ਦੌਰਾਨ ਇੱਕ ਮਹੱਤਵਪੂਰਨ ਗੱਲ ਉੱਭਰਕੇ ਇਹ ਵੀ ਆਈ ਹੈ ਕਿ ਇੱਕ ਪਾਸੇ ਜਦੋਂ ਡੀ.ਜੀ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਉੱਚ ਪੁਲਿਸ ਅਧਿਕਾਰੀ ਗੁੰਡਾ ਗਰੋਹ ਦਾ ਸ਼ਰੇਆਮ ਪੱਖ ਪੂਰ ਰਹੇ ਸਨ ਅਤੇ ਦੋ ਡੀ.ਐਸ.ਪੀ. ਵਾਰਦਾਤ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਮੌਜ ਨਾਲ ਬਚ ਕੇ ਭੱਜ ਜਾਣ ਦੇ ਪ੍ਰਬੰਧ ਵਿੱਚ ਜੁਟੇ ਹੋਏ ਸਨ, ਉਥੇ ਹੇਠਲੀ ਪੱਧਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸਾਰੇ ਦਬਾਵਾਂ ਦੇ ਬਾਵਜੂਦ ਪੀੜਤ ਪਰਿਵਾਰ ਅਤੇ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਹਮਦਰਦੀ ਅਤੇ ਸੰਵੇਦਨਸ਼ੀਲਤਾ ਦੇ ਝਲਕਾਰੇ ਮਿਲੇ।
- ਇਹ ਜਿੱਤ ਪੰਜਾਬ ਦੀ ਸਮੁੱਚੀ ਇਨਕਲਾਬੀ ਜਨਤਕ ਲਹਿਰ ਦੀ ਜਿੱਤ ਹੈ, ਜਿਸ ਨੇ ਇਸ ਚੁਣੌਤੀ ਭਰੇ ਸੰਘਰਸ਼ ਨੂੰ ਸਾਂਝੇ ਤੌਰ 'ਤੇ ਲਿਆ ਅਤੇ ਇਸਦੀ ਕਾਮਯਾਬੀ ਲਈ ਬਣਦਾ ਯੋਗਦਾਨ ਪਾਇਆ।
- ਲੜਾਈ ਅਜੇ ਮੁੱਕੀ ਨਹੀਂ। ਮੁਲਜ਼ਮ ਗੁੰਡਾ ਗਰੋਹ ਅਤੇ ਇਸਦੇ ਸਿਆਸੀ ਸਰਪ੍ਰਸਤ ਸਮੇਂ ਦੀ ਤਾਕ ਵਿੱਚ ਹਨ। ਲੋਕ-ਦੋਖੀ ਤਾਕਤਾਂ ਮੁਲਜ਼ਮਾਂ ਨੂੰ ਜੇਲ੍ਹੋਂ ਬਾਹਰ ਕੱਢਣ ਲਈ ਹਰ ਹੀਲਾ ਵਰਤਣਗੇ, ਕਿਉਂਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਉਹਨਾਂ ਨੂੰ ਮੁਲਜ਼ਮਾਂ ਦੀ ਲੋੜ ਹੈ। ਇਸ ਲਈ ਲੋਕਾਂ ਨੂੰ ਆਵਦੀ ਏਕਤਾ ਬਰਕਰਾਰ ਰੱਖਣ ਅਤੇ ਹਾਕਮਾਂ ਦੀ ਹਰ ਲੋਕ-ਵਿਰੋਧੀ ਚਾਲ 'ਤੇ ਬਾਜ਼ ਅੱਖ ਰੱਖਣ ਦੀ ਲੋੜ ਹੈ।
-ਐਨ.ਕੇ. ਜੀਤ ਐਡਵੋਕੇਟ
ਅਡਵਾਈਜ਼ਰ ਲੋਕ ਮੋਰਚਾ ਪੰਜਾਬ, ਮੋਬਾਇਲ- 94175 07363