StatCounter

Saturday, January 17, 2015

ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼: ਇਨਕਲਾਬੀ ਟਰੇਡ ਯੂਨੀਅਨ ਲਹਿਰ ਦਾ ਮੋਢੀ ਸੀ ਅਮਰ 'ਲੰਬੀ'

 18 ਜਨਵਰੀ ਨੂੰ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼:
ਇਨਕਲਾਬੀ ਟਰੇਡ ਯੂਨੀਅਨ ਲਹਿਰ ਦਾ ਮੋਢੀ ਸੀ ਅਮਰ 'ਲੰਬੀ'



ਅਮਰ 'ਲੰਬੀ'


ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਚੇਤਨ ਖਾਹਸ਼ ਨਾਲ ਆਪਣੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਕੰਡਿਆਲੇ ਰਾਹ ਦਾ ਸਫਰ ਤਹਿ ਕਰਦਿਆਂ ਲੋਕ ਹਿੱਤਾਂ ਲਈ ਜੂਝਣ ਵਾਲੇ ਮਨੁੱਖ ਹੀ ਲੋਕ ਨਾਇਕ ਅਖਵਾਉਣ ਦੇ ਹੱਕਦਾਰ ਹੁੰਦੇ ਹਨ। ਅਜਿਹੇ ਮਨੁੱਖ ਹੀ ਲੋਕਾਂ ਦੇ ਸਤਿਕਾਰ ਤੇ ਸਲਾਮ ਦੇ ਹੱਕਦਾਰ ਬਣਦੇ ਹਨ। ਅਜਿਹਾ ਹੀ ਇੱਕ ਲੋਕ ਨਾਇਕ ਸੀ ਅਮਰ 'ਲੰਬੀ', ਜਿਸਨੇ ਆਪਣੀ ਜ਼ਿੰਦਗੀ ਦੇ ਹੁਸੀਨ ਪਲ, ਲਿਆਕਤ, ਸਮੁੱਚਾ ਸਮਾਂ ਅਤੇ ਸ਼ਕਤੀ ਲੋਕ ਹਿੱਤਾਂ ਲਈ ਅਰਪਤ ਕਰ ਦਿੱਤੇ।
ਜ਼ਿਲਾ ਮਾਨਸਾ ਦੇ ਪਿੰਡ ਦਾਤੇਵਾਸ ਵਿਖੇ 2 ਜੁਲਾਈ 1946 ਨੂੰ ਪਿਤਾ ਭਰਪੂਰ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਜਨਮੇ ਅਮਰ ਲੰਬੀ ਨੇ ਹਰ ਕਿਸਮ ਦੀ ਲੁੱਟ, ਜਬਰ ਅਤੇ ਵਿਤਕਰਿਆਂ ਤੋਂ ਮੁਕਤ ਸਮਾਜ ਸਿਰਜਣ ਲਈ ਜ਼ਿੰਦਗੀ ਦੇ ਕਰੀਬ 47 ਵਰੇ ਲੋਕ ਸੰਗਰਾਮ ਦੇ ਲੇਖੇ ਲਾਏ। ਸਾਲ 1968 ਵਿੱਚ ਬਿਜਲੀ ਬੋਰਡ ਵਿੱਚ ਬੁਢਲਾਡਾ ਵਿਖੇ ਬਤੌਰ ਲਾਈਨਮੈਨ ਭਰਤੀ ਹੋਣ ਤੋਂ ਪਹਿਲਾਂ ਉਹਨਾਂ ਸਾਲ ਭਰ ਬੰਗਲੌਰ ਵਿਖੇ ਇੱਕ ਸਨਅੱਤੀ ਅਦਾਰੇ ਵਿੱਚ ਨੌਕਰੀ ਕਰਦਿਆਂ ਸਰਮਾਏਦਾਰ ਮਾਲਕਾਂ ਵੱਲੋਂ ਕੀਤੀ ਜਾਂਦੀ ਲੁੱਟ ਅਤੇ ਧੱਕੇ ਨੂੰ ਨੇੜਿਉਂ ਤੱਕਦਿਆਂ ਅਤੇ ਹੰਢਾਉਂਦਿਆਂ ਆਪਣੀ ਹੋਣੀ ਨੂੰ ਮਜ਼ਦੂਰ ਜਮਾਤ ਦੀ ਹੋਣੀ ਨਾਲ ਪੱਕੇ ਤੌਰ 'ਤੇ ਜੋੜ ਲਿਆ। ਇਸਦੇ ਨਾਲ ਹੀ ਉਹਨਾਂ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਬਣਾ ਲਿਆ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੱਤੀ। ਇਹਨਾਂ ਗੁਣਾਂ ਦੀ ਬਦੌਲਤ ਹੀ ਬਿਜਲੀ ਬੋਰਡ ਅੰਦਰ ਭਰਤੀ ਹੁੰਦਿਆਂ ਸਾਰ ਉਹਨਾਂ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਅਫਸਰਸ਼ਾਹੀ, ਮੈਨੇਜਮੈਂਟ ਅਤੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਕਦਮਾਂ ਅਤੇ ਨੀਤੀਆਂ ਖਿਲਾਫ ਸੰਘਰਸ਼ ਦਾ ਝੰਡਾ ਲਹਿਰਾ ਦਿੱਤਾ। ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਾਧਾਰਨ ਵਰਕਰ ਤੋਂ ਆਪਣੀ ਸੰਘਰਸ਼ਮਈ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਕੇ ਉਹ ਸੂਬਾ ਪੱਧਰੇ ਚੋਟੀ ਦੇ ਕੁੱਝ ਗਿਣੇ-ਚੁਣੇ ਆਗੂਆਂ ਵਜੋਂ ਪ੍ਰਵਾਨ ਚੜਿਆ, ਜਿਹਨਾਂ ਬਿਜਲੀ ਮੁਲਾਜ਼ਮਾਂ ਸਮੇਤ ਸਮੂਹ ਮੁਲਾਜ਼ਮ ਲਹਿਰ ਨੂੰ ਆਰਥਿਕ ਅਤੇ ਤਬਕਾਤੀ ਤੰਗ ਹਿੱਤਾਂ ਦੀ ਵਲਗਣ ਵਿੱਚੋਂ ਕੱਢ ਕੇ ਇੱਕ ਨਵਾਂ ਇਨਕਲਾਬੀ ਅਤੇ ਜਮਹੂਰੀ ਮੁਹਾਂਦਰਾ ਅਤੇ ਸੋਚ ਅਤੇ ਰਾਹ ਪ੍ਰਦਾਨ ਕੀਤਾ। 

ਬੁਢਲਾਡਾ ਵਿਖੇ ਨੌਕਰੀ ਦੌਰਾਨ ਮੁਲਾਜ਼ਮ ਹਿੱਤਾਂ ਲਈ ਨਿਭਾਏ ਜਾ ਰਹੇ ਰੋਲ ਸਦਕਾ ਉਸਦੀਆਂ ਗਤੀਵਿਧੀਆਂ ਦਾ ਗਲ਼ਾ ਘੁੱਟਣ ਲਈ ਅਫਸਰਸ਼ਾਹੀ ਵੱਲੋਂ ਉਸ ਨੂੰ ਸੈਂਕੜੇ ਕਿਲੋਮੀਟਰ ਦੂਰ ਲੰਬੀ ਵਿਖੇ ਤਬਦੀਲ ਕਰ ਦਿੱਤਾ। ਪਰ ਉਸ ਨੇ ਘਰ-ਪਰਿਵਾਰ ਤੋਂ ਦੂਰ ਅਨੇਕਾਂ ਦੁਸ਼ਵਾਰੀਆਂ ਝੱਲਦਿਆਂ ਲੰਬੀ ਖੇਤਰ ਨੂੰ ਹੀ ਆਪਣੀ ਕਰਮਭੂਮੀ ਬਣਾ ਲਿਆ। ਉਸਨੇ ਮੁਲਾਜ਼ਮਾਂ ਤੋਂ ਅਗਾਂਹ ਵਧ ਕੇ ਲੰਬੀ ਇਲਾਕੇ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਗੁੜਤੀ ਦੇਣ, ਆਪਣੇ ਹੱਕਾਂ ਲਈ ਚੇਤਨ ਅਤੇ ਲਾਮਬੰਦ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ। ਇਸ ਮਕਸਦ ਦੀ ਪੂਰਤੀ ਲਈ ਉਸਨੇ ਉੱਘੇ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਕਲਾਮਈ ਢੰਗ ਨਾਲ ਵਰਤੋਂ ਵਿੱਚ ਲਿਆਂਦਾ। ਉਹਨਾਂ ਬਿਜਲੀ ਕਾਮਿਆਂ ਨੂੰ ਆਰਥਿਕ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਪੁੱਗਤ ਸਥਾਪਤੀ ਲਈ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਸਮੇਤ ਮਿਹਨਤਕਸ਼ ਲੋਕਾਂ ਦੀ ਲਹਿਰ ਨਾਲ ਜੋਟੀ ਪਾ ਕੇ ਚੱਲਣ ਦੀ ਚੇਤਨਾ ਦਾ ਸੰਚਾਰ ਕਰਨ ਲਈ ਅਣਥੱਕ ਘਾਲਣਾ ਘਾਲੀ। ਬੇਹੱਦ ਕਠਿਨ ਹਾਲਤਾਂ ਦੇ ਸਨਮੁੱਖ ਉਸਨੇ ਭੁੱਖਣਭਾਣੇ 50-50 ਮੀਲ ਦਾ ਸਫਰ ਪੈਦਲ ਤਹਿ ਕਰਦਿਆਂ ਇੱਕ ਸੂਝਵਾਨ ਸਿਰੜੀ ਅਤੇ ਆਪਾਵਾਰੂ ਆਗੂ ਵਜੋਂ ਮਕਬੂਲੀਅਤ ਹਾਸਲ ਕੀਤੀ। ਅੱਜ ਵੀ ਸਮੂਹ ਮੁਲਾਜ਼ਮ ਵਰਗ ਅੰਦਰ ਲੰਬੀ ਗਰੁੱਪ ਦੇ ਨਾਂ ਨਾਲ ਜਾਣੀ ਜਾਂਦੀ ਇਨਕਲਾਬੀ ਟਰੇਡ ਯੂਨੀਅਨ ਲੀਹ ਦੀ ਸੋਚ ਅਤੇ ਧਾਰਾ ਨੂੰ ਵਿਕਸਤ ਅਤੇ ਸਥਾਪਤ ਕਰਨ ਵਿੱਚ ਆਪਣੇ ਮੋਹਰੀ ਯੋਗਦਾਨ ਦੀ ਬਦੌਲਤ ਹੀ, ਉਸਦਾ ਨਾਂ ਅਮਰ ਸਿੰਘ ਤੋਂ ਅਮਰ ਲੰਬੀ ਬਣ ਗਿਆ। ਇਹ ਉਸਦੀ ਅਣਥੱਕ ਘਾਲਣਾ ਦਾ ਹੀ ਫਲ ਸੀ ਕਿ ਮਲੋਟ ਸ਼ਹਿਰ ਅੰਦਰ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਅਗਵਾ ਕੀਤੀ ਔਰਤ ਦੇ ਮੁੱਦੇ ਨੂੰ ਲੈ ਕੇ ਅਚਲਾ ਅਗਵਾਕਾਂਡ ਵਿਰੋਧੀ ਘੋਲ ਵਿੱਚ ਬਿਜਲੀ ਕਾਮਿਆਂ ਨੇ ਮੋਹਰੀ ਭੂਮਿਕਾ ਨਿਭਾਈ। ਇਸ ਤੋਂ ਬਿਨਾ ਬਿਜਲੀ ਮੁਲਾਜ਼ਮਾਂ ਵੱਲੋਂ ਪੁਲਸ ਜਬਰ ਵਿਰੁੱਧ ਅਤੇ ਵੱਖ ਵੱਖ ਤਬਕਿਆਂ ਦੇ ਹੱਕੀ ਘੋਲਾਂ ਵਿੱਚ ਸਿਰਕੱਢ ਭੂਮਿਕਾ ਨਿਭਾਉਣ ਦੀਆਂ ਪਾਈਆਂ ਮਿਸਾਲੀ ਪੈੜਾਂ ਉੱਪਰ ਅਮਰ ਲੰਬੀ ਦੀ ਉੱਭਰਵੀਂ ਛਾਪ ਆਖੀ ਜਾ ਸਕਦੀ ਹੈ। 

ਅਪ੍ਰੈਲ 1974 ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਲੰਮੀ ਹੜਤਾਲ ਦੌਰਾਨ ਸਿਰਕੱਢ ਆਗੂ ਹੋਣ ਦੇ ਨਾਤੇ ਹੀ ਅਮਰ ਲੰਬੀ ਨੂੰ 'ਪੰਜਾਬ ਸੇਫਟੀ ਐਕਟ' ਦੇ ਤਹਿਤ ਗ੍ਰਿਫਤਾਰ ਕਰਕੇ ਮਹੀਨਿਆਂ ਬੱਧੀ ਜੇਲ ਵਿੱਚ ਡੱਕਣ ਤੋਂ ਇਲਾਵਾ, ਲੰਮਾ ਸਮਾਂ ਨੌਕਰੀ ਤੋਂ ਮੁਅਤਲ ਰੱਖਿਆ ਗਿਆ। ਇਸ ਹੜਤਾਲ ਦੌਰਾਨ ਸਰਕਾਰ ਵੱਲੋਂ ਸੂਬੇ ਭਰ ਵਿੱਚ ਬਿਜਲੀ ਮੁਲਾਜ਼ਮਾਂ ਉੱਪਰ ਕੀਤੇ ਜਬਰ ਦੇ ਅੱਲੇ ਜ਼ਖਮਾਂ ਦੇ ਚੱਲਦਿਆਂ ਹੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮੜੀ ਐਮਰਜੈਂਸੀ ਸਦਕਾ ਮੁੜ ਭਾਰੀ ਜਬਰ ਦਾ ਇਸ ਜਥੇਬੰਦੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਜਬਰ ਤਸ਼ੱਦਦ ਤੋਂ ਤ੍ਰਭਕ ਕੇ ਜਦ ਟੀ.ਐਸ.ਯੂ. ਦੀ ਲੀਡਰਸ਼ਿੱਪ ਵੱਲੋਂ ਇਸ ਜੁਝਾਰੂ ਜਥੇਬੰਦੀ ਨੂੰ ਭੰਗ ਕਰ ਦਿੱਤਾ ਤਾਂ ਅਮਰ ਲੰਬੀ ਵੱਲੋਂ ਹੋਰਨਾਂ ਆਗੂਆਂ ਨਾਲ ਮਿਲ ਕੇ ਛੇਤੀ ਹੀ ਟੈਕਨੀਕਲ ਸਰਵਿਸਜ਼ ਯੂਨੀਅਨ ਨੂੰ ਮੁੜ ਸੁਰਜੀਤ ਕਰਨ ਵਿੱਚ ਸਿਰਕੱਢ ਭੂਮਿਕਾ ਨਿਭਾਈ ਗਈ। 

ਸ੍ਰੀ ਲੰਬੀ ਨੇ ਬਿਜਲੀ ਮੁਲਾਜ਼ਮਾਂ ਤੋਂ ਅਗਾਂਹ ਸੰਨ 1978 ਵਿੱੰਚ ਚੱਲੇ ਬੇਰੁਜ਼ਗਾਰ ਅਧਿਆਪਕਾਂ ਦੇ ਘੋਲ ਅਤੇ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦੇ ਕਤਲ ਵਿਰੋਧੀ ਘੋਲ, ਮੋਗਾ ਦੇ ਵਿਦਿਆਰਥੀ ਘੋਲ, 1980 ਦੇ ਬੱਸ ਕਿਰਾਇਆ ਘੋਲ ਅਤੇ ਹੋਰ ਅਨੇਕਾਂ ਲੋਕ ਘੋਲਾਂ ਵਿੱਚ ਉੱਘੜਵਾਂ ਰੋਲ ਨਿਭਾਇਆ। ਪੰਜਾਬ ਅੰਦਰ ਚੱਲੇ ਕਾਲੇ ਦੌਰ ਦੌਰਾਨ ਉਸਨੇ ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ 'ਜਬਰ ਅਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ' ਦੇ ਅਹਿਮ ਆਗੂ ਵਜੋਂ ਰੋਲ ਦਿੱਤਾ। ਸ੍ਰੀ ਲੰਬੀ ਅਸਲ ਅਰਥਾਂ ਵਿੱਚ ਇੱਕ ਚੇਤਨ ਇਨਕਲਾਬੀ ਘੁਲਾਟੀਆ ਅਤੇ ਲੋਕ-ਆਗੂ ਸੀ। ਇਸੇ ਕਰਕੇ ਲੋਕ ਲਹਿਰ ਵਿੱਚ ਆਪਣਾ ਹੋਰ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਉਹਨਾਂ ਸੰਨ 2000 ਵਿੱਚ ਛੇ ਵਰੇ ਪਹਿਲਾਂ ਹੀ ਨੌਕਰੀ ਤੋਂ ਸਵੈ-ਇੱਛਤ ਰਿਟਾਇਰਮੈਂਟ ਲੈ ਕੇ ਆਪਣਾ ਸਮੁੱਚਾ ਸਮਾਂ ਅਤੇ ਸ਼ਕਤੀ ਲੋਕ ਲਹਿਰ ਨੂੰ ਸਮਰਪਣ ਕਰ ਦਿੱਤੀ। ਇੱਕ ਸੜਕ ਹਾਦਸੇ ਉਪਰੰਤ 10 ਜਨਵਰੀ 2015 ਨੂੰ ਉਹ ਆਪਣੇ ਪਰਿਵਾਰ ਅਤੇ ਲੋਕ ਲਹਿਰ ਦੇ ਸਭਨਾਂ ਸਾਥੀਆਂ ਨੂੰ ਵਿਛੋੜਾ ਦੇ ਗਏ। ਅੱਜ 18 ਜਨਵਰੀ 2015 ਨੂੰ ਆਪਣੇ ਮਹਿਬੂਬ ਅਤੇ ਲੋਕ ਨਾਇਕ ਅਮਰ ਲੰਬੀ ਨੂੰ ਪੰਜਾਬ ਭਰ ਵਿੱਚੋਂ ਹਜ਼ਾਰਾਂ ਲੋਕ ਮੋਗਾ ਵਿਖੇ ਪਹੁੰਚ ਕੇ ਸੂਹੀ ਸ਼ਰਧਾਂਜਲੀ ਭੇਟ ਕਰਨਗੇ। 
 -ਯਸ਼ਪਾਲ  ਫੋਨ- 98145 35005 

No comments:

Post a Comment