ਸ਼ਹੀਦ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਨੂੰ ਰੋਹ ਭਰਪੂਰ ਸ਼ਰਧਾਂਜਲੀ ਭੇਂਟ
ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ ਭੋਗ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ
ਸ਼ਹੀਦ ਦੇ ਪਰਿਵਾਰ ਦਾ ਸਨਮਾਨ ਕਰਦੇ ਜਥੇਬੰਦੀਆਂ ਦੇ ਆਗੂ
ਕਲ੍ਹ ਮਿਤੀ 21/10/10 ਨੂੰ ਪਿੰਡ ਚੱਕ ਅਲੀਸ਼ੇਰ ਵਿਖੇ ਸ਼ਹੀਦ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਹੋਰ ਇਨਸਾਫ਼ਪਸੰਦ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਭੋਗ ਸਮਾਗਮ 'ਚ ਪਹੁੰਚ ਕੇ ਸਹੀਦ ਪ੍ਰਤੀ ਸਤਿਕਾਰ ਤੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਸ਼ਹੀਦ ਦੀ ਪਤਨੀ ਤੇ ਬਾਕੀ ਪਰਿਵਾਰ ਦਾ ਸਨਮਾਨ ਕੀਤਾ ਤੇ ਪਰਿਵਾਰ ਨੇ ਵੀ ਸੰਘਰਸ਼ਾਂ ਦੇ ਰਾਹ ਤੇ ਅੱਗੇ ਵਧਣ ਦਾ ਇਰਾਦਾ ਪ੍ਰਗਟਾਇਆ।
ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਿਆਸੀ-ਪੁਲਸ-ਗੁੰਡਾ ਗਠਜੋੜ, ਸੂਦਖੋਰ-ਆੜ੍ਹਤੀਆ ਸਿਸਟਮ ਤੇ ਭੂ-ਮਾਫੀਆ ਵਲੋਂ ਪਹਿਲਾਂ ਖੰਨਾ-ਚਮਿਆਰਾ, ਫਿਰ ਸਾਧੂ ਸਿੰਘ ਤਖ਼ਤੂਪੁਰਾ ਤੇ ਹੁਣ ਪ੍ਰਿਥੀਪਾਲ ਸਿੰਘ ਵਰਗੇ ਕਤਲ ਕਾਂਡਾਂ ਰਾਹੀਂ ਕਿਸਾਨ-ਮਜ਼ਦੂਰ ਤੇ ਜਮਹੂਰੀ ਲਹਿਰ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਹ ਕਤਲ, ਮੁਲਕ ਭਰ 'ਚ ਹਕੂਮਤ ਵਲੋਂ ਨਵੀਆਂ ਆਰਥਕ ਨੀਤੀਆਂ ਤਹਿਤ ਸਾਮਰਾਜੀ ਹਿੱਤਾਂ ਵਾਸਤੇ ਮਿਹਨਤਕਸ਼ ਲੋਕਾਂ ਤੇ ਲੋਕ ਲਹਿਰਾਂ ਤੇ ਵਿੱਢੇ ਸਰਕਾਰੀ-ਗੈਰ ਸਰਕਾਰੀ ਤਿੱਖੇ ਹਮਲਿਆਂ ਦਾ ਹੀ ਅੰਗ ਹਨ। ਇਹ, ਵੱਖ-ਵੱਖ ਢੱਗਾਂ ਰਾਹੀਂ ਮਿਹਨਤਕਸ਼ ਲੋਕਾਂ ਨੂੰ ਜਮੀਨਾਂ, ਜ਼ਿੰਦਗੀ ਜਿਉਣ ਲਈ ਚਾਹੀਦੇ ਬੁਨਿਆਦੀ ਸਰੋਤਾਂ ਤੇ ਜਮਹੂਰੀ ਹੱਕਾਂ ਤੋਂ ਵਾਝੇਂ ਕਰਕੇ ਦੇਸੀ-ਬਦੇਸੀ ਧਨਾਢਾਂ ਨੂੰ ਮੁਲਕ ਦੇ ਵਸੀਲਿਆਂ ਤੇ ਕਾਬਜ਼ ਕਰਨ ਦੀ ਸਾਜਿਸ਼ ਨੂੰ ਤੇਜੀ ਨਾਲ ਲਾਗੂ ਕਰਨ ਦਾ ਅਮਲ ਹੈ।
ਇਹਨਾਂ ਹਮਲਿਆਂ ਨੇ ਲੋਕ-ਹੱਕਾਂ ਦੀਆਂ ਲਹਿਰਾਂ ਸਾਹਮਣੇ ਸੁਰੱਖਿਆ ਦੇ ਸਵਾਲ ਨੂੰ ਸ਼ਿਦਤ ਨਾਲ ਉਭਾਰ ਦਿੱਤਾ ਹੈ ਜਿਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਵੱਖ-ਵੱਖ ਸੰਘਰਸ਼ੀਲ ਤੇ ਲੋਕ ਹਿੱਸਿਆਂ 'ਚ ਇਹਨਾਂ ਹਮਲਿਆਂ ਪਿੱਛੇ ਕੰਮ ਕਰਦੀਆਂ ਹਕੂਮਤੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ। ਹਕੂਮਤੀ ਪ੍ਰਬੰਧ ਤੋਂ ਸੁਰੱਖਿਆ ਦੀ ਝਾਕ ਛੱਡਕੇ ਆਪਣੀ ਰਾਖੀ ਆਪ ਕਰਨ ਦਾ ਨਹਰਾ ਬੁਲੰਦ ਕਰਨਾ ਚਾਹੀਦਾ ਹੈ।
No comments:
Post a Comment