StatCounter

Wednesday, April 8, 2015

ਥੋਡੇ ਖ਼ੂੁਨ 'ਚ ਰੰਗੀ ਧਰਤੀ 'ਤੇ ਅਸੀਂ ਬੰਨ ਕਾਫ਼ਲੇ ਆਵਾਂਗੇ

9 ਅਪ੍ਰੈਲ ਬਰਸੀ 'ਤੇ ਵਿਸ਼ੇਸ਼

ਸੇਵੇਵਾਲਾ ਵਿੱਚ ਡੁੱਲਿਆ ਲਹੂ ਗੀਤ ਗਾਉਂਦਾ ਹੈ


9 ਅਪ੍ਰੈਲ 1991 ਦਾ ਦਿਹਾੜਾ, ਪੰਜਾਬ ਦੇ ਇਤਿਹਾਸ ਅੰਦਰ ਵਿਲੱਖਣ ਸਥਾਨ ਰੱਖਦਾ ਹੈ।  ਇਹ ਦਿਹਾੜਾ ਇੱਕ ਵਾਰ ਫੇਰ 13 ਅਪ੍ਰੈਲ 1919 ਨੂੰ ਜੱਲਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਕਾਂਡ ਦੀ ਯਾਦ ਤਾਜ਼ਾ ਕਰਾਉਂਦਾ ਹੈ।  ਸਮੇਂ ਦੀ ਤੋਰ ਨਾਲ ਜਿਵੇਂ 1919 ਤੋਂ 1991 ਵਿੱਚ ਹਿੰਦਸੇ ਬਦਲੇ, ਇਉਂ ਹੀ ਹੁਕਮਰਾਨ ਜ਼ਰੂਰ ਬਦਲੇ ਪਰ ਲੋਕਾਂ ਉਪਰ ਜ਼ੁਲਮੀ ਝੱਖੜ ਝੁਲਾਉਣ ਵਾਲੀਆਂ ਤਾਕਤਾਂ ਦਾ ਚਰਿੱਤਰ ਅਤੇ ਅਮਲ ਨਹੀਂ ਬਦਲਿਆ।  ਨਿਹੱਥੇ, ਬੇਦੋਸ਼ੇ ਅਤੇ ਪੁਰਅਮਨ ਇਕੱਤਰਤਾ ਕਰਦੇ ਲੋਕਾਂ ਦਾ ਲਹੂ ਗੀਤ ਗਾਉਂਦਾ ਹੈ ਕਿ ਜੱਲਿਆਂਵਾਲਾ ਹੋਵੇ ਭਾਵੇਂ ਸੇਵੇਵਾਲਾ, ਗੋਲੀਆਂ ਦਾਗਣ ਵਾਲਿਆਂ ਦੇ ਚਿਹਰੇ ਜ਼ਰੂਰ ਬਦਲੇ ਪਰ ਲੋਕਾਂ ਨਾਲ ਇਹਨਾਂ ਦਾ ਦੁਸ਼ਮਣਾਨਾ ਰਿਸ਼ਤਾ ਨਹੀਂ ਬਦਲਿਆ।

9 ਅਪ੍ਰੈਲ 1991 ਨੂੰ ਜੈਤੋ ਲਾਗੇ ਪਿੰਡ ਸੇਵੇਵਾਲਾ ਦੇ ਮਜ਼ਦੂਰ ਵਿਹੜੇ ਦੀ ਧਰਮਸ਼ਾਲਾ ਵਿੱਚ ਜੁੜੇ ਪੁਰ-ਅਮਨ ਲੋਕਾਂ ਉਪਰ ਬੰਬਾਂ-ਬੰਦੂਕਾਂ ਨਾਲ ਹੱਲਾ ਬੋਲਿਆ ਗਿਆ।  ਇਸ ਮੌਕੇ 'ਜਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ' ਦੀ ਜੈਤੋ ਇਕਾਈ ਵੱਲੋਂ ਰੱਖੀ ਕਾਨਫਰੰਸ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ 'ਅੰਨੇ ਨਿਸ਼ਾਨਚੀ', ਪੰਜਾਬ ਨਾਟਕ ਕਲਾ ਕੇਂਦਰ (ਇਕਾਈ ਪਲਸ ਮੰਚ) ਵੱਲੋਂ ਖੇਡਿਆ ਗਿਆ।  ਨਾਟਕ ਉਪਰੰਤ 'ਫਰੰਟ' ਦੇ ਬਤੌਰ ਸੂਬਾ ਕਨਵੀਨਰ ਲੇਖਕ ਅਜੇ ਸੰਬੋਧਨ ਕਰ ਰਿਹਾ ਸੀ ਕਿ ਜਦੋਂ ਫੌਜੀ ਵਰਦੀਆਂ ਦੇ ਭੁਲੇਖਾ-ਪਾਊ ਬਾਣੇ ਵਿੱਚ ਬੰਬਾਂ-ਬੰਦੂਕਾਂ ਨਾਲ ਲੈਸ ਹੋ ਕੇ ਆਏ ਟੋਲੇ ਨੇ ਬਾਰੂਦੀ ਵਰਖਾ ਕਰ ਦਿੱਤੀ।

ਪਲਾਂ ਛਿਣਾਂ ਵਿੱਚ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਜਾਣੇ-ਪਹਿਚਾਣੇ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਮਾਤਾ ਸਦਾ ਕੌਰ, ਗੁਰਜੰਟ ਸਿੰਘ ਢਿੱਲਵਾਂ, ਕਰਮ ਸਿੰਘ ਰਾਮਪੁਰਾ ਫੂਲ, ਲਖਵੀਰ ਸਿੰਘ ਸੇਵੇਵਾਲਾ, ਗੁਰਨਾਮ ਸਿੰਘ ਜੀਦਾ ਅਤੇ ਤੇਜਿੰਦਰ ਸਿੰਘ ਭਗਤੂਆਣਾ ਸਮੇਤ 18 ਲੋਕ ਗੋਲੀਆਂ ਨਾਲ ਭੁੰਨ ਦਿੱਤੇ।  ਦਰਜਣਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।  ਵਹਿਸ਼ੀਆਨਾ ਕਾਂਡ ਤੋਂ ਦਹਿਸ਼ਤਜ਼ਦਾ ਹੋਣ ਦੀ ਬਜਾਏ ਪਿੰਡ ਵਾਸੀਆਂ, ਮ੍ਰਿਤਕਾਂ ਦੇ ਪਰਿਵਾਰਾਂ ਅਤੇ ਨਾਲ ਲੱਗਦੇ ਪਿੰਡਾਂ ਅਤੇ ਜੈਤੋ ਨਿਵਾਸੀਆਂ ਨੇ ਸਿਦਕਦਿਲੀ ਨਾਲ ਆਪਣੇ ਫਰਜ਼ ਪਹਿਚਾਣੇ।  ਉਹਨਾਂ ਨੇ ਮੌਤ ਦੀ ਪਰਵਾਹ ਨਾ ਕਰਦਿਆਂ ਹਾਅ ਦਾ ਨਾਅਰਾ ਮਾਰਿਆ।  ਫੱਟੜਾਂ ਨੂੰ ਤੁਰੰਤ ਜੈਤੋ ਸਿਵਲ ਹਸਪਤਾਲ ਪਹੁੰਚਾਇਆ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ।  ਲੋਕਾਂ ਦੀ ਹਮਦਰਦੀ ਅਤੇ ਵਹਿਸ਼ੀ ਕਾਰੇ ਖਿਲਾਫ਼ ਗੁੱਸੇ ਨੇ ਹਮਲਾਵਰਾਂ ਦੇ ਇਰਾਦੇ ਮਿੱਟੀ ਵਿੱਚ ਮਿਲਾ ਦਿੱਤੇ।

ਖ਼ੂਨੀ ਕਾਰਾ ਕਰਨ ਵਾਲਿਆਂ ਜਾਂਦੇ ਸਮੇਂ ਘਟਨਾ ਸਥਾਨ 'ਤੇ ਧਮਕੀ ਪੱਤਰ ਸੁੱਟਿਆ। ਇਸ ਪੱਤਰ ਵਿੱਚ ਖਾਸ ਕਰਕੇ ਵਿਹੜੇ ਵਾਲੇ ਮਜ਼ਦੂਰਾਂ ਨੂੰ ਜਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਇਕੱਠਾਂ ਵਿੱਚ ਜਾਣ ਤੋਂ ਰੋਕਣ ਲਈ ਚਿਤਾਵਨੀ ਦਿੱਤੀ। ਪੱਤਰ ਵਿੱਚ ਇਹ ਵੀ ਕਿਹਾ, ''ਜੇ ਤੁਸੀਂ ਇਕੱਠਾਂ ਵਿੱਚ ਜਾਣ ਤੋਂ ਨਾ ਰੁਕੇ ਤਾਂ ਇਸ ਤੋਂ ਵੀ ਵੱਡੇ ਹੱਲੇ ਬੋਲੇ ਜਾਣਗੇ।''

ਇਸ ਧਮਕੀ ਪੱਤਰ ਉਪਰ ਖ਼ਾਲਿਸਤਾਨ ਕਮਾਂਡੋ ਫੋਰਸ, ਖ਼ਾਲਿਸਤਾਨੀ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਸਮੇਤ ਪੰਜ ਜੱਥੇਬੰਦੀਆਂ ਵੱਲੋਂ ਇਹ ਸਾਂਝਾ ਕਾਰਾ ਕਰਨ ਦੀ ਜ਼ਿੰਮੇਵਾਰੀ ਲੈਣ ਦਾ ਜ਼ਿਕਰ ਕੀਤਾ ਗਿਆ ਸੀ। ਇਸ ਉਪਰ ਪ੍ਰਗਟ ਸਿੰਘ ਫੌਜੀ ਸੰਗਤਪੁਰਾ ਦੇ ਦਸਤਖ਼ਤ ਸਨ। ਇਹ ਚਿੱਠੀ ਪ੍ਰੈਸ ਵਿੱਚ ਨਸ਼ਰ ਹੋਣ 'ਤੇ ਵੀ ਇਨਾਂ ਵਿੱਚੋਂ ਕਿਸੇ ਵੀ ਜੱਥੇਬੰਦੀ ਨੇ ਦੋਸ਼ ਤੋਂ ਇਨਕਾਰ ਨਹੀਂ ਕੀਤਾ।

ਵਿਆਪਕ ਕਤਲੇਆਮ ਅਤੇ ਧਮਕੀਆਂ ਭਰੀ ਚਿੱਠੀ ਦੇ ਬਾਵਜੂਦ ਲੋਕ ਮੈਦਾਨ ਵਿੱਚ ਨਿੱਤਰੇ। ਅਗਲੇ ਹੀ ਦਿਨ ਸੇਵੇਵਾਲਾ, ਭਗਤੂਆਣਾ, ਸੇਲਬਰਾਹ, ਢਿੱਲਵਾਂ ਅਤੇ ਜੀਦਾ ਆਦਿ ਪਿੰਡਾਂ ਵਿੱਚ ਸਸਕਾਰ ਸਮੇਂ ਵਿਸ਼ਾਲ ਇਕੱਠ ਹੋਏ। ਤਿਆਰੀ ਮੁਹਿੰਮ ਉਪਰੰਤ ਇਨਾਂ ਪਿੰਡਾਂ ਵਿੱਚ ਸ਼ਰਧਾਂਜ਼ਲੀ ਸਮਾਗਮ ਹੋਏ। ਵਿਸ਼ੇਸ਼ ਤਿਆਰੀ ਉਪਰੰਤ ਇਸ਼ਤਿਹਾਰ ਜਾਰੀ ਕਰਕੇ ਸੇਵੇਵਾਲਾ, ਭਗਤੂਆਣਾ, ਸੇਲਬਰਾਹ ਅਤੇ ਜੈਤੋ ਮੰਡੀ ਵਿੱਚ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਹਜ਼ਾਰਾਂ ਲੋਕਾਂ ਨੇ ਰੋਹ ਭਰਿਆ ਮਾਰਚ ਕੀਤਾ।

ਇਹਨਾਂ ਮਿਸਾਲੀ ਇਕੱਠਾਂ ਵਿੱਚ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ, ਫ਼ਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਖਿਲਾਫ਼ ਵਿਸ਼ਾਲ ਲਾਮਬੰਦੀ ਕਰਨ, ਤਿਲਕਾਊ ਚਾਲਾਂ ਨੂੰ ਨਾਕਾਮ ਕਰਦੇ ਹੋਏ ਅਸਲੀ ਲੋਕ-ਮੁੱਦਿਆਂ ਉਪਰ ਲੋਕ-ਸੰਗਰਾਮ ਤੇਜ਼ ਕਰਨ ਦਾ ਸੱਦਾ ਦਿੱਤਾ।  ਹਾਕਮ ਧੜਿਆਂ ਵੱਲੋਂ ਪੰਜਾਬ ਸਮੱਸਿਆ ਦੇ ਨਾਂਅ 'ਤੇ ਲੋਕਾਂ ਦੇ ਸਿਵਿਆਂ ਉਪਰ ਆਪਣੀ ਲੋਕ-ਦੋਖੀ ਰਾਜਨੀਤੀ ਦੀਆਂ ਰੋਟੀਆਂ ਸੇਕਣ ਦੇ ਮਨੋਰਥਾਂ ਤੋਂ ਪਰਦਾ ਚੁੱਕਿਆ ਗਿਆ।  ਲੋਕਾਂ ਨੂੰ ਆਪਣੀ ਮਹਾਨ ਸਾਂਝੀ ਵਿਰਾਸਤ ਤੋਂ ਸੇਧ ਲੈਂਦਿਆਂ ਆਪਣੀ ਮੁਕਤੀ ਲਈ ਜੂਝਣ ਵਾਸਤੇ ਅੱਗੇ ਆਉਣ ਦਾ ਸੱਦਾ ਦਿੱਤਾ।  ਪੰਜਾਬ ਦੀ ਲੋਕ-ਪੱਖੀ, ਇਨਕਲਾਬੀ, ਜਮਹੂਰੀ ਲਹਿਰ ਨੇ ਵੱਡੀ ਕੀਮਤ ਅਦਾ ਕਰਕੇ ਵੀ, ਡੇਢ ਦਹਾਕੇ ਤੋਂ ਵੀ ਵੱਧ ਅਰਸੇ ਦੇ ਦੋ-ਮੂੰਹੀ ਦਹਿਸ਼ਤਗਰਦੀ ਦੇ ਅਗਨ-ਪ੍ਰੀਖਿਆ ਭਰੇ ਦੌਰ ਵਿੱਚ ਸ਼ਾਨਾਂਮੱਤੀ ਭੂਮਿਕਾ ਅਦਾ ਕੀਤੀ।  ਖ਼ੂਨੀਕਾਰਾ ਕਰਨ ਵਾਲਿਆਂ ਦੇ ਸਿੱਧੇ/ਅਸਿੱਧੇ ਹਮਾਇਤੀਆਂ ਨੇ ਕੂੜ ਪਰਚਾਰ ਦੇ ਝੱਖੜ ਝੁਲਾ ਕੇ 'ਫਰੰਟ' ਨਾਲੋਂ ਲੋਕਾਂ ਨੂੰ ਦੂਰ ਕਰਨ ਲਈ ਹਰ ਵਾਹ ਲਾਈ ਪਰ ਪੰਜਾਬ ਦੇ ਲੋਕਾਂ ਨੇ ਅਜੇਹੇ ਕੋਝੇ ਯਤਨ ਧੂੜ ਵਿੱਚ ਮਿਲਾ ਦਿੱਤੇ।

ਅੱਜ ਸੇਵੇਵਾਲਾ ਕਾਂਡ ਨੂੰ 25 ਵਰੇ ਬੀਤਣ ਉਪਰੰਤ ਲਹੂ ਬੋਲਦਾ ਹੈ।  ਸਾਂਝੀ ਵਿਰਾਸਤ ਦੀ ਸਰਗਮ ਛੇੜਦਾ ਹੈ। ਲਹੂ ਨਾਲ ਸਿੰਜੀ, ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਵਿਰੋਧੀ ਲਹਿਰ ਨੇ ਨਵੀਂ ਕਰਵਟ ਲਈ ਹੈ।  ਜੇ ਅੱਜ ਪਿੰਡ ਪਿੰਡ ਕਿਰਤੀ ਕਾਮੇ ਜਥੇਬੰਦ ਹੋ ਰਹੇ ਹਨ।  ਸਰਕਾਰੀ ਦਫ਼ਤਰਾਂ ਅੱਗੇ ਚੜਦੇ ਸੂਰਜ ਹਾਕਮਾਂ ਦਾ ਪਿੱਟ ਸਿਆਪਾ ਕਰਦੇ ਹਨ।  ਖੁਦਕੁਸ਼ੀਆਂ ਕਰ ਰਹੇ ਕੜੀਆਂ ਵਰਗੇ ਪੁੱਤਾਂ ਦੀ ਮੌਤ ਦੇ ਜਿੰੰਮੇਵਾਰਾਂ ਉਪਰ ਉਂਗਲ ਧਰਨ ਦੇ ਕਾਬਲ ਹੋਏ ਹਨ। ਧੰਨ ਅਤੇ ਧਰਤੀ ਉਪਰ ਆਪਣਾ ਬਣਦਾ ਹਿੱਸਾ ਮੰਗਦੇ ਹਨ।  ਆਪਣੀ ਕਿਰਤ, ਆਬਰੂ ਅਤੇ ਸਵੈ-ਮਾਣ ਲਈ ਸੰਗਰਾਮ ਦੇ ਪਰਚਮ ਉਠਾ ਕੇ ਨਿਤਰਦੇ ਹਨ ਤਾਂ ਜੋਬਨ 'ਤੇ ਆਈ ਮਜ਼ਦੂਰ ਕਿਸਾਨ ਲਹਿਰ ਦੀਆਂ ਰਗਾਂ ਵਿੱਚ ਸੇਵੇਵਾਲਾ ਦੀ ਧਰਤੀ 'ਤੇ ਡੁੱਲਿਆ ਲਹੂ ਦੌੜਦਾ ਹੈ।  ਏ.ਕੇ. 47 ਰਾਹੀਂ ਗੋਲੀਆਂ ਦੀ ਵਾਛੜ ਅਤੇ ਬੰਬ ਧਮਾਕਿਆਂ ਨਾਲ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਨੂੰ ਛਲਣੀ ਕਰਨ ਦਾ ਪਾਲਿਆ ਭਰਮ, ਅੱਜ ਪੰਜਾਬ ਅੰਦਰ ਨਵੀਂ ਅੰਗੜਾਈ ਭਰ ਰਹੀ ਜਨਤਕ ਲਹਿਰ ਨੇ ਚੂਰ-ਚੂਰ ਕਰ ਦਿੱਤਾ ਹੈ।

ਅੱਜ ਜਦੋਂ ਸੇਵੇਵਾਲਾ ਕਾਂਡ ਤੋਂ 25 ਵਰੇ ਮਗਰੋਂ 'ਅੰਨੇ ਨਿਸ਼ਾਨਚੀ' ਨਾਟਕ ਦੇ ਲੇਖਕ ਪ੍ਰੋ. ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋਂ ਕਲਾ ਸਨਮਾਨ ਨਾਲ 8 ਮਾਰਚ, 2015 ਨੂੰ ਬਰਨਾਲੇ ਹਜ਼ਾਰਾਂ ਲੋਕਾਂ ਨੇ ਇਨਕਲਾਬੀ ਜਨਤਕ ਸਲਾਮ ਅਤੇ ਸਨਮਾਨ ਭੇਟ ਕੀਤਾ ਤਾਂ ਸੇਵੇਵਾਲਾ, ਭਗਤੂਆਣਾ, ਸੇਲਬਰਾਹ, ਜੀਦਾ, ਢਿਲਵਾਂ ਅਤੇ ਜੈਤੋ ਤੋਂ ਵਹੀਰਾਂ ਘੱਤ ਕੇ ਮਜ਼ਦੂਰਾਂ ਕਿਸਾਨਾਂ ਦਾ ਆਉਣਾ ਸੇਵੇਵਾਲਾ ਕਾਂਡ ਮੌਕੇ ਦਹਿਸ਼ਤਗਰਦਾਂ ਵਲੋਂ ਦਿੱਤੀ ਧਮਕੀ ਨੂੰ ਪੂਰੀ ਠੁੱਕ ਨਾਲ ਮਲ ਸੁੱਟਣ ਦਾ ਪ੍ਰਗਟਾਵਾ ਹੈ। ਇਹ ਐਲਾਨ ਵੀ ਹੈ ਕਿ ਸੁਜਾਖੇ ਨਿਸ਼ਾਨਚੀਆਂ ਨੂੰ ਅੰਨੇ ਨਿਸ਼ਾਨਚੀ ਕਦੇ ਵੀ ਆਪਣੇ ਮਾਰਗ ਤੋਂ ਥਿੜਕਾ ਨਹੀਂ ਸਕਦੇ।

ਅੱਜ ਜ਼ਮੀਨਾਂ ਦੀ ਮੁੜ ਵੰਡ ਲਈ, ਜਮੀਨਾਂ ਜਬਰੀ ਗ੍ਰਹਿਣ ਕਰਨ ਨੂੰ ਠੱਲ ਪਾਉਣ ਲਈ, ਐਫ.ਸੀ. ਆਈ. ਵਰਗੀਆਂ ਏਜੰਸੀਆਂ ਰਾਹੀਂ ਖ੍ਰੀਦ ਬੰਦ ਕਰਨ ਦੇ ਫੈਸਲੇ ਰੋਕਣ ਲਈ, ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਦਾਬੇ, ਫਿਰਕਾਪ੍ਰਸਤੀ, ਜਾਤਪਾਤ ਅਤੇ ਜਬਰ ਖ਼ਿਲਾਫ ਇੱਕਠੇ ਹੋਣ, ਕਾਲੇ ਕਨੂੰਨਾਂ ਨਾਲ ਜ਼ੁਬਾਨਬੰਦੀ ਕਰਨ ਅਤੇ ਲੋਕਮਾਰੂ ਸਭਿੱਆਚਾਰਕ ਹੱਲੇ ਨੂੰ ਪਛਾੜਣ ਲਈ ਸਿਰ ਜੋੜ ਰਹੀ ਸ਼ਕਤੀ ਇਹ ਕਹਿ ਰਹੀ ਜਾਪਦੀ ਹੈ ਕਿ ਸੇਵੇਵਾਲਾ ਵਿੱਚ ਡੁੱਲਿਆ ਲਹੂ ਅਜਾਂਈ ਨਹੀਂ ਜਾਏਗਾ। ਪੰਜਾਬ ਨੇ ਜੇ ਉਸ ਮੌਕੇ ਆਪਣੀ ਸਾਂਝੀ ਵਿਰਾਸਤ ਨੂੰ ਬੁਲੰਦ ਕੀਤਾ ਹੈ ਤਾਂ ਹੀ ਅੱਜ ਪੰਜਾਬ ਅੰਦਰ ਆਪਸੀ ਸਾਂਝ ਉਸਾਰਦੀ ਲੋਕ-ਲਹਿਰ ਨਵੇਂ ਰਾਹ ਸਿਰਜ ਰਹੀ ਹੈ। ਇਤਿਹਾਸ ਨੇ ਇੱਕ ਵਾਰ ਫੇਰ ਸਾਬਤ ਕਰ ਵਿਖਾਇਆ ਹੈ ਕਿ ਰਾਜ ਸ਼ਕਤੀ ਜਾਂ ਬੰਬ ਬੰਦੂਕਾਂ ਦੇ ਜੋਰ ਨਾਲ ਕਦੇ ਵੀ ਲੋਕ ਸ਼ਕਤੀ ਨੂੰ ਹਰਾਇਆ ਨਹੀਂ ਜਾ ਸਕਦਾ।ਸੇਵੇਵਾਲਾ ਕਾਂਡ ਤੋਂ ਲੈ ਕੇ ਅੱਜ ਤੱਕ ਦੀ ਲੋਕ-ਲਹਿਰ ਦਾ ਸਫ਼ਰ ਅੱਜ ਬਰਸੀ ਮੌਕੇ, ਲੋਕਾਂ ਦੇ ਡੁੱਲੇ ਲਹੂ ਦਾ ਗੀਤ ਗਾਉਂਦਾ ਹੈ ਅਤੇ ਗਾਉਂਦਾ ਰਹੇਗਾ :
        
            ਥੋਡੇ ਖ਼ੂੁਨ 'ਚ ਰੰਗੀ ਧਰਤੀ 'ਤੇ
         ਅਸੀਂ ਬੰਨ ਕਾਫ਼ਲੇ ਆਵਾਂਗੇ

-ਅਮੋਲਕ ਸਿੰਘ ਸੰਪਰਕ: 94170 76735