StatCounter

Sunday, September 8, 2019

ਫਰੀਦਕੋਟ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੇ ਮਾਮਲੇ ਤੇ

ਫਰੀਦਕੋਟ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਪੰਜਾਵਾਂ ਦੇ ਮਾਮਲੇ ਤੇ ਬਣੀ ਐਕਸ਼ਨ ਕਮੇਟੀ ਦੇ ਸੰਘਰਸ਼ ਤੇ ਰੋਸ ਮਾਰਚ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਪੁਲਿਸ ਦੇ ਵਹਿਸ਼ੀ ਕਾਰੇ ਦੀ ਅਤੇ ਮਗਰੋਂ ਦੇ ਮੁਜਰਮਾਨਾ ਵਿਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਮੂਹ ਲੋਕਾਂ ਨੂੰ ਇਨਸਾਫ ਦੀ ਇਸ ਲੜਾਈ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ|
ਮੋਰਚੇ ਦੇ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਭਾਰਤ ਅੰਦਰ ਝੂਠੀ ਜਮਹੂਰੀਅਤ ਦੀ ਮੁੜ ਤੋਂ ਪੁਸ਼ਟੀ ਕੀਤੀ ਹੈ|ਪੁਲਸ ਹਿਰਾਸਤ ਅੰਦਰ ਅਣ ਮਨੁੱਖੀ ਮੌਤ ,ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਘਟਨਾ,ਲਾਸ਼ ਲੱਭਣ ਵਿੱਚ ਕੀਤੀ ਜਾ ਰਹੀ ਸੋਚੀ ਸਮਝੀ ਅਤੇ ਮੁਜਰਮਾਨਾ ਕੁਤਾਹੀ ਦਾ ਕੁੱਲ ਘਟਨਾ ਕਰਮ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਜਮਹੂਰੀ ਹੱਕਾਂ ਪ੍ਰਤੀ ਹਕੂਮਤੀ ਸਰੋਕਾਰ ਦੀ ਹਕੀਕੀ ਤਸਵੀਰ ਪੇਸ਼ ਕਰਦਾ ਹੈ|ਇਸ ਪ੍ਰਬੰਧ ਅੰਦਰ ਲੋਕਾਂ ਦੀ ਕੋਈ ਸੁਣਵਾਈ ਨਾ ਹੋਣ ਦੀ ਪੁਸ਼ਟੀ ਕਰਦਾ ਹੈ|ਪੁਲਿਸ ਨਾ ਸਿਰਫ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੀ ਜ਼ਿੰਮੇਵਾਰ ਹੈ ਸਗੋਂ ਹੁਣ ਉਹਦੇ ਵੱਲੋਂ ਪਰਿਵਾਰ ਅਤੇ ਲੋਕਾਂ ਦੇ ਸਰੋਕਾਰਾਂ ਵਿਰੁੱਧ ਭੁਗਤ ਕੇ ਸਬੂਤ ਨਸ਼ਟ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਜਦੋ ਜਹਿਦ ਕੀਤੀ ਜਾ ਰਹੀ ਹੈ|ਸਰਕਾਰ ਵੱਲੋਂ ਇਸ ਮਾਮਲੇ ਤੇ ਨਿਭਾਇਆ ਜਾ ਰਿਹਾ ਮੂਕ ਦਰਸ਼ਕ ਦਾ ਰੋਲ ਹਕੀਕਤ ਵਿੱਚ ਮੁਜਰਮਾਂ ਦੀ ਪੁਸ਼ਤ ਪਨਾਹੀ ਦਾ ਰੋਲ ਹੈ|ਬੀਤੇ ਦੌਰਾਂ ਅੰਦਰ ਪੁਲਿਸ ਨੂੰ ਜਮਹੂਰੀ ਹੱਕਾਂ ਦੇ ਘਾਣ ਦੀਆਂ ਦਿੱਤੀਆਂ ਛੋਟਾਂ ਅਤੇ ਜਵਾਬਦੇਹੀ ਤੋਂ ਸੁਰੱਖਿਆ ਨੇ ਪੁਲਿਸ ਅੰਦਰ ਮੁਜਰਮਾਨਾ ਬਿਰਤੀਆਂ ਨੂੰ ਉਤਸ਼ਾਹਤ ਕੀਤਾ ਹੈ ਜਿਸ ਦੀਆਂ ਅਨੇਕਾਂ ਮਿਸਾਲਾਂ ਅੱਜ ਵੀ ਵੱਖ ਵੱਖ ਥਾਈਂ ਸਾਹਮਣੇ ਆਉਂਦੀਆਂ ਹਨ|
ਮੋਰਚੇ ਦੇ ਸਕੱਤਰ ਨੇ ਫ਼ਰੀਦਕੋਟ ਅੰਦਰ ਸੱਤ ਵਰ੍ਹੇ ਪਹਿਲਾਂ ਵਾਪਰੀ ਗੁੰਡਾਗਰਦੀ ਦੀ ਘਟਨਾ ਖ਼ਿਲਾਫ਼ ਹੋਈ ਲੋਕਾਂ ਦੀ ਵਿਆਪਕ ਲਾਮਬੰਦੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਹੈ ਜਦੋਂ ਲੋਕਾਂ ਦੇ ਜ਼ੋਰਦਾਰ ਵਿਰੋਧ ਸਦਕਾ ਹਕੂਮਤ ਨੂੰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਮਜਬੂਰ ਹੋਣਾ ਪਿਆ ਸੀ|ਉਸੇ ਧੜੱਲੇ ਅਤੇ ਏਕਤਾ ਨਾਲ ਪੁਲਿਸ ਦੀ ਇਸ ਗੁੰਡਾਗਰਦੀ ਵਿਰੁੱਧ ਆਵਾਜ਼ ਉਠਾ ਕੇ ਹੀ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕਦਾ ਹੈ ਅਤੇ ਕਤਲ ਦੇ ਮੁਜਰਮਾਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਦੀਆਂ ਹਨ|ਲੋਕ ਮੋਰਚਾ ਪੰਜਾਬ ਨੇ ਐਕਸ਼ਨ ਕਮੇਟੀ ਵੱਲੋਂ ਉਲੀਕੇ ਗਏ ਪੰਜ ਜੂਨ ਦੇ ਰੋਸ ਪ੍ਰਦਰਸ਼ਨ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ|

No comments:

Post a Comment