StatCounter

Sunday, September 8, 2019

ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਹੱਕ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਇੱਕਜੁਟਤਾ ਕਨਵੈਨਸ਼ਨ


ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਹੱਕ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਇੱਕਜੁਟਤਾ ਕਨਵੈਨਸ਼ਨ

ਬਰਨਾਲਾ, 1 ਸਤੰਬਰ – ਲੋਕ ਮੋਰਚਾ ਪੰਜਾਬ ਵੱਲੋਂ ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦਾ ਹੱਕ ਹਾਸਲ ਕਰਨ ਲਈ ਚੱਲ ਰਹੇ ਸੰਘਰਸ਼ ਦੇ ਹੱਕ ਵਿਚ ਡਟਦੇ ਹੋਏ ਸਥਾਨਕ ਦਾਣਾ ਮੰਡੀ ਵਿਖੇ ਸੂਬਾਈ ਇੱਕਜੁਟਤਾ ਕਨਵੈਨਸ਼ਨ ਕੀਤੀ ਗਈ ਅਤੇ ਧੱਕੜ ਭਾਰਤੀ ਰਾਜ ਖਿਲਾਫ ਕਸ਼ਮੀਰੀ ਕੌਮ ਅਤੇ ਬਾਕੀ ਭਾਰਤ ਦੇ ਲੋਕਾਂ ਨੂੰ ਸਾਂਝੀ ਇਨਕਲਾਬੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਅੱਜ ਦੀ ਇਸ ਕਨਵੈਨਸ਼ਨ ਵਿਚ ਵੱਡੀ ਗਿਣਤੀ ਕਿਸਾਨਾਂ, ਮਜਦੂਰਾਂ,ਨੌਜਵਾਨਾਂ, ਵਿਦਿਆਰਥੀਆਂ ਤੇ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ।
ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਧਾਰਾ 370 ਤੋੜਨ ਦੇ ਅਮਲ ਨੇ ਭਾਰਤ ਅੰਦਰ ਨਕਲੀ ਅਜਾਦੀ ਅਤੇ ਝੂਠੀ ਜਮਹੂਰੀਅਤ ਦੀ ਮੁੜ ਪੁਸ਼ਟੀ ਕੀਤੀ ਹੈ। ਅਖੌਤੀ ਜਮਹੂਰੀ ਅਦਾਰਿਆਂ ਲੋਕ ਸਭਾ ਅਤੇ ਰਾਜ ਸਭਾ ਅੰਦਰ ਬਿਨਾਂ ਕਿਸੇ ਗੰਭੀਰ ਬਹਿਸ ਵਿਚਾਰ ਦੇ ਇਹ ਫੈਸਲਾ ਸੁਣਾਇਆ ਅਤੇ ਪਾਸ ਕਰਵਾਇਆ ਗਿਆ ਹੈ। ਵਿਰੋਧ ਕਰਦੇ ਕਸ਼ਮੀਰੀ ਆਗੂਆਂ ਅਤੇ ਹਜ਼ਾਰਾਂ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਕਸ਼ਮੀਰ ਤੋਂ ਬਾਹਰਲੀਆਂ ਜੇਲ੍ਹਾਂ ‘ਚ ਸੁੱਟਿਆ ਗਿਆ ਹੈ। ਅਖਬਾਰਾਂ, ਮੋਬਾਇਲਾਂ, ਇੰਟਰਨੈਟ ਸੇਵਾਵਾਂ ਤੇ ਜਬਰਦਸਤੀ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ। ਦਫਾ 144 ਅਤੇ ਕਰਫਿਊ ਵਰਗੇ ਜਾਬਰ ਕਦਮ ਚੁੱਕੇ ਗਏ ਹਨ। ਰੋਸ ਪ੍ਰਗਟ ਕਰ ਰਹੇ ਲੋਕਾਂ ਨੂੰ ਪੈਲੇਟ ਗੰਨਾਂ ਨਾਲ ਗੰਭੀਰ ਜਖਮੀ ਕੀਤਾ ਗਿਆ। ਇਸ ਦੌਰਾਨ ਇਕ ਨੌਜਵਾਨ ਅਤੇ ਬਜ਼ੁਰਗ ਦੀਆਂ ਹੋਈਆਂ ਮੌਤਾਂ ਨੂੰ ਲੁਕੋਇਆ ਗਿਆ ਹੈ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਸਮੇਤ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਕਸ਼ਮੀਰ ਦੀ ਵਰਤੋਂ ਫਿਰਕੂ ਤੇ ਕੌਮੀ ਸ਼ਾਵਨਵਾਦੀ ਲਾਮਬੰਦੀਆਂ ਲਈ ਕਰਦੀਆਂ ਰਹੀਆਂ ਹਨ। ਮੁਸਲਮਾਨਾਂ ਖਾਸ ਕਰਕੇ ਕਸ਼ਮੀਰੀ ਕੌਮ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਇਹਨਾਂ ਦੇ ਕੌਮੀ ਸੰਘਰਸ਼ ਨੂੰ ਬਦਨਾਮ ਕਰਨ, ਭਾਰਤ ਦੇ ਹੋਰਨਾਂ ਲੋਕਾਂ ਨੂੰ ਕਸ਼ਮੀਰੀ ਅਵਾਮ ਦੇ ਖਿਲਾਫ ਭੜਕਾਉਣ ਅਤੇ ਉਹਨਾਂ ਦੀ ਭਾਈਚਾਰਕ ਸਾਂਝ ‘ਚ ਚੀਰਾ ਦੇਣ ਦਾ ਕੰਮ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਤੌਰ ਤੇ ਕਰਦੀ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕਸ਼ਮੀਰ ‘ਚੋਂ ਧਾਰਾ 35ਏ ਖਤਮ ਕਰਕੇ, ਕਾਰਪੋਰੇਟਾਂ ਦੇ ਅੰਨ੍ਹੀ ਲੁੱਟ ਲਈ ਦਰਵਾਜੇ ਖੋਲ੍ਹ ਦਿੱਤੇ ਗਏ ਹਨ। ਕਸ਼ਮੀਰ ਦੇ ਲੋਕਾਂ ਵਾਂਗ ਬਾਕੀ ਭਾਰਤ ਦੇ ਲੋਕਾਂ ਦੀਆਂ ਜਿੰਦਗੀਆਂ ਦਾ ਘਾਣ ਕਰਨ ਲਈ ਵੀ ਇਹੋ ਭਾਰਤੀ ਰਾਜ ਜੁੰਮੇਵਾਰ ਹੈ।
ਅੱਜ ਦੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਲਾਹਕਾਰ ਐਡਵੋਕੇਟ ਐਨ.ਕੇ.ਜੀਤ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਅੰਦਰ ਜਨਮਤ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਨੂੰ ਭਾਰਤ ਦੇ ਹੋਰ ਰਾਜਾਂ ਨਾਲੋਂ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਲਾਗੂ ਕੀਤੀ ਗਈ ਸੀ, ਪਰ ਪਿਛਲੇ 70 ਸਾਲਾਂ ਦੌਰਾਨ ਜਨਮਤ ਕਰਵਾਉਣ ਦੇ ਵਾਅਦੇ ਤੋਂ ਕਦਮ-ਦਰ-ਕਦਮ ਪਿਛੇ ਹਟਿਆ ਗਿਆ। ਧਾਰਾ 370 ਨੂੰ ਵਾਰ-ਵਾਰ ਖੋਰ ਕੇ ਪੇਤਲਾ ਪਾਇਆ ਗਿਆ ਤੇ ਹੁਣ ਬਿਲਕੁਲ ਭੋਗ ਪਾ ਦਿੱਤਾ ਗਿਆ ਹੈ। ਅੱਜ ਵੀ 7 ਲੱਖ ਦੇ ਕਰੀਬ ਭਾਰਤੀ ਫੌਜ ਨੂੰ ਕਸ਼ਮੀਰੀ ਕੌਮ ਦੀ ਜਨਮਤ ਦੀ ਮੰਗ ਨੂੰ ਰੋਲਣਾ ਅਤੇ ਜਬਰੀ ਕਬਜਾ ਜਮਾ ਕੇ ਰੱਖਣ ਲਈ ਤੈਨਾਤ ਕੀਤਾ ਹੋਇਆ ਹੈ।
ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿਚ ਧੜੱਲੇ ਨਾਲ ਨਿੱਤਰਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਮੁਕਤੀ ਲਈ ਲੜ ਰਹੀ ਕਸ਼ਮੀਰੀ ਕੌਮ ਦੀ ਲਹਿਰ ਅਤੇ ਬਾਕੀ ਭਾਰਤ ਦੀ ਇਨਕਲਾਬੀ ਲਹਿਰ ਦੀ ਸਾਂਝ ਦੀ ਅੱਜ ਬੇਹੱਦ ਲੋੜ ਹੈ। ਲੁੱਟ ਤੇ ਦਾਬੇ ਤੇ ਟਿਕਿਆ ਭਾਰਤੀ ਰਾਜ ਬਦਲਣ ਲਈ ਕਸ਼ਮੀਰ ਅਤੇ ਬਾਕੀ ਭਾਰਤ ਦੇ ਲੋਕਾਂ ਨੂੰ ਇਕਜੁੱਟ ਸੰਘਰਸ਼ ਦੇ ਰਾਹ ਤੇ ਅੱਗੇ ਵਧਣਾ ਚਾਹੀਦਾ ਹੈ। ਅਜਿਹਾ ਇਨਕਲਾਬੀ ਰਾਜ ਉਸਾਰਨ ਦਾ ਕਾਰਜ ਸਭਨਾਂ ਲਿਤਾੜੇ ਲੋਕਾਂ, ਘੱਟ ਗਿਣਤੀਆਂ, ਦਲਿਤਾਂ ਅਤੇ ਦਬਾਈਆਂ ਕੌਮਾਂ ਦਾ ਸਾਂਝਾ ਕਾਰਜ ਹੈ।
ਮੋਰਚੇ ਦੇ ਸੂਬਾ ਕਮੇਟੀ ਮੈਂਬਰ ਸਤਨਾਮ ਦਿਵਾਨਾ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਮੰਗ ਕੀਤੀ ਕਿ ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਜਾਵੇ, ਕਸ਼ਮੀਰ ‘ਚੋਂ ਫੌਜਾਂ ਬਾਹਰ ਕੱਢੀਆਂ ਜਾਣ, ਗਿ੍ਰਫਤਾਰ ਕੀਤੇ ਕਸ਼ਮੀਰੀ ਆਗੂਆਂ ਤੇ ਲੋਕਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ, ਅਫਸਪਾ ਅਤੇ ਪੀ.ਐਸ.ਏ. ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ|

Against Kashmir Occupation

The revolutionary organisation,Lok Morcha Punjab strongly condemns the step of Modi government of abrogation of Article 370 and division of Jammu and Kashmir ,without the consent of its people, into two,making both the regions UTs under direct control of centre government.The steps reiterate the fact that democracy in India is sham and people's will is crushed by armed state power at every step.
The state organising secretary Jagmail Singh and state comm. member Sheerin of the organisation,releasing a press statement on Tuesday said that the Article 370 is not a concession to kashmiris,but an historical agreement which became the basis of Kashmir's decision of temporary accesion with India.In 1947,the promise was given by Indian government to Maharaja Hari Singh to conduct the plebiscite and to stand by the outcome of this plebiscite- whether it be of joining Pakistan,joining India or remaining independent.But Indian state kept turning back from this promise step by step and continued ruling the Kahmir exercising its armed power.The demand of kashmiris of right to self determination,expressed vehmently again and again,has been crushed with bullets,pallet guns,tear gas and all kind of oppressive measures.Now Modi government exhibiting further the fascist chracter of Indian regime,has taken this extremely oppressive,undemocratic and fascist step.
Its not only that the opinion of the people from rest of India has not been taken on this sensative issue,but the Kashmiris,whose fate is being determined,are kept away from decision making and every step is taken to supress their voice.Preplanned anticipatory measures have been taken to bludgeon their resistence.Valley saw internet ,phone and mobile services snapped,Kashmiri leaders arrested,tourists ordered to go back,article 144 imposed,terror spread with rumors of terrorist attack,Kashmir turned into an open jail and addition of 10000 troops to existing strength of about 7 lac armed forces.These steps clearly reflect the undemocratic and autocratic chracter of Indian state.
The organisation expressing solidarity with kashmiri people demanded withdrawl of army from the valley,reinstatement of article 370,right to self determination and repeal of AFSPA.
In past,Modi government has been trying to use Kashmir agenda for its narrow poltical ends.Efforts have been made to antagonise people from rest of India against Kashmiris by communal and national chauvenistic mobilisations.The Lok Morcha Punjab leaders cautioned people against such efforts and called upon them to hail the right of Kashmiris of self determination and give determined fight against abolition of Article 370.The leaders also called upon kashmiris to become a part of people's revolutionary movement and join toiling masses of rest of the India to thwart the semi colonial-semi feudal Indian regime which is the root of all oppression,injustice and exploitation.

ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਅਤੇ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ;

ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਅਤੇ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ;ਕਸ਼ਮੀਰੀ ਅਤੇ ਭਾਰਤੀ ਲੋਕਾਂ ਦੀ ਸੰਗਰਾਮੀ ਜੋਟੀ ਨਾਲ ਲੁੱਟ ,ਦਾਬੇ ਅਤੇ ਵਿਤਕਰੇ ਤੇ ਟਿਕਿਆ ਭਾਰਤੀ ਰਾਜ ਪ੍ਰਬੰਧ ਬਦਲਣ ਦੇ ਰਾਹ ਤੁਰੋ

ਦੋ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਇੱਕ ਸਾਂਝੇ ਬਿਆਨ ਰਾਹੀਂ ਕਸ਼ਮੀਰੀ ਲੋਕਾਂ ਦੀ ਰਜ਼ਾ ਨੂੰ ਦਰ ਕਿਨਾਰ ਕਰਕੇ ਧਾਰਾ 370 ਦੇ ਖਾਤਮੇ ਅਤੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਿੱਧੇ ਕੇਂਦਰੀ ਕੰਟਰੋਲ ਹੇਠ ਲਿਆਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ|ਇਨ੍ਹਾਂ ਕਦਮਾਂ ਨੇ ਇੱਕ ਵਾਰ ਫੇਰ ਭਾਰਤ ਅੰਦਰ ਨਕਲੀ ਆਜ਼ਾਦੀ ਅਤੇ ਝੂਠੀ ਜਮਹੂਰੀਅਤ ਦੀ ਪੁਸ਼ਟੀ ਕੀਤੀ ਹੈ ਜਿੱਥੇ ਲੋਕਾਂ ਦੀ ਰਜ਼ਾ ਤੇ ਹਿਤਾਂ ਤੋਂ ਉਲਟ ਫੈਸਲੇ ਫੌਜੀ ਤਾਕਤ ਦੇ ਜੋਰ ਮੜ੍ਹੇ ਜਾਂਦੇ ਹਨ|
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਸ੍ਰੀ ਕੰਵਲਜੀਤ ਖੰਨਾ ਅਤੇ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਅਤੇ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਢੰਗ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਤੇ ਗੈਰ ਜਮਹੂਰੀ ਕਿਰਦਾਰ ਦੀ ਜ਼ਾਹਰਾ ਨੁਮਾਇਸ਼ ਹਨ|ਨਾ ਸਿਰਫ਼ ਭਾਰਤ ਦੇ ਹੋਰਨਾਂ ਲੋਕਾਂ ਨੂੰ ਬਲਕਿ ਜਿਹਨਾਂ ਕਸ਼ਮੀਰੀਆਂ ਦੀ ਹੋਣੀ ਦਾ ਫੈਸਲਾ ਹੋ ਰਿਹਾ ਹੈ ਉਨ੍ਹਾਂ ਨੂੰ ਵੀ ਇਸ ਸੰਵੇਦਨਸ਼ੀਲ ਫੈਸਲੇ ਤੇ ਪੁੱਜਣ ਦੇ ਅਮਲ ਤੋਂ ਪੂਰੀ ਤਰਾਂ ਬਾਹਰ ਰੱਖਿਆ ਗਿਆ ਹੈ|ਕਸ਼ਮੀਰੀ ਲੋਕਾਂ ਦੀ ਮੁਕੰਮਲ ਜੁਬਾਨਬੰਦੀ ਕਰਕੇ ,ਦਹਿਸ਼ਤ ਦਾ ਮਾਹੌਲ ਸਿਰਜ ਕੇ ਸਾਜ਼ਿਸ਼ੀ ਤਰੀਕੇ ਨਾਲ ਫ਼ੈਸਲਾ ਲਿਆ ਤੇ ਲਾਗੂ ਕੀਤਾ ਗਿਆ ਹੈ|ਇਹ ਕਸ਼ਮੀਰੀਆਂ ਨਾਲ ਰਾਇਸ਼ੁਮਾਰੀ ਦੇ ਕੀਤੇ ਵਾਅਦੇ ਦੀ ਮੁਕੰਮਲ ਉਲੰਘਣਾ ਹੈ | ਇਸ ਖਿੱਤੇ ਅੰਦਰ ਪਸਾਰਵਾਦੀ ਲਾਲਸਾਵਾਂ ਤਹਿਤ ਭਾਰਤੀ ਹਾਕਮਾਂ ਵੱਲੋਂ ਲਗਾਤਾਰ ਇਸ ਇਤਿਹਾਸਕ ਵਾਅਦੇ ਤੋਂ ਪਿੱਠ ਭੁਆਈ ਜਾਂਦੀ ਰਹੀ ਹੈ ਅਤੇ ਇਸ ਵਾਅਦਾ ਖਿਲਾਫ਼ੀ ਵਿੱਚ ਸਾਰੀਆਂ ਵੋਟ ਬਟੋਰੂ ਸਿਆਸੀ ਧਿਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੱਸੇਦਾਰ ਬਣੀਆਂ ਹਨ| ਪਹਿਲਾਂ ਕਾਂਗਰਸ ਪਾਰਟੀ ਵੱਲੋਂ ਧਾਰਾ 370 'ਚ ਵਾਰ ਵਾਰ ਸੋਧਾਂ ਕਰਕੇ ਇਸ ਨੂੰ ਲੱਗਭਗ ਖੋਰ ਦਿੱਤਾ ਗਿਆ ਸੀ ਉੱਥੇ ਹੁਣ ਭਾਜਪਾ ਵੱਲੋਂ ਇਸ ਦਾ ਕੀਰਤਨ ਸੋਹਲਾ ਪੜ੍ਹ ਦਿੱਤਾ ਗਿਆ ਹੈ|ਸੂਬਿਆਂ ਦੇ ਵੱਧ ਅਧਿਕਾਰਾਂ ਦਾ ਢੰਡੋਰਾ ਪਿੱਟਣ ਵਾਲੀਆਂ ਖੇਤਰੀ ਪਾਰਟੀਆਂ ਅਕਾਲੀ ਦਲ ਬਾਦਲ, ਬੀਜੂ ਜਨਤਾ ਦਲ, ਅੰਨਾ ਡੀਐਮਕੇ ,ਤੇਲਗੂ ਦੇਸਮ ਸਮੇਤ ਆਪ ਅਤੇ ਬਸਪਾ ਵਰਗੀਆਂ ਪਾਰਟੀਆਂ ਨੇ ਪੂਰੀ ਤਰ੍ਹਾਂ ਇਸ ਧੱਕੜ ਫੈਸਲੇ ਦੇ ਹੱਕ ਵਿੱਚ ਭੁਗਤਕੇ ਆਪਣੇ ਲੋਕ ਦੋਖੀ ਮੌਕਾਪ੍ਰਸਤ ਕਿਰਦਾਰ ਦੀ ਨੁਮਾਇਸ਼ ਲਾਈ ਹੈ|ਭਾਜਪਾ ਹਕੂਮਤ ਦਾ ਇਹ ਕਦਮ ਉਸ ਵੱਲੋਂ ਵਿੱਢੇ ਹੋਏ ਫਿਰਕੂ ਫਾਸ਼ੀ ਹੱਲੇ ਦਾ ਅੰਗ ਹੈ ਜਿਸ ਤਹਿਤ ਮੁਲਕ ਭਰ ਵਿੱਚ ਫਿਰਕੂ ਰਾਸ਼ਟਰਵਾਦ ਤੇ ਅੰਨ੍ਹੇ ਕੌਮੀ ਹੰਕਾਰ ਦੇ ਨਾਅਰਿਅਾਂ ਦੁਆਲੇ ਪਿਛਾਖੜੀ ਲਾਮਬੰਦੀਆਂ ਦਾ ਸਿਲਸਿਲਾ ਚਲਾਇਆ ਹੋਇਆ ਹੈ| ਦਬਾਈਆਂ ਕੌਮੀਅਤਾਂ , ਧਾਰਮਿਕ ਘੱਟ ਗਿਣਤੀਆਂ, ਆਦਿਵਾਸੀ ਤੇ ਦਲਿਤ ਹਿੱਸੇ ਇਸ ਹਮਲੇ ਦੀ ਸਭ ਤੋਂ ਤਿੱਖੀ ਮਾਰ ਹੇਠ ਹਨ|
ਕਸ਼ਮੀਰੀ ਅਵਾਮ ਵੱਲੋਂ ਸਵੈ ਨਿਰਣੇ ਦੇ ਹੱਕ ਲਈ ਅਤੇ ਭਾਰਤੀ ਹਾਕਮ ਜਮਾਤਾਂ ਦੀ ਵਾਅਦਾ ਖਿਲਾਫ਼ੀ ਖਿਲਾਫ਼ ਵਾਰ ਵਾਰ ਆਵਾਜ਼ ਉਠਾਈ ਜਾਂਦੀ ਰਹੀ ਹੈ ਜਿਸ ਨੂੰ ਭਾਰਤੀ ਹਕੂਮਤ ਫੌਜੀ ਬਲ ਦੇ ਜ਼ੋਰ ਨਜਿੱਠਦੀ ਆਈ ਹੈ|ਦਹਾਕਿਆਂ ਬੱਧੀ ਦੇ ਫ਼ੌਜੀ ਜਬਰ ਨੇ ਕਸ਼ਮੀਰੀ ਅਵਾਮ ਅੰਦਰ ਭਾਰਤ ਪ੍ਰਤੀ ਬੇਗ਼ਾਨਗੀ ਦਾ ਸੰਚਾਰ ਹੀ ਕੀਤਾ ਹੈ ,ਭਾਰਤੀ ਫੌਜੀ ਬਲਾਂ ਅਤੇ ਭਾਰਤੀ ਹਕੂਮਤ ਪ੍ਰਤੀ ਬੇਅਥਾਹ ਨਫ਼ਰਤ ਜਗਾਈ ਹੈ ਤੇ ਕਸ਼ਮੀਰੀ ਵਿਦਰੋਹ ਨੂੰ ਹੋਰ ਬਲ ਬਖਸ਼ਿਆ ਹੈ|ਕਸ਼ਮੀਰ ਅੰਦਰ ਲਗਭਗ 30 ਸਾਲ ਤੋਂ ਲਾਗੂ ਅਫ਼ਸਪਾ, ਸੱਤ ਲੱਖ ਹਥਿਆਰਬੰਦ ਫੌਜੀ ਬਲਾਂ ਅਤੇ ਸਿਰੇ ਦੇ ਵਹਿਸ਼ੀ ਜਬਰ ਨੇ ਕਸ਼ਮੀਰੀ ਲੋਕਾਂ ਦੇ ਰੋਹ ਨੂੰ ਹੋਰ ਅਡੀ ਲਾਈ ਹੈ| ਅਤੇ ਮੌਜੂਦਾ ਕਦਮ ਵੀ ਭਾਰਤੀ ਰਾਜ ਦੇ ਦਬਾੳੂ ਅਮਲਾਂ ਦਾ ਸਿਖਰ ਹੈ ਜਿਸਨੇ ਕਸ਼ਮੀਰੀ ਅਵਾਮ ਅੰਦਰ ਹੋਰ ਵਧੇਰੇ ਰੋਹ ਤੇ ਬੇਗਾਨਗੀ ਦਾ ਸੰਚਾਰ ਕਰਨਾ ਹੈ|
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਮੁਲਕ ਭਰ ਦੇ ਕਿਰਤੀ ਲੋਕਾਂ ਨੂੰ ਸਦਾ ਦਿਤਾ ਕਿ ੳੁਹ ਭਾਰਤੀ ਰਾਜ ਵਲੋਂ ਜਬਰ ਦੇ ਜੋਰ ਕਸ਼ਮੀਰੀ ਕੌਮ ਨੂੰ ਭਾਰਤ ਵਿੱਚ ਰਲਾਉਣ ,ਉਨ੍ਹਾਂ ਦਾ ਸਵੈ ਨਿਰਣੇ ਦਾ ਹੱਕ ਮੇਸਣ ਅਤੇ ਕਸ਼ਮੀਰੀ ਲੋਕਾਂ ਦੀ ਰਜ਼ਾ ਅਤੇ ਹਿਤਾਂ ਦਾ ਘਾਣ ਕਰਨ ਖਿਲਾਫ ਆਵਾਜ਼ ਬੁਲੰਦ ਕਰਨ | ਕਸ਼ਮੀਰ ਵਿੱਚੋਂ ਅਫਸਪਾ ਹਟਾਉਣ ,ਫੌਜੀ ਬਲਾਂ ਨੂੰ ਫੌਰੀ ਬਾਹਰ ਕੱਢਣ ,ਧਾਰਾ ਤਿੰਨ ਸੌ ਸੱਤਰ ਬਹਾਲ ਕਰਨ ਅਤੇ ਸਵੈ ਨਿਰਣੇ ਦੇ ਹੱਕ ਦੀ ਜ਼ਾਮਨੀ ਕਰਨ ਦੀ ਮੰਗ ਕਰਨ |ਉਨ੍ਹਾਂ ਕਿਹਾ ਕਿ ਲੁੱਟ ,ਜਬਰ ,ਦਾਬੇ ਅਤੇ ਵਿਤਕਰੇ 'ਤੇ ਉਸਰਿਆ ਇਹ ਲੁਟੇਰਾ ਭਾਰਤੀ ਰਾਜ ਪ੍ਰਬੰਧ ਬਦਲ ਕੇ ਖਰਾ ਜਮਹੂਰੀ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਜਦੋਜਹਿਦ ਕਸ਼ਮੀਰੀ ਲੋਕਾਂ ਤੇ ਬਾਕੀ ਮੁਲਕ ਦੇ ਕਿਰਤੀ ਲੋਕਾਂ ਦੀ ਸਾਂਝੀ ਜੱਦੋ ਜਹਿਦ ਹੈ | ਭਾਰਤ ਦੇ ਕਿਰਤੀ ਲੋਕਾਂ ਤੇ ਦਬਾਈਆਂ ਕੌਮਾਂ ਦੇ ਸਾਂਝੇ ਸੰਗਰਾਮ ਰਾਹੀਂ ਅਜਿਹੇ ਲੋਕ ਪੱਖੀ ਰਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ ਜਿੱਥੇ ਸਭਨਾਂ ਕੌਮਾਂ ਨੂੰ ਰਲ ਕੇ ਰਹਿਣ ਜਾਂ ਵੱਖ ਹੋਣ ਦਾ ਹੱਕ ਪਗਾੳੁਣ ਦੀ ਆਜ਼ਾਦੀ ਹੋਵੇਗੀ | ਉਨ੍ਹਾਂ ਕਸ਼ਮੀਰੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੁਟੇਰੇ ਭਾਰਤੀ ਰਾਜ ਖਿਲਾਫ ਭਾਰਤੀ ਕਿਰਤੀ ਲੋਕਾਂ ਦੇ ਇਨਕਲਾਬੀ ਸੰਗਰਾਮਾਂ ਨਾਲ਼ ਮਜਬੂਤ ੲੇਕਾ ੳੁਸਾਰਨ | ਇਹ ਸਾਂਝਾ ਸੰਗਰਾਮ ਹੀ ਅੰਤ ਨੂੰ ਉਨ੍ਹਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਪਗਾਉਣ ਦੀ ਜਾਮਨੀ ਬਣੇਗਾ|

ਫਰੀਦਕੋਟ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੇ ਮਾਮਲੇ ਤੇ

ਫਰੀਦਕੋਟ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੇ ਮਾਮਲੇ ਤੇ ਬਣੀ ਐਕਸ਼ਨ ਕਮੇਟੀ ਦੇ ਸੰਘਰਸ਼ ਤੇ ਰੋਸ ਮਾਰਚ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਪੁਲਿਸ ਦੇ ਵਹਿਸ਼ੀ ਕਾਰੇ ਦੀ ਅਤੇ ਮਗਰੋਂ ਦੇ ਮੁਜਰਮਾਨਾ ਵਿਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਮੂਹ ਲੋਕਾਂ ਨੂੰ ਇਨਸਾਫ ਦੀ ਇਸ ਲੜਾਈ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ|
ਮੋਰਚੇ ਦੇ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਭਾਰਤ ਅੰਦਰ ਝੂਠੀ ਜਮਹੂਰੀਅਤ ਦੀ ਮੁੜ ਤੋਂ ਪੁਸ਼ਟੀ ਕੀਤੀ ਹੈ|ਪੁਲਸ ਹਿਰਾਸਤ ਅੰਦਰ ਅਣ ਮਨੁੱਖੀ ਮੌਤ ,ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਘਟਨਾ,ਲਾਸ਼ ਲੱਭਣ ਵਿੱਚ ਕੀਤੀ ਜਾ ਰਹੀ ਸੋਚੀ ਸਮਝੀ ਅਤੇ ਮੁਜਰਮਾਨਾ ਕੁਤਾਹੀ ਦਾ ਕੁੱਲ ਘਟਨਾ ਕਰਮ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਜਮਹੂਰੀ ਹੱਕਾਂ ਪ੍ਰਤੀ ਹਕੂਮਤੀ ਸਰੋਕਾਰ ਦੀ ਹਕੀਕੀ ਤਸਵੀਰ ਪੇਸ਼ ਕਰਦਾ ਹੈ|ਇਸ ਪ੍ਰਬੰਧ ਅੰਦਰ ਲੋਕਾਂ ਦੀ ਕੋਈ ਸੁਣਵਾਈ ਨਾ ਹੋਣ ਦੀ ਪੁਸ਼ਟੀ ਕਰਦਾ ਹੈ|ਪੁਲਿਸ ਨਾ ਸਿਰਫ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੀ ਜ਼ਿੰਮੇਵਾਰ ਹੈ ਸਗੋਂ ਹੁਣ ਉਹਦੇ ਵੱਲੋਂ ਪਰਿਵਾਰ ਅਤੇ ਲੋਕਾਂ ਦੇ ਸਰੋਕਾਰਾਂ ਵਿਰੁੱਧ ਭੁਗਤ ਕੇ ਸਬੂਤ ਨਸ਼ਟ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਜਦੋ ਜਹਿਦ ਕੀਤੀ ਜਾ ਰਹੀ ਹੈ|ਸਰਕਾਰ ਵੱਲੋਂ ਇਸ ਮਾਮਲੇ ਤੇ ਨਿਭਾਇਆ ਜਾ ਰਿਹਾ ਮੂਕ ਦਰਸ਼ਕ ਦਾ ਰੋਲ ਹਕੀਕਤ ਵਿੱਚ ਮੁਜਰਮਾਂ ਦੀ ਪੁਸ਼ਤ ਪਨਾਹੀ ਦਾ ਰੋਲ ਹੈ|ਬੀਤੇ ਦੌਰਾਂ ਅੰਦਰ ਪੁਲਿਸ ਨੂੰ ਜਮਹੂਰੀ ਹੱਕਾਂ ਦੇ ਘਾਣ ਦੀਆਂ ਦਿੱਤੀਆਂ ਛੋਟਾਂ ਅਤੇ ਜਵਾਬਦੇਹੀ ਤੋਂ ਸੁਰੱਖਿਆ ਨੇ ਪੁਲਿਸ ਅੰਦਰ ਮੁਜਰਮਾਨਾ ਬਿਰਤੀਆਂ ਨੂੰ ਉਤਸ਼ਾਹਤ ਕੀਤਾ ਹੈ ਜਿਸ ਦੀਆਂ ਅਨੇਕਾਂ ਮਿਸਾਲਾਂ ਅੱਜ ਵੀ ਵੱਖ ਵੱਖ ਥਾਈਂ ਸਾਹਮਣੇ ਆਉਂਦੀਆਂ ਹਨ|
ਮੋਰਚੇ ਦੇ ਸਕੱਤਰ ਨੇ ਫ਼ਰੀਦਕੋਟ ਅੰਦਰ ਸੱਤ ਵਰ੍ਹੇ ਪਹਿਲਾਂ ਵਾਪਰੀ ਗੁੰਡਾਗਰਦੀ ਦੀ ਘਟਨਾ ਖ਼ਿਲਾਫ਼ ਹੋਈ ਲੋਕਾਂ ਦੀ ਵਿਆਪਕ ਲਾਮਬੰਦੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਹੈ ਜਦੋਂ ਲੋਕਾਂ ਦੇ ਜ਼ੋਰਦਾਰ ਵਿਰੋਧ ਸਦਕਾ ਹਕੂਮਤ ਨੂੰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਮਜਬੂਰ ਹੋਣਾ ਪਿਆ ਸੀ|ਉਸੇ ਧੜੱਲੇ ਅਤੇ ਏਕਤਾ ਨਾਲ ਪੁਲਿਸ ਦੀ ਇਸ ਗੁੰਡਾਗਰਦੀ ਵਿਰੁੱਧ ਆਵਾਜ਼ ਉਠਾ ਕੇ ਹੀ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕਦਾ ਹੈ ਅਤੇ ਕਤਲ ਦੇ ਮੁਜਰਮਾਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਦੀਆਂ ਹਨ|ਲੋਕ ਮੋਰਚਾ ਪੰਜਾਬ ਨੇ ਐਕਸ਼ਨ ਕਮੇਟੀ ਵੱਲੋਂ ਉਲੀਕੇ ਗਏ ਪੰਜ ਜੂਨ ਦੇ ਰੋਸ ਪ੍ਰਦਰਸ਼ਨ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ|

ਮੀਮਸਾ ਵਿੱਚ ਮਜ਼ਦੂਰ ਆਗੂਆਂ ਤੇ ਹੋਏ ਜਬਰ ਖਿਲਾਫ

ਅੱਜ ਲੋਕ ਮੋਰਚਾ ਪੰਜਾਬ ਵੱਲੋਂ ਮੀਮਸਾ ਵਿੱਚ ਮਜ਼ਦੂਰ ਆਗੂਆਂ ਤੇ ਹੋਏ ਜਬਰ ਖਿਲਾਫ ਪਿੰਡ ਭੋਤਨਾ (ਬਰਨਾਲਾ) ਦੇ ਖੇਤ ਮਜ਼ਦੂਰਾਂ ਵਿੱਚ ਰੋਸ ਰੈਲੀ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ ।ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਆਗੂ ਸਤਿਨਾਮ ਦੀਵਾਨਾਂ ਨੇ ਕਿਹਾ ਕਿ ਅੱਜ ਚਾਹੇ ਅਸੀਂ ਪੰਚਾਇਤੀ ਜਮੀਨ ਵਿੱਚੋਂ ਆਪਣਾ ਬਣਦਾ ਕਨੂੰਨੀ ਤੌਰ ਤੇ ਹੱਕ ਲੈਣ ਖਾਤਰ ਲੜ ਰਹੇ ਹਾ ਪਰ ਗੱਲ ਇੱਥੇ ਖਤਮ ਨਹੀਂ ਹੋਣੀ ।ਜਿੰਨੀ ਦੇਰ ਤੱਕ ਅਸੀਂ ਸਾਰੀ ਦੀ ਸਾਰੀ ਜਮੀਨ ਦੀ ਵੰਡ ਖਾਤਰ ਆਪਣੇ ਸੰਘਰਸ਼ਾਂ ਨੂੰ ਵਿਸਾਲ ਤੇ ਤੇਜ ਨਹੀਂ ਕਰਦੇ ਉਹਨਾਂ ਚਿਰ ਸਾਡੇ ਘਰਾਂ ਵਿਚ ਜੋ ਗਰੀਬੀ ਦੀ ਬਿਮਾਰੀ ਹੈ ਉਹ ਖਤਮ ਨਹੀਂ ਹੋ ਸਕਦੀ ਉਹਨਾਂ ਚਿਰ ਸਾਡੀ ਮੁਕਤੀ ਨਹੀਂ ਹੋ ਸਕਦੀ ।ਸਤਿਨਾਮ ਦੀਵਾਨਾ ਨੇ ਕਿਹਾ ਚਾਹੇ ਕਨੂੰਨ ਮੁਤਾਬਕ ਪੰਚਾਇਤੀ ਜਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਨ ਲਈ ਸਿਫਰ ਮਜ਼ਦੂਰਾਂ ਲਈ ਹੈ।ਪਰ ਪਿੰਡਾਂ ਦੇ ਧਨਾਢ ਚੌਧਰੀ ਹੀ ਕਿਸੇ ਬੇਬੱਸ ਮਜਦੂਰ ਦੇ ਨਾਮ ਜ਼ਮੀਨ ਦੀ ਬੋਲੀ ਦੇ ਕੇ ਵਾਹੀ ਕਰੀ ਜਾਂਦੇ ਹਨ ।ਹੁਣ ਜਿੱਥੇ ਵੀ ਕਿਤੇ ਮਜਦੂਰ ਜੱਥੇਬੰਦ ਹੋ ਕੇ ਆਪਣੇ ਇਸ ਹੱਕ ਦੀ ਮੰਗ ਕਰਨ ਲੱਗੇ ਹੋਏ ਹਨ ਓਥੇ ਪਿੰਡਾਂ ਦੇ ਧਨਾਢ ਚੌਧਰੀਆਂ ਵੱਲੋਂ ਮੀਮਸਾ ਵਰਗੇ ਕਾਂਡ ਰਚਾਏ ਜਾਂਦੇ ਹਨ ।ਸਾਨੂੰ ਇਹ ਜਾਬਰ ਹਮਲਿਆਂ ਦਾ ਮੂੰਹ ਤੋੜਮਾ ਜਵਾਬ ਦੇਣਾ ਪੈਣਾ । 1947 ਤੋਂ ਬਾਅਦ ਚਾਹੇ ਸਾਡੇ ਦੇਸ਼ ਦੇ ਹਾਕਮਾਂ ਨੇ ਸਮਾਜਵਾਦ ਦੇ ਨਾਰੇ ਬਹੁਤ ਲਾਏ ।ਕਿਸਾਨਾਂ-ਮਜਦੂਰਾ ਵਿੱਚ ਜਮੀਨ ਵੰਡਣ ਦੀਆ ਗੱਲਾਂ ਕਰਦੇ ਰਹੇ ਪਰ ਹਕੀਕਤ ਸਾਡੇ ਸਾਰਿਆਂ ਦੇ ਸਾਹਮਣੇ ਹੈ ।1952-53 ਦੇ ਅੰਕੜਿਆਂ ਮੁਤਾਬਕ 2 ਲੱਖ ਏਕੜ ਜ਼ਮੀਨ ਵਾਧੂ ਵੰਡਣ ਵਾਲੀ ਪਈ ਸੀ ਜਿਸ ਵਿੱਚੋਂ 83 ਫੀਸਦੀ ਤਾਂ ਵੰਡੀ ਹੀ ਨਹੀਂ ਜਿਹੜੀ 17ਫੀਸਦੀ ਜਮੀਨ ਵੰਡਣ ਦਾ ਨਾਟਕ ਕੀਤਾ ਉਹ ਵੀ ਆਪਣੇ ਚਹੇਤਿਆਂ ਨੂੰ ਹੀ ਦਿੱਤੀ ।ਉਸ ਤੋਂ ਬਾਅਦ ਜਮੀਨ ਦੀ ਵੰਡ ਖਾਤਰ ਸੰਘਰਸ਼ ਲਗਾਤਾਰ ਜਾਰੀ ਰਹੇ ।1972 ਚਾ ਫਿਰ ਇਹਨਾਂ ਹਾਕਮਾਂ ਨੇ ਜਮੀਨ ਦੀ ਵੰਡ ਕਨੂੰਨ ਬਣਾ ਕੇ 1ਲੱਖ ਏਕੜ ਜ਼ਮੀਨ ਵਾਧੂ ਵੰਡਣ ਵਾਲੀ ਦਿਖਾਈ ।ਜਿਸ ਵਿੱਚੋਂ ਸਿਰਫ਼ 1440 ਏਕੜ ਜ਼ਮੀਨ ਹੀ ਕਿਸਾਨਾਂ ਮਜ਼ਦੂਰਾਂ ਚ ਵੰਡੀ ਗਈ ।ਬਾਕੀ ਬਚਦੀ ਸਾਰੀ ਜਮੀਨ ਇਸ ਜਮੀਨੀ ਵੰਡ ਕਨੂੰਨ ਵਿੱਚ 13ਅਜਿਹੀਆਂ ਚੋਰ-ਮੋਰੀਆਂ ਰੱਖ ਕੇ ਜਮੀਨ ਸੁਸਾਇਟੀਆਂ ,ਛੱਪੜਾਂ ,ਸਾਮਲਾਟਾਂ, ਬਾਗਾਂ ਆਦਿ ਦੇ ਨਾਮ ਲਵਾ ਦਿੱਤੀ ।ਜਿੰਨਾਂ ਤੇ ਪਿੰਡਾਂ ਦੇ ਧਨਾਢ ਚੌਧਰੀਆਂ ਦਾ ਹੀ ਕਬਜ਼ਾ ਹੈ। ਇਸ ਕਰਕੇ ਇਹਨਾਂ ਧਨਾਢ ਲੋਕਾਂ ਤੋਂ ਜਮੀਨ ਖੋ ਕੇ ਜਬਤ ਕਰਕੇ ਸਾਰੀ ਜਮੀਨ ਵੰਡਣ ਦਾ ਸੁਆਲ ਹੈ ।ਜਿੱਥੇ ਅਸੀਂ ਆਪਣੀ ਲਾਮਬੰਦੀ ਵੱਡੀ ਗਿਣਤੀ ਕਰਨੀ ਹੈ ਓਥੇ ਅਸੀਂ ਜਮੀਨਾ ਦੀ ਵੰਡ ਖਾਤਰ ਚੱਲ ਰਹੇ ਸੰਘਰਸ਼ਾਂ ਵਿੱਚ ਚਾਹੇ ਉਹ ਸੰਘਰਸ਼ ਕਿਸੇ ਵੀ ਇਲਾਕੇ, ਪਿੰਡ, ਜਾ ਜਿਲੇ ਵਿੱਚ ਹੋਣ ਉਸ ਸੰਘਰਸ਼ ਦੀ ਵੱਧ ਤੋਂ ਵੱਧ ਹਮਾਇਤ ਵੀ ਕਰਨੀ ਹੈ।ਜਿਵੇ ਪਿੰਡ ਮੀਮਸਾ ਵਿੱਚ ਮਜ਼ਦੂਰ ਆਗੂਆਂ ਤੇ ਜੋ ਪੰਚਾਇਤੀ ਜ਼ਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਦੀ ਮੰਗਦੇ ਸੀ ਉਹਨਾਂ ਤੇ ਧਨਾਢਾ ਨੇ ਜਬਰ ਢਾਹਿਆ ਉਸ ਜਬਰ ਖਿਲਾਫ ਧੂਰੀ ਵਿਖੇ 1ਜੁਲਾਈ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇੱਕਠ ਹੋ ਰਿਹਾ ਹੈ ਉਸ ਵਿੱਚ ਵੀ ਸਾਨੂੰ ਵੱਧ ਤੋਂ ਵੱਧ ਪਹੁੰਚ ਕੇ ਹਮਾਇਤ ਕਰਨੀ ਚਾਹੀਦੀ ਹੈ ।

Build The Revolutionary Alternetive

Two revolutionary organisations of Punjab, Lok Morcha Punjab and Inqlabi Kendar Punjab, organised a confrence on 16 May at Shakti Kala Mandir Barnala at the culmination of the campaign“ Build the Revolutionary Alternative”. The organisations called upon the people that instead of looking towards the ruling parties to solve their basic problems, they should organise themselves and struggle to establish a pro-people socio-political and economic system. Exposing the political extravaganza of electoral process the state leaders of both organisations Kanwaljit Khanna, Jagmail Singh, Mukhtiar Singh Poohla and Sheerin said that like several previous elections the present election is neither concerned with the basic issues of the people nor it aims to bring any qualitative change in the lives of people. In reality, the elections are a tool to divert the attention of people from their basic issues and to resolve the contention between different sections of capitalists, Feudal Lords and Landlords, to decide the next ruler of the country and to provide justification and authenticity to this rule by using people as mere stamps. These elections aim to get a stamp of approval for the policies of ruling classes which actually serve the interests of capitalists, Feudal Lords and big Landlords. To achieve this target, all the parliamentary parties tend to ignore the real issues of toiling masses. In present elections these parties are trying to divert the attention of people towards the futile issues of nationalism and internal security on one hand and towards petty economic benefits or the danger to the democracy on the other. The bogus claims of development by the parties, in reality, are aimed to open the doors of economy for the imperialists and big capitalists to gain huge profits. All the political parties claim that the panacea for all the ills of contemporary India, are the policies of Globalisation, Liberalisation and Privatisation, however, these very policies are responsible for all the problems of common people.
The leaders said that, to bring a basic qualitative change and prosperity in the lives of toiling people, there is a dire need to completely change the present anti-people regime. This change can’t be brought out by the electoral process, but, only by constructing people’s power through their popular struggles in the light of the revolutionary path shown by Shaheed Bhagat Singh. Only the conscious and organised force of masses has the capacity to establish the real democracy and is capable of guarding it. Today, there is a strong need, to end the plunder of the country by the imperialists and capitalists, to implement the land reforms and redistribution of land, to end the usury, to come out of all the unequal treaties with the imperial countries, to fill up the treasury by imposing direct taxes on big corporates and companies and to put a bar on their huge profits. These steps can be implemented only by the strength of the organised people. The people have their own organisations which are the alternative to the organisational structures of ruling classes and these organisations have the capacity to bring the basic change in the society if they are provided with the correct revolutionary guidance. Both the organisations held this campaign to perform this task of providing the revolutionary alternative to the people.
The speakers said that the clamour of second or third alternative by the parliamentary parties at present is fictitious and they all serve the interests of the ruling classes. They termed the elections, an attack on the class-unity of masses, and called on to the masses that they should protect their unity from this attack. People should raise their actual demands in the elections and compel the political parties to speak on such issues. They said it is the need of the hour to uphold the path of Shaheed Bhagat Singh and his comrades. A demonstration was also held in the Barnala city at the culmination of the campaign and the conference. Comrade Narain Dutt conducted the stage efficiently.

‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’

 ‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’

ਲੋਕ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਇਸਦੀ ਬਠਿੰਡਾ ਇਕਾਈ ਵੱਲੋਂ ‘ ਫਿਰਕੂ ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’ ਵਿਸ਼ੇ ਤੇ ਵਿਚਾਰ ਚਰਚਾ ਕਰਵਾਈ ਗਈ।ਇਸ ਚਰਚਾ ਵਿੱਚ ਲੋਕ ਮੋਰਚੇ ਦੇ ਸਥਾਨਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨਾਂ,ਕਿਸਾਨਾਂ,ਮੁਲਾਜਮਾਂ ਤੇ ਜਮਹੂਰੀ ਹਿੱਸਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਲੋਕ ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਵਿਸਥਾਰ ਸਹਿਤ ਦੱਸਿਆ ਕਿ ਸਾਰੀਆਂ ਵੋਟ ਪਾਰਟੀਆਂ ਵੱਲੋਂ ਮੌਜੂਦਾ ਪੁਲਵਾਮਾ ਹਮਲੇ ਦੀ ਵਰਤੋਂ ਕੌਮੀ ਸੁਰੱਖਿਆ ਨੂੰ ਖਤਰੇ ਦਾ ਹਊਆ ਖੜ੍ਹਾ ਕਰਕੇ ਲੋਕਾਂ ਦੇ ਹਕੀਕੀ ਮਸਲੇ ਰੋਲਣ ਲਈ ਕੀਤੀ ਜਾ ਰਹੀ ਹੈ। ਦੇਸ਼ਭਗਤੀ ਦੇ ਨਾਂ ਹੇਠ ਫਿਰਕੂ ਤੇ ਕੌਮੀ ਸ਼ਾਵਨਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ।ਕਸ਼ਮੀਰੀਆਂ ਖਿਲਾਫ ਭੜਕਾਊ ਲਾਮਬੰਦੀਆਂ ਦੇ ਯਤਨ ਹੋ ਰਹੇ ਹਨ ।ਇੱਕ ਪਾਸੇ ਮੁਲਕ ਦੇ ਹੋਰਨਾਂ ਹਿੱਸਿਆਂ ਅੰਦਰ ਕਸ਼ਮੀਰੀ ਕੌਮ ਦਾ ਅਕਸ ਅੱਤਵਾਦੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਸ਼ਮੀਰ ਅੰਦਰ ਫੌਜੀ ਦਮਨ ਦਾ ਡੰਡਾ ਚਲਾਇਆ ਜਾ ਰਿਹਾ ਹੈ।ਭਾਰਤੀ ਲੀਡਰਾਂ ਵੱਲੋਂ ਰਾਇਸ਼ੁਮਾਰੀ ਕਰਵਾਉਣ ਨੂੰ ਲੈ ਕੇ ਵਿਸਾਹਘਾਤ ਹੰਢਾ ਰਹੀ ਕਸ਼ਮੀਰੀ ਕੌਮ ਸ੍ਵੈ-ਨਿਰਣੇ ਦੇ ਹੱਕ ਲਈ ਲੜ ਰਹੀ ਹੈ।ਕਸ਼ਮੀਰ ਦੇ ਦੋਨੋਂ ਪਾਸੇ ਭਾਰਤੀ ਤੇ ਪਾਕਿਸਤਾਨੀ ਫੌਜਾਂ ਵੱਲੋਂ ਡੰਡੇ ਦੇ ਜੋਰ ਹੱਕੀ ਸੰਘਰਸ਼ ਦਬਾਏ ਜਾਣ ਦੇ ਯਤਨ ਬਲਦੀ ਤੇ ਹੋਰ ਤੇਲ ਪਾ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਅੱਜ ਦੇ ਸਮੇਂ ਨਕਲੀ ਰਾਸ਼ਟਰਵਾਦ ਦੇ ਮੁਕਾਬਲੇ ਖਰੀ ਦੇਸ਼ਭਗਤੀ ਦਾ ਅਰਥ ਭਗਤ ਸਿੰਘ ਦੀ ਸਾਮਰਾਜਵਾਦ ਵਿਰੋਧੀ ਵਿਰਾਸਤ ਬੁਲੰਦ ਕਰਨਾ ਹੈ।ਸਾਮਰਾਜਵਾਦ ਤੇ ਜਗੀਰਦਾਰੀ ਦੇ ਸੰਗਲਾਂ ਨੂੰ ਤੋੜ ਕੇ ਖਰੀ ਜਮਹੂਰੀਅਤ ਦੀ ਸਿਰਜਣਾ ਲਈ ਜੂਝਣਾ ਹੈ।ਸਾਰੇ ਦੱਬੇ ਕੁਚਲੇ ਲੋਕਾਂ ਤੇ ਕੌਮਾਂ ਲਈ ਦਾਬੇ ਤੋਂ ਮੁਕਤ ਸਮਾਜ ਦੀ ਉਸਾਰੀ ਕਰਨਾ ਹੈ।ਇਸ ਕਰਕੇ ਅੱਜ ਖਰੀ ਦੇਸ਼ਭਗਤੀ ਦਾ ਇੱਕ ਲੜ ਕਸ਼ਮੀਰ ਵਰਗੀਆਂ ਦਾਬੇ ਦੀਆਂ ਸ਼ਿਕਾਰ ਕੌਮਾਂ ਦੀ ਮੁਕਤੀ ਲਈ ਅਵਾਜ ਉਠਾਉਣਾ ਵੀ ਹੈ।
ਇਸ ਮੌਕੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸ੍ਰੀ ਅਤਰਜੀਤ,ਪ੍ਰਿਤਪਾਲ ਸਿੰਘ,ਕਮਲ,ਡਾ. ਅਜੀਤਪਾਲ ਅਤੇ ਨਿਰਮਲ ਸਿਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਅੰਤ ਤੇ ਵਿਚਾਰ ਚਰਚਾ ਨੂੰ ਸਮੇਟਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਧਰਮਾਂ,ਜਾਤਾਂ,ਫਿਰਕਿਆਂ ਤੇ ਕੌਮੀਅਤਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਸਾਂਝੀ ਇਨਕਲਾਬੀ ਲਹਿਰ ਉਸਾਰਨ ਦਾ ਅਤੇ ਕਸ਼ਮੀਰ ਦੇ ਸ੍ਵੈ-ਨਿਰਣੇ ਦੇ ਹੱਕ ਦੀ ਦ੍ਰਿੜ ਹਮਾਇਤ ਕਰਨ ਦਾ ਸੱਦਾ ਦਿੱਤਾ।ਹਾਜਰ ਇਕੱਠ ਵੱਲੋਂ ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਚਾਰ ਅਧਿਆਪਕ ਆਗੂਆਂ ਦੀ ਸਜਾ ਵਜੋਂ ਬਦਲੀ ਕੀਤੇ ਜਾਣ ਖਿਲਾਫ ਅਤੇ ਸੰਸਾਰ ਵਿੱਚ ਸਭਤੋਂ ਸੰਘਣੀ 7 ਲੱਖ ਫੌਜੀਆਂ ਦੀ ਤਾਇਨਾਤੀ ਹੇਠ ਕਰਾਹ ਰਹੇ ਕਸ਼ਮੀਰ ਅੰਦਰ ਦਸ ਹਜਾਰ ਹੋਰ ਫੌਜੀ ਬਲ ਭੇਜੇ ਜਾਣ ਖਿਲਾਫ ਮਤੇ ਪਾਸ ਕੀਤੇ ਗਏ।ਇਸ ਮੌਕੇ ਸਟੇਜ ਸੰਚਾਲਨ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ।ਅੰਮ੍ਰਿਤਪਾਲ ਬੰਗੇ,ਨਿਰਮਲ ਸਿਵੀਆਂ ਅਤੇ ਅਮਨ ਦਾਤੇਵਾਸੀਆ ਵੱਲੋਂ ਵਿਸ਼ੇ ਨਾਲ ਸਬੰਧਿਤ ਗੀਤ ਪੇਸ਼ ਕੀਤੇ ਗਏ।

ਲੋਕ ਮੋਰਚਾ ਪੰਜਾਬ ਦਾ ਸੁਨੇਹਾ:

ਲੋਕ ਮੋਰਚਾ ਪੰਜਾਬ ਦਾ ਸੁਨੇਹਾ:

-ਪੁਲਵਾਮਾ ਹਮਲੇ ਤੋਂ ਬਾਅਦ ਸਿਰਜਿਆ ਮਾਹੌਲ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਕੀਤੀ ਬੰਬਾਰੀ ਵੋਟਾਂ ਦੇ ਮੌਸਮ ਅੰਦਰ ਲੋਕਾਂ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਵੋਟਾਂ ਚ ਢਾਲਣ ਦੀ ਕਸਰਤ ਹੈ|ਮਹਿੰਗਾਈ,ਕਿਸਾਨੀ ਕਰਜ਼ੇ,ਰਾਫੇਲ ਵਰਗੇ ਘਪਲਿਆਂ ਅਤੇ ਬੇਰੁਜ਼ਗਾਰੀ ਵਰਗੇ ਲੋਕਾਂ ਦੇ ਮੁੱਦਿਆਂ ਨੂੰ ਪਾਸੇ ਕਰਕੇ ਕੌਮੀ ਸੁਰੱਖਿਆ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ ਦੀ ਮੁਹਿੰਮ ਹੈ|
-ਪਹਿਲਾਂ ਦੇਸ਼ ਭਗਤੀ ਦੇ ਨਾਂ ਤੇ ਕਸ਼ਮੀਰੀਆਂ ਨੂੰ ਦੇਸ਼ ਅੰਦਰ ਥਾਂ ਥਾਂ ਕਹਿਰ ਦਾ ਨਿਸ਼ਾਨਾ ਬਣਾਇਆ ਗਿਆ ਹੈ|ਹੁਣ ਗੁਆਂਢੀ ਮੁਲਕ ਅੰਦਰ ਜਾ ਕੇ ਬੰਬਾਰੀ ਕਰਨ ਨਾਲ ਉਸ ਪ੍ਰਤੀ ਦੁਸ਼ਮਣੀ ਤੇ ਨਫਰਤ ਦਾ ਮਾਹੌਲ ਸਿਰਜਣ ਤੇ ਜ਼ੋਰ ਲਾਇਆ ਜਾ ਰਿਹਾ ਹੈ|
-ਇਸ ਮੌਕੇ ਜੰਗ ਕਰਨਾ ਨਾ ਭਾਰਤੀ ਹਾਕਮਾਂ ਦੀ ਸਕੀਮ ਹੈ, ਨਾ ਪਾਕਿਸਤਾਨੀਅਾਂ ਦੀ ਤੇ ਨਾਂ ਇਨ੍ਹਾਂ ਦੇ ਸਿਆਸੀ ਆਕਾ ਅਮਰੀਕਾ ਦੀ| ਭਾਰਤੀ ਤੇ ਪਾਕਿਸਤਾਨੀ ਹਾਕਮਾਂ ਦੇ ਜੰਗਾਂ ਦੇ ਹੋਕਰੇ ਅਤੇ ਸ਼ਾਂਤੀ ਮੁਹਿੰਮਾਂ ਦੀਆਂ ਕਸਰਤਾਂ ਤਾਂ ਸਾਮਰਾਜੀ ਨਿਰਦੇਸ਼ਾਂ ਨਾਲ ਬੱਝੀਆਂ ਹੋਈਆਂ ਹਨ|ਅਜਿਹੀ ਕਾਰਵਾਈ ਜੀਹਦੇ ਬਾਰੇ ਭਾਰਤੀ ਲੋਕਾਂ ਦੀ ਥਾਂ ਟਰੰਪ ਨੂੰ ਭਰੋਸੇ ਵਿੱਚ ਲਿਆ ਗਿਆ ਸੀ, ਸਿਰਫ਼ ਦੰਭੀ ਦੇਸ਼ਭਗਤੀ ਦਾ ਮਾਹੌਲ ਭਖਾਉਣ ਦੇ ਮਕਸਦ ਨਾਲ ਕੀਤੀ ਗਈ ਹੈ|
-ਭਾਰਤੀ ਹਾਕਮ ਪਾਰਟੀਆਂ ਅਜਿਹੇ ਹਮਲਿਆਂ ਅਤੇ ਕਾਰਵਾਈਆਂ ਦਾ ਫ਼ਾਇਦਾ ਪਹਿਲਾਂ ਵੀ ਖਟਦੀਆਂ ਆਈਆਂ ਹਨ| 1999 ਦੀ ਕਾਰਗਿਲ ਜੰਗ ਨੇ ਤਿੰਨ ਮਹੀਨੇ ਅਤੇ ਡੇਢ ਸਾਲ ਦੀ ਸਰਕਾਰ ਚਲਾਉਣ ਵਾਲੇ ਅਟਲ ਬਿਹਾਰੀ ਵਾਜਪਾਈ ਨੂੰ ਪੂਰੇ ਪੰਜ ਸਾਲਾਂ ਲਈ ਗੱਦੀ ਬਖਸ਼ੀ ਸੀ|2002 ਵਿੱਚ ਅਕਸ਼ਰਧਾਮ ਹਮਲੇ ਤੋਂ ਬਾਅਦ ਮੋਦੀ ਗੁਜਰਾਤ ਦਾ ਮੁੜ ਮੁੱਖ ਮੰਤਰੀ ਚੁਣਿਆ ਗਿਆ ਸੀ|2008 ਮੁੰਬਈ ਹਮਲਿਆਂ ਤੋਂ ਬਾਅਦ ਯੂਪੀਏ ਮੁੜ ਸੱਤਾ ਵਿੱਚ ਆਈ ਸੀ|ਉੜੀ ਹਮਲਾ ਵੀ ਐਨ ਚੋਣਾਂ ਤੋਂ ਪਹਿਲਾਂ ਹੋਇਆ ਸੀ|ਮੌਜੂਦਾ ਹਮਲੇ ਦਾ ਫਾਇਦਾ ਵੀ ਹਾਕਮ ਪਾਰਟੀ ਨੇ ਉਠਾਉਣਾ ਹੈ ਤੇ ਹੋਰਨਾਂ ਵੋਟ ਪਾਰਟੀਆਂ ਨੇ ਇਸ ਵਿੱਚੋਂ ਹਿੱਸਾ ਵੰਡਾੳੁਣਾ ਹੈ|
-ਨਾ ਸਿਰਫ ਇਨ੍ਹਾਂ ਹਮਲਿਆਂ ਅਤੇ ਜੰਗਾਂ ਦਾ ਕਹਿਰ ਹਰ ਪਾਸੇ ਲੋਕ ਹੀ ਹੰਢਾਉਂਦੇ ਹਨ ਸਗੋਂ ਇਹਨਾਂ ਹਮਲਿਆਂ ਰਾਹੀਂ ਉਨ੍ਹਾਂ ਦੇ ਹਕੀਕੀ ਮੰਗਾਂ ਮਸਲੇ ਰੋਲੇ ਜਾਂਦੇ ਹਨ|ਲੋਕ ਹਾਕਮ ਜਮਾਤਾਂ ਦੀ ਚੋਣ ਖੇਡ ਵਿੱਚ ਘੜੀਸੇ ਜਾਂਦੇ ਹਨ|
-ਭਾਰਤੀ ਹਾਕਮ ਜਮਾਤ ਵੱਲੋਂ ਭੜਕਾੲੀ ਜਾ ਰਹੀ ਦੰਭੀ ਦੇਸ਼ ਭਗਤੀ ਦਾ ਸ਼ਿਕਾਰ ਹੋਣ ਤੋਂ ਬਚੋ|ਲੋਕਾਂ ਅੰਦਰ ਆਪਣੇ ਹੀ ਭਰਾਵਾਂ,ਹੋਰਨਾਂ ਫਿਰਕਿਆਂ ਅਤੇ ਗੁਆਂਢੀ ਮੁਲਕਾਂ ਖ਼ਿਲਾਫ਼ ਨਫ਼ਰਤ ਭਰਨ ਦੀਆਂ ਕਾਰਵਾਈਆਂ ਦਾ ਵਿਰੋਧ ਕਰੋ|ਆਪਣੇ ਅਸਲੀ ਮੰਗਾਂ ਮਸਲਿਆਂ ਤੇ ਸੰਘਰਸ਼ ਤੇਜ਼ ਕਰੋ|ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਸਮਝਦੇ ਹੋਏ ਵੱਖ ਵੱਖ ਧਰਮਾਂ,ਫਿਰਕਿਆਂ,ਭਾਈਚਾਰਿਆਂ ਅਤੇ ਕੌਮਾਂ ਦੀ ਆਪਸੀ ਸਾਂਝ ਹੋਰ ਮਜਬੂਤ ਕਰੋ| ਇਸ ਸਾਂਝ ਦੇ ਜ਼ੋਰ 'ਤੇ, ਸ਼ਹੀਦ ਭਗਤ ਸਿੰਘ ਵੱਲੋਂ ਲਾਇਆ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਬੁਲੰਦ ਕਰਨਾ ਹੀ ਖਰੀ ਦੇਸ਼ ਭਗਤੀ ਹੈ।

ਝੂਠੇ ਗਣਤੰਤਰ ਤੇ ਨਕਲੀ ਜਮਹੂਰੀਅਤ ਦੀ 69ਵੀਂ ਵਰ੍ਹੇਗੰਢ ਤੇ ਲੋਕ ਮੋਰਚਾ ਪੰਜਾਬ ਦਾ ਲੋਕਾਂ ਨੂੰ ਸੁਨੇਹਾ:

➡️ਹਾਕਮ ਜਮਾਤਾਂ ਦੇ ਚੁੰਧਿਆਊ ਨਾਰ੍ਹਿਆਂ ਤੇ ਦੰਭੀ ਪ੍ਰਚਾਰ ਤੋਂ ਬਾਹਰ ਆ ਕੇ ਹਕੀਕੀ ਭਾਰਤ ਦੀ ਤਸਵੀਰ ਵੇਖੋ।ਇਹਨਾਂ ਵਰ੍ਹਿਆਂ ਦੌਰਾਨ ਲੋਕਾਂ ਦੀਆਂ ਜਿਦਗੀਆਂ ਤੇ ਜਮਹੂਰੀ ਹੱਕਾਂ ਦਾ ਪੈਰ-ਪੈਰ ਤੇ ਘਾਣ ਹੋਇਆ ਹੈ।ਲੋਕ ਹਿਤਾਂ ਤੋਂ ਉਲਟੇ ਫੈਸਲੇ ਲਾਗੂ ਕੀਤੇ ਗਏ ਹਨ।ਸਭਨਾਂ ਜਨਤਕ ਅਦਾਰਿਆਂ,ਲੋਕਾਂ ਨੂੰ ਮਿਲੀਆਂ ਚੁਨਿੰਦਾ ਸਹੂਲਤਾਂ,ਰੁਜ਼ਗਾਰ ਮੌਕਿਆਂ,ਲੋਕ ਭਲਾਈ ਖੇਤਰਾਂ ਦਾ ਭੋਗ ਪਾ ਕੇ ਅੰਬਾਨੀਆਂ-ਅਡਾਨੀਆਂ ਦੇ ਮੁਨਾਫੇ ਸੁਨਿਸ਼ਚਿਤ ਕੀਤੇ ਗਏ ਹਨ।ਈਸਟ ਇੰਡੀਆ ਕੰਪਨੀ ਵਰਗੀਆਂ ਹਜਾਰਾਂ ਸਾਮਰਾਜੀ ਕੰਪਨੀਆਂ ਨੂੰ ਭਾਰਤੀ ਲੋਕਾਂ ਦੀ ਲੁੱਟ ਦੇ ਮੌਕੇ ਉਪਲਬਧ ਕਰਾਏ ਗਏ ਹਨ।ਹੱਕ ਮੰਗਦੇ ਲੋਕਾਂ ਤੇ ਕਹਿਰ ਢਾਹਿਆ ਗਿਆ ਹੈ।ਲੋਕ ਰਜਾ ਤੇ ਜਮਹੂਰੀਅਤ ਨੂੰ ਰੋਲਿਆ ਗਿਆ ਹੈ।
➡️ਹਾਕਮ ਜਮਾਤਾਂ ਵੱਲੋਂ ਪ੍ਰਚਾਰੀ ਜਾਂਦੀ ਫਰੇਬੀ ਦੇਸ਼ਭਗਤੀ ਲੋਕਾਂ ਨੂੰ ਹਾਕਮਾਂ ਵੱਲੋਂ ਕੀਤੇ ਕੌਮ ਧਰੋਹੀ ਫੈਸਲੇ ਚੁੱਪਚਾਪ ਮੰਨਣ ਲਈ ਮਜਬੂਰ ਕਰਦੀ ਹੈ,ਫੌਜ ਤੇ ਪੁਲਸ ਨੂੰ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਘਾਣ ਕਰਨ ਲਈ ਝੋਕਦੀ ਹੈ,ਗੁਆਂਢੀ ਮੁਲਕਾਂ ਜਾਂ ਦਬਾਈਆਂ ਕੌਮਾਂ ਖਿਲਾਫ ਨਫਰਤ ਦਾ ਪਸਾਰਾ ਕਰਦੀ ਹੈ ਤੇ ਲੋਕਾਂ ਦੇ ਸੱਚੇ-ਸੁੱਚੇ ਦੇਸ਼ ਪਿਆਰ ਨੂੰ ਆਪਣੇ ਸਿਆਸੀ ਫਾਇਦਿਆਂ ਲਈ ਵਰਤਦੀ ਹੈ।।ਇਸ ਦੰਭੀ ਦੇਸ਼ਭਗਤੀ ਨੂੰ ਰੱਦ ਕਰਕੇ ਖਰੀ ਦੇਸ਼ਭਗਤੀ ਬੁਲੰਦ ਕਰੋ।ਲੋਕਾਂ ਦੇ ਮੂੰਹੋਂ ਬੁਰਕੀ ਖੋਹ ਕੇ,ਸਾਮਰਾਜੀ ਕੰਪਨੀਆਂ,ਅੰਬਾਨੀਆਂ,ਅਡਾਨੀਆਂ,ਨੀਰਵ ਮੋਦੀਆਂ ਅੱਗੇ ਦੇਸ਼ ਦੇ ਮਾਲ ਖ਼ਜਾਨੇ ਪਰੋਸਣ ਦਾ ਵਿਰੋਧ ਕਰੋ। ਜਨਤਕ ਅਦਾਰਿਆਂ ਦੀ ਰਾਖੀ ਲਈ ਅੱਗੇ ਆਓ।ਆਪਣਾ ਰੁਜ਼ਗਾਰ,ਜ਼ਮੀਨਾਂ,ਜੰਗਲ,ਸਿੱਖਿਆ-ਸਿਹਤ ਵਰਗੇ ਅਨੇਕਾਂ ਜਮਹੂਰੀ ਹੱਕ ਤੇ ਜਿੰਦਗੀਆਂ ਬਚਾਉਣ ਲਈ ਥਾਂ-ਥਾਂ ਸੰਘਰਸ਼ ਕਰ ਰਹੇ ਲੋਕਾਂ ਦੇ ਸੰਗੀ ਬਣੋ।ਇਹਨਾਂ ਸੰਘਰਸ਼ਾਂ ਨੂੰ ਤੇਜ ਕਰੋ।ਸਾਂਝੇ ਸੰਘਰਸ਼ਾਂ ਰਾਹੀਂ ਹਾਕਮਾਂ ਦੇ ਕੌਮ ਧਰੋਹੀ ਤੇ ਲੋਕ ਵਿਰੋਧੀ ਫੈਸਲੇ ਉਲਟਾਉਣ ਵੱਲ ਵਧੋ।

ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ

ਮੌਜੂਦਾ ਲੁਟੇਰੇ ਰਾਜ-ਭਾਗ ਦੀ ਥਾਂ ਲੋਕਾਂ ਦੀ ਪੁੱਗਤ ਵਾਲੇ ਖਰੇ ਲੋਕ ਰਾਜ ਦਾ ਬਦਲ ਉਭਾਰਨ ਲਈ ਸਰਗਰਮ ਹੋਣ ਦਾ ਸੱਦਾ
ਬਠਿੰਡਾ, 20 ਜਨਵਰੀ - ਲੋਕ ਮੋਰਚਾ ਪੰਜਾਬ ਦੀ ਸੂਬਾਈ ਜਥੇਬੰਦਕ ਕਨਵੈਨਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਹੱਕੀ ਮੰਗਾਂ ਮਸਲਿਆਂ ਲਈ ਚਲਦੇ ਸੰਘਰਸ਼ਾਂ ਨੂੰ ਖਰਾ ਲੋਕਰਾਜ ਉਸਾਰਨ ਦੀ ਮੰਜ਼ਿਲ ਤੱਕ ਲੈ ਜਾਣ ਦਾ ਇਰਾਦਾ ਧਾਰਨ ਕਿਉਂਕਿ ਲੋਕਾਂ ਦੀਆਂ ਸਭਨਾਂ ਮੁਸ਼ਕਲਾਂ ਦਾ ਹੱਲ ਮੌਜੂਦਾ ਲੁਟੇਰੇ ਰਾਜ 'ਚ ਨਹੀਂ ਸਗੋਂ ਲੋਕਾਂ ਦੀ ਪੁੱਗਤ ਵਾਲੇ ਖਰੇ ਜਮਹੂਰੀ ਲੋਕ ਰਾਜ ਦੀ ਸਿਰਜਨਾ ਨਾਲ ਹੀ ਹੋ ਸਕਦਾ ਹੈ। ਲੋਕਾਂ ਮੂਹਰੇ ਖਰੇ ਲੋਕ ਰਾਜ ਦੀ ਲੋੜ ਉਭਾਰਨ ਤੇ ਪ੍ਰਚਾਰਨ ਦੇ ਮਕਸਦ ਨੂੰ ਪ੍ਰਣਾਈ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਅੱਜ ਟੀਚਰਜ਼ ਹੋਮ ਬਠਿੰਡਾ 'ਚ ਕੀਤੀ ਆਪਣੀ ਸੂਬਾਈ ਜਥੇਬੰਦਕ ਕਨਵੈਨਸ਼ਨ 'ਚ ਇਨਕਲਾਬੀ ਬਦਲ ਉਭਾਰਨ ਪ੍ਰਚਾਰਨ ਦੇ ਆਪਣੇ ਕਾਰਜਾਂ ਦੀ ਰੂਪ ਰੇਖਾ ਉਲੀਕੀ ਅਤੇ ਜਥੇਬੰਦੀ ਦੇ ਸੰਚਾਲਨ ਲਈ ਆਪਣੀ ਸੂਬਾਈ ਜਥੇਬੰਦਕ ਕਮੇਟੀ ਦੀ ਚੋਣ ਕੀਤੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਜੁੜੇ ਲੋਕ ਮੋਰਚਾ ਪੰਜਾਬ ਦੇ ਮੈਂਬਰਾਂ ਤੇ ਸਮਰਥਕਾਂ ਦੀ ਭਰਵੀਂ ਇਕੱਤਰਤਾ ਦੀ ਸ਼ੁਰੂਆਤ ਮੁਲਕ ਦੀ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੂੰ ''ਮਿੱਤਰੋ ਨਾ ਭੁੱਲ ਜਾਣਾ ਪੈਗਾਮ ਸ਼ਹੀਦਾਂ ਦਾ'' ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਹਾਲ 'ਚ ਜੁੜੇ ਕਾਰਕੁੰਨਾਂ ਦਾ ਸਵਾਗਤ ਕਰਦਿਆਂ ਮੋਰਚਾ ਦੇ ੧੫ ਵਰ੍ਹੇ ਸੂਬਾ ਸਕੱਤਰ ਰਹੇ ਅਮੋਲਕ ਸਿੰਘ ਨੇ ਇਨਕਲਾਬੀ ਬਦਲ ਉਭਾਰਨ ਦੇ ਬੇਹੱਦ ਮਹੱਤਵਪੂਰਨ ਕਾਰਜ ਲਈ ਜੁਟਣ ਖਾਤਰ ਆਪਣੇ ਕੰਮਾਂ ਦੀ ਵਿਉਂਤਬੰਦੀ ਕਰਨ ਅਤੇ ਨਵੀਂ ਆਗੂ ਟੀਮ ਦੀ ਚੋਣ ਕਰਨ ਦੇ ਕਾਰਜ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੇਂ ਦੇ ਹਾਣ ਦੇ ਹੋ ਨਿਜੱਠਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਅਤੇ ਸ਼ੀਰੀਂ ਨੇ ਮੌਜੂਦਾ ਦੌਰ ਦੀਆਂ ਕੌਮੀ ਅਤੇ ਕੌਮਾਂਤਰੀ ਹਾਲਤਾਂ ਬਾਰੇ ਅਤੇ ਇਨ੍ਹਾਂ 'ਚੋਂ ਨਿਕਲਣੇ ਜਥੇਬੰਦੀ ਦੇ ਕਾਰਜਾਂ ਬਾਰੇ ਵਿਸਥਾਰੀ ਚਰਚਾ ਕੀਤੀ। ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੁਲਕ ਦੇ ਸਭਨਾਂ ਸੰਕਟਾਂ ਦੀਆਂ ਜੜ੍ਹਾਂ ਮੌਜੂਦਾ ਲੁਟੇਰੇ ਰਾਜ ਭਾਗ ਤੇ ਸਮਾਜ 'ਚ ਹਨ। ਅੰਗਰੇਜੀ ਸਾਮਰਾਜ ਵੱਲੋਂ ਮੁਲਕ ਦੀ ਅੰਨ੍ਹੀ ਲੁੱਟ ਖਸੁੱਟ ਕਰਕੇ ਇਸਨੂੰ ਪਛੜੇਵੇਂ ਵਿਚ ਧੱਕ ਦਿੱਤਾ ਗਿਆ ਸੀ ਅਤੇ ਮਗਰੋਂ ੧੯੪੭ ਦੀ ਸੱਤਾ ਬਦਲੀ 'ਚ ਮੁਲਕ ਦੇ ਜਗੀਰਦਾਰਾਂ ਤੇ ਦਲਾਲ ਸਮਰਾਏਦਾਰਾਂ ਨੇ ਰਾਜ ਭਾਗ ਸਾਂਭ ਕੇ ਸਾਮਰਾਜੀ ਗੁਲਾਮੀ ਨੂੰ ਜਾਰੀ ਰੱਖਿਆ ਅਤੇ ਮੁਲਕ ਦੇ ਕੁਦਰਤੀ ਸਰੋਤਾਂ ਤੇ ਕਿਰਤ ਦੀ ਲੁੱਟ ਜਿਉਂ ਤਿਉਂ ਜਾਰੀ ਰਹੀ ਅਤੇ ਹੋਰ ਤੇਜੀ ਹੁੰਦੀ ਗਈ। ਬੀਤੇ ੭੧ ਸਾਲਾਂ 'ਚ ਬਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲੋਕਾਂ ਤੇ ਨਵੀਆਂ-ਨਵੀਆਂ ਲੁਟੇਰੀਆਂ ਨੀਤੀਆਂ ਨੂੰ ਮੜ੍ਹਿਆ ਹੈ ਤੇ ਹਰ ਇੱਕ ਨੇ ਦੂਜੇ ਤੋਂ ਵੱਧ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਲੋਕ ਥਾਂ-ਥਾਂ ਇਨ੍ਹਾਂ ਲੁੱਟਣ ਦੇ ਅਮਲਾਂ ਖਿਲਾਫ ਸੰਘਰਸ਼ ਭਖਾ ਰਹੇ ਹਨ ਤੇ ਆਪਣੀ ਮੁਕਤੀ ਦੇ ਅਰਥਾਂ ਦੀ ਤਲਾਸ਼ 'ਚ ਹਨ। ਸੋਹਣੀ ਤੇ ਖੁਸ਼ਹਾਲ ਜਿੰਦਗੀਆਂ ਦੀਆਂ ਆਸਾਂ ਲਾਈ ਮੁਕਤੀ ਦੇ ਹਰ ਆਸਮਈ ਨਾਅਰੇ ਨੂੰ ਹੁੰਗਾਰਾ ਦਿੰਦੇ ਹਨ। ਪਰ ਲੋਕਾਂ ਦੇ ਸਾਹਮਣੇ ਆਪਣੇ ਖਰ੍ਹੇ ਲੋਕ ਰਾਜ ਦਾ ਨਕਸ਼ਾ ਨਹੀਂ ਉਭਰਿਆ ਹੋਇਆ ਅਤੇ ਨਾ ਹੀ ਲੋਕਾਂ ਨੂੰ ਅਜਿਹੇ ਰਾਜ ਦੀ ਉਸਾਰੀ ਦਾ ਰਸਤਾ ਸਪੱਸ਼ਟ ਹੈ। ਇਸ ਲਈ ਵਾਰ-ਵਾਰ ਲੋਕ ਤਰ੍ਹਾਂ-ਤਰ੍ਹਾਂ ਦੇ ਚੋਣ ਮਦਾਰੀਆਂ ਤੋਂ ਠੱਗੇ ਜਾਂਦੇ ਹਨ। ਲੋਕਾਂ ਦੀ ਝਾਕ ਮੌਜੂਦਾ ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਤੋਂ ਮੁੱਕਣ ਨਾਲ ਹੀ ਆਪਣੇ ਅਸਲ ਰਾਜ ਲਈ ਸੰਗਰਾਮ 'ਚ ਆ ਸਕਦੇ ਹਨ। ਇਸ ਲਈ ਲੋਕਾਂ ਨੂੰ ਬਦਲਵੇਂ ਲੋਕ ਰਾਜ ਦਾ ਨਕਸ਼ਾ ਤੇ ਰਾਸਤਾ ਪ੍ਰਚਾਰਨਾ ਤੇ ਉਭਾਰਨਾ ਬੇਹੱਦ ਜਰੂਰੀ ਹੈ ਤਾਂ ਕਿ ਉਹ ਆਪਣੇ ਰੋਜਮਰ੍ਹਾ ਦੇ ਸੰਘਰਸ਼ਾਂ ਦੀ ਅੰਤਿਮ ਮੰਜਿਲ ਦੇਖ ਸਕਣ। ਦਲਾਲ ਹਾਕਮਾਂ ਦੀਆਂ ਦੰਭੀ ਸੰਸਥਾਵਾਂ (ਪਾਰਲੀਮੈਂਟ, ਵਿਧਾਨ ਸਭਾਵਾਂ ਤੇ ਅਦਾਲਤਾਂ ਵਗੈਰਾ) ਤੋਂ ਝਾਕ ਛੱਡਣ ਅਤੇ ਆਪਣੀ ਤਾਕਤ ਜੋੜਨ ਦੇ ਰਾਹ ਪੈ ਸਕਣ। ਲੋਕਾਂ 'ਚ ਇਹ ਸੰਦੇਸ਼ ਉੱਚਾ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੇ ਮੌਜੂਦਾ ਹੱਕੀ ਸੰਘਰਸ਼ ਵਕਤੀ ਰਾਹਤ ਦੇ ਸਕਦੇ ਹਨ ਪਰ ਉਨ੍ਹਾਂ ਦੀ ਮੁਕਤੀ ਦਾ ਜਰੀਆ ਨਹੀਂ ਬਣ ਸਕਦੇ। ਮੁਕਤੀ ਦਾ ਜਰੀਆ ਤਾਂ ਹੀ ਬਣ ਸਕਦੇ ਹਨ ਜੇਕਰ ਇਹ ਮੌਜੂਦਾ ਲੁਟੇਰੇ ਰਾਜ ਖਿਲਾਫ ਸੇਧਤ ਹੋਣ ਤੇ ਆਪਣੀ ਸੱਤਾ ਸਥਾਪਤ ਕਰਨ ਦਾ ਨਿਸ਼ਾਨਾ ਮਿਥਣ।
ਇਸ ਲਈ ਸਾਨੂੰ ਦਿਨੋਂ ਦਿਨ ਤਿੱਖੀ ਹੋ ਰਹੀ ਇਨਕਲਾਬੀ ਬਦਲ ਦੀ ਜਰੂਰਤ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ ਤੇ ਲੋਕਾਂ 'ਚ ਅਜਿਹੇ ਬਦਲ ਦਾ ਸੰਦੇਸ਼ ਉਭਾਰਨ ਲਈ ਸਰਗਰਮ ਹੋਣਾ ਚਾਹੀਦਾ ਹੈ। ਖਰ੍ਹੇ ਬਦਲ ਦੀ ਅਣਹੋਂਦ 'ਚ ਹਾਕਮ ਜਮਾਤਾਂ ਲੋਕਾਂ 'ਚ ਭਰਮਾਊ ਤੇ ਭਟਕਾਊ ਨਾਅਰਿਆਂ ਸਹਾਰੇ ਪਾਟਕ ਪਾਉਂਦੀਆਂ ਹਨ ਅਤੇ ਆਪਣੇ ਲੁਟੇਰੇ ਰਾਜ ਦੀਆਂ ਜੜ੍ਹਾਂ ਹੀ ਹੋਰ ਮਜਬੂਤ ਕਰਦੀਆਂ ਹਨ। ਇਹ ਸੰਦੇਸ਼ ਪ੍ਰਚਾਰਨ ਲਈ ਸਾਨੂੰ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ-ਜਿੰਦਾਬਾਦ ਤੇ ਸਾਮਰਾਜਬਾਦ ਮੁਰਦਾਬਾਦ ਨੂੰ ਉਚਾ ਕਰਨ ਦੀ ਲੋੜ ਹੈ।
ਇਸ ਵਿਸ਼ੇ 'ਤੇ ਚਰਚਾ 'ਚ ਹਾਜਰ ਕਾਰਕੁੰਨਾਂ ਨੇ ਭਾਗ ਲਿਆ ਤੇ ਕਈ ਸੁਝਾਅ ਦਿੱਤੇ। ਇਕੱਤਰਤਾ ਨੇ ਆਪਣੇ 'ਚੋਂ ਪੰਜ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਜਗਮੇਲ ਸਿੰਘ, ਗੁਰਦੀਪ ਮਲੋਟ, ਸ਼ੀਰੀਂ, ਸੁਖਵਿੰਦਰ ਸਿੰਘ ਤੇ ਸਤਨਾਮ ਦੀਵਾਨਾ ਸ਼ਾਮਲ ਹਨ। ਕਮੇਟੀ ਨੇ ਆਪਣੇ 'ਚੋਂ ਜਗਮੇਲ ਸਿੰਘ ਨੂੰ ਸਕੱਤਰ ਚੁਣਿਆ। ਕਮੇਟੀ ਨੇ ਐਨ.ਕੇ. ਜੀਤ ਨੂੰ ਆਪਣੇ ਸਲਾਹਕਾਰ ਵਜੋਂ ਨਾਲ ਲਿਆ। ਅਖੀਰ 'ਤੇ ਐਨ.ਕੇ. ਜੀਤ ਨੇ ਸਭਨਾਂ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਲੋਕਾਂ ਮੂਹਰੇ ਇਨਕਲਾਬੀ ਬਦਲ ਉਭਾਰਨ ਦੇ ਕਾਰਜ 'ਚ ਇਨਕਲਾਬੀ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਕੁੱਦਣ ਦਾ ਸੱਦਾ ਦਿੱਤਾ। ਅੱਜ ਦੀ ਇਕੱਤਰਤਾ ਨੇ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ, ਕੇਂਦਰੀ ਹਕੂਮਤ ਵੱਲੋਂ ਕੰਪਿਊਟਰ 'ਤੇ ਨਿਗਰਾਨੀ ਦਾ ਨੋਟੀਫਿਕੇਸ਼ਨ ਪਾਸ ਕਰਨ ਦਾ ਗੈਰ ਜਮਹੂਰੀ ਕਦਮ ਚੁੱਕਣ ਦੀ ਨਿੰਦਾ ਕਰਦੇ ਮਤੇ ਪਾਸ ਕਰਦਿਆਂ ਇਨ੍ਹਾਂ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਦੇਸ਼ ਭਰ 'ਚੋਂ ਗ੍ਰਿਫਤਾਰ ਕੀਤੇ ਗਏ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਵੀ ਆਵਾਜ਼ ਉਠਾਈ ਗਈ। ਇਸ ਮੌਕੇ ਗੁਰਦਿਆਲ ਸਿੰਘ, ਨਿਰਮਲ ਸਿੰਘ ਸਿਵੀਆਂ, ਰਤਨ ਮੂਣਕ, ਸਰਬਜੀਤ ਸਿੰਘ, ਨਨਪਾਲ, ਸੰਦੀਪ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਤਸਵੀਰਾਂ ਨੱਥੀ:
ਜਾਰੀ ਕਰਤਾ:
ਸੁਖਵਿੰਦਰ ਸਿੰਘ
ਫੋਨ ਨੰ:9417289536
ਮਿਤੀ. 20 ਜਨਵਰੀ2019