ਸਾਥੀ ਬਲਵੀਰ ਸਿੰਘ
ਵੱਲੋਂ ਲੋਕ ਮੁਕਤੀ ਲਈ ਨਿਭਾਇਆ ਰੋਲ
ਸਾਡੇ ਲਈ ਸਦਾ
ਚਾਨਣ ਮੁਨਾਰਾ ਰਹੇਗਾ !
ਪਿਆਰੇ ਲੋਕੋ,
ਸਾਥੀ ਬਲਵੀਰ ਸਿੰਘ, ਹੁਣ ਨਹੀਂ ਰਹੇ ! ਅਜੇ ਉਮਰ ਈ ਕੀ
ਸੀ ! ਮਨੁੱਖ ਮਾਰੂ ਬੀਮਾਰੀ, ਕੈਂਸਰ ਨੇ ਖੋਹ ਲਿਐ, ਉਹਨਾਂ ਨੂੰ ਸਾਡੇ ਕੋਲੋਂ। ਕਾਲਜਿਓਂ ਰੁੱਗ ਭਰਿਆ
ਜਾਂਦੈ, ਜਦੋਂ ਯਾਦ ਆਉਂਦੈ ! ਉਹਨਾਂ ਦੇ ਵਿਛੋੜੇ 'ਤੇ ਸਾਨੂੰ ਦੁੱਖ ਵੀ ਬਹੁਤ ਐ। ਤੇ ਗੁੱਸਾ ਵੀ ਅੰਤਾਂ
ਦਾ। ਦੁੱਖ ਆ, ਮੇਹਨਤ, ਸਿਰੜ, ਇਮਾਨਦਾਰੀ ਦੀ ਮੂਰਤ ਤੇ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਜਮਹੂਰੀ, ਇਨਕਲਾਬੀ
ਵਿਚਾਰਾਂ ਦੇ ਧਾਰਨੀ ਤੇ ਪ੍ਰਚਾਰਕ ਦੇ ਖੁੱਸ ਜਾਣ ਦਾ।
ਗੁੱਸਾ ਆਉਂਦੈ,
ਕੈਂਸਰ ਦੇ ਦੈਂਤ 'ਤੇ ਅਤੇ ਇਸ ਦੈਂਤ ਦੇ ਜੰਮਣਹਾਰ, ਇਥੋਂ ਦੇ ਲੋਟੂ ਨਿਜ਼ਾਮ 'ਤੇ। ਜਿਹੜਾ ਪੂਰੇ ਮੁਲਕ
ਨੂੰ, ਵਿਸ਼ੇਸ਼ ਕਰਕੇ ਮੇਹਨਤੀ, ਕਮਾਊ ਤੇ ਗਰੀਬ ਲੋਕਾਂ ਦੀ ਵੱਡੀ ਗਿਣਤੀ ਨੂੰ ਹਰ ਰੋਜ਼ ਸੈਂਕੜਿਆਂ ਦੇ
ਹਿਸਾਬ ਨਿਗਲ ਰਿਹਾ। ਇਹ ਨਿਜ਼ਾਮ ਬਦਲਣਾ ਪੈਣਾ। ਇਹ ਨਿਜ਼ਾਮ ਆ ਧਨ-ਕੁਬੇਰਾਂ ਦਾ, ਲੁਟੇਰਿਆਂ ਦਾ, ਜਾਬਰਾਂ
ਦਾ, ਸਾਮਰਾਜੀਆਂ, ਸਰਮਾਏਦਾਰਾਂ ਤੇ ਜਾਗੀਰਦਾਰਾਂ ਦਾ। ਇਹ ਰਾਹ, ਬੀਮਾਰੀਆਂ ਲਈ ਵਾਤਾਵਰਣ ਸਿਰਜਦਾ,
ਮਾਹੌਲ ਬਣਾਉਂਦਾ, ਬੀਮਾਰੀਆਂ ਲਾਉਂਦਾ, ਇਲਾਜ ਦੇ ਨਾਂ ਥੱਲੇ ਲੁੱਟਦਾ, ਲੁੱਟ ਆਸਰੇ ਤਕੜਾ ਹੁੰਦੈ, ਹੋਰ
ਲੁੱਟ ਕਰਦੈ, ਖੁੰਗਲ ਕਰਦੈ, ਮਾਰ ਦਿੰਦੈ।
ਬਲਵੀਰ ਸਿੰਘ ਸਦਾ
ਸਾਡੇ ਚੇਤਿਆਂ ਵਿੱਚ ਵਸਦੇ ਰਹਿਣਗੇ। ਪ੍ਰੇਰਨਾ ਦਿੰਦੇ ਰਹਿਣਗੇ। ਸੰਨ 74 ਵਿਚ ਥਰਮਲ ਵਿੱਚ ਭਰਤੀ ਹੁੰਦਿਆਂ
ਹੀ, ਥਰਮਲ ਮੁਲਾਜ਼ਮ ਯੂਨੀਅਨ ਵਿਚ ਭਰਤੀ ਹੋ ਗਏ ਤੇ ਸਰਵਿਸ ਦੇ ਆਖਰੀ ਦਿਨ ਤੱਕ ਸਰਗਰਮ ਆਗੂ ਰੋਲ ਨਿਭਾਉਂਦੇ
ਰਹੇ। ਯੂਨੀਅਨ ਅੰਦਰਲੇ, ਮੁਲਾਜ਼ਮਾਂ ਦਾ ਅਧਿਕਾਰੀਆਂ ਤੇ ਹਕੂਮਤਾਂ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਸਮਝ
'ਤੇ ਖੜਣ ਅਤੇ ਸੰਘਰਸ਼ 'ਤੇ ਟੇਕ ਰੱਖ ਕੇ ਚੱਲਣ ਵਾਲੇ ਲੰਬੀ ਗਰੁੱਪ ਨਾਲ ਜੁੜੇ ਰਹੇ। ਇਸੇ ਸਮਝ ਅਤੇ
ਅਭਿਆਸ ਸਦਕਾ, 1982 ਵਿਚ ਥਰਮਲ ਫੈਡਰੇਸ਼ਨ ਦੀ ਮੋਹਰੀ ਆਗੂ ਟੀਮ ਵਿਚ ਨਾ ਹੋਣ ਦੇ ਬਾਵਜੂਦ ਵੀ, ਥਰਮਲ
ਪ੍ਰਸ਼ਾਸ਼ਨ ਵੱਲੋਂ ਪੁਲਸ ਕੋਲ ਲਿਖਾਏ ਪਰਚੇ ਵਿਚ ਬਲਵੀਰ ਸਿੰਘ ਦਾ ਨਾਂ ਦਰਜ ਸੀ। ਉਹ ਉਨ੍ਹਾਂ ਦੀ ਅੱਖ
ਦਾ ਰੋੜ ਸੀ।
ਆਵਦੇ ਵਿਚਾਰਾਂ
ਦੀ ਗੁੜ੍ਹਤੀ ਦੇ ਕੇ ਪਾਲੇ ਬੱਚਿਆਂ (ਧੀ ਤੇ ਪੁੱਤ) ਨੂੰ ਪੜਾਈ ਤੇ ਜਿੰਦਗੀ ਦੇ ਮਾਮਲੇ ਵਿਚ ਖੁੱਲੇ
ਮਨ ਨਾਲ ਪੂਰੀ ਖੁੱਲ ਦੇ ਕੇ ਖ਼ੁਦ ਫੈਸਲੇ ਕਰਨ ਦੇ ਯੋਗ ਬਣਾਉਣ ਵਿਚੋਂ ਉਹਨਾਂ ਦੇ ਖਰੇ ਜਮਹੂਰੀ ਵਿਹਾਰ
ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਤੇ ਅਗੋਂ ਬੱਚਿਆਂ ਨੇ ਵੀ ਰੱਖ ਵਿਖਾਈ ਹੈ।
ਲੋਕ ਤੇ ਸਿਰਫ਼
ਲੋਕ ਹੀ ਸਮਾਜ ਦੇ ਸਿਰਜਣਹਾਰ ਹੁੰਦੇ ਹਨ। ਹਰ ਮਸਲਾ ਤੇ ਮੁਸ਼ਕਲ ਲੋਕਾਂ ਦੀ ਜੁੜੀ ਤਾਕਤ ਮੂਹਰੇ ਟਿਕ ਨਹੀਂ ਸਕਦਾ। ਇਸੇ ਸਮਝ
'ਤੇ ਚਲਦਿਆਂ ਉਹਨਾਂ ਨੇ ਸਕੂਲੇ ਪੜਦੀਆਂ ਕਾਲੋਨੀ ਦੀਆਂ ਕੁੜੀਆਂ ਨਾਲ ਬਦਤਮੀਜ਼ੀ ਕਰਦੀ ਮੁੰਡੀਰ ਨੂੰ
ਕਾਲੋਨੀ ਦੀ ਲਾਮਬੰਦੀ ਦੇ ਜ਼ੋਰ ਰੋਕਿਆ। ਕਾਲੋਨੀ ਦੀਆਂ ਗਲੀਆਂ ਵਿੱਚ ਖੜਦਾ ਪਾਣੀ ਕਾਲੋਨੀ ਦੀ ਤਾਕਤ
ਆਸਰੇ ਮਿਉਂਸਪਲ ਕਮੇਟੀ ਤੋਂ ਕਢਵਾਇਆ। ਘਰ ਅੰਦਰ ਡਿਸਪਲੇਅ ਯੂਨਿਟ ਲਾਏ ਬਗੈਰ ਘਰਾਂ ਵਿੱਚੋਂ ਬਿਜਲੀ
ਮੀਟਰ ਬਾਹਰ ਕੱਢਣ ਤੋਂ ਰੋਕਣ ਵਿਚ ਉਹਨਾਂ ਦਾ ਆਗੂ ਰੋਲ ਰਿਹਾ।ਕਾਲੋਨੀ ਵਿੱਚ ਪ੍ਰਦੂਸ਼ਨ ਫੈਲਾਉਣ ਵਾਲਾ
ਟਾਵਰ ਲਾਉਣ ਆਏ ਠੇਕੇਦਾਰ ਨੂੰ ਪੁਲਸ ਦੀ ਹਾਜ਼ਰੀ ਵਿਚ ਹੀ ਉਹਨਾਂ ਦੀ ਅਗਵਾਈ ਵਿਚ ਕਾਲੋਨੀ ਵਾਸੀਆਂ ਨੇ ਭਜਾਇਆ। ਕਾਲੋਨੀ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ
ਨਾਲ ਜ਼ੋੜਣ ਲਈ ਸ਼ਹੀਦੀ ਦਿਹਾੜੇ 'ਤੇ ਰੈਲੀਆਂ ਤੇ ਨਾਟਕ ਕਰਵਾਇਆ ਕਰਦੇ ਸਨ।
ਸ਼ਹੀਦ ਭਗਤ ਸਿੰਘ
ਦੇ ਵਿਚਾਰ ਮੁਲਕ ਦੀ ਸਮਾਜਿਕ ਕਾਇਆ-ਕਲਪੀ ਲਈ ਹੁਣ ਕਿਸਾਨ-ਮਜ਼ਦੂਰ ਮੋਹਰੀ ਸ਼ਕਤੀ ਹਨ, ਨੂੰ ਆਵਦੇ ਅਮਲ
ਵਿਚ ਲਾਗੂ ਕਰਦਿਆਂ ਉਹ ਕਿਸਾਨ ਰੈਲੀਆਂ ਵਿਚ ਛੁੱਟੀ ਲੈ ਕੇ ਹਾਜ਼ਰੀ ਭਰਦੇ ਰਹੇ। ਕਿਸਾਨਾਂ ਉੱਤੇ ਹਕੂਮਤਾਂ
ਵੱਲੋਂ ਢਾਹੇ ਜਬਰ ਖਿਲਾਫ਼ ਉਹ ਥਰਮਲ ਗੇਟ 'ਤੇ ਰੱਖੀ ਰੈਲੀ ਵਿੱਚ ਬੋਲਦੇ ਅਤੇ ਆਵਦੀ ਕਾਲੋਨੀ ਵਿਚ ਰੈਲੀ
ਕਰਦੇ ਤੇ ਕਿਸਾਨਾਂ ਦੀ ਰੈਲੀ ਵਿਚ ਕਾਲੋਨੀ ਤੋਂ ਕੈਂਟਰ ਭਰ ਕੇ ਲਿਜਾਂਦੇ ਰਹੇ। ਕਿਸਾਨੀ ਪਿਛੋਕੜ ਹੁੰਦਿਆਂ
ਵੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਦੀ ਤੇ ਸੰਘਰਸ਼ ਦੀ ਹਮਾਇਤ ਕਰਦੇ ਰਹੇ ਹਨ। ਇਹਨਾਂ ਦੀਆਂ ਰੈਲੀਆਂ ਵਿਚ
ਵੀ ਬਰਾਬਰ ਹਾਜ਼ਰੀ ਭਰਦੇ ਰਹੇ ਹਨ।
ਸਨਅਤੀ ਮਜ਼ਦੂਰਾਂ
ਦੀ ਸਮਾਜਿਕ ਤਬਦੀਲੀ ਵਿਚ ਅਹਿਮ ਭੂਮਿਕਾ ਨੂੰ ਵੇਖਦਿਆਂ ਬਲਵੀਰ ਸਿੰਘ, ਬਠਿੰਡਾ-ਡਬਵਾਲੀ ਰੋਡ 'ਤੇ ਪੰਜਾਬ
ਸਪਿੰਨਿੰਗ ਮਿਲ (ਜਿਥੇ ਹੁਣ ਗਣਪਤੀ ਇਨਕਲੇਵ ਹੈ) ਦੇ ਮਜ਼ਦੂਰਾਂ (ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ)
ਨੂੰ ਮਾਲਕਾਂ ਵੱਲੋਂ ਕੰਮ ਤੋਂ ਕੱਢੇ ਜਾਣ ਖਿਲਾਫ਼ ਸੰਘਰਸ਼ ਕਰ ਰਹੇ ਮਜ਼ਦੂਰਾਂ ਲਈ ਬਠਿੰਡਾ ਦੇ ਵਰਗ ਚੇਤਨਾ
ਮੰਚ ਦੀ ਅਗਵਾਈ ਵਿੱਚ ਚੱਲ ਰਹੇ ਲੰਗਰ ਤੇ ਟੈਂਟ ਵਿਚ ਕਦੇ ਦਿਨ ਕਦੇ ਰਾਤ ਡਿਊਟੀ ਦਿੰਦੇ। ਥਰਮਲ ਮੁਲਾਜ਼ਮਾਂ
ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰ ਕੇ ਉਥੇ ਲਿਜਾਂਦੇ ਤੇ ਆਰਥਿਕ ਮਦਦ ਕਰਵਾਉਂਦੇ।
ਹਕੂਮਤੀ ਤੇ ਫਿਰਕੂ
ਦਹਿਸ਼ਤਗਰਦੀ ਦੇ ਕਾਲੇ ਦੌਰ ਸਮੇਂ ਬਲਵੀਰ ਸਿੰਘ ਦੋਵਾਂ ਦਹਿਸ਼ਤਗਰਦੀਆਂ ਵਿਰੋਧੀ ਲਹਿਰ ਦਾ ਸਹਿਯੋਗ ਦਿੰਦੇ
ਰਹੇ ਅਤੇ ਫਿਰਕੂ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਬੇਕਸੂਰੇ ਲੋਕਾਂ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ।
ਇਹ ਦਹਿਸ਼ਤਗਰਦੀਆਂ ਹਾਕਮਾਂ ਦੀ ਚਾਲ ਹਨ, ਲੋਕ-ਏਕਤਾ ਨੂੰ ਪਾੜਨ, ਗਲਵੱਢ ਭਰਾਮਾਰ ਲੜਾਈ ਵਿੱਚ ਧੱਕਣ
ਤੇ ਜਿੰਦਗੀ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ।ਇਥੇ ਹੀ ਉਹਨਾਂ ਨੇ ਸਮਾਜ ਦੇ ਮੇਹਨਤੀ,
ਕਮਾਊ ਤੇ ਗਰੀਬ ਲੋਕਾਂ ਦੀ ਇਸ ਨਿਜ਼ਾਮ ਤੋਂ ਬੰਦ ਖਲਾਸੀ ਦਾ ਰਾਹ ਫੜ ਲਿਆ।
ਸੇਵਾ, ਸੰਘਰਸ਼,
ਮੁਕਤੀ ਦਾ ਝੰਡਾ ਚੁੱਕ ਤੁਰੇ ਲੋਕ ਮੋਰਚਾ ਪੰਜਾਬ ਦੇ ਮੈਂਬਰ ਬਣ ਕੇ ਉਹਨਾਂ ਨੇ, “ਸਾਡੀ ਧਰਤ ਦੇ ਮਾਲ ਖਜ਼ਾਨੇ, ਚੂੰਡੀ ਜਾਂਦੇ ਦੇਸ਼ ਬਿਗਾਨੇ।“”ਹਾਕਮ ਸਾਮਰਾਜ
ਦੇ ਗੋਲੇ, ਨਸਲ ਬਦੇਸ਼ੀ ਦੇਸੀ ਚੋਲੇ। ਕੱਲੇ ਕੱਲੇ ਮਾਰ ਨਾ ਖਾਓ, ਕੱਠੇ ਹੋ ਕੇ ਅੱਗੇ ਆਓ। ਸਾਮਰਾਜੀਏ
ਸ਼ਾਹੂਕਾਰ, ਕੁੱਟ ਦਬੱਲਣੇ ਜੂਹੋਂ ਪਾਰ। ਜਰੱਈ ਲਹਿਰ ਦੀ ਕਰੋ ਉਸਾਰੀ, ਜੜ੍ਹ ਤੋਂ ਪੁੱਟਦੀ ਭੌਂ-ਸਰਦਾਰੀ।
ਜੜ੍ਹ ਤੋਂ ਪੁੱਟ ਕੇ ਲੋਟੂ ਰਾਜ, ਲੋਕਪੁਗਤ ਦਾ ਬਣੇ ਸਮਾਜ। ਚੋਣਾਂ ਜੋਕਾਂ ਦਾ ਢਕਵੰਜ, ਮੁਕਤੀ ਕਰੂ
ਹੱਕਾਂ ਦੀ ਜੰਗ। ਲੋਕ ਘੋਲ ਦੀ ਕਰੋ ਤਿਆਰੀ, ਕੱਠੀ ਕਰ ਲਓ ਜਨਤਾ ਸਾਰੀ। ਵਰਗੇ ਨਾਹਰਿਆਂ ਨੂੰ ਪ੍ਰਚਾਰ
ਦਾ ਧੁਰਾ ਬਣਾਇਆ। ਇਹ ਪ੍ਰਚਾਰ ਥਰਮਲ ਮੁਲਾਜ਼ਮਾਂ ਅੰਦਰ ਤੇ ਕਾਲੋਨੀ ਵਾਸੀਆਂ ਅੰਦਰ ਲੈ ਕੇ ਜਾਣ ਦੇ ਪੂਰੇ
ਭੇਤੀ ਸਨ ਉਹ। ਸਾਰਾ ਪ੍ਰੀਵਾਰ ਮੋਰਚੇ ਨਾਲ ਜੋੜਿਆ।
ਅੱਜ ਜਦੋਂ ਅਸੀਂ
ਆਪਣੇ ਬਲਵੀਰ ਸਿੰਘ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਜੁੜ ਰਹੇ ਹਾਂ, ਤਾਂ ਸਾਡੇ ਸਾਹਮਣੇ ਮੁਲਕ ਦੀ ਹਾਲਤ
ਵੀ ਆ ਖੜਦੀ ਹੈ। ਮੁਲਕ ਦੇ ਹਾਕਮ, ਮੁਲਕ ਦੇ ਸਾਰੇ ਦੇ ਸਾਰੇ ਮਾਲ-ਖਜ਼ਾਨੇ, ਧਰਤੀ, ਪਾਣੀ, ਮਹਿਕਮੇ,
ਦੁਕਾਨਦਾਰੀਆਂ ਸਾਮਰਾਜ ਦੀ ਝੋਲੀ ਪਾਈ ਜਾ ਰਹੇ ਹਨ। ਰੁਜ਼ਗਾਰ ਦੇਣਾ ਤਾਂ ਕੀ, ਪਹਿਲਾਂ ਵਾਲਾ ਵੀ ਖੋਹਿਆ
ਜਾ ਰਿਹਾ ਹੈ। ਹਾਕਮਾਂ ਦੇ, ਇਹਨਾਂ ਲੋਕ ਤੇ ਮੁਲਕ ਦੋਖੀ ਕਦਮਾਂ ਖਿਲਾਫ਼ ਰੋਸ ਤੇ ਰੋਹ ਫੁਟਦਾ ਹੈ ਤਾਂ
ਹਾਕਮ ਜਬਰ ਦੇ ਸਭ ਸੰਦ (ਪੁਲਸ,ਫੌਜ, ਡਰੋਨ ਬੰਬ, ਬੰਦੂਕਾਂ, ਤੋਪਾਂ, ਸੂਹੀਆ ਤੰਤਰ, ਅਦਾਲਤਾਂ, ਮੀਡੀਆ
ਤੇ ਨਸ਼ੇ ਆਦਿ) ਢੋਹ ਧਰਦਾ ਹੈ। ਜਬਰ ਦੇ ਨਾਲੋ ਨਾਲ ਜਾਤਾਂ ਧਰਮਾਂ, ਇਲਾਕਿਆਂ, ਫਿਰਕਿਆਂ ਦੀ ਤਲਵਾਰ
ਫੜ ਲੋਕ-ਏਕਤਾ ਵਿੱਚ ਲੀਕਾਂ ਖਿੱਚ ਰਿਹਾ ਹੈ।
ਸਾਥੀ ਬਲਵੀਰ ਸਿੰਘ
ਵੱਲੋਂ ਅਖਤਿਆਰ ਕੀਤੀ ਜੀਵਨ-ਜਾਚ, ਨਿਭਾਇਆ ਰੋਲ ਅਤੇ ਰੋਲ ਪਿੱਛੇ ਕੰਮ ਕਰਦੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ
ਵਿਚਾਰ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ। ਮੌਜੂਦਾ ਲੋਟੂ ਨਿਜ਼ਾਮ ਤੋਂ ਲੋਕਾਂ ਦੀ ਮੁਕਤੀ ਚਾਹੁੰਦੇ ਲੋਕੋ
ਆਓ, ਉਹਨਾਂ ਦੇ ਵਿਛੋੜੇ ਦੇ ਅਫਸੋਸ ਤੇ ਗਮ ਨੂੰ ਗੁੱਸੇ ਵਿਚ ਬਦਲੀਏ ! ਇਸ ਨਿਜ਼ਾਮ ਨੂੰ ਬਦਲਣ ਲਈ ਸਾਥੀ
ਬਲਵੀਰ ਸਿੰਘ ਤੋਂ ਪ੍ਰੇਰਨਾ ਲਈਏ ਅਤੇ ਲੋਕਲਹਿਰ ਨੂੰ ਅੱਗੇ ਵਧਾਈਏ। (20.4.2017)
ਵੱਲੋਂ: ਲੋਕ ਮੋਰਚਾ ਪੰਜਾਬ, ਇਕਾਈ ਬਠਿੰਡਾ।
ਪ੍ਰਕਾਸ਼ਕ:
ਸੁਖਵਿੰਦਰ ਸਿੰਘ (ਸੰਪਰਕ ਲਈ: 9417289536)