StatCounter

Showing posts with label Faridkot Abduction case. Show all posts
Showing posts with label Faridkot Abduction case. Show all posts

Wednesday, June 5, 2013

ਲੋਕ-ਤਾਕਤ ਦਾ ਕਿਲਾ ਹੋਰ ਮਜਬੂਤ ਕਰੋ



ਫਰੀਦਕੋਟ ਅਗਵਾ ਕਾਂਡ:

ਲੰਮੇ ਤੇ ਸਿਰੜੀ ਘੋਲ ਦੀ ਜਿੱਤ ਨੂੰ ਸੰਭਾਲੋ
ਲੋਕ-ਤਾਕਤ ਦਾ ਕਿਲਾ ਹੋਰ ਮਜਬੂਤ ਕਰੋ

ਇਨਸਾਫਪਸੰਦ ਲੋਕੋ,

ਬਹੁ-ਚਰਚਿਤ ਫਰੀਦਕੋਟ ਅਗਵਾ ਕਾਂਡ ਖਿਲਾਫ ਤੁਹਾਡੇ ਵੱਲੋਂ ਲੜੇ ਲੰਮੇ ਤੇ ਸਿਰੜੀ ਘੋਲ ਨੇ ਆਖਰ ਆਪਣਾ ਰੰਗ ਵਿਖਾ ਦਿੱਤਾ ਹੈ। ਰਾਜ ਭਾਗ ਦੀ ਛਤਰਛਾਇਆ ਤੇ ਅੰਨ੍ਹੀਂ ਧੰਨ ਦੌਲਤ ਦੇ ਗੁਮਾਨ 'ਚ ਆਫਰੇ ਫਿਰਦੇ ਨਿਸ਼ਾਨ-ਡਿੰਪੀ ਸਮਰਾ ਦੇ ਗੁੰਡਾ ਗਰੋਹ ਨੂੰ ਤੁਹਾਡੀ ਤਾਕਤ ਨੇ ਇੱਕ ਵਾਰ ਚਿੱਤ ਕਰ ਦਿੱਤਾ ਹੈ। 27 ਮਈ ਨੂੰ ਇਸ ਕੇਸ ਦੇ ਹੋਏ ਅਦਾਲਤੀ ਫੈਸਲੇ 'ਚ ਨਿਸ਼ਾਨ ਨੂੰ ਦੂਹਰੀ ਉਮਰ ਕੈਦ, ਅਕਾਲੀ ਆਗੂ ਅਤੇ ਇਸ ਗੁੰਡਾ ਗਰੋਹ ਦੇ ਕਰਤਾ-ਧਰਤਾ ਡਿੰਪੀ ਸਮਰਾ ਤੇ ਨਿਸ਼ਾਨ ਦੀ ਮਾਤਾ ਨਵਜੋਤ ਕੌਰ ਸਮੇਤ 8 ਜਣਿਆਂ ਨੂੰ 7-7 ਸਾਲ ਤੇ ਘਾਲੀ ਨੂੰ 9 ਸਾਲ ਦੀ ਕੈਦ ਹੋ ਗਈ ਹੈ। ਅਦਾਲਤ ਦਾ ਇਹ ਫੈਸਲਾ ਲੋਕਾਂ ਦੇ ਘੋਲ ਦੀ ਅਹਿਮ ਜਿੱਤ ਹੈ। ਦਿਨ-ਦਿਹਾੜੇ ਬੇਖੌਫ਼ ਹੋ ਕੇ ਨਾਬਾਲਗ ਲੜਕੀ ਨੂੰ ਹਥਿਆਰਾਂ ਤੇ ਧੌਂਸ ਦੇ ਜ਼ੋਰ ਘਰੋਂ ਅਗਵਾ ਕਰਨ ਰਾਹੀਂ ਵਰਤਾਏ ਇਸ ਕਹਿਰ ਖਿਲਾਫ਼ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪਹਿਲ ਪ੍ਰਿਥਮੇ ਸੜਕਾਂ 'ਤੇ ਨਿੱਤਰੇ ਫਰੀਦਕੋਟ ਵਾਸੀਆਂ ਦੀ ਜਿੱਤ ਹੈ। ਇਸ ਘੋਲ ਦੀ ਡਟਵੀਂ ਹਮਾਇਤ 'ਚ ਨਿੱਤਰੀਆਂ ਕਿਸਾਨ, ਖੇਤ ਮਜ਼ਦੂਰ, ਵਿਦਿਆਰਥੀ, ਨੌਜਵਾਨ, ਮੁਲਾਜ਼ਮ ਤੇ ਇਨਕਲਾਬੀ ਜਮਹੁਰੀ ਜਥੇਬੰਦੀਆਂ ਦੀ ਜਿੱਤ ਹੈ। ਪਰਬਤੋਂ ਭਾਰੀ ਮੁਸ਼ਕਲਾਂ ਤੇ ਬੇਹਿਸਾਬ ਦਬਾਵਾਂ-ਤਣਾਵਾਂ ਦੇ ਬਾਵਜੂਦ ਡਟ ਕੇ ਖੜ੍ਹਨ ਵਾਲੇ ਪੀੜਤ ਪਰਿਵਾਰ ਤੇ ਲੜਕੀ ਦੇ ਸਿਰੜ ਦੀ ਜਿੱਤ ਹੈ। ਇਹ ਜਿੱਤ ਵਕੀਲਾਂ ਦੀ ਨਿਧੜਕ, ਬੇਗਰਜ਼ ਤੇ ਲੋਕ ਸੇਵਾ ਨੂੰ ਸਮਰਪਤ ਭਾਵਨਾ ਦੀ ਜਿੱਤ ਹੈ। ਇਹ ਜਿੱਤ ਸਾਧਾਰਨ ਜਿੱਤ ਨਹੀਂ, ਮਹੱਤਵਪੂਰਨ ਜਿੱਤ ਹੈ, ਫਖ਼ਰਯੋਗ ਜਿੱਤ ਹੈ। ਇਹ ਜਿੱਤ ਮਹੱਤਵਪੂਰਨ ਜਿੱਤ ਇਸ ਕਰਕੇ ਹੈ ਕਿ ਇਹ ਸਿਆਸੀ ਸ਼ਹਿ ਪ੍ਰਾਪਤ, ਖੌਫ਼ਨਾਕ, ਹੰਢੇ-ਵਰਤੇ ਤੇ ਪੇਸ਼ਾਵਰ ਗੁੰਡਾ ਗਰੋਹ ਤੋਂ ਇਲਾਵਾ ਅਕਾਲੀ ਸਰਕਾਰ ਤੇ ਬਾਦਲ ਪਰਿਵਾਰ, ਆਹਲਾ ਪੁਲਿਸ ਅਧਿਕਾਰੀਆਂ ਤੇ ਮੁਢਲੇ ਦੌਰ 'ਚ ਅਦਾਲਤੀ ਤਾਣੇ-ਬਾਣੇ ਨਾਲ ਭਿੜ ਕੇ ਹਾਸਲ ਕੀਤੀ ਜਿੱਤ ਹੈ। ਇਸ ਜਿੱਤ 'ਚ ਮੁਲਕ ਭਰ 'ਚ ਅਗਵਾ ਤੇ ਬਲਾਤਕਾਰਾਂ ਖਿਲਾਫ ਉੱਠੇ ਲੋਕ ਰੋਹ ਦਾ ਵੀ ਗਿਣਨਯੋਗ ਦਖਲ ਹੈ। ਮੀਡੀਆ ਦੇ ਵੱਡੇ ਹਿੱਸੇ ਵੱਲੋਂ ਇਸ ਕੇਸ ਦੀ ਦਰੁਸਤ ਪੈਂਤੜੇ ਤੋਂ ਕੀਤੀ ਪੇਸ਼ਕਾਰੀ ਦਾ ਵੀ ਰੋਲ ਹੈ।
 

ਦੂਜੇ ਪਾਸੇ ਇਹ ਇਸ ਗੁੰਡਾ ਗਰੋਹ ਤੋਂ ਅੱਗੇ ਇਸ ਸਮੁੱਚੀ ਘਟਨਾ ਨੂੰ ਪੁੱਠਾ ਗੇੜਾ ਦੇਣ ਲਈ ਤੁਲੀਆਂ ਸਭਨਾਂ ਲੋਕ-ਵਿਰੋਧੀ ਤਾਕਤਾਂ ਦੀ ਸ਼ਰਮਨਾਕ ਹਾਰ ਹੈ। ਇਸ ਸਰੀਹਣ ਧੱਕੇਸ਼ਾਹੀ ਨੂੰ 'ਕੁੜੀ ਦੇ ਮਰਜ਼ੀ ਨਾਲ ਘਰੋਂ ਜਾਣ' ਤੇ ਪਿਆਰ ਮੁਹੱਬਤ ਦੇ ਕਿੱਸੇ ਵਜੋਂ ਪੇਸ਼ ਕਰਨ ਵਾਲੇ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਸਭਨਾਂ ਪੁਲਿਸ ਅਧਿਕਾਰੀਆਂ, ਇਸ ਗਰੋਹ ਨੂੰ ਸਿਆਸੀ ਛਤਰੀ ਮੁਹੱਈਆ ਕਰਨ ਵਾਲੇ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਨਾਲ ਨਿਵਾਜਣ ਵਾਲੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਸਮੇਤ ਸਭਨਾਂ ਅਕਾਲੀ ਲੀਡਰਾਂ ਤੇ ਮੰਤਰੀਆਂ ਦੀ ਇਖਲਾਕੀ ਤੇ ਸਿਆਸੀ ਹਾਰ ਹੈ। ਸਭ ਸ਼ਰਮ ਹਯਾ ਨੂੰ ਛਿੱਕੇ ਟੰਗ ਕੇ ਅਤੇ ਚਿੱਟੇ ਦਿਨ ਵਰਗੀ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਪੁਲਿਸ ਅਧਿਕਾਰੀਆਂ ਤੇ ਹਕੂਮਤ ਦੀ ਮਿਹਰ ਖੱਟਣ ਲਈ ਉਹਨਾਂ ਦੇ ਕੂੜ ਪ੍ਰਚਾਰ ਨੂੰ ਇੱਕਾ-ਦੁੱਕਾ ਅਖਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਪੇਸ਼ ਕਰਨ ਵਾਲੇ ਕੁਝ ਕੁ ਵਿਕਾਊ ਪੱਤਰਕਾਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। 

ਰਾਜ ਦਰਬਾਰ ਦੇ ਆਹਲਾ ਗਲਿਆਰਿਆਂ ਤੱਕ ਪਹੁੰਚ, ਅੰਨ੍ਹੀਂ ਦੌਲਤ ਤੇ ਜ਼ਮੀਨ ਦੇ ਜ਼ੋਰ ਉੱਭਰੇ ਨਿਸ਼ਾਨ-ਡਿੰਪੀ ਸਮਰਾ ਦੇ ਇਸ ਗਰੋਹ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਕਿਤੇ ਆਹ ਦਿਨ ਵੀ ਵੇਖਣੇ ਪੈਣਗੇ। ਉਹਨਾਂ ਨੇ ਤਾਂ ਅਪਰਾਧ ਜਗਤ ਦੀ ਦੁਨੀਆਂ ਵਿੱਚ ਤਾਰੀਆਂ ਲਾਉਣ ਦੇ ਸੁਪਨੇ ਹੀ ਲਏ ਸਨ। ਇਹ ਉਹਨਾਂ ਦੀ ਨਿਰੀ ਖਾਮ-ਖਿਆਲੀ ਹੀ ਨਹੀਂ ਸੀ, ਹਕੀਕਤ ਵਿੱਚ ਅਜਿਹਾ ਹੀ ਵਾਪਰਦਾ ਆ ਰਿਹਾ ਸੀ। ਲੁੱਟਾਂ-ਖੋਹਾਂ, ਕਤਲਾਂ, ਅਗਵਾ ਤੇ ਬਲਾਤਕਾਰਾਂ ਦੇ 35 ਮੁਕੱਦਮੇ ਦਰਜ ਹੋਣ ਦੇ ਬਾਵਜੂਦ ਕਿਤੇ ਫੁੱਲ ਦੀ ਨਹੀਂ ਸੀ ਲੱਗੀ। ਇਸ ਲਈ ਉਹਨਾਂ ਨੂੰ ਤਾਂ ਹੁਣ ਜੱਗੋਂ ਤੇਰ੍ਹਵੀਂ ਹੋ ਗਈ ਲੱਗਦੀ ਹੈ। ਪਹਿਲਾਂ ਵੀ ਤੇ ਹੁਣ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਬਾਅਦ ਵੀ ਭਾਵੇਂ ਕਈ ਭੁੱਬਾਂ ਮਾਰ ਕੇ ਰੋਂਦੇ ਵੇਖੇ ਗਏ ਹਨ, ਪਰ ਜਿਵੇਂ ਸੜ ਕੇ ਵੀ ਰੱਸੀ ਦਾ ਵੱਟ ਨਹੀਂ ਜਾਂਦਾ। ਅਦਾਲਤ 'ਚੋਂ ਬਾਹਰ ਨਿੱਕਲਦਿਆਂ ਪੱਤਰਕਾਰਾਂ ਅਤੇ ਲੋਕਾਂ ਖਿਲਾਫ ਧਮਕੀਆਂ ਭਰੀ ਭੜਾਸ ਵੀ ਦਿਖਾਈ ਦਿੱਤੀ ਹੈ। 

ਭੈਣੋ ਤੇ ਭਰਾਵੋ, ਇਹ ਜਿੱਤ ਸੌਖਿਆਂ ਹੀ ਪ੍ਰਾਪਤ ਨਹੀਂ ਹੋਈ। ਅਨੇਕਾਂ ਦੁਸ਼ਵਾਰੀਆਂ ਝੱਲ ਕੇ ਹਾਸਲ ਹੋਈ ਹੈ। ਆਪਾਂ ਨੂੰ ਨਾ ਸਿਰਫ ਇਸ ਗਰੋਹ ਨੂੰ ਗ੍ਰਿਫਤਾਰ ਕਰਵਾਉਣ ਲਈ ਹੀ ਵਿਸ਼ਾਲ ਤੇ ਲਗਾਤਾਰ ਜਨਤਕ ਐਕਸ਼ਨਾਂ ਦਾ ਤਾਂਤਾ ਬੰਨ੍ਹਣਾ ਪਿਆ ਸਗੋਂ ਪੈਰ ਪੈਰ 'ਤੇ ਹਕੂਮਤ ਤੇ ਇਸ ਗਰੋਹ ਦੇ ਵਾਰਾਂ ਤੇ ਚਾਲਾਂ ਨੂੰ ਕੁੱਟਣ ਲਈ ਵੀ ਵਾਰ ਵਾਰ ਜਨਤਾ ਨੂੰ ਹਰਕਤ ਵਿੱਚ ਲਿਆਉਣਾ ਪਿਆ ਹੈ। ਇਸ ਗਰੋਹ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤੀ ਫੈਸਲੇ ਦੇ ਬਹਾਨੇ ਨਾਰੀ ਨਿਕੇਤਨ ਦੇ ਨਾਂ ਹੇਠ ਪੁਲਿਸ ਦੀ ਕੱਚੀ ਕੈਦ ਵਿੱਚ ਧੱਕੀ ਗਈ ਪੀੜਤ ਲੜਕੀ ਦੀ ਰਿਹਾਈ ਵੀ ਉਦੋਂ ਹੀ ਹੋਈ ਜਦੋਂ ਆਪਣੇ ਵੱਲੋਂ ਨਾਰੀ ਨਿਕੇਤਨ ਅੱਗੇ ਅਣਮਿਥੇ ਸਮੇਂ ਦੇ ਧਰਨੇ ਦਾ ਐਲਾਨ ਹੋ ਗਿਆ। ਕੇਸ ਦੀਆਂ ਗਵਾਹੀਆਂ ਸ਼ੁਰੂ ਹੋਣ ਤੋਂ ਐਨ ਪਹਿਲਾਂ ਪੀੜਤ ਪਰਿਵਾਰ ਨੂੰ ਨਿਸ਼ਾਨ ਵੱਲੋਂ ਜੇਲ੍ਹ 'ਚੋਂ ਹੀ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਗਵਾਹਾਂ ਤੇ ਵਕੀਲਾਂ ਦੀ ਸੁਰੱਖਿਆ ਦੀ ਜਾਮਨੀ ਵੀ ਚੇਤਨ, ਜਥੇਬੰਦ ਤੇ ਵਿਸ਼ਾਲ ਜਨਤਕ ਤਾਕਤ, ਵਿਸ਼ੇਸ਼ ਕਰਕੇ ਪੇਂਡੂ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਦੇ ਹਰਕਤ ਵਿੱਚ ਆਉਣ ਨਾਲ ਹੀ ਹੋਈ ਹੈ। ਇਹਨਾਂ ਧਮਕੀਆਂ ਦਾ ਠੋਕਵਾਂ ਜੁਆਬ ਫਰੀਦਕੋਟ ਵਿੱਚ ਹਜ਼ਾਰਾਂ ਕਿਸਾਨ-ਮਜ਼ਦੂਰ ਔਰਤਾਂ ਦੀ ਵਿਲੱਖਣ ਅਤੇ ਵਿਸ਼ਾਲ ਰੈਲੀ-ਮੁਜਾਹਰਾ ਕਰ ਕੇ ਦਿੱਤਾ ਗਿਆ ਹੈ। ਕੇਸ ਦੀ ਮਹੀਨਿਆਂ ਬੱਧੀ ਚੱਲੀ ਰੋਜ਼ਾਨਾ ਸੁਣਵਾਈ ਦੌਰਾਨ ਗਵਾਹਾਂ ਤੇ ਵਕੀਲਾਂ ਦੀ ਸੁਰੱਖਿਆ ਲਈ ਸੈਂਕੜੇ ਲੋਕਾਂ ਖਾਸ ਕਰਕੇ ਕਿਸਾਨਾਂ ਵੱਲੋਂ ਅਦਾਲਤ ਵਿੱਚ ਹਾਜ਼ਰ ਰਹਿ ਕੇ ਗੁੰਡਾ ਗਰੋਹ ਦੀਆਂ ਕੇਸ ਨੂੰ ਪ੍ਰਭਾਵਤ ਕਰਨ ਵਾਲੀਆਂ ਦਹਿਸ਼ਤ-ਪਾਊ ਚਾਲਾਂ ਦਾ ਢੁਕਵਾਂ ਜੁਆਬ ਦਿੱਤਾ ਹੈ। ਫੈਸਲੇ ਨੇੜੇ ਢੁੱਕੇ ਕੇਸ ਨੂੰ ਪੁੱਠਾ ਗੇੜਾ ਦੇਣ ਲਈ ਵਿਸ਼ੇਸ਼ ਕਰਕੇ ਬਠਿੰਡੇ ਤੋਂ ਆਉਂਦੇ ਵਕੀਲ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਜਾਂ ਕਿਸੇ ਝੂਠੇ ਕੇਸ ਵਿੱਚ ਉਲਝਾਉਣ ਦੀਆਂ ਸਾਜ਼ਸਾਂ ਦਾ ਢੁਕਵਾਂ ਜੁਆਬ ਵੀ ਫਰੀਦਕੋਟ ਵਿੱਚ ਵਿਸ਼ਾਲ ਜਨਤਕ ਤਾਕਤ ਦੇ ਜ਼ੋਰ ਦਿੱਤਾ ਗਿਆ। 

ਘੋਲ ਸਬਕਾਂ ਨੂੰ ਪੱਲੇ ਬੰਨ੍ਹੋ: ਚੌਕਸੀ ਬਰਕਰਾਰ ਰੱਖੋ

ਹੋਰਨਾਂ ਪੱਖਾਂ ਤੋਂ ਇਲਾਵਾ, ਇਸ ਘੋਲ ਦੀ ਅਹਿਮ ਪ੍ਰਾਪਤੀ ਇਹ ਵੀ ਹੈ ਕਿ ਆਪਣੇ ਲੁਟੇਰੇ ਹਿੱਤਾਂ ਖਾਤਰ 'ਪਾੜੋ ਤੇ ਰਾਜ ਕਰੋ' ਦੀ ਨੀਤੀ ਤਹਿਤ ਹਾਕਮਾਂ ਵੱਲੋਂ ਪੇਂਡੂਆਂ ਅਤੇ ਸ਼ਹਿਰੀਆਂ, ਹਿੰਦੂਆਂ ਅਤੇ ਸਿੱਖਾਂ ਆਦਿ ਦੇ ਪੈਦਾ ਕੀਤੇ ਵਖਰੇਵੇਂ ਅਤੇ ਇਹਨਾਂ ਨੂੰ ਹਵਾ ਦਿੰਦੇ ਰਹਿਣ ਦੀਆਂ ਚਾਲਾਂ ਇਸ ਘੋਲ ਵਿੱਚ ਅੜਿੱਕਾ ਨਹੀਂ ਬਣੀਆਂ, ਸਗੋਂ ਪਿੰਡਾਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਚੱਲਦੇ ਇਸ ਘੋਲ ਨੂੰ ਆਪਣਾ ਘੋਲ ਸਮਝ ਕੇ ਸਿਰੇ ਦਾ ਤਾਣ ਲਾਇਆ ਹੈ ਤੇ ਤੋੜ ਚੜ੍ਹਾਇਆ ਹੈ। ਇਸ ਤੋਂ ਅਗਾਂਹ ਪਰਿਵਾਰ ਅਤੇ ਸੰਘਰਸ਼ ਵਿੱਚ ਸ਼ਾਮਲ ਲੋਕਾਂ ਵਿਚਕਾਰ ਕੁੜੱਤਣ ਭਰਨ ਦੀਆਂ ਕੋਝੀਆਂ ਹਰਕਤਾਂ ਨੂੰ ਵੀ ਫਿੱਟ ਲਾਹਣਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪੇਂਡੂਆਂ ਅਤੇ ਸ਼ਹਿਰੀਆਂ ਦੀ ਇਸ ਸਾਂਝ ਨੇ ਘੋਲ ਦੀ ਜਿੱਤ ਵਿੱਚ ਬੇਹੱਦ ਅਹਿਮ ਹਿੱਸਾ ਪਾਇਆ ਹੈ। ਇਸ ਸਾਂਝ ਨੂੰ ਹੋਰ ਵਡੇਰੀ ਅਤੇ ਪੱਕੀ ਕਰਨ ਦੀ ਲੋੜ ਹੈ। 

ਜਿਸ ਨਿਸ਼ਾਨ-ਡਿੰਪੀ ਸਮਰਾ ਦੇ ਗਰੋਹ ਨੂੰ ਆਪਾਂ ਸਜ਼ਾਵਾਂ ਕਰਵਾਈਆਂ ਹਨ, ਉਹ ਲੋਕਾਂ ਕੋਲ ਖੁਦ ਕਹਿੰਦੇ ਰਹੇ ਹਨ ਕਿ ਸਾਡਾ ਦੋ ਕਰੋੜ ਲੱਗ ਗਿਆ ਹੈ। ਹੁਣ ਵੀ ਇਹ ਟਿਕ ਕੇ ਬਹਿਣ ਵਾਲੇ ਨਹੀਂ। ਜੇਲ੍ਹੋਂ ਨਿਕਲਣ ਲਈ ਹਰ ਹੀਲਾ ਵਸੀਲਾ ਕਰਨਗੇ। ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਜਾਣਗੇ। ਆਹਲਾ ਪੁਲਸੀ ਅਤੇ ਹਕੂਮਤੀ ਲਾਣੇ ਨਾਲ ਮਿਲ ਕੇ ਸੰਘਰਸ਼ ਦੇ ਮੋਹਰੀ ਹਿੱਸਿਆਂ ਖਿਲਾਫ ਕਿੜਾਂ ਕੱਢਣ ਦੀਆਂ ਚਾਲਾਂ ਚੱਲਣ ਲਈ ਤਾਣ ਲਾਉਣਗੇ। ਇਸ ਲਈ ਹੁਣ ਵੀ ਇਸ ਜਿੱਤ 'ਤੇ ਤਸੱਲੀ ਕਰਕੇ ਬਹਿਣ ਦੀ ਥਾਂ ਚੌਕਸੀ ਰੱਖਣ ਦੀ ਲੋੜ ਹੈ। ਉਹਨਾਂ ਦੀਆਂ ਚਾਲਾਂ ਨੂੰ ਕੁੱਟਣ ਲਈ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ। ਇਸ ਕੇਸ ਵਿੱਚ ਹਕੂਮਤ ਅਤੇ ਗੁੰਡਾ ਗਰੋਹ ਨਾਲ ਲੋਕਾਂ ਦੇ ਨਿੱਤਰਕੇ ਸਾਹਮਣੇ ਆਏ ਖਰਬੂਜੇ ਤੇ ਛੁਰੀ ਵਾਲੇ ਰਿਸ਼ਤੇ ਨੂੰ ਮਨੀਂ ਵਸਾਉਣ ਦੀ ਲੋੜ ਹੈ। ਵਿਰੋਧੀਆਂ ਦੀ ਹਰ ਚਾਲ 'ਤੇ ਨਿਗਾਹ ਰੱਖਣ, ਬੁੱਝਣ ਅਤੇ ਫੇਲ੍ਹ ਕਰਨ ਲਈ ਲੋਕ-ਤਾਕਤ ਨੂੰ ਹੋਰ ਸਾਣ 'ਤੇ ਲਾਉਣ ਦੀ ਲੋੜ ਹੈ। ਸਬੂਤਾਂ ਦੀ ਘਾਟ ਦੇ ਨਾਂ ਹੇਠ ਅਦਾਲਤ ਵੱਲੋਂ ਬਰੀ ਕੀਤੇ ਬਾਕੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਕਾਰ 'ਤੇ ਦਬਾਅ ਵਧਾਉਣ ਦੀ ਲੋੜ ਹੈ। ਅਦਾਲਤੀ ਪ੍ਰਬੰਧ, ਜਿਸ ਨੇ ਪਹਿਲਾਂ ਲੰਮਾ ਸਮਾਂ ਪੀੜਤ ਲੜਕੀ ਨੂੰ ਪੁਲਸ ਤੇ ਹਕੂਮਤ ਦੇ ਹੱਥਾਂ 'ਚ ਸੌਂਪੀ ਰੱਖਿਆ ਸੀ ਅਤੇ ਹੁਣ ਸਬੂਤਾਂ ਦੀ ਘਾਟ ਦੇ ਬਹਾਨੇ ਹੇਠ, ਦਸ ਦੋਸ਼ਿਆਂ ਨੂੰ ਬਰੀ ਕਰ ਦਿੱਤਾ ਹੈ, ਇਹ ਸਚਾਈ ਅਧਾਰਤ ਫੈਸਲੇ ਲੈਣ ਦੀ ਥਾਂ ਮਹਿਜ ਕਾਗਜ਼ਾਂ ਦਾ ਢਿੱਡ ਭਰਨ ਵਾਲੇ ਸਬੂਤਾਂ ਨੂੰ ਹੀ ਪ੍ਰਮੁੱਖਤਾ ਦੇਣ ਵਾਲੇ ਖਾਸੇ ਨੂੰ ਸਮਝਣ ਦੀ ਲੋੜ ਹੈ। ਇਸ ਘੋਲ ਦੌਰਾਨ ਹੋਏ ਵੱਡੇ ਖਰਚਿਆਂ ਅਤੇ ਆਉਣ ਵਾਲੇ ਸੰਭਾਵੀ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਦਿਲ ਖੋਲ੍ਹ ਕੇ ਫੰਡ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ। ਇਹ ਗੱਲ ਸਮਝਣ ਦੀ ਲੋੜ ਹੈ ਕਿ ਲੋਕਾਂ ਦੇ ਭਾਰੀ ਦਬਾਅ ਕਰਕੇ ਹਕੂਮਤੀ ਲਾਣੇ ਨੂੰ ਕੌੜਾ ਘੁੱਟ ਭਰਨਾ ਪਿਆ ਹੈ। ਪਰ ਉਸਨੇ ਗੁੰਡਾ ਗਰੋਹਾਂ ਦੀ ਪੁਸ਼ਤ ਪਨਾਹੀ ਤੋਂ ਤੋਬਾ ਨਹੀਂ ਕੀਤੀ, ਸਗੋਂ ਮੌਜੂਦਾ ਹਾਲਤਾਂ ਅੰਦਰ ਇਹਨਾਂ ਦੇ ਗੂੜ੍ਹੇ ਸਬੰਧਾਂ ਨੇ ਵਧਣਾ-ਫੁੱਲਣਾ ਹੈ। ਜਿਵੇਂ ਅਕਾਲੀ-ਭਾਜਪਾ ਸਰਕਾਰ ਸਮੇਤ ਸਾਰੀਆਂ ਲੋਕ-ਵਿਰੋਧੀ ਸਰਕਾਰਾਂ ਅਤੇ ਪਾਰਟੀਆਂ ਵੱਲੋਂ ਐਫ.ਡੀ.ਆਈ. ਸਮੇਤ ਹੋਰਨਾਂ ਅਨੇਕ ਢੰਗਾਂ ਰਾਹੀਂ ਰੁਜ਼ਗਾਰ, ਜ਼ਮੀਨਾਂ, ਵਿਦਿਆ, ਬਿਜਲੀ, ਪਾਣੀ, ਸਿਹਤ-ਸਹੂਲਤਾਂ ਆਦਿ ਖੋਹਣ, ਨਿੱਜੀਕਰਨ ਕਰਨ ਅਤੇ ਮਹਿੰਗਾਈ ਵਧਾਉਣ ਵਾਲੀਆਂ ਨੀਤੀਆਂ ਨੂੰ ਅੰਨ੍ਹੇਵਾਹ ਲਾਗੂ ਕਰਨ ਦੀ ਰਫ਼ਤਾਰ ਫੜੀ ਹੈ, ਇਸ ਖਿਲਾਫ਼ ਉੱਠ ਰਹੇ ਅਤੇ ਉੱਠਣ ਵਾਲੇ ਘੋਲਾਂ ਨੂੰ ਕੁਚਲਣ ਲਈ ਵੀ ਅਜਿਹੇ ਗਰੋਹ ਹਕੂਮਤਾਂ ਲਈ ਵੱਧ ਮਾਫਕ ਬਣਦੇ ਹਨ। ਜਨਤਾ 'ਚੋਂ ਡਿਗਦੀ ਸ਼ਾਖ ਕਾਰਨ ਵੋਟਾਂ ਦੌਰਾਨ ਬੂਥਾਂ 'ਤੇ ਕਬਜ਼ੇ ਕਰਨ ਲਈ ਵੀ ਅਜਿਹੇ ਗਰੋਹ ਹਾਕਮਾਂ ਦੀ ਲੋੜ ਹਨ। ਲੰਘੀਆਂ ਪੰਚਾਇਤ ਸੰਮਤੀ ਚੋਣਾਂ ਦੌਰਾਨ ਅਜਿਹੇ ਗਰੋਹਾਂ ਦੀ ਅਕਾਲੀ ਦਲ ਵੱਲੋਂ ਦੱਬ ਕੇ ਵਰਤੋਂ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਇਹ ਲੋੜ ਹੋਰ ਵਧਣੀ ਹੈ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਜੋ ਹਕੂਮਤ ਵਿਰੁੱਧ ਕਰੜੇ ਸੰਘਰਸ਼ਾਂ ਅਤੇ ਵੱਡੀਆਂ ਤਬਦੀਲੀਆਂ ਦੀ ਅਥਾਹ ਸਮਰੱਥਾ ਰੱਖਦੇ ਹਨ, ਨੂੰ ਨਿਸ਼ੇੜੀਆਂ ਅਤੇ ਗੁੰਡਾ ਗਰੋਹਾਂ 'ਚ ਪਲਟਣਾ ਹਕੂਮਤਾਂ ਵੱਲੋਂ ਕਈ ਪੱਖੋਂ ਲਾਹੇਵੰਦਾ ਸਾਧਨ ਹੈ। ਇਸ ਲਈ ਲੋਕ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਤਾਣ ਜੁਟਾਉਣ ਦੀ ਲੋੜ ਹੈ। ਇਹ ਲੋਕ ਤਾਕਤ ਦਾ ਮਜਬੂਤ ਕਿਲਾ ਹੀ ਆਪਣੇ ਸਭ ਦੁੱਖਾਂ-ਦਰਦਾਂ ਦੀ ਦਾਰੂ ਹੈ। ਅੰਤ 'ਚ ਅਸੀਂ ਇਸ ਘੋਲ ਦੀ ਸਫਲਤਾ ਲਈ ਹਿੱਸਾ ਪਾਉਣ ਵਾਲੇ ਸਭਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ, ਜਿਹਨਾਂ ਦੀ ਬਦੌਲਤ ਇਹ ਜਿੱਤ ਨਸੀਬ ਹੋਈ ਹੈ। 

ਵੱਲੋਂ:
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਸੂਬਾ ਪ੍ਰਧਾਨ, ਜੋਗਿੰਦਰ ਸਿੰਘ ਉਗਰਾਹਾਂ
ਪੰਜਾਬ ਖੇਤ ਮਜ਼ਦੂਰ ਯੂਨੀਅਨ
ਸੂਬਾ ਪ੍ਰਧਾਨ, ਜ਼ੋਰਾ ਸਿੰਘ ਨਸਰਾਲੀ
ਪ੍ਰਕਾਸ਼ਕ: ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) (94174 66038),  ਲਛਮਣ ਸਿੰਘ ਸੇਵੇਵਾਲਾ, ਸੂਬਾ ਜਨਰਲ ਸਕੱਤਰ, ਪੰਜਾਬ ਖੇਤ ਮਜ਼ਦੂਰ ਯੂਨੀਅਨ (94170 79170)

Tuesday, May 28, 2013

ਫਰੀਦਕੋਟ ਅਗਵਾ ਕਾਂਡ - ਸੈਸ਼ਨ ਕੋਰਟ ਦੇ ਫੈਸਲੇ 'ਤੇ ਸੰਖੇਪ ਪ੍ਰਤੀਕਰਮ



ਫਰੀਦਕੋਟ ਅਗਵਾ ਕਾਂਡ ਨਾਲ ਸਬੰਧਤ ਕੇਸਾਂ ਬਾਰੇ

ਸੈਸ਼ਨ ਕੋਰਟ ਦੇ ਫੈਸਲੇ 'ਤੇ 
ਸੰਖੇਪ ਪ੍ਰਤੀਕਰਮ


  • ਇਹ ਫੈਸਲਾ ਲੋਕਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ ਹੈ। ਫਰੀਦਕੋਟ ਦੇ ਲੋਕਾਂ ਦੀ, ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਅਤੇ ਉਸਦੀ ਹਮਾਇਤ ਵਿੱਚ ਡਟ ਕੇ ਨਿੱਤਰੀਆਂ, ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜੁਆਨਾਂ ਦੀਆਂ ਜਥੇਬੰਦੀਆਂ- ਖਾਸ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਹਨਾਂ ਨੇ ਅਗਵਾ ਵਾਲੀ ਘਟਨਾ ਤੋਂ ਲਗਾਤਾਰ ਸੰਘਰਸ਼ ਕੀਤਾ, ਦੇ ਸਿਰ ਇਸ ਜਿੱਤ ਦਾ ਸਿਹਰਾ ਜਾਂਦਾ ਹੈ। 
  • ਅਗਵਾ ਕੀਤੀ ਨਾਬਾਲਗ ਲੜਕੀ-ਸ਼ਿਵਾਨੀ (ਕਾਲਪਨਿਕ ਨਾਂ) ਦੀ ਬ੍ਰਾਮਦਗੀ ਅਤੇ ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ, ਪੀੜਤ ਪਰਿਵਾਰ ਅਤੇ ਕੇਸ ਦੀ ਪੈਰਵੀ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ, ਵਕੀਲਾਂ ਆਦਿ ਨੂੰ ਚੁੱਪ ਕਰਵਾਉਣ ਲਈ, ਮੁਲਜ਼ਮਾਂ, ਉਹਨਾਂ ਦੇ ਸਿਆਸੀ ਸਰਪ੍ਰਸਤ ਅਕਾਲੀ ਹਾਕਮਾਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਨਾਪਾਕ ਕੋਸ਼ਿਸ਼ਾਂ ਦਾ ਮੁੱਢ ਇਸ ਕੇਸ ਵਿੱਚ ਗਵਾਹੀਆਂ ਸ਼ੁਰੂ ਹੋਣ ਸਮੇਂ ਤੋਂ ਹੀ ਬੱਝ ਗਿਆ ਸੀ, ਜਦੋਂ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਨੇ ਜੇਲ੍ਹ ਅੰਦਰੋਂ ਫੋਨ 'ਤੇ ਪੀੜਤ ਲੜਕੀ ਦੇ ਪਿਤਾ ਨੂੰ ਧਮਕਾਇਆ ਸੀ। ਇਹਨਾਂ ਧਮਕੀਆਂ ਦਾ ਡਟਵਾਂ ਟਾਕਰਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਹਨਾਂ ਜਥੇਬੰਦੀਆਂ ਨਾਲ ਜੁੜੀਆਂ ਔਰਤਾਂ ਨੇ ਫਰੀਦਕੋਟ ਸ਼ਹਿਰ ਵਿੱਚ ਲਾਮਿਸਾਲ ਮੁਜਾਹਰੇ ਕੀਤੇ, ਪੀੜਤ ਪਰਿਵਾਰ ਅਤੇ ਪੈਰਵੀ ਕਰ ਰਹੇ ਵਿਅਕਤੀਆਂ ਲਈ ਸੁਰੱਖਿਆ ਮੁਹੱਈਆ ਕਰਵਾਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਸੁਣਵਾਈ ਕੀਤੀ। 
  • ਇਹ ਫੈਸਲਾ ਪੰਜਾਬ ਦੇ ਅਕਾਲੀ ਹਾਕਮਾਂ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦੀ ਅਗਵਾਈ ਹੇਠ, ਨਿਸ਼ਾਨ ਸਿੰਘ-ਡਿੰਪੀ ਸਮਰਾ ਗ੍ਰੋਹ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੇ ਉੱਚ ਪੁਲਿਸ ਅਧਿਕਾਰੀਆਂ- ਜਿਹਨਾਂ ਵਿੱਚ ਡੀ.ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਐਸ.ਐਸ.ਪੀ. ਗੁਰਿੰਦਰ ਸਿੰਘ ਢਿੱਲੋਂ ਅਤੇ ਆਈ.ਜੀ. ਨਿਰਮਲ ਸਿੰਘ ਢਿੱਲੋਂ ਦੀ ਸ਼ਰਮਨਾਕ ਇਖਲਾਕੀ ਹਾਰ ਹੈ, ਜੋ ਆਪਣੇ ਸਿਆਸੀ ਪ੍ਰਭੂਆਂ ਦੇ ਇਸ਼ਾਰੇ 'ਤੇ ਇਸ ਗੁੰਡਾ ਗਰੋਹ ਨੂੰ ਨਿਰਦੋਸ਼ ਦੱਸ ਰਹੇ ਸਨ ਅਤੇ ਸਾਰੀ ਘਟਨਾ ਨੂੰ ਅਗਵਾ ਦੀ ਥਾਂ ਮੁਹੱਬਤ ਦਾ ਕਿੱਸਾ ਦੱਸ ਰਹੇ ਸਨ ਅਤੇ ਇਹ ਕੂੜ ਪ੍ਰਚਾਰ ਫੈਲਾਉਣ ਲਈ ਵਾਰ ਵਾਰ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਨੂੰ ਇੰਟਰਵਿਊਆਂ ਦੇ ਰਹੇ ਸਨ। ਮੁਲਜ਼ਮਾਂ ਨੇ ਇਹਨਾਂ ਇੰਟਰਵਿਊਆਂ ਦੀਆਂ ਸੀ.ਡੀਆਂ ਅਤੇ ਅਜੀਤ ਅਖਬਾਰ ਵਿੱਚ ਛਪੀਆਂ ਖਬਰਾਂ ਅਦਾਲਤ ਵਿੱਚ ਆਪਣੀ ਬੇਗੁਨਾਹੀ ਦੇ ਸਬੂਤ ਵਜੋਂ ਪੇਸ਼ ਕੀਤੀਆਂ। 
  • ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾ ਦਿਵਾਉਣ ਲਈ ਪੀੜਤ ਪਰਿਵਾਰ ਵੱਲੋਂ ਲਿਆ ਗਿਆ ਦ੍ਰਿੜ੍ਹ ਸਟੈਂਡ ਅਤਿ ਸ਼ਲਾਘਾਯੋਗ ਹੈ। ਉਹਨਾਂ ਨੇ ਹੁਕਮਰਾਨ ਪਾਰਟੀਆਂ ਦੇ ਸਾਰੇ ਦਬਾਅ ਨਕਾਰਦਿਆਂ ਲੋਕ-ਤਾਕਤ 'ਤੇ ਟੇਕ ਰੱਖੀ ਅਤੇ ਨਿਸ਼ਾਨ ਸਿੰਘ-ਡਿੰਪੀ ਸਮਰਾ ਗਰੋਹ ਦੇ ਖਿਲਾਫ ਬੇਖੌਫ਼ ਹੋ ਕੇ ਅਦਾਲਤ ਵਿੱਚ ਸੱਚ ਬੋਲਣ ਦੀ ਜੁਰਅੱਤ ਵਿਖਾਈ। 
  • ਪੰਜਾਬ ਦੇ ਲੱਗਭੱਗ ਸਾਰੇ ਅਖਬਾਰਾਂ ਨੇ ਇਸ ਮਸਲੇ 'ਤੇ ਮੁੱਖ ਤੌਰ 'ਤੇ ਹਾਂ-ਪੱਖੀ ਰੋਲ ਨਿਭਾਇਆ। ਘਟਨਾ ਲਈ ਜੁੰਮੇਵਾਰ ਨਿਸ਼ਾਨ ਸਿੰਘ-ਡਿੰਪੀ ਸਮਰਾ ਗੁੰਡਾ ਗਰੋਹ ਅਤੇ ਉਸਦੀ ਪੁਸ਼ਤ-ਪਨਾਹੀ ਕਰਨ ਵਾਲੇ ਅਕਾਲੀ ਹਾਕਮਾਂ ਅਤੇ ਪੁਲਿਸ ਅਫਸਰਾਂ ਦਾ ਲੋਕ-ਦੋਖੀ ਕਿਰਦਾਰ ਲੋਕਾਂ ਵਿੱਚ ਨੰਗਾ ਕੀਤਾ। ਗੁੰਡਿਆਂ, ਸਿਆਸੀ ਆਗੂਆਂ ਅਤੇ ਪੁਲਸ ਦੇ ਨਾਪਾਕ ਗੱਠਜੋੜ ਤੋਂ ਧੀਆਂ-ਭੈਣਾਂ ਦੀਆਂ ਇੱਜਤਾਂ ਬਚਾਉਣ ਲਈ ਜੂਝ ਰਹੇ ਲੋਕਾਂ ਦੇ ਸੰਘਰਸ਼ ਨੂੰ ਸਹੀ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਤਰ੍ਹਾਂ ਪੀੜਤ ਲੜਕੀ ਨੂੰ ਬਰਾਮਦ ਕਰਵਾਉਣ ਅਤੇ ਗੁੰਡਾ ਗਰੋਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਆਵਦਾ ਬਣਦਾ ਰੋਲ ਨਿਭਾਇਆ। ਪਰ ਪੰਜਾਬੀਅਤ ਦਾ ਮੁਦੱਈ ਕਹਾਉਂਦੇ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਦੇ ਦੋ ਪੱਤਰਕਾਰਾਂ ਅਤੇ ਹਾਕਮਾਂ ਦੀ ਦੇਖ-ਰੇਖ ਹੇਠ ਚੱਲ ਰਹੇ ਕੁੱਝ ਟੀ.ਵੀ. ਚੈਨਲਾਂ ਨੇ ਦੋਸ਼ੀਆਂ ਦਾ ਬੇਸ਼ਰਮੀ ਨਾਲ ਪੱਖ ਪੂਰ ਰਹੇ ਪੁਲਸ ਅਧਿਕਾਰੀਆਂ ਵੱਲੋਂ ਜਾਰੀ ਕੂੜ-ਕਹਾਣੀਆਂ ਤੇ ਖੋਜੀ ਪੱਤਰਕਾਰਤਾ ਦਾ ਲੇਬਲ ਲਾ ਕੇ ਸਿਰੇ ਦੀਆਂ ਗੈਰ ਜੁੰਮੇਵਾਰ ਅਤੇ ਮਨਘੜਤ ਕਹਾਣੀਆਂ ਛਾਪੀਆਂ/ਦਿਖਾਈਆਂ। ਇਹਨਾਂ 'ਚੋਂ ਕੁੱਝ ਮੁਜਰਮਾਂ ਦਾ ਪੱਖ ਪੂਰਨ ਲਈ ਅਦਾਲਤ ਵਿੱਚ ਝੂਠੀਆਂ ਗਵਾਹੀਆਂ ਦੇਣ ਵੀ ਆਏ ਅਤੇ ਇਸ ਤਰ੍ਹਾਂ ਲੋਕ-ਲਹਿਰਾਂ ਨਾਲ ਸਿਰੇ ਦੀ ਨਫ਼ਰਤ ਅਤੇ ਦੁਸ਼ਮਣੀ ਦਾ ਪ੍ਰਗਟਾਵਾ ਕੀਤਾ। ਇਹ ਫੈਸਲਾ ਇਹਨਾਂ ਵਿਕਾਊ ਅਤੇ ਬਦਚਲਣ ਕਲਮਾਂ ਲਈ ਨਮੋਸ਼ੀ ਭਰੀ ਹਾਰ ਹੈ।  
  •  ਲੋਕਾਂ ਦੀ ਇਹ ਜਿੱਤ ਇਸ ਪੱਖੋਂ ਹੋਰ ਵੱਧ ਮਹੱਤਵਪੂਰਨ ਹੈ ਕਿ ਨਿਸ਼ਾਨ ਸਿੰਘ-ਡਿੰਪੀ ਸਮਰਾ ਦੇ ਜਿਸ ਗੁੰਡਾ ਗਰੋਹ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾ ਦਿਵਾਉਣ ਲਈ ਉਹ ਜੂਝ ਰਹੇ ਸਨ, ਉਹ ਅੱਤ ਦਰਜੇ ਦਾ ਖੂੰਖਾਰ ਅਤੇ ਵਹਿਸ਼ੀ ਸੀ, ਅਕਾਲੀ ਹਾਕਮਾਂ ਅਤੇ ਪੁਲਸ ਦੇ ਥਾਪੜੇ ਹੇਠ ਸੀ। ਕੇਸ ਦੌਰਾਨ ਪੇਸ਼ ਹੋਏ ਸਬੂਤਾਂ ਅਨੁਸਾਰ ਇਸ ਗਰੋਹ ਦੇ ਖਿਲਾਫ ਪੰਜਾਬ ਦੇ ਫਰੀਦਕੋਟ, ਮੋਗਾ, ਬਠਿੰਡਾ, ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ 35 ਮੁਕੱਦਮੇ ਦਰਜ ਹਨ, ਜਿਹਨਾਂ 'ਚੋਂ 12 ਅਸਲਾ ਐਕਟ ਤਹਿਤ, 7 ਇਰਾਦਾ ਕਤਲ, ਇੱਕ ਕਤਲ ਦੇ ਜੁਰਮ ਤਹਿਤ ਸੀ। ਇਸ ਤੋਂ ਇਲਾਵਾ ਇਹ ਗਰੋਹ ਲੁੱਟਾਂ-ਖੋਹਾਂ, ਡਾਕਿਆਂ, ਦੰਗਾ-ਫਸਾਦ ਕਰਨ, ਜਬਰੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਵਾਰਦਾਤਾਂ ਕਰਨ ਅਤੇ ਚੋਰੀਆਂ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੈ। ਅਦਾਲਤ 'ਚ ਦੋਸ਼ੀਆਂ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ ਫਰੀਦਕੋਟ ਦੇ ਸਿਰਕੱਢ ਅਕਾਲੀ ਹਨ, ਅਤੇ ਬੇਸ਼ੁਮਾਰ ਜਾਇਦਾਦ ਦੇ ਮਾਲਕ ਹਨ। ਗਰੋਹ ਦੇ ਮੁਖੀਆਂ 'ਚੋਂ ਇੱਕ ਨਿਸ਼ਾਨ ਸਿੰਘ, ਪਹਿਲਾਂ ਨਜਾਇਜ਼ ਹਥਿਆਰ ਰੱਖਣ ਦੇ ਇੱਕ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀ ਐਲਾਨਿਆ ਗਿਆ ਹੈ। ਪਰ ਜੁਰਮ ਕਰਨ ਸਮੇਂ ਨਾਬਾਲਗ ਹੋਣ ਕਾਰਨ ਉਹਨੂੰ ਸਾਲ 2011 ਵਿੱਚ ਇੱਕ ਸਾਲ ਦੀ ਸਮਾਜ ਸੇਵਾ ਕਰਨ ਦਾ ਡੰਨ ਲਾਇਆ ਗਿਆ ਸੀ। ਅਗਵਾ ਅਤੇ ਬਲਾਤਕਾਰ ਦੀਆਂ ਇਹ ਦੋਵੇਂ ਵਾਰਦਾਤਾਂ, ਉਸਨੇ ਆਪਣੇ ਗਰੋਹ ਨਾਲ ਮਿਲ ਕੇ, 'ਸਮਾਜ ਸੇਵਾ' ਦਾ ਡੰਨ ਨਿਭਾਉਂਦੇ ਸਮੇਂ ਹੀ ਕੀਤੀਆਂ ਹਨ।  
  • ਇਸ ਕੇਸ ਦੌਰਾਨ ਇੱਕ ਮਹੱਤਵਪੂਰਨ ਗੱਲ ਉੱਭਰਕੇ ਇਹ ਵੀ ਆਈ ਹੈ ਕਿ ਇੱਕ ਪਾਸੇ ਜਦੋਂ ਡੀ.ਜੀ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਉੱਚ ਪੁਲਿਸ ਅਧਿਕਾਰੀ ਗੁੰਡਾ ਗਰੋਹ ਦਾ ਸ਼ਰੇਆਮ ਪੱਖ ਪੂਰ ਰਹੇ ਸਨ ਅਤੇ ਦੋ ਡੀ.ਐਸ.ਪੀ. ਵਾਰਦਾਤ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਮੌਜ ਨਾਲ ਬਚ ਕੇ ਭੱਜ ਜਾਣ ਦੇ ਪ੍ਰਬੰਧ ਵਿੱਚ ਜੁਟੇ ਹੋਏ ਸਨ, ਉਥੇ ਹੇਠਲੀ ਪੱਧਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸਾਰੇ ਦਬਾਵਾਂ ਦੇ ਬਾਵਜੂਦ ਪੀੜਤ ਪਰਿਵਾਰ ਅਤੇ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਹਮਦਰਦੀ ਅਤੇ ਸੰਵੇਦਨਸ਼ੀਲਤਾ ਦੇ ਝਲਕਾਰੇ ਮਿਲੇ।  
  •   ਇਹ ਜਿੱਤ ਪੰਜਾਬ ਦੀ ਸਮੁੱਚੀ ਇਨਕਲਾਬੀ ਜਨਤਕ ਲਹਿਰ ਦੀ ਜਿੱਤ ਹੈ, ਜਿਸ ਨੇ ਇਸ ਚੁਣੌਤੀ ਭਰੇ ਸੰਘਰਸ਼ ਨੂੰ ਸਾਂਝੇ ਤੌਰ 'ਤੇ ਲਿਆ ਅਤੇ ਇਸਦੀ ਕਾਮਯਾਬੀ ਲਈ ਬਣਦਾ ਯੋਗਦਾਨ ਪਾਇਆ।
  • ਲੜਾਈ ਅਜੇ ਮੁੱਕੀ ਨਹੀਂ। ਮੁਲਜ਼ਮ ਗੁੰਡਾ ਗਰੋਹ ਅਤੇ ਇਸਦੇ ਸਿਆਸੀ ਸਰਪ੍ਰਸਤ ਸਮੇਂ ਦੀ ਤਾਕ ਵਿੱਚ ਹਨ। ਲੋਕ-ਦੋਖੀ ਤਾਕਤਾਂ ਮੁਲਜ਼ਮਾਂ ਨੂੰ ਜੇਲ੍ਹੋਂ ਬਾਹਰ ਕੱਢਣ ਲਈ ਹਰ ਹੀਲਾ ਵਰਤਣਗੇ, ਕਿਉਂਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਉਹਨਾਂ ਨੂੰ ਮੁਲਜ਼ਮਾਂ ਦੀ ਲੋੜ ਹੈ। ਇਸ ਲਈ ਲੋਕਾਂ ਨੂੰ ਆਵਦੀ ਏਕਤਾ ਬਰਕਰਾਰ ਰੱਖਣ ਅਤੇ ਹਾਕਮਾਂ ਦੀ ਹਰ ਲੋਕ-ਵਿਰੋਧੀ ਚਾਲ 'ਤੇ ਬਾਜ਼ ਅੱਖ ਰੱਖਣ ਦੀ ਲੋੜ ਹੈ। 


                       -ਐਨ.ਕੇ. ਜੀਤ ਐਡਵੋਕੇਟ
                        ਅਡਵਾਈਜ਼ਰ ਲੋਕ ਮੋਰਚਾ ਪੰਜਾਬ
, ਮੋਬਾਇਲ- 94175 07363

Monday, May 27, 2013

ਫਰੀਦਕੋਟ ਅਗਵਾ ਕਾਂਡ ਦੀਆਂ ਪਰਤਾਂ 'ਚੋਂ ਗੁਜ਼ਰਦਿਆਂ

                           ਓੜਕ ਸੱਚ ਰਹੀ:

ਫਰੀਦਕੋਟ ਅਗਵਾ ਕਾਂਡ ਦੀਆਂ ਪਰਤਾਂ 'ਚੋਂ ਗੁਜ਼ਰਦਿਆਂ

ਫਰੀਦਕੋਟ ਦੇ ਬਹੁ-ਚਰਚਿਤ ਅਗਵਾ ਕਾਂਡ ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ, ਲੋਕ-ਆਵਾਜ਼ ਅਤੇ ਲੋਕ-ਸੰਗਰਾਮ ਦੀ ਹੋਈ ਮਾਣ-ਮੱਤੀ ਜਿੱਤ ਨੇ ਇਸ ਅਗਵਾ ਕਾਂਡ ਨਾਲ ਜੁੜੀਆਂ ਅਨੇਕਾਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਹ ਪਰਤਾਂ ਸੱਚ ਦੀ ਬਾਂਹ ਫੜਨ ਵਾਲਿਆਂ ਅਤੇ ਕੂੜ ਦੇ ਬੇੜੇ 'ਤੇ ਸਵਾਰਾਂ ਦੀ ਸ਼ਨਾਖਤ ਕਰਾਉਂਦੀਆਂ ਹਨ। 
ਬਾਬਾ ਫਰੀਦ ਦੀ ਨਗਰੀ ਫਰੀਦਕੋਟ ਦੀ ਨਾ-ਬਾਲਗ ਧੀ ਜਦੋਂ ਬੀਤੇ ਵਰ੍ਹੇ 24 ਸਤੰਬਰ ਨੂੰ ਦਿਨ ਦਿਹਾੜੇ ਘੁੱਗ ਵਸਦੇ ਸ਼ਹਿਰ ਫਰੀਦਕੋਟ ਤੋਂ ਅਗਵਾ ਕੀਤੀ ਗਈ ਤਾਂ ਇਸ ਹਿਰਦੇਵੇਦਿਕ ਘਟਨਾ ਨੇ ਇੱਜਤਾਂ ਦੇ ਰਾਖਿਆਂ, ਇਨਸਾਨੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰਾਂ, ਹੱਕ, ਸੱਚ, ਇਨਸਾਫ ਦੇ ਪਹਿਰੇਦਾਰਾਂ, ਦੁੱਲੇ ਭੱਟੀ, ਗ਼ਦਰੀ ਬਾਬਿਆਂ ਅਤੇ ਭਗਤ-ਸਰਾਭਿਆਂ ਦੇ ਵਾਰਸਾਂ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਅਤੇ ਝੰਜੋੜ ਕੇ ਰੱਖ ਦਿੱਤਾ। 
ਇਹ ਕਾਰਾ ਨਾ ਚੋਰੀ-ਛੁਪੇ ਹੋਇਆ। ਨਾ ਰਾਤ ਦੇ ਹਨੇਰੇ ਵਿੱਚ ਹੋਇਆ। ਦਿਨ-ਦੀਵੀਂ ਅਗਵਾ ਕੀਤੀ ਗਈ ਲੜਕੀ ਨੂੰ ਉਸਦੇ ਹੀ ਘਰੋਂ ਧੂਹਿਆ ਗਿਆ। ਉਸਦੀ ਮਾਂ ਦਾ ਸਿਰ ਪਾੜਿਆ ਗਿਆ। ਬਾਹਵਾਂ ਤੋੜੀਆਂ ਗਈਆਂ। ਲੜਕੀ ਦੇ ਬਾਪ ਦੀ ਵੀ ਬਾਂਹ ਭੰਨੀ ਗਈ। ਅਗਵਾਕਾਰਾਂ ਨੇ ਬੱਕਰੇ ਬੁਲਾਏ। ਗੋਲੀਆਂ ਚਲਾਈਆਂ। ਜਬਰੀ ਘੜੀਸਦੇ ਹੋਏ ਕੁੜੀ ਨੂੰ ਗੱਡੀ ਵਿੱਚ ਸੁੱਟ ਕੇ ਭੱਜਣ ਲੱਗੇ। ਗੱਡੀ ਨਾਲੇ ਵਿੱਚ ਫਸ ਗਈ। ਅਗਵਾਕਾਰ ਪਿਸਤੌਲਾਂ, ਬੰਦੂਕਾਂ 'ਚੋਂ ਪਟਾਕੇ ਚਲਾਉਂਦੇ ਰਹੇ। 
ਅਗਵਾ ਕੀਤੀ ਲੜਕੀ ਦਾ ਵਾਰਦਾਤ ਵਾਲਾ ਇਹ ਘਰ ਜੇ ਪੈਦਲ ਚੱਲ ਕੇ ਜਾਣਾ ਹੋਵੇ ਤਾਂ ਪੁਲਸ ਥਾਣੇਂ ਤੋਂ 7 ਮਿੰਟ ਦੀ ਦੂਰੀ 'ਤੇ ਹੈ। ਬੋਲ਼ੇ ਕੰਨਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਾ ਦਿੱਤੀ। ਬੇਖੌਫ਼ ਹੋਇਆ ਅਗਵਾਕਾਰ ਟੋਲਾ, ਉਲਟਾ ਲੋਕਾਂ ਨੂੰ ਡਰਾਵੇ, ਧਮਕੀਆਂ ਦਿੰਦਾ ਹੋਇਆ ਬੜੇ ਆਰਾਮ ਨਾਲ ਕੁੜੀ ਨੂੰ ਅਗਵਾ ਕਰਕੇ ਲੈ ਗਿਆ। 
ਅਗਵਾ ਕਰਨ ਵਾਲੇ ਟੋਲੇ ਦਾ ਸਰਗਣਾ ਨਿਸ਼ਾਨ ਸਿੰਘ, ਅਕਾਲੀ-ਆਗੂ ਡਿੰਪੀ ਸਮਰਾ ਦੀ ਓਟ-ਛਤਰੀ ਸਦਕਾ, ਬਾਵਜੂਦ ਅੱਧੀ ਦਰਜਣ ਤੋਂ ਵੱਧ ਸਿਰ ਪਏ ਕੇਸਾਂ ਦੇ, ਅਗਵਾ ਕਾਂਡ ਤੋਂ ਇੱਕ ਦਿਨ ਪਹਿਲਾਂ ਬਾਬਾ ਫਰੀਦ ਦੇ ਮੇਲੇ 'ਤੇ ਪੰਜਾਬ ਸਰਕਾਰ ਦੇ ਟੀਸੀ ਦੇ ਨੇਤਾਵਾਂ ਦੇ ਗੋਡੇ ਮੁੱਢ ਸਸ਼ੋਭਤ ਸੀ। ਅਜਿਹੇ ਅਗਵਾਕਾਰ ਖਿਲਾਫ ਐਫ.ਆਈ.ਆਰ. ਦਰਜ ਕਰਵਾਉਣ ਲਹੂ ਲੁਹਾਣ ਹੋਏ ਆਪ ਥਾਣੇ ਪੁੱਜੇ ਮਾਪਿਆਂ ਦੀ ਪੁਕਾਰ ਬੂਟਾਂ ਹੇਠ ਰਗੜੀ ਗਈ। ਪੀੜਤ ਪਰਿਵਾਰ ਦੀ ਬਾਂਹ ਫੜਨ ਲਈ ਜਾਗਦੀ ਜਮੀਰ ਵਾਲੇ ਨਿਰਭੈ ਹੋ ਕੇ ਮੈਦਾਨ ਵਿੱਚ ਨਿੱਤਰੀ ਇਨਸਾਫ ਦੀ ਆਵਾਜ਼ ਨੂੰ ਟਿੱਚ ਕਰਕੇ ਜਾਣਿਆ ਗਿਆ। ਮਾਪਿਆਂ ਅਤੇ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੇ ਜਖ਼ਮਾਂ 'ਤੇ ਇਹ ਕਹਿ ਕੇ ਲੂਣ ਭੁੱਕਿਆ ਗਿਆ ਕਿ ''ਕੁੜੀ ਤਾਂ ਮੁੰਡੇ ਨਾਲ ਬਾਂਹ 'ਚ ਬਾਂਹ ਪਾ ਕੇ ਗਈ ਹੈ'' ਕੂੜ ਪ੍ਰਚਾਰ ਵਿੱਢਿਆ ਗਿਆ। ਧਮਕੀਆਂ ਦਾ ਬਾਜ਼ਾਰ ਸੋਚੀ ਸਮਝੀ ਸਕੀਮ ਨਾਲ ਗਰਮਾਇਆ ਗਿਆ। ਲੋਕ ਮਨਾਂ ਅੰਦਰ ਪਨਪਦਾ ਰੋਹ ਜਰਬਾਂ ਖਾਣ ਲੱਗਾ। ਫਰੀਦਕੋਟ ਵਾਸੀ ਤੜਫ ਉੱਠੇ। ਸਾਂਝੀ ਐਕਸ਼ਨ ਕਮੇਟੀ ਬਣੀ। ਲੋਕ ਜਥੇਬੰਦੀਆਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਪਈਆਂ। ਪੁਲਸ ਦੇ ਉੱਚ ਅਧਿਕਾਰੀ, ਪਰਿਵਾਰ ਅਤੇ ਲੋਕਾਂ ਦੀ ਗੱਲ ਅਣਸੁਣੀ ਕਰਨ ਲੱਗੇ। ਮਨਘੜਤ ਤੋਤਕੜੇ ਸੁਣਾਉਣ ਲੱਗੇ। ਦਿਨ ਬੀਤਦੇ ਗਏ। ਲੋਕ ਮਨਾਂ ਅੰਦਰ ਸੁੱਤੀ ਕਲਾ ਜਾਗ ਪਈ। ਕੁੜੀ ਦੇ ਅਗਵਾ ਦਾ ਮਸਲਾ, ਇੱਕ ਪਰਿਵਾਰ ਦਾ ਨਾ ਹੋ ਕੇ ਸਮਾਜ ਦਾ ਮਸਲਾ ਬਣਨ ਦਾ ਰੂਪ ਧਾਰ ਗਿਆ। ਫਰੀਦਕੋਟ ਸ਼ਹਿਰ ਮੁਕੰਮਲ ਬੰਦ ਹੋਇਆ। ਜੈਤੋ ਸਮੇਤ ਲਾਗਲੇ ਕਸਬਿਆਂ ਵਿੱਚ ਬੰਦ ਰਿਹਾ। ਅਕਾਲੀ-ਭਾਜਪਾ ਨੇਤਾਵਾਂ, ਵਿਧਾਇਕਾਂ ਅਤੇ ਮੰਤਰੀਆਂ ਦਾ ਫਰੀਦਕੋਟ ਸ਼ਹਿਰ ਵਿੱਚ ਵੜਨਾ ਮੁਹਾਲ ਹੋ ਗਿਆ। ਜੇ ਕਿਸੇ ਨੇਤਾ ਨੇ ਚੋਰੀ-ਛਿਪੇ ਜਾਂ ਹਥਿਆਰਬੰਦ ਲਾਮ-ਲਸ਼ਕਰ ਦੇ ਜ਼ੋਰ ਵੜਨ ਦੀ ਸੋਚੀ ਤਾਂ ਜਬਰਦਸਤ ਘਿਰਾਓ ਹੋਏ। ਪਿੱਟ-ਸਿਆਪੇ ਹੋਏ। ਲੋਕਾਂ ਦੇ ਸੁਆਲਾਂ ਅੱਗੇ ਲਾ-ਜੁਆਬ ਹੋਏ। ਲੜਕੀ ਨੂੰ ਜਲਦੀ ਭਾਲ ਕੇ ਲਿਆਉਣ ਦੇ ਵਾਅਦੇ ਕਰਕੇ ਛੁਟਕਾਰਾ ਪਾਇਆ। 
ਜਿਉਂ ਜਿਉਂ ਵਕਤ ਬੀਤਦਾ ਗਿਆ, ਪਾਲਾਬੰਦੀ ਹੋਰ ਗੂਹੜੀ, ਤਿੱਖੀ ਅਤੇ ਸਪੱਸ਼ਟ ਹੁੰਦੀ ਗਈ। ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਰੋਹ ਦੀ ਜਵਾਲਾ ਫੁੱਟ ਪਈ। ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਪੱਤਰਕਾਰਾਂ, ਵਕੀਲਾਂ, ਜਮਹੂਰੀਅਤ ਅਤੇ ਇਨਸਾਫਪਸੰਦ ਸ਼ਕਤੀਆਂ ਨੇ ਅਗਵਾਕਾਰਾਂ ਅਤੇ ਉਹਨਾਂ ਦੇ ਸਰਪ੍ਰਸਤਾਂ ਖਿਲਾਫ ਮੋਰਚਾ ਹੋਰ ਵੀ ਭਖ਼ਾ ਦਿੱਤਾ। ਜ਼ਿਕਰਯੋਗ ਹੈ ਕਿ ਜਿੱਥੇ ਪੁਲਸ ਦੇ ਕੁਝ ਉੱਚ ਦਰਜਾ ਅਧਿਕਾਰੀਆਂ ਨੇ ਅਗਵਾਕਾਰਾਂ ਦੀ ਪਿੱਠ ਥਾਪੜਨ 'ਚ ਕੋਈ ਰੜਕ ਨਹੀਂ ਛੱਡੀ, ਉਥੇ ਪੁਲਸ ਮੁਲਾਜ਼ਮਾਂ ਦੇ ਗਿਣਨਯੋਗ ਹਿੱਸੇ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਨੈਤਿਕ ਕਦਰਾਂ-ਕੀਮਤਾਂ ਦੀ ਸੁੱਚਤਾ ਬਣਾਈ ਰੱਖਣ ਦਾ ਵੀ ਪ੍ਰਮਾਣ ਦਿੱਤਾ। ਉਧਰ ਅਕਾਲੀ ਆਗੂਆਂ, ਗੁੰਡਾ ਗਰੋਹਾਂ, ਸਿਰਮੌਰ ਹੁਕਮਰਾਨਾਂ ਅਤੇ ਝੁਠ ਦੇ ਸੌਦਾਗਰ, ਰਾਜ ਦਰਬਾਰ ਦੇ ਧੁਤੂ ਬਣੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਂਦੇ ਇੱਕ ਅਖਬਾਰ ਨੇ ਅਗਵਾਕਾਂਡ ਨੂੰ 'ਮੁਹੱਬਤ ਦਾ ਕਿੱਸਾ' ਬਣਾ ਕੇ ਪੇਸ਼ ਕਰਨ ਦੀ ਕੋਈ ਕਸਰ ਨਾ ਛੱਡੀ। 
ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸਾਂ ਵਿੱਚ ਮਨਘੜਤ ਕਹਾਣੀਆਂ ਪੇਸ਼ ਕੀਤੀਆਂ। ਕੁੜੀ ਵੱਲੋਂ ਸ਼ਾਦੀ ਕਰਾ ਲਏ ਜਾਣ ਦੀਆਂ ਜਾਅਲੀ ਫੋਟੋਆਂ ਪ੍ਰੈਸ ਨੂੰ ਜਾਰੀ ਕੀਤੀਆਂ। ਜਿੱਥੇ ਪ੍ਰੈਸ ਦੇ ਵਡੇਰੇ ਹਿੱਸੇ ਨੇ ਪੀੜਤ ਧਿਰ ਦੀ ਆਵਾਜ਼ ਨੂੰ ਪ੍ਰਮੁੱਖ ਥਾਂ ਦਿੱਤੀ, ਉਥੇ ਰਾਜ ਦਰਬਾਰ ਦੇ ਚਹੇਤੇ ਅਗਵਾਕਾਰਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਪੱਤਰਕਾਰਤਾ, ਮਾਨਵੀ, ਜਮਹੂਰੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪੂਰੀ ਬੇਹਯਾਈ ਨਾਲ ਮਿੱਟੀ ਪਲੀਤ ਕੀਤੀ। ਸਮਾਜ ਨੂੰ ਗੁੰਮਰਾਹ ਕਰਨ ਦਾ ਭੁਲੇਖਾ ਪਾਲਿਆ। 
ਵਿਸ਼ੇਸ਼ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ  ਨੇ ਹੋਰ ਤਿੱਖੇ ਸੰਘਰਸ਼ ਛੇੜ ਦਿੱਤੇ। ਚੰਡੀਗੜ੍ਹ ਤਾਰਾਂ ਖੜਕਣ ਲੱਗੀਆਂ। ਬਲ ਅਤੇ ਛਲ ਦੇ ਹਥਿਆਰ, ਸਰਕਾਰੀ ਸਰਪ੍ਰਸਤੀ ਹੇਠ ਹੋਰ ਚੰਡੇ ਗਏ। ਇੱਕ ਬੰਨੇ ਲੋਕ ਹਮਦਰਦੀ, ਲੋਕ ਸ਼ਮੂਲੀਅਤ, ਲੋਕ-ਰੋਹ ਨੂੰ ਭੰਨਣ ਲਈ ਪੀੜਤ ਲੜਕੀ ਖਿਲਾਫ ਹੋਛਾ ਪ੍ਰਚਾਰ ਵਿੱਢਿਆ  ਗਿਆ। ਦੂਜੇ ਬੰਨੇ ਸੰਘਰਸ਼ਸ਼ੀਲ ਸ਼ਕਤੀਆਂ ਅਤੇ ਲੋਕਾਂ ਦੀ ਆਵਾਜ਼ ਦੇ ਗਲ਼ ਅੰਗੂਠਾ ਦੇਣ ਲਈ 'ਹੁਕਮਨਾਮੇ' ਜਾਰੀ ਕੀਤੇ ਗਏ ਕਿ ''ਜਿਹੜੇ ਲੋਕ ਐਵੇਂ ਸੜਕਾਂ 'ਤੇ ਸਪੀਕਰ ਲੈ ਕੇ, ਨਾਅਰੇ ਮਾਰਦੇ, ਮੁਜਾਹਰੇ ਕਰਦੇ ਹਨ, ਉਹ ਕੁੜੀ ਦੀ ਬੇ-ਅਦਬੀ ਕਰ ਰਹੇ ਹਨ, ਉਹਨਾਂ ਨੂੰ ਸ਼ੜਕਾਂ 'ਤੇ ਨਿਕਲਣ ਤੋਂ ਜਬਰੀ ਰੋਕਿਆ ਜਾਏਗਾ। ਲੋਕ ਰੋਹ ਹੋਰ ਵੀ ਪ੍ਰਚੰਡ ਹੋ ਗਿਆ। ਸ਼ਰੇਆਮ ਭਰੇ ਇਕੱਠਾਂ, ਮਾਰਚਾਂ, ਲੇਖਾਂ ਆਦਿ ਵਿੱਚ ਅਗਵਾਕਾਰ ਗਰੋਹ ਦੀ ਪਿੱਠ ਥਾਪੜਨ ਵਾਲੀ ਹਕੂਮਤ ਅਤੇ ਪੁਲਸ ਅਧਿਕਾਰੀਆਂ ਦਾ ਪਰਦਾਫਾਸ਼ ਕੀਤਾ ਜਾਣ ਲੱਗਾ। ਰਾਜ ਨਹੀਂ ਸੇਵਾ, 'ਨੰਨੀ ਛਾਂ', 'ਧੀਆਂ ਦਾ ਸਤਿਕਾਰ ਕਰੋ' ਦੇ ਪ੍ਰਚਾਰ ਦੀ ਜਨਤਕ ਆਵਾਜ਼ ਨੇ ਫੂਕ ਕੱਢ ਕੇ ਰੱਖ ਦਿੱਤੀ। ਹਾਕਮਾਂ ਨੂੰ ਸੇਕ ਲੱਗਣ ਲੱਗਾ। ਉਹਨਾਂ ਦੀਆਂ ਸਕੀਮਾਂ ਦੇ ਭਾਂਡੇ ਮੂਧੇ ਵੱਜਣ ਲੱਗੇ। ਮਸਲਾ ਹੋਰ ਵੀ ਵਿਆਪਕ ਅਤੇ ਤਿੱਖਾ ਰੁਖ਼ ਧਾਰਨ ਕਰ ਗਿਆ। 
ਲੋਕ-ਰੋਹ ਤੋਂ ਤ੍ਰਬਕੇ ਹਾਕਮਾਂ ਨੂੰ ਤਰੇਲੀਆਂ ਆਉਣ ਲੱਗੀਆਂ। ਮਹੀਨਿਆਂ ਤੋਂ ਗੋਲੀਆਂ ਰੇੜ੍ਹਦੇ ਆ ਰਹੇ ਹਾਕਮਾਂ ਅਤੇ ਅਧਿਕਾਰੀਆਂ ਨੂੰ ਜਨਤਕ ਰੋਹ ਅੱਗੇ ਝੁਕਣਾ ਪਿਆ। 'ਲੜਕੀ ਜਿੱਥੇ ਵੀ ਹੈ, ਸੁਰੱਖਿਅਤ ਹੈ, ਸਾਡੀਆਂ ਸੂਹੀਆਂ ਏਜੰਸੀਆਂ ਦੀ ਸੂਚਨਾ ਹੈ' ਵਰਗੇ ਹੋਛੇ ਬਿਆਨ ਦਾਗ਼ਣ ਵਾਲਿਆਂ ਨੂੰ ਦਿਨਾਂ ਵਿੱਚ ਹੀ ਥਾਂ ਥਾਂ ਛਾਪੇਮਾਰੀ ਕਰਨੀ ਪਈ। ਮੁੱਖ ਸਰਗਣੇ ਦੇ ਜੋਟੀਦਾਰ ਧੜਾਧੜ ਫੜੇ ਜਾਣ ਲੱਗੇ। ਫੜੇ ਜਾਣ ਵਾਲੇ 'ਕਾਕੇ' ਮੰਤਰੀਆਂ ਦੇ ਸਕੇ ਸਾਬਤ ਹੋਣ ਲੱਗੇ। ਅਖੀਰ ਇੱਕ ਦਿਨ ਕੁੜੀ ਅਤੇ ਅਗਵਾਕਾਰ ਨਿਸ਼ਾਨ ਸਿੰਘ ਫੜ ਕੇ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰਨਾ ਪਿਆ। 
ਭਾਵੇਂ ਰੱਸੀ ਸੜ ਗਈ ਪਰ ਵੱਟ ਨਾ ਗਿਆ। ਫਰੀਦਕੋਟ ਅਦਾਲਤ ਵਿੱਚ ਹੋਏ ਅਦਾਲਤੀ ਹੁਕਮਾਂ ਦੇ ਆਪ ਹੀ ਅਰਥ ਕੱਢਦਿਆਂ ਲੜਕੀ ਨੂੰ ਜਬਰਦਸਤ ਪੁਲਸ ਪਹਿਰੇ ਵਿੱਚ ਜਲੰਧਰ ਨਾਰੀ ਨਿਕੇਤਨ ਵਿੱਚ ਤਾੜ ਦਿੱਤਾ। ਮਾਪਿਆਂ, ਰਿਸ਼ਤੇਦਾਰਾਂ, ਪੱਤਰਕਾਰਾਂ ਅਤੇ ਜਮਹੂਰੀਅਤ-ਪਸੰਦ ਹਿੱਸਿਆਂ ਤੱਕ ਨੂੰ ਵੀ ਮਿਲਣ 'ਤੇ ਰੋਕਾਂ ਮੜ੍ਹ ਦਿੱਤੀਆਂ। ਹਫ਼ਤਿਆਂ-ਬੱਧੀ ਮਾਪੇ ਰਾਹਾਂ ਦੀ ਖਾਕ ਛਾਨਣ ਲੱਗੇ। ਉੱਧਰ ਬਠਿੰਡੇ ਅਤੇ ਹੋਰਨਾਂ ਥਾਵਾਂ 'ਤੇ ਲੋਕਾਂ ਦਾ ਠਾਠਾਂ ਮਾਰਦਾ ਰੋਹ ਲੜਕੀ ਨੂੰ ਜਬਰੀ ਪੁਲਸ ਹਿਰਾਸਤ ਵਿੱਚ ਰੱਖਣ ਖਿਲਾਫ ਸੜਕਾਂ 'ਤੇ ਉਮੜ ਪਿਆ। ਐਲਾਨ ਕਰ ਦਿੱਤਾ ਗਿਆ ਕਿ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਬੀ.ਕੇ.ਯੂ. ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਨਾਰੀ ਨਿਕੇਤਨ ਦੇ ਬਾਹਰ ਅਣਮਿਥੇ ਸਮੇਂ ਦਾ ਧਰਨਾ ਮਾਰਨਗੀਆਂ। ਇਹ ਧਰਨਾ ਪੀੜਤ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰਵਾਉਣ ਤੱਕ ਜਾਰੀ ਰਹੇਗਾ। ਇਸ ਐਲਾਨ ਨੇ ਹਾਕਮਾਂ ਅਤੇ ਅਗਵਾਕਾਰਾਂ ਦਾ ਪੱਖ ਪੂਰਦੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਉੱਧਰ ਕਾਨੂੰਨੀ ਤੌਰ 'ਤੇ ਨਿਸ਼ਕਾਮ ਸੇਵਕ ਅਤੇ ਨਿੱਡਰ ਲੋਕਾਂ ਦੇ ਪ੍ਰਤੀਨਿਧ ਵਕੀਲ ਐਨ.ਕੇ.ਜੀਤ ਅਤੇ ਵਕੀਲ ਭਾਈਚਾਰੇ ਨੇ ਕਾਨੂੰਨੀ ਲੜਾਈ ਵਿੱਚ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦਾ ਪਰਚਮ ਬੁਲੰਦ ਕੀਤਾ। ਹੱਕੀ ਮੰਗ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਖੀਰ ਲੋਕ ਮੰਗ ਦੀ ਜਿੱਤ ਹੋਈ। ਨਾਰੀ ਨਿਕੇਤਨ ਅੱਗੇ ਧਰਨਾ ਸ਼ੁਰੂ ਹੋਣ ਦੀ ਤਾਰੀਖ ਤੋਂ ਪਹਿਲਾਂ ਹੀ ਅਦਾਲਤੀ ਹੁਕਮਾਂ ਅਨੁਸਾਰ ਲੜਕੀ, ਮਾਪਿਆਂ ਦੇ ਹਵਾਲੇ ਕਰਨੀ ਪਈ। ਜੇਲ੍ਹ ਵਿੱਚ ਡੱਕੇ ਹੋਏ ਨਿਸ਼ਾਨ, ਡਿੰਪੀ ਸਮਰਾ ਅੱਗ ਤੋਂ ਲਿਟਣ ਲੱਗੇ। 
ਲੋਕ ਜਥੇਬੰਦੀਆਂ ਨੇ ਚੌਕਸੀ ਬਰਕਰਾਰ ਰੱਖਣ ਦਾ ਸੱਦਾ ਦਿੱਤਾ। ਫਰੀਦਕੋਟ ਵਿੱਚ ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ ਲਾ-ਮਿਸਾਲ ਇਕੱਠ ਕੀਤਾ। ਐਕਸ਼ਨ ਕਮੇਟੀ ਦੇ ਉੱਦਮ ਨਾਲ ਹੋਈ ਇਸ ਇਕੱਤਰਤਾ ਵਿੱਚ ਪੀੜਤ ਲੜਕੀ ਅਤੇ ਉਸਦੇ ਮਾਪੇ ਇਕੱਠ ਨੂੰ ਸੰਬੋਧਨ ਹੋਏ। ਲੜਕੀ ਨੇ ਲਿਖਤੀ ਰੂਪ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਸੱਚੋ-ਸੱਚ ਪੇਸ਼ ਕੀਤਾ। ਜੇਲ੍ਹ ਵਿੱਚ ਡੱਕੇ ਗਰੋਹ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇਲ੍ਹ 'ਚੋਂ ਨਿਸ਼ਾਨ ਸਿੰਘ ਨੇ ਫੋਨ ਕਰਕੇ ਲੜਕੀ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ। ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ ਉਸ ਦਿਨ ਤੋਂ ਹੀ ਲੜਕੀ ਦੇ ਘਰ ਹਥਿਆਰਬੰਦ ਪਹਿਰਾ ਚੌਵੀ ਘੰਟੇ ਸ਼ੁਰੂ ਕੀਤਾ ਹੋਇਆ ਹੈ। ਫਰੀਦਕੋਟ ਸ਼ਹਿਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ ਹਜ਼ਾਰਾਂ ਔਰਤਾਂ ਦੇ ਵਗਦੇ ਦਰਿਆ ਨੇ ਔਰਤ ਸ਼ਕਤੀ ਪ੍ਰਦਰਸ਼ਨ ਕੀਤਾ। ਧਮਕੀਆਂ ਦੇਣ ਵਾਲਿਆਂ ਨੂੰ ਚਿਤਾਵਨੀ ਦਿੱਤੀ। ਪੀੜਤ ਧਿਰ ਦੇ ਲੋਕ-ਸੇਵਕ ਵਕੀਲ ਐਨ.ਕੇ. ਜੀਤ ਨੂੰ ਝੂਠੇ ਕੇਸਾਂ ਵਿੱਚ ਉਲਝਾਉਣ, ਜਾਨ-ਲੇਵਾ ਹਮਲਾ ਕਰਨ ਦੀਆਂ ਗੋਂਦਾਂ ਗੁੰਦੀਆਂ ਜਾਣ ਲਗੀਆਂ। 
ਅਖੀਰ 27 ਮਈ ਨੂੰ ਹੋਏ ਇਤਿਹਾਸਕ ਫੈਸਲੇ ਨੇ ਪੀੜਤ ਲੜਕੀ, ਉਸਦੇ ਪਰਿਵਾਰ ਅਤੇ ਉਹਨਾਂ ਦੀ ਬਾਂਹ ਫੜਨ ਵਾਲੀਆਂ ਜਮਹੂਰੀ ਇਨਕਲਾਬੀ, ਲੋਕ-ਹਿਤੈਸ਼ੀ ਸ਼ਕਤੀਆਂ ਦੇ ਸਹੀ ਸਟੈਂਡ ਦੀ ਪੁਸ਼ਟੀ ਕਰ ਦਿੱਤੀ। ਪੰਜਾਬ ਅੰਦਰ ਇਸ ਬਹੁ-ਚਰਚਿਤ ਕਾਂਡ ਸਬੰਧੀ ਹੋਏ ਇਸ ਫੈਸਲੇ ਦੇ ਸਬਕਾਂ ਨੂੰ ਸੁਹਿਰਦ ਲੋਕ-ਦਰਦੀ ਸ਼ਕਤੀਆਂ ਪੱਲੇ ਬੰਨ੍ਹ ਕੇ ਪੰਜਾਬ ਅੰਦਰ ਸਿਰ ਚੁੱਕ ਰਹੀ ਗੁੰਡਾਗਰਦੀ, ਅਗਵਾਕਾਂਡਾਂ ਆਦਿ ਖਿਲਾਫ ਇਤਿਹਾਸਕ ਜਨਤਕ ਲਹਿਰ ਦਾ ਰੌਸ਼ਨ ਮਿਨਾਰ ਖੜ੍ਹਾ ਕਰਨ ਦਾ ਕਾਰਜ ਅਗੇਰੇ ਤੋਰਨ ਦਾ ਨਵਾਂ ਸਫ਼ਾ ਲਿਖ ਸਕਣਗੀਆਂ। 
—ਅਮੋਲਕ ਸਿੰਘ
ਸੰਪਰਕ: 94170 76735

Saturday, February 9, 2013

ਫਰੀਦਕੋਟ ’ਚ ਗੁੰਡਾਗਰਦੀ ਵਿਰੁੱਧ ਲਾਮਿਸਾਲ ਔਰਤ-ਸ਼ਕਤੀ-ਪ੍ਰਦਰਸ਼ਨ

  • ਫਰੀਦਕੋਟ ’ਚ ਗੁੰਡਾਗਰਦੀ ਵਿਰੁੱਧ ਲਾਮਿਸਾਲ ਔਰਤ-ਸ਼ਕਤੀ-ਪ੍ਰਦਰਸ਼ਨ

  • ਗੁੰਡਾ ਗ੍ਰੋਹਾਂ ਨੂੰ ਰਾਜਸੀ ਸਰਪ੍ਰਸਤੀ ਬੰਦ ਕਰਨ ਦੀ ਮੰਗ
     

     

     ਫਰੀਦਕੋਟ, 9 ਫਰਵਰੀ ( ਜਗਦੀਸ਼ ਕੁਮਾਰ ਬਾਂਬਾਂ )  IST : 7 : 15 PM  ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਗੁੰਡਾਗਰਦੀ ਵਿਰੁੱਧ ਲਾਮਬੰਦ ਹੋ ਕੇ ਇੱਥੇ ਪੁੱਜੀਆਂ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਮੇਨ ਬਜਾਰ ’ਚ ਰੋਹ ਭਰਪੂਰ ਮਾਰਚ ਕਰਨ ਮਗਰੋਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਜਬਰਦਸਤ ਰੈਲੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਦੇ ਪ੍ਰਤੀਕ ਬਸੰਤੀ ਰੰਗ ਤੇ ਹਰੇ ਛਾਪੇ ਵਾਲੇ ਕਿਰਸਾਨੀ ਝੰਡਿਆਂ ਨੂੰ ਉਚੇ ਲਹਿਰਾਉਂਦਾ ਕਾਫ਼ਲਾ ਹੜ• ਦੀਆਂ ਲਹਿਰਾਂ ਵਾਂਗ ਅੱਗੇ ਵਧ ਰਿਹਾ ਸੀ। ਸਹਿਯੋਗੀ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਫ਼ਰੀਦਕੋਟ ਅਗਵਾਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਲਾਲ ਝੰਡੇ ਫੁਲਕਾਰੀ ’ਤੇ ਫੁੱਲਾਂ ਵਾਂਗ ਜਾਪ ਰਹੇ ਸਨ। ਵਿਸ਼ਾਲ ਪਾਰਕ ’ਚ ਤਿਲ ਸੁੱਟਣ ਜੋਗੀ ਥਾਂ ਨਹੀਂ ਬਚੀ। ‘‘ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ’’ ਅਤੇ ‘‘ਗੁੰਡਾਗਰਦੀ ਚੱਕ ਦਿਆਂਗੇ, ਧੌਣ ’ਤੇ ਗੋਡਾ ਰੱਖ ਦਿਆਂਗੇ’’ ਵਰਗੇ ਨਾਹਰੇ ਆਕਾਸ਼ ਗੁੰਜਾ ਰਹੇ ਸਨ। ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ’ਚ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਅਤੇ ਰੁਲਦੂ ਸਿੰਘ ਔਲਖ ਕਮੇਟੀ ਆਗੂ ਸ਼ਾਮਲ ਸਨ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਰਲੇਪ ਕੌਰ ਢਿੱਲਵਾਂ ਨੇ ਨਿਭਾਈ। ਸ਼੍ਰੀਮਤੀ ਬਿੰਦੂ ਨੇ ਫਰੀਦਕੋਟ, ਅੰਮ੍ਰਿਤਸਰ (ਛੇਹਰਟਾ), ਜਲੰਧਰ, ਪਟਿਆਲਾ (ਬਾਦਸ਼ਾਹਪੁਰ), ਬੰਬੇ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਸਮੇਤ ਪੂਰੇ ਦੇਸ਼ ਅੰਦਰ ਅਮਰਵੇਲ ਵਾਂਗ ਫੈਲ ਰਹੀ ਔਰਤਾਂ ਵਿਰੁੱਧ ਹਿੰਸਾ ’ਤੇ ਗਹਿਰੀ ਚਿੰਤਾ ਜ਼ਾਹਰ ਕੀਤੀ। ਖਾਸ ਕਰਕੇ ਫ਼ਰੀਦਕੋਟ ਅਗਵਾਕਾਂਡ ’ਚ ਫਰੀਦਕੋਟ ਦੇ ਸਾਬਕਾ ਐੱਸ.ਪੀ (ਡੀ) ਪਨੂੰ ਤੋਂ ਲੈ ਕੇ ਡੀ.ਜੀ.ਪੀ. ਤੱਕ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸਮੇਤ ਸ਼ਰੂਤੀ ਨੂੰ ਉਹਦੀ ਮਰਜੀ ਦੇ ਵਿਰੁੱਧ ਨਾਰੀ ਨਿਕੇਤਨ ਭੇਜਣ ਵਾਲੀ ਨਿਆਂਪਾਲਕਾ ਸਣੇ ਰਾਜ ਦੇ ਚੌਹਾਂ ਥੰਮਾਂ ਉਤੇ ਵੀ ਗੁੰਡਾਗਰਦੀ ਦੀ ਸਰਪ੍ਰਸਤੀ ਦਾ ਦੋਸ਼ ਲਾਇਆ। ਸ੍ਰੀਮਤੀ ਕੁੱਸਾ ਨੇ ਕਿਹਾ ਕਿ ਮਨੁੱਖਾ-ਸਮਾਜ ਦੀ ਮੂਲ ਇਕਾਈ ਪਰਵਾਰ ਤੋਂ ਲੈ ਕੇ (ਕੁੱਖ ਤੋਂ ਕਬਰ) ਤੱਕ ਸਮਾਜ ਦੇ ਹਰ ਖੇਤਰ ’ਚ ਔਰਤ ਨਾਲ ਹੁੰਦੇ ਵਿਤਕਰੇ/ਹਿੰਸਾ ਦੀਆਂ ਜੜਾਂ ਮੁਲਕ ਦੀ ਆਰਥਿਕਤਾ ’ਤੇ ਕਾਬਜ ਮਰਦ-ਪ੍ਰਧਾਨ ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ ’ਚ ਲੱਗੀਆਂ ਹੋਈਆਂ ਹਨ। ਕਿਉਂਕਿ ਜਿੰਨਾ ਚਿਰ ਅੰਨ•ੇ ਨਿੱਜੀ ਮੁਨਾਫ਼ਿਆਂ ਦੀ ਹਵਸ ਆਰਥਿਕਤਾ ਦਾ ਧੁਰਾ ਬਣੀ ਹੋਈ ਹੈ, ਉਨਾ ਚਿਰ ਆਰਥਿਕ ਸਾਧਨਾਂ ਤੋਂ ਵਿਹੂਣੀ ਔਰਤ ਦਾ ਸਥਾਨ ਮਰਦ ਦੇ ਬਰਾਬਰ ਹੋ ਹੀ ਨਹੀਂ ਸਕਦਾ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਆਰਥਿਕ ਲੁੱਟ ਦੇ ਸਭ ਤੋਂ ਵੱਧ ਝੰਬੇ ਗੈਰ-ਜਥੇਬੰਦ ਅਤੇ ਬੇ-ਆਵਾਜ਼ ਸਮਾਜ ਦੇ ਬਹੁਤ ਵੱਡੇ ਹਿੱਸੇ ਦੀਆਂ ਦੂਹਰੀ ਗੁਲਾਮੀ ਦਾ ਸ਼ਿਕਾਰ ਔਰਤਾਂ ਉਤੇ ਲੰਗ-ਹਿੰਸਾ ਤੇ ਅੱਤਿਆਚਾਰਾਂ ਦੇ ਸਦੀਆਂ ਤੋਂ ਢਾਹੇ ਜਾ ਰਹੇ ਕਹਿਰ ਦਾ ਸੇਕ ਜਦੋਂ ਦੇਸ਼ ਦੇ ਮਹਾਂਨਗਰਾਂ ’ਚ ਵਸਦੇ ਬਾ-ਆਵਾਜ਼ ਹਿੱਸਿਆਂ ਤੱਕ ਪਹੁੰਚਣ ਲੱਗਾ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਉਠੀ, ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਸਮਾਜ ਦਾ ਵਹਿਸ਼ੀਪੁਣਾ ਨਸ਼ਰ ਹੋਣ ਲੱਗਾ। ਪ੍ਰੰਤੂ ਅਜੇ ਵੀ ਛੇਹਰਟਾ ਥਾਣੇਦਾਰ ਕਤਲਕਾਂਡ ਨੂੰ ਛੱਡ ਕੇ ਹਰ ਮਾਮਲੇ ’ਚ ਰਾਜ ਦੇ ਚੌਂਹਾਂ ਥੰਮਾਂ ਨੇ ਸ਼ੁਰੂ ’ਚ ਫਰੀਦਕੋਟ ਵਰਗਾ ਹੀ ਰੋਲ ਅਦਾ ਕੀਤਾ। ਦਿੱਲੀ ’ਚ ਦਫ਼ਾ 144, ਮੈਟਰੋ ਰੇਲਾਂ ਤੇ ਸਕੂਲ ਕਾਲਜ ਬੰਦ, ਪੁਲਸੀ ਲਾਠੀਆਂ ਅਤੇ ਪਾਣੀ ਦੀਆਂ ਤੋਪਾਂ ਦੀ ਵਾਛੜ ਤੋਂ ਇਲਾਵਾ ਅੱਤਵਾਦੀ ਘੁਸਪੈਠ ਵਰਗੇ ਗੁੰਮਰਾਹਕੁੰਨ ਪ੍ਰਾਪੇਗੰਡੇ ਜਿਹੇ ਸਾਰੇ ਹਰਬੇ ਵਰਤੇ ਗਏ। ਇਥੋਂ ਤੱਕ ਕਿ ਆਸਾ ਰਾਮ ਬਾਪੂ ਵਰਗੇ ਧਾਰਮਕ ਆਗੂ ਵੀ ਦਾਮਿਨੀ ਵੱਲੋਂ ਗੁੰਡਿਆਂ ਦੇ ਬਹਾਦਰੀ ਭਰੇ ਵਿਰੋਧ ਨੂੰ ਹੀ ਘਟਨਾ ਦਾ ਕਾਰਨ ਦੱਸਣ ਲੱਗੇ ਅਤੇ ਤਾੜੀ ਦੋਵੇਂ ਹੱਥੀਂ ਵੱਜਣ ਦੀ ਗੱਲ ਕਰਕੇ ਸ਼ਰੇਆਮ ਗੁੰਡਿਆਂ ਦਾ ਪੱਖ ਪੂਰਨ ਲੱਗੇ। ਸਾਰੇ ਹਰਬੇ ਨਾਕਾਮ ਹੋਣ ਮਗਰੋਂ ਛਲ ਖੇਡਦਿਆਂ ਸਖ਼ਤ ਕਾਨੂੰਨਾਂ, ਫਾਂਸੀਆਂ, ਉਮਰ ਕੈਦਾਂ, ਫਾਸਟ ਟ੍ਰੈਕ ਅਦਾਲਤਾਂ ਆਦਿ ਦੀ ਡੌਂਡੀ ਪਿੱਟੀ ਜਾਣ ਲੱਗੀ। ਫਿਰ ਵੀ ਔਰਤ-ਵਿਰੋਧੀ ਹਿੰਸਾ ਨੂੰ ਰਾਜ ਦੀ ਸਰਪ੍ਰਸਤੀ ਗੁੱਝੀ ਨਾ ਰਹਿ ਸਕੀ। ਯੂ.ਪੀ.ਏ. ਸਰਕਾਰ ਵੱਲੋਂ ਖੁਦ ਥਾਪੇ ਗਏ ਵਰਮਾ ਕਮਿਸ਼ਨ ਦੁਆਰਾ ਔਰਤਾਂ ’ਤੇ ¦ਿਗ-ਹਿੰਸਾ ਤੇ ਕਤਲਾਂ ਵਰਗੇ ਸੰਗੀਨ ਅਪਰਾਧਾਂ ’ਚ ਸ਼ਾਮਲ ਪੁਲਸੀ, ਅਰਧ-ਫੌਜੀ ਤੇ ਫੌਜੀ ਜਵਾਨਾਂ ਨੂੰ ਵੀ ਆਮ ਸ਼ਹਿਰੀਆਂ ਵਾਂਗ ਨਵੇਂ ਕਾਨੂੰਨ ਦੀ ਜ਼ੱਦ ’ਚ ਲਿਆਉਣ ਅਤੇ ਅਜਿਹੇ ਅਪਰਾਧਾਂ ’ਚ ਸ਼ਾਮਲ ਰਾਜਸੀ ਆਗੂਆਂ ’ਤੇ ਜਨਤਾ ਦੇ ਵਿਧਾਨਕ ਨੁਮਾਇੰਦੇ ਬਣਨ ’ਤੇ ਰੋਕ ਲਾਉਣ ਵਰਗੀਆਂ ਅਹਿਮ ਸਿਫਾਰਸ਼ਾਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਗਿਆ। ਸ੍ਰੀਮਤੀ ਕੋਟੜਾ ਵੱਲੋਂ ਰੱਖੀਆਂ ਗਈਆਂ ਮੰਗਾਂ ’ਚ ਉਕਤ ਦੋਵੇਂ ਧਾਰਾਵਾਂ ਨਵੇਂ ਕਾਨੂੰਨ ’ਚ ਸ਼ਾਮਲ ਕਰਨ ਤੋਂ ਇਲਾਵਾ ਗੁੰਡਾਗਰਦੀ ਨੂੰ ਰਾਜਕੀ ਸਰਪ੍ਰਸਤੀ ਬੰਦ ਕਰਨ; ਫ਼ਰੀਦਕੋਟ ਅਗਵਾਕਾਂਡ ’ਚ ਸ਼ਾਮਲ ਪੁਲਸੀ ਤੇ ਰਾਜਸੀ ਸਰਪ੍ਰਸਤਾਂ ਨੂੰ ਕਟਹਿਰੇ ’ਚ ਖੜਾ ਕਰਨ; ਸਾਰੇ ਨਜ਼ਰਬੰਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਦੀ ਹਮਾਇਤ ਲਈ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੀ ਹਾਜਰ ਸਨ ਅਤੇ ਇਸ ਰੈਲੀ ਵਿੱਚ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਵੱਡੀ ਧੀ ਨਵਸ਼ਰਨ ਕੌਰ ਵੱਲੋਂ ਆਇਆ ਹਮਾਇਤੀ ਮਤਾ ਵੀ ਪੜ ਕੇ ਸੁਣਾਇਆ ਗਿਆ। 
    COURTESY : Punjabnews Online