StatCounter

Friday, June 7, 2013

ਖੇਤ ਮਜ਼ਦੂਰ ਜਥੇਬੰਦੀ ਦੀ ''ਵਿਸ਼ੇਸ਼ ਫੰਡ ਮੁਹਿੰਮ'' 'ਚ ਜੋਰਦਾਰ ਹਿੱਸਾ ਪਾਉਣ ਦੀ ਅਪੀਲ



ਖੇਤ ਮਜ਼ਦੂਰ ਜਥੇਬੰਦੀ ਵੱਲੋਂ ''ਵਿਸ਼ੇਸ਼ ਫੰਡ ਮੁਹਿੰਮ'' 'ਚ ਜੋਰਦਾਰ ਹਿੱਸਾ ਪਾਈ ਲਈ, ਸਭਨਾਂ ਇਨਕਲਾਬੀ, ਜਮਹੂਰੀ, ਕੌਮਪ੍ਰਸਤ ਅਤੇ ਦੇਸ਼ ਭਗਤ ਤਾਕਤਾਂ ਤੇ ਜਥੇਬੰਦੀਆਂ ਨੂੰ 
                        ਅਪੀਲ

ਸਤਿਕਾਰਯੋਗ ਸਾਥੀਓ,

ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀ ਜਥੇਬੰਦਕ-ਤਕੜਾਈ ਵਾਸਤੇ ਹੱਥ ਲਈ ''ਵਿਸ਼ੇਸ਼ ਫੰਡ ਮੁਹਿੰਮ'' ਦੀ ਕੀਤੀ ਅਪੀਲ ਨੂੰ ਹੁੰਗਾਰਾ ਭਰਦਿਆਂ ਅਸੀਂ, ਆਵਦੀਆਂ ਇਕਾਈਆਂ ਰਾਹੀਂ ਇਸ ਮੁਹਿੰਮ ਦੀ ਮੱਦਦ ਲਾਮਬੰਦ ਕਰਨ ਦਾ ਫੈਸਲਾ ਲਿਆ ਹੈ। ਅਸੀਂ ਆਪਣੇ ਵੱਲੋਂ ਤੁਹਾਨੂੰ ਇਸ ਮੁਹਿੰਮ ਵਿਚ ਹਿੱਸਾ ਪਾਈ ਕਰਨ ਦੀ ਅਪੀਲ ਕਰਦੇ ਹਾਂ।

ਹਕੂਮਤ ਲਗਾਤਾਰ ਸਭਨਾਂ ਲੋਕ-ਤਬਕਿਆਂ ਤੇ ਵਰਗਾਂ ਨੂੰ ਲੁੱਟਦੀ ਤੇ ਕੁੱਟਦੀ ਆ ਰਹੀ ਹੈ। ਵਿਕਾਸ ਦੇ ਨਾਂ ਹੇਠ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਤੇ ਵਪਾਰੀਕਰਨ ਦੀਆਂ ਸਾਮਰਾਜੀ-ਨੀਤੀਆਂ ਹਰ ਤਬਕੇ ਤੇ ਹੋਰ ਖੇਤਰ ਅੰਦਰ ਲਾਗੂ ਕਰਨ ਦੀ ਹਕੂਮਤੀ-ਧੁੱਸ ਨੇ ਲੋਕਾਂ ਦੇ ਹਰ ਤਬਕੇ ਦੀ ਲੁੱਟ ਤੇ ਕੁੱਟ ਨੂੰ ਤੇਜ਼ ਤੇ ਤਿੱਖਾ ਕੀਤਾ ਹੈ। ਹਕੂਮਤ ਸਿਰਫ਼ ਲੋਕਾਂ ਤੋਂ ਜਲ, ਜੰਗਲ, ਜਮੀਨ, ਰੁਜ਼ਗਾਰ, ਸਿੱਖਿਆ, ਸੇਹਤ-ਸਹੂਲਤਾਂ, ਬਿਜਲੀ ਤੇ ਆਵਾਜਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਹੀ ਨਹੀਂ ਖੋਹ ਰਹੀ ਹੈ, ਸਗੋਂ ਨਾਲ ਦੀ ਨਾਲ ਇਸ ਖੋਹਾ-ਖੋਹੀ ਖਿਲਾਫ਼ ਆਵਾਜ਼ ਉਠਾ ਰਹੇ ਹਰ ਤਬਕੇ ਤੇ ਵਰਗ ਦੀ ਜਬਾਨਬੰਦੀ ਕਰਨ ਲਈ ਗਰੀਨ ਹੰਟ ਵਰਗੇ ਫੌਜੀ ਓਪਰੇਸ਼ਨ ਚਲਾ ਰਹੀ ਹੈ। ਅਫਸਪਾ ਵਰਗੇ ਕਾਲੇ ਜਾਬਰ ਕਨੂੰਨ ਮੜ ਰਹੀ ਹੈ। ਉਲਟ-ਦਹਿਸ਼ਤਗਰਦੀ ਵਿਰੁੱਧ ਕੇਂਦਰ (
NCTC) ਵਰਗੇ ਕਨੂੰਨ ਘੜ ਰਹੀ ਹੈ। ਪੰਜਾਬ ਅੰਦਰ ਧਰਨਿਆਂ ਮੁਜਾਹਰਿਆਂ 'ਤੇ ਮੁਕੰਮਲ ਪਾਬੰਦੀ ਠੋਕ ਦਿੱਤੀ ਗਈ ਹੈ। ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਹੱਕਾਂ 'ਤੇ ਪੁਲਸੀ ਜਬਰ ਤੇ ਦਹਿਸ਼ਤ ਦਾ ਬਿੰਨ-ਬਰੇਕੋਂ ਰੋਲਰ ਫੇਰਿਆ ਜਾ ਰਿਹਾ ਹੈ। ਇਉਂ ਇਸ ਦੋ-ਧਾਰੀ ਹੱਲੇ ਰਾਹੀਂ ਹਾਕਮਾਂ ਵੱਲੋਂ ਮੁਲਕ 'ਤੇ ਸਾਮਰਾਜੀ ਜਗੀਰੂ ਲੁੱਟ-ਖੋਹ ਅਤੇ ਦਾਬੇ ਦੇ ਸ਼ਿਕੰਜੇ ਦੀ ਨਿੱਤ ਚੂੜੀ ਕਸੀ ਜਾ ਰਹੀ ਹੈ।

ਆਰਥਿਕ ਵਸੀਲਿਆਂ ਤੋਂ ਵਿਰਵੇ ਕੀਤੇ ਹੋਏ, ਸਮਾਜਿਕ ਤੌਰ 'ਤੇ ਦਬਾਏ-ਲਤਾੜੇ ਹੋਏ, ਨਿਤਾਣੇ-ਨਿਆਸਰੇ ਬਣਾ ਕੇ ਰੱਖੇ ਹੋਏ ਅਤੇ ਰਾਜਨੀਤਿਕ ਪੱਖੋਂ ਪਛੜੇਵੇਂ ਦੀ ਮਾਰ ਹੰਢਾ ਰਹੇ ਇਹਨਾਂ ਖੇਤ ਮਜ਼ਦੂਰਾਂ ਨੂੰ ਹਕੂਮਤਾਂ ਵੱਲੋਂ ਵਿੱਢੇ ਨਵੀਆਂ ਸਾਮਰਾਜੀ ਨਿਰਦੇਸ਼ਿਤ ਨੀਤੀਆਂ ਦੇ ਹੱਲੇ ਨੇ ਹੋਰ ਵੱਧ ਗਰੀਬੀ, ਭੁੱਖਮਰੀ, ਕਰਜੇ, ਦਾਬੇ ਤੇ ਪਛੜੇਵੇਂ ਮੂੰਹ ਧੱਕ ਦਿੱਤਾ ਹੈ। ਇਸ ਹਾਲਤ ਨੂੰ ਮੋੜਾ ਦੇਣ ਹਿਤ ਖੇਤ ਮਜ਼ਦੂਰਾਂ ਦੀ ਇਸ ਜਥੇਬੰਦੀ ਨੇ ਸਮੂਹ ਖੇਤ ਮਜ਼ਦੂਰਾਂ ਨੂੰ ''ਜਥੇਬੰਦ ਕਰਕੇ ਦ੍ਰਿੜ ਸੰਘਰਸ਼ਾਂ ਦੇ ਮੋਰਚੇ 'ਤੇ ਲਿਆਉਣ ਲਈ'' ਜੂਝਣ ਦੀ ਦ੍ਰਿੜਤਾ ਨੂੰ ਪ੍ਰਗਟਾਇਆ ਹੈ।

ਖੇਤ ਮਜ਼ਦੂਰ (ਬੇਜਮੀਨੇ ਕਿਸਾਨ) ਮੁਲਕ ਤੋਂ ਸਾਮਰਾਜੀ-ਜਗੀਰੂ ਲੁੱਟ ਤੇ ਦਾਬੇ ਦੇ ਜੂਲੇ ਨੂੰ ਵਗਾਹ-ਮਾਰਨ ਲਈ ਉੱਠ ਰਹੀ ਮੁਲਕ ਦੀ ਵਿਸ਼ਾਲ ਲੋਕਾਈ ਦਾ ਇਕ ਹੋਣਹਾਰ ਅੰਗ ਹਨ। ਵਿਸ਼ੇਸ਼ ਕਰਕੇ ਇਹ ਸਨਅਤੀ ਮਜਦੂਰਾਂ, ਕਿਸਾਨਾਂ, ਨਿੱਕ-ਬੁਰਜੂਆਜੀ ਅਤੇ ਕੌਮੀ ਸਰਮਾਏਦਾਰੀ ਦੇ ਸਾਂਝੇ ਮੋਰਚੇ ਦਾ ਥੰਮ ਬਣਦੀ ਕਿਸਾਨ ਲਹਿਰ ਦੀ ਰੀੜ ਦੀ ਹੱਡੀ ਬਣਦੇ ਹਨ। ਉਹਨਾਂ ਵੱਲੋਂ ਇਸ ਦਿਸ਼ਾ 'ਚ ਲਾਮਬੰਦ ਹੋਣ ਅਤੇ ਜਥੇਬੰਦ ਹੋਣ ਲਈ ਮਾਰਿਆ ਜਾ ਰਿਹਾ ਹੰਭਲਾ ਪ੍ਰਸੰਸਾਯੋਗ ਹੈ।

ਉਹਨਾਂ ਦੀ ਜਥੇਬੰਦੀ - ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਧਾਰੇ-ਪਸਾਰੇ ਅਤੇ ਪੇਸ਼ਕਦਮੀ ਵਾਸਤੇ ਕਾਰਕੁੰਨਾਂ ਵੱਲੋਂ ਜਥੇਬੰਦੀ ਦੀਆਂ ਅਗਵਾਨੂੰ ਟੀਮਾਂ 'ਚ ਰੋਲ ਸੰਭਾਲਣ ਅਤੇ ਦੇਣ ਵਿਚ ਉਹਨਾਂ ਨੂੰ ਪੇਸ਼ ਆਉਂਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ ਗੰਭੀਰ ਅੜਿੱਕਾ ਬਣ ਰਹੀਆਂ ਹਨ। ਇਸ ਅੜਿੱਕੇ ਨੂੰ ਸਰ ਕਰਨ ਦਾ ਕਾਰਜ ਸਭਨਾਂ ਇਨਕਲਾਬੀ, ਜਮਹੂਰੀ ਤੇ ਲੋਕ-ਹਿਤੈਸ਼ੀ ਸ਼ਕਤੀਆਂ ਅਤੇ ਜਥੇਬੰਦੀਆਂ ਦਾ ਦੂਰਗਾਮੀ ਸਾਂਝਾ ਸਰੋਕਾਰ ਬਣਦਾ ਹੈ।

ਇਸ ਲਈ, ਲੋਕ ਮੋਰਚਾ ਪੰਜਾਬ, ਸਭਨਾ ਇਨਕਲਾਬੀ, ਜਮਹੂਰੀ, ਕੌਮਪ੍ਰਸਤ ਤੇ ਦੇਸ਼ ਭਗਤ ਤਾਕਤਾਂ ਤੇ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ ਉਹਨਾਂ ਨੂੰ ਇਸ ਖੇਤ ਮਜ਼ਦੂਰ ਜਥੇਬੰਦੀ ਦੀਆਂ ਮੂਹਰਲੀਆਂ/ਆਗੂ ਸਫਾਂ 'ਚ ਰੋਲ ਅਖਤਿਆਰ ਕਰਨ ਲਈ ਤਤਪਰ ਕਾਰਕੁੰਨਾਂ ਨੂੰ ਉਹਨਾਂ ਦੀਆਂ ਕਬੀਲਦਾਰੀਆਂ ਦੇ ਬੋਝ ਦੇ ਅੜਿੱਕੇ ਨੂੰ ਸਰ ਕਰਨ 'ਚ ਹਿੱਸਾ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਮਾਇਕ ਤੇ ਹੋਰ ਪਦਾਰਥਿਕ ਸ਼ਕਲਾਂ 'ਚ ਇਸ ਦੂਰਗਾਮੀ ਅਹਿਮੀਅਤ ਰੱਖਦੇ ਸਾਂਝੇ ਸਰੋਕਾਰ ਨੂੰ ਸੰਬੋਧਤ ਹੋਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਵੱਲੋਂ :
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਜਾਰੀ ਕਰਤਾ: ਜਗਮੇਲ ਸਿੰਘ, ਜਨਰਲ ਸਕੱਤਰ (9417224822) ਮਿਤੀ:16.5.13

No comments:

Post a Comment