StatCounter

Wednesday, July 10, 2013

ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।



ਸ਼ਹੀਦ ਊਧਮ ਸਿੰਘ ਬਾਰੇ ਪ੍ਰਮਾਣਿਕ ਦਸਤਾਵੇਜ਼ੀ ਪੁਸਤਕ ਨੇ ਕੀਤੇ ਨਵੇਂ ਖੁਲਾਸੇ
ਬਦਲੇ ਤੋਂ ਪਾਰ, ਸਮਾਜਕ ਬਦਲਾਅ ਨੂੰ ਪਰਨਾਇਆ ਸੀ : ਊਧਮ ਸਿੰਘ

ਬੌਧਿਕ ਹਲਕਿਆਂ, ਇਤਿਹਾਸਕਾਰਾਂ, ਆਲੋਚਕਾਂ, ਖੋਜਕਾਰ ਵਿਦਿਆਰਥੀਆਂ ਅਤੇ ਪਾਠਕ-ਵਰਗ ਅੰਦਰ ਨਵੀਆਂ ਵਿਚਾਰ-ਚਰਚਾਵਾਂ ਛੇੜੇਗੀ ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।

ਸ਼ਹੀਦ ਊਧਮ ਸਿੰਘ ਬਾਰੇ ਸਤਹੀ ਪੱਧਰ ਦੀ ਜਾਣਕਾਰੀ ਕਾਰਨ ਬਣੀਆਂ ਧਾਰਨਾਵਾਂ ਨੂੰ ਬਦਲ ਕੇ ਉਸਨੂੰ ਵਿਅਕਤੀਗਤ ਬਦਲੇ ਤੱਕ ਸੀਮਤ ਸਨਾਖ਼ਤ ਤੋਂ ਬਹੁਤ ਵਿਸ਼ਾਲ ਅਤੇ ਮਹਾਨ ਆਦਰਸ਼ ਵਾਲੇ ਇਨਕਲਾਬੀ ਸੰਗਰਾਮੀਏਂ ਵਜੋਂ ਸਾਹਮਣੇ ਲਿਆਉਂਦੀ ਹੈ ਇਹ ਪੁਸਤਕ।

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਸਬੰਧੀ ਦੇਸ਼-ਵਿਦੇਸ਼ ਅੰਦਰ ਚੱਲ ਰਹੀਆਂ ਨਿਰੰਤਰ ਵਿਚਾਰ-ਚਰਚਾਵਾਂ ਅਤੇ ਸਰਗਰਮੀਆਂ ਦੇ ਦੌਰ ਅੰਦਰ ਇਸ ਪੁਸਤਕ ਦਾ ਇਤਿਹਾਸਕ ਮੁੱਲ ਹੋਰ ਵੀ ਮਹੱਤਤਾ ਰੱਖਦਾ ਹੈ। ਪੁਸਤਕ ਊਧਮ ਸਿੰਘ ਦਾ ਗ਼ਦਰ ਪਾਰਟੀ ਅਤੇ ਨੌਜਵਾਨ ਭਾਰਤ ਸਭਾ ਨਾਲ ਗੂੜ੍ਹਾ ਸਬੰਧ ਹੋਣ ਦਾ ਪ੍ਰਮਾਣ ਪੇਸ਼ ਕਰਦੀ ਇਹ ਦਰਸਾਉਂਦੀ ਹੈ ਕਿ ਊਧਮ ਸਿੰਘ ਦੇ ਉਦੇਸ਼ਾਂ, ਨਿਸ਼ਾਨਿਆਂ ਅਤੇ ਆਦਰਸ਼ਾਂ ਦਾ ਕੈਨਵਸ ਵਸੀਹ ਅਤੇ ਉਚੇਰਾ ਹੈ। ਉਹ ਕਿਸੇ ਇਕੱਲੀ ਇਕਹਿਰੀ ਘਟਨਾ ਤੋਂ ਨਾ ਸ਼ੁਰੂ ਹੁੰਦਾ ਹੈ ਅਤੇ ਨਾ ਸਮਾਪਤ।

ਰੰਗਦਾਰ ਤਸਵੀਰਾਂ ਵਾਲੇ ਸਫ਼ਿਆਂ ਸਮੇਤ ਕੋਈ 400 ਸਫ਼ਿਆਂ 'ਚ ਸਮੋਈ ਰਾਕੇਸ਼ ਕੁਮਾਰ ਦੀ ਪੁਸਤਕ 'ਚ ਸ਼ਾਮਲ ਢੇਰ ਸਾਰੇ ਇਤਿਹਾਸਕ ਦਸਤਾਵੇਜ਼ੀ ਪ੍ਰਮਾਣ, ਊਧਮ ਸਿੰਘ ਦੇ ਹਲਫ਼ੀਆ ਬਿਆਨ ਅਤੇ ਨਾ ਝੁਠਲਾਏ ਜਾ ਸਕਣ ਵਾਲੇ ਪੱਖ ਊਧਮ ਸਿੰਘ ਨੂੰ ਇਕ ਬੌਧਿਕ, ਚਿੰਤਨਸ਼ੀਲ, ਇਨਕਲਾਬੀ ਸੋਚ ਨੂੰ ਪਰਨਾਏ ਕਰਾਂਤੀਕਾਰੀ ਵਜੋਂ ਉਭਾਰ ਕੇ ਸਾਹਮਣੇ ਲਿਆਉਂਦੇ ਹਨ।

ਪਰੰਪਰਾਗਤ ਇਤਿਹਾਸਕਾਰੀ ਦੇ ਘੇਰੇ 'ਚ ਊਧਮ ਸਿੰਘ ਨੂੰ ਓਪਰੀ ਨਜ਼ਰੇ ਵਡਿਆਕੇ ਪੇਸ਼ ਕਰਦਿਆਂ ਉਸਦਾ ਕੱਦ ਉਚਾ ਨਹੀਂ ਸਗੋਂ ਛੋਟਾ ਹੀ ਕੀਤਾ ਜਾਂਦਾ ਹੈ। ਉਹਨਾਂ ਦੀ ਐਨਕ 'ਚ ਊਧਮ ਸਿੰਘ ਦਾ ਸੰਗਰਾਮੀ ਚੇਤਨਾ ਅਤੇ ਅਮਲ ਦਾ ਸਫ਼ਰ ਜਲ੍ਹਿਆਂਵਾਲਾ ਬਾਗ ਦੀ ਖ਼ੂਨੀ ਵਿਸਾਖੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਕੈਕਸਟਨ ਹਾਲ ਲੰਡਨ 'ਚ ਮਾਈਕਲ ਓਡਵਾਇਰ ਤੇ ਗੋਲੀਆਂ ਚਲਾਉਣ ਦੀ ਇਕ ਘਟਨਾ ਕਰਕੇ 31 ਜੁਲਾਈ 1940 ਨੂੰ ਲੰਡਨ 'ਚ ਹੀ ਫਾਂਸੀ ਦਾ ਰੱਸਾ ਚੁੰਮਣ ਨਾਲ ਸਮਾਪਤ ਹੋ ਜਾਂਦਾ ਹੈ।

ਪੁਸਤਕ ਇਤਿਹਾਸ ਦੇ ਨਵੇਂ ਸਫ਼ੇ ਸਿਰਜਦੀ ਹੈ। ਪੁਸਤਕ ਦਾ ਇਹ ਇਤਿਹਾਸਕ ਹਾਸਲ ਹੈ ਕਿ ਉਸ ਵਿਚ ਰਾਕੇਸ਼ ਦੀ ਕਲਮ ਖ਼ੁਦ ਬਹੁਤ ਘੱਟ ਲਿਖ ਕੇ ਸਗੋਂ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਹ ਸਥਾਪਤ ਕਰਦੀ ਹੈ ਕਿ ਸਾਨੂੰ ਉਸ ਊਧਮ ਸਿੰਘ ਦੀਆਂ ਪੈੜਾਂ ਸੰਭਾਲਣ ਦੀ ਲੋੜ ਹੈ ਜਿਹੜਾ ਵਿਅਕਤੀਗਤ ਬਦਲੇ ਤੱਕ ਸੀਮਤ ਨਹੀਂ। ਜਿਹੜਾ ਸਾਮਰਾਜੀ ਗਲਬੇ, ਜਾਗੀਰੂ ਦਾਬੇ, ਪੂੰਜੀਪਤੀ ਮਾਸਖੋਰਿਆਂ ਅਤੇ ਲੋਕਾਂ ਦੀ ਰੱਤ ਨਚੋੜਵੇਂ ਪ੍ਰਬੰਧ ਤੋਂ ਮੁਕੰਮਲ ਮੁਕਤੀ ਹਾਸਲ ਕਰਕੇ ਨਵੇਂ, ਆਜ਼ਾਦ, ਜਮਹੂਰੀ ਅਤੇ ਬਰਾਬਰੀ ਤੇ ਟਿਕੇ, ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ ਮਹਾਨ ਆਦਰਸ਼ ਨੂੰ ਪਰਨਾਇਆ ਹੋਇਆ ਹੈ।

ਪੁਸਤਕ ਉਨ੍ਹਾਂ 'ਵਿਚਾਰਵਾਨਾਂ', ਰਾਜਨੀਤਕ ਮੌਕਾਪ੍ਰਸਤਾਂ ਅਤੇ ਬਰਤਾਨਵੀ ਸਾਮਰਾਜ ਦੇ ਸੇਵਾਦਾਰਾਂ ਦੇ ਬਾਖ਼ੂਬ ਬਖ਼ੀਏ ਉਧੇੜਦੀ ਹੈ ਜਿਹੜੇ ਊਧਮ ਸਿੰਘ ਨੂੰ 'ਦਹਿਸ਼ਤਗਰਦ', 'ਕਾਤਲ' ਅਤੇ 'ਸਿਰ ਫਿਰਿਆ ਨੌਜਵਾਨ' ਦੱਸਦੇ ਰਹੇ ਹਨ। ਜਿਹੜੇ ਲੰਡਨ 'ਚ ਊਧਮ ਸਿੰਘ ਵੱਲੋਂ ਚਲਾਈ ਗੋਲੀ ਮੌਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨਾਲ ਦੁੱਖ ਸਾਂਝਾ ਕਰਨ ਅਤੇ ਊਧਮ ਸਿੰਘ ਦੀ ਘੋਰ ਨਿੰਦਾ ਕਰਨ ਦੇ ਘ੍ਰਿਣਤ ਕੰਮ ਕਰਦੇ ਰਹੇ ਹਨ। ਜਿਹੜੇ ਹੁਣ ਭਰਮ ਪਾਲਦੇ ਹਨ ਕਿ ਲੋਕ ਇਤਿਹਾਸ ਤੋਂ ਅਣਭਿੱਜ ਨੇ, ਉਹਨਾਂ ਦੇ ਲਿਖੇ ਕਾਲੇ ਸਫ਼ਿਆਂ ਤੋਂ ਵਾਕਫ਼ ਨਹੀਂ ਇਸ ਕਰਕੇ ਉਹ ਊਧਮ ਸਿੰਘ ਨੂੰ ਸ਼ਹੀਦੀ ਰੁਤਬਾ ਦੇਣ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਸਨੂੰ 'ਯਾਦ ਕਰਨ' ਦਾ ਖੇਖਣ ਵੀ ਕਰਦੇ ਹਨ।

ਪੁਸਤਕ 'ਚ ਪ੍ਰਕਾਸ਼ਿਤ 5 ਮਈ, 1940 ਨੂੰ ਅਦਾਲਤ ਵਿਚ ਦਿੱਤਾ ਊਧਮ ਸਿੰਘ ਦਾ ਹੱਥ ਲਿਖਤ ਬਿਆਨ ਮੌਖਿਕ ਰੂਪ 'ਚ ਸ਼ਾਮਲ ਹੈ। ਇਹ ਬਿਆਨ ਊਧਮ ਸਿੰਘ ਦੇ ਅਸਲ 'ਸ਼ਿਕਾਰ' ਅਤੇ 'ਅਸਲ ਨਿਸ਼ਾਨੇ' ਬਾਰੇ ਪ੍ਰਮਾਣਿਕ ਦਸਤਾਵੇਜ਼ ਹੈ :

''ਕਿਸੇ ਵਿਅਕਤੀ ਦੀ ਜਾਨ ਲੈਣਾ ਮੇਰਾ ਮਕਸਦ ਨਹੀਂ। ਜ਼ਾਲਮਾਨਾ ਬ੍ਰਿਟਿਸ਼ ਰਾਜ ਭਾਰਤੀ ਲੋਕਾਂ ਲਈ ਘਾਤਕ ਹੈ। ਵੱਡੇ ਜ਼ਿੰਮੀਦਾਰ ਅਤੇ ਭਾਰਤ ਦੇ ਮਾਲਕ ਬਣ ਬੈਠੇ ਜਿਹੜੇ ਮੇਰੇ ਦੇਸ਼ ਦੇ ਮਹੱਤਵਪੂਰਨ ਉਦਯੋਗਾਂ ਦੇ ਮਾਲਕ ਬਣ ਬੈਠੇ ਹਨ ਉਹ ਆਪਣੀ ਲਾਲਸਾ ਲਈ, ਸਾਡੇ ਦੇਸ਼ ਦੇ ਲੋਕਾਂ ਦੀ ਰੱਤ ਨਿਚੋੜਕੇ ਲਿਜਾ ਰਹੇ ਹਨ। ਕਾਮਿਆਂ ਨੂੰ ਜਿਉਣ ਦੇ ਹੱਕ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਇਹ ਆਪ ਸ਼ਾਹੀ ਠਾਠ ਦੀ ਜ਼ਿੰਦਗੀ ਜੀਅ ਰਹੇ ਹਨ।''

ਇਹੋ ਬਿਆਨ ਅੱਗੇ ਚੱਲ ਕੇ ਇਹ ਦਰਸਾਉਂਦਾ ਹੈ :

''ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁਝ ਵੀ ਨਹੀਂ। ਮੈਨੂੰ ਮਰਨ ਤੇ ਮਾਣ ਹੈ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਆਪਣੀ ਜਨਮ-ਭੂਮੀ ਨੂੰ ਆਜ਼ਾਦ ਕਰਾਉਣ ਲਈ ਆਪਣੇ ਮਰਨ ਤੇ ਵੀ ਮਾਣ ਹੋਵੇਗਾ। ਮੈਨੂੰ ਮਾਣ ਹੈ ਮੇਰੇ ਜਾਣ ਮਗਰੋਂ ਵੀ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਵਾਸੀ ਅੱਗੇ ਆਉਣਗੇ।''

ਸ਼ਹੀਦ ਊਧਮ ਸਿੰਘ ਦੇ ਸਮੇਂ ਨਾਲੋਂ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰਕੇ ਖੜ੍ਹੀਆਂ ਗੰਭੀਰ ਚੁਣੌਤੀਆਂ ਨੂੰ ਅਜੋਕੇ ਸਮੇਂ ਅੰਦਰ ਮੁਖ਼ਾਤਬ ਹੋਣ ਲਈ, ਆਪਣੇ ਰਾਹ ਅਤੇ ਨਿਸ਼ਾਨੇ ਬਾਰੇ ਚੇਤੰਨ ਹੋਣ ਲਈ ਰੌਸ਼ਨ ਮਿਨਾਰ ਦਾ ਕੰਮ ਕਰੇਗੀ ਰਾਕੇਸ਼ ਕੁਮਾਰ ਦੀ ਅਮੁੱਲੀ ਪੁਸਤਕ। ਪੂਰਨ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਨਵੇਂ ਸੰਵਾਦ ਅੱਗੇ ਤੋਰੇਗੀ ਜਿਹੜੇ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿਚ ਸਹਾਈ ਹੋਣਗੇ।

ਜਾਰੀ ਕਰਤਾ : ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ)
ਸੰਪਰਕ : 94170-76735

No comments:

Post a Comment