StatCounter

Wednesday, October 27, 2010

Arundhati Roy


ਤਰਸ ਅਜਿਹੇ ਦੇਸ 'ਤੇ, ਜੋ ਕਲਮਾਂ ਨੂੰ ਖਾਮੋਸ਼ ਕਰੇ !

ਮੈਂ ਸ਼੍ਰੀਨਗਰ, ਕਸ਼ਮੀਰ ਤੋਂ ਲਿਖ ਰਹੀ ਹਾਂ। ਅੱਜ ਸਵੇਰ ਦੇ ਅਖ਼ਬਾਰ ਦੱਸਦੇ ਹਨ ਕਿ ਮੈਂ ਜੋ ਕੁਝ ਕਸ਼ਮੀਰ ਬਾਰੇ ਪਿੱਛੇ ਜਿਹੇ ਇੱਕ ਜਨਤਕ ਸਭਾ ਵਿੱਚ ਕਿਹਾ ਹੈ, ਉਸ ਬਦਲੇ ਮੈਨੂੰ 'ਦੇਸ-ਧ੍ਰੋਹ' ਦੇ ਦੋਸ਼ਾਂ ਥੱਲੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੈਂ ਜੋ ਕੁਝ ਕਿਹਾ ਹੈ, ਉਹ ਇੱਥੇ ਲੱਖੂਖਾਂ ਲੋਕ ਹਰ ਰੋਜ਼ ਕੰਹਿਦੇ ਹਨ। ਮੈਂ ਜੋ ਕੁਝ ਕਿਹਾ ਹੈ, ਉਹ ਮੈਂ ਤੇ ਹੋਰ ਟਿੱਪਣੀਕਾਰ ਬਹੁਤ ਸਾਲਾਂ ਤੋਂ ਲਿਖ ਤੇ ਕਹਿ ਰਹੇ ਹਾਂ। ਜੋ ਕੋਈ ਵੀ ਮੇਰੇ ਭਾਸ਼ਣਾਂ ਦੀਆਂ ਲਿਖਤਾਂ ਨੂੰ ਪੜ੍ਹਨ ਦੀ ਜਹਿਮਤ ਉਠਾਏ ਤਾਂ ਉਸਨੂੰ ਪਤਾ ਲੱਗੇਗਾ ਕਿ ਉਹਨਾਂ ਵਿੱਚ ਬੁਨਿਆਦੀ ਤੌਰ 'ਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਮੈਂ ਕਸ਼ਮੀਰ ਦੇ ਉਹਨਾਂ ਲੋਕਾਂ ਲਈ ਇਨਸਾਫ਼ ਦੇ ਹੱਕ ਵਿੱਚ ਬੋਲੀ ਹਾਂ ਜੋ ਸੰਸਾਰ ਦੇ ਸਭ ਤੋਂ ਵੱਧ ਜਾਲਮ ਫੌਜੀ ਕਬਜਿਆਂ 'ਚੋਂ ਇੱਕ ਥੱਲੇ ਜੀਵਨ ਬਸਰ ਕਰਨ ਲਈ ਮਜ਼ਬੂਰ ਹਨ; ਉਹਨਾਂ ਕਸ਼ਮੀਰੀ ਪੰਡਤਾਂ ਦੇ ਹੱਕ ਵਿੱਚ ਜੋ ਆਪਣੀ ਮਾਤਭੂਮੀ ਤੋਂ ਖਦੇੜੇ ਜਾਣ ਦੀ ਤ੍ਰਾਸਦੀ ਹੰਢਾ ਰਹੇ ਹਨ; ਕਸ਼ਮੀਰ 'ਚ ਮਾਰੇ ਗਏ ਕੁਡਾਲੋਰ ਦੇ ਉਹਨਾਂ ਦਲਿਤ ਸਿਪਾਹੀਆਂ ਦੇ ਹੱਕ ਵਿੱਚ, ਕੂੜੇ ਦੇ ਢੇਰਾਂ 'ਤੇ ਬਣੀਆਂ ਜਿਹਨਾਂ ਦੀਆਂ ਕਬਰਾਂ 'ਤੇ ਮੈਂ ਜਾ ਆਈ ਹਾਂ; ਭਾਰਤ ਦੇ ਉਹਨਾਂ ਗਰੀਬਾਂ ਦੇ ਹੱਕ ਵਿੱਚ ਜੋ ਇਸ ਫੌਜੀ ਕਬਜੇ ਦੀ ਭੌਤਿਕ ਰੂਪ 'ਚ ਕੀਮਤ ਅਦਾ ਕਰ ਰਹੇ ਹਨ ਤੇ ਜਿਹੜੇ, ਇਸ ਬਣ ਰਹੇ ਪੁਲਸੀ-ਰਾਜ ਥੱਲੇ ਜਿਉਣ ਦਾ ਵੱਲ ਸਿਖ ਰਹੇ ਹਨ।

ਕੱਲ੍ਹ ਮੈਂ ਸ਼ੋਪੀਆਂ ਦਾ ਦੌਰਾ ਕੀਤਾ, ਦੱਖਣੀ ਕਸ਼ਮੀਰ ਦਾ ਸੇਬਾਂ ਲਈ ਮਸ਼ਹੂਰ ਸ਼ਹਿਰ ਜੋ ਪਿਛਲੇ ਵਰ੍ਹੇ ਆਸੀਆ ਤੇ ਨੀਲੋਫਰ ਨਾਂ ਦੀਆਂ ਨੌਜਵਾਨ ਔਰਤਾਂ ਦੇ ਬੇਰਹਿਮ ਬਲਾਤਕਾਰ ਤੇ ਕਤਲਾਂ ਖਿਲਾਫ਼ ਰੋਸ ਵਜੋਂ ਪਿਛਲੇ ਸਾਲ 47 ਦਿਨ ਬੰਦ ਰਿਹਾ, ਜਿਹਨਾਂ ਦੀਆਂ ਲਾਸ਼ਾਂ ਘਰ ਨੇੜਲੀ ਉਥਲੀ ਨਦੀ ਦੇ ਕਿਨਾਰਿਓਂ ਮਿਲੀਆਂ ਸਨ ਤੇ ਜਿਹਨਾਂ ਦੇ ਕਾਤਲਾਂ ਨੂੰ ਹਾਲੇ ਤੱਕ ਵੀ ਕੀਤੇ ਦੀ ਸਜ਼ਾ ਨਹੀਂ ਮਿਲੀ। ਮੈਂ ਸ਼ਕੀਲ ਨੂੰ ਮਿਲੀ, ਨੀਲੋਫਰ ਦਾ ਪਤੀ ਤੇ ਆਸੀਆ ਦਾ ਭਰਾ ਤੇ ਉੱਥੇ ਮੌਜੂਦ ਅਸੀਂ ਸਭ ਜਣੇ ਘੇਰਾ ਬਣਾਕੇ ਬੈਠ ਗਏ ਤੇ ਇਸ ਘੇਰੇ 'ਚ ਬੈਠੇ, ਦੁੱਖ ਤੇ ਰੋਹ 'ਚ ਧੁਖਦੇ ਲੋਕਾਂ ਨੂੰ ਭਾਰਤ ਤੋਂ ਇਨਸਾਫ਼ ਦੀ ਹਰ ਉਮੀਦ ਖਤਮ ਹੋ ਚੁੱਕੀ ਸੀ ਤੇ ਹੁਣ ਉਹਨਾਂ ਨੂੰ "ਅਜ਼ਾਦੀ" ਤੋਂ ਹੀ ਇੱਕੋ-ਇੱਕ ਉਮੀਦ ਸੀ। ਮੈਂ ਨੌਜਵਾਨ ਪੱਥਰਬਾਜਾਂ ਨੂੰ ਮਿਲੀ, ਜਿਹਨਾਂ ਦੀਆਂ ਅੱਖਾਂ 'ਚ ਗੋਲੀਆਂ ਦਾਗ਼ ਦਿੱਤੀਆਂ ਗਈਆਂ ਸਨ। ਮੈਂ ਇੱਕ ਅਜਿਹੇ ਨੌਜਵਾਨ ਲੜਕੇ ਨਾਲ ਸਫ਼ਰ ਕੀਤਾ ਜਿਸਨੇ ਦੱਸਿਆ ਕਿ ਕਿਵੇਂ ਅਨੰਤਨਾਗ ਜਿਲੇ ਵਿੱਚ, ਉਸਦੇ ਅੱਲੜ੍ਹ ਉਮਰ ਦੇ ਤਿੰਨ ਮਿੱਤਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੱਥਰ ਸੁੱਟਣ ਖਿਲਾਫ਼ ਸਜ਼ਾ ਵਜੋਂ ਉਹਨਾਂ ਦੇ ਨਹੁੰ ਪੱਟ ਦਿੱਤੇ ਗਏ।

ਅਖ਼ਬਾਰਾਂ 'ਚ ਕਈਆਂ ਨੇ ਮੇਰੇ 'ਤੇ ਦੂਸ਼ਣ ਲਾਇਆ ਹੈ ਕਿ ਮੈਂ "ਭੜਕਾਊ - ਭਾਸ਼ਣ" ਦਿੱਤੇ ਹਨ, ਕਿ ਮੈਂ ਦੇਸ ਨੂੰ ਤੋੜਨਾ ਚਾਹੁੰਦੀ ਹਾਂ। ਇਸ ਤੋਂ ਬਿਲਕੁੱਲ ਉਲਟ, ਮੈਂ ਜੋ ਕਿਹਾ ਹੈ ਉਹ ਮੋਹ ਤੇ ਮਾਣ 'ਚੋਂ ਕਿਹਾ ਹੈ। ਇਸ 'ਚੋਂ ਕਿਹਾ ਕਿ ਲੋਕਾਂ ਨੂੰ ਮਾਰ ਕੇ, ਬਲਾਤਕਾਰ ਕਰਕੇ, ਜੇਲ੍ਹਾਂ 'ਚ ਸੁੱਟ ਕੇ ਜਾਂ ਉਹਨਾਂ ਦੇ ਨਹੁੰ ਪੱਟ ਕੇ ਉਹਨਾਂ ਨੂੰ ਭਾਰਤੀ ਹੋਣਾ ਮੰਨਣ ਲਈ ਮਜ਼ਬੂਰ ਨਾਂ ਕੀਤਾ ਜਾਵੇ। ਇੱਕ ਅਜਿਹੇ ਸਮਾਜ 'ਚ ਜਿਉਣ ਦੀ ਇੱਛਾ 'ਚੋਂ ਕਿਹਾ ਹੈ ਜੋ ਇਨਾਸਫ਼ ਲਈ ਤਰਲੋਮੱਛੀ ਹੈ। ਤਰਸ ਅਜਿਹੇ ਦੇਸ 'ਤੇ, ਜੋ ਆਪਣੇ ਲੇਖਕਾਂ ਨੂੰ ਆਪਣਾ ਇਜ਼ਹਾਰ ਕਰਨ ਵਰਜੇ। ਤਰਸ ਅਜਿਹੇ ਦੇਸ 'ਤੇ ਜਿਸਨੂੰ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਸੁੱਟਣਾ ਪਵੇ ਜਦੋਂ ਕਿ ਫ਼ਿਰਕਾਪ੍ਰਸਤ ਹੱਤਿਆਰੇ, ਜਨਤਕ-ਕਤਲਿਆਮਾਂ ਦੇ ਮੁਜ਼ਰਮ, ਕਾਰਪੋਰੇਟ ਘਪਲੇਬਾਜ, ਲੁਟੇਰੇ, ਬਲਾਤਕਾਰੀਏ ਤੇ ਸਭ ਤੋਂ ਗ਼ਰੀਬ ਜਨਤਾ ਦਾ ਸ਼ਿਕਾਰ ਖੇਡਣ ਵਾਲੇ ਅਜ਼ਾਦ ਘੁੰਮਦੇ ਹੋਣ।

1 comment:

  1. Roy's entire speech in this convention should also be published...it will clarify the things...and will show how some people are misrepresenting her views...Varvara Rao's statement about this controversy is also important...it throws light on what was actually said in the Delhi Convention.

    ReplyDelete