StatCounter

Wednesday, February 16, 2011

ਇਨਕਲਾਬੀ ਕਿਸਾਨ ਲਹਿਰ ਜ਼ਿੰਦਾਬਾਦ

ਸਾਂਝਾ ਲੋਕ ਸੰਘਰਸ਼ ਜ਼ਿੰਦਾਬਾਦ

Lok Morcha Punjabਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਇਨਕਲਾਬੀ ਜੁਝਾਰ ਵਿਰਾਸਤ ਬੁਲੰਦ ਕਰਦਿਆਂLok Morcha Punjab

ਇਨਕਲਾਬੀ ਕਿਸਾਨ ਲਹਿਰ ਦੀ ਉਸਾਰੀ ਵੱਲ ਵਧੋ

ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਹੀਦ ਹੋਇਆਂ ਇਕ ਵਰ੍ਹਾ ਬੀਤ ਚੱਲਿਆ ਹੈ। ਉਹ ਸਾਰੀ ਉਮਰ ਇਨਕਲਾਬੀ ਸੋਚ ਤੇ ਅਕੀਦਿਆਂ ਲਈ ਡਟਿਆ ਅਤੇ ਜੂਝਿਆ ਹੈ। ਰਿਟਾਇਰਮੈਂਟ ਤੋਂ ਬਾਅਦ ਆਪਣੇ ਆਪ ਨੂੰ ਇਨਕਲਾਬੀ ਕਿਸਾਨ ਲਹਿਰ ਦੀ ਉਸਾਰੀ ਲਈ ਸਮਰਪਤ ਕਰਦਿਆਂ ਅੰਤ ਲੋਕ ਦੁਸ਼ਮਣਾਂ ਹੱਥੋਂ ਸ਼ਹੀਦੀ ਜਾਮ ਪੀ ਗਿਆ ਹੈ। ਉਹ ਇਨਕਲਾਬੀ ਸੂਝ ਅਤੇ ਕਿਸਾਨ ਹਿੱਤਾਂ ਦਾ ਸਿਰੜੀ ਤੇ ਸਿਦਕਵਾਨ ਪਹਿਰੇਦਾਰ ਹੋ ਨਿਬੜਿਆ ਹੈ। ਉਹ ਇਨਕਲਾਬੀ ਸੋਝੀ ਨਾਲ ਗੜੁੱਚ ਆਪਣੇ ਗੜ੍ਹਕਦੇ ਬੋਲ ਪੁਗਾ ਗਿਆ ਹੈ। ਹੁਣ ਇਨ੍ਹਾਂ ਬੋਲਾਂ 'ਤੇ ਪਹਿਰਾ ਦੇਣਾ ਅਤੇ ਇਨ੍ਹਾਂ ਨੂੰ ਆਪਣੀ ਕਰਨੀ ਰਾਹੀਂ ਪੁਗਾਉਣਾ ਉਸਦੀ ਸ਼ਹਾਦਤ ਨੂੰ ਸਿੱਜਦਾ ਕਰ ਰਹੇ ਕਿਸਾਨ ਕਾਰਕੁੰਨਾਂ ਤੇ ਕਾਫ਼ਲਿਆਂ ਦੀ ਵਾਰੀ ਹੈ।

ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਲੋਕ-ਦੁਸ਼ਮਣ ਲਾਣੇ ਨਾਲ ਭੇੜ ਦਾ ਨਤੀਜਾ

ਇਹ ਸਾਧੂ ਸਿੰਘ ਹੋਰਾਂ ਦੀ ਕਿਸਾਨ ਜਥੇਬੰਦੀ ਹੀ ਸੀ, ਜਿਸਨੇ ਜ਼ਿਲ੍ਹਾ ਅੰਮ੍ਰਿਤਸਰ 'ਚ ਮੌਕਾਪ੍ਰਸਤ ਸਿਆਸਤਦਾਨਾਂ ਦੀ ਬੁੱਕਲ 'ਚ ਪਲ਼ਦੇ ਭੋਂ-ਮਾਫ਼ੀਆ ਗਰੋਹ ਵੱਲੋਂ ਸਤਾਏ ਕਿਸਾਨਾਂ ਦੀ ਬਾਂਹ ਫੜੀ ਸੀ। ਇਸ ਗੁੰਡਾ ਭੋਂ-ਮਾਫ਼ੀਆ ਗਰੋਹ ਵਲੋਂ ਨਿਤਾਣੇ ਸਮਝੇ ਜਾਂਦੇ ਕਿਸਾਨਾਂ ਦਾ ਤਾਣ ਬਣੀ ਸੀ। ਸਾਧੂ ਸਿੰਘ ਦੀ ਸਿੱਧੀ ਅਗਵਾਈ ਹੇਠ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਭੋਂ-ਮਾਫ਼ੀਆ ਗਰੋਹ ਦੀ ਬੁਰਛਾਗਰਦੀ ਨੂੰ ਲਲਕਾਰਦਿਆਂ, ਉਸ ਵੱਲੋਂ ਜਬਰੀ ਹਥਿਆਈ ਕਿਸਾਨਾਂ ਦੀ ਜ਼ਮੀਨ ਨੂੰ ਵਾਪਸ ਲੈਣ ਦਾ ਬੀੜਾ ਚੁੱਕਿਆ ਸੀ। ਇਸੇ ਕਰਕੇ, ਇਲਾਕੇ ਅੰਦਰ ਸਿਰ ਉਠਾ ਰਹੇ ਕਿਸਾਨ ਲਹਿਰ ਦੇ ਕਾਫ਼ਲੇ ਦਾ ਤਹਿਕਾ ਮੰਨਦਿਆਂ ਅਤੇ ਇਸਨੂੰ ਖੋਰਨ-ਖਿੰਡਾਉਣ ਦਾ ਭਰਮ ਪਾਲਦਿਆਂ ਸਾਧੂ ਸਿੰਘ 'ਤੇ ਖ਼ੂਨੀ ਵਾਰ ਕੀਤਾ ਗਿਆ ਸੀ। ਸਾਧੂ ਸਿੰਘ ਦੇ ਕਤਲ ਤੋਂ ਬਾਅਦ, ਜਿਵੇਂ ਇਸ ਗਰੋਹ ਦੇ ਸਰਗਣੇ ਵੀਰ ਸਿੰਘ ਲੋਪੋਕੇ ਅਤੇ ਉਸਦੇ ਜਵਾਈ ਬਾਬਾ ਰਛਪਾਲ ਠਾਣੇਦਾਰ ਵਗੈਰਾ ਨੂੰ ਕੇਸ 'ਚੋਂ ਕੱਢਣ ਤੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਪੁਲਸ ਅਫਸਰਾਂ ਵੱਲੋਂ ਜ਼ੋਰ ਲਾਇਆ ਗਿਆ, ਜਿਵੇਂ ਬਾਦਲ ਹਕੂਮਤ ਵਲੋਂ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਸੂਬਾਈ ਕਿਸਾਨ ਮੁਜ਼ਾਹਰੇ ਨੂੰ ਜ਼ਬਰੀ ਰੋਕਣ ਲਈ ਅਤੇ ਕਾਤਲਾਂ ਨੂੰ ਓਟ-ਛਤਰੀ ਮੁਹੱਈਆ ਕਰਨ ਲਈ ਨੰਗਾ-ਚਿੱਟਾ ਪੱਖਪਾਤੀ ਰਵੱਈਆ ਅਖਤਿਆਰ ਕੀਤਾ ਗਿਆ, ਇਸਨੇ ਇਹ ਗੱਲ ਜ਼ੋਰ ਨਾਲ ਉਘਾੜੀ ਹੈ ਕਿ ਸਾਧੂ ਸਿੰਘ ਦੇ ਡੁੱਲ੍ਹੇ ਖ਼ੂਨ ਨਾਲ ਵਾਹੀ ਲਕੀਰ ਦੇ ਇੱਕ ਪਾਸੇ ਲੁੱਟੀ-ਪੁੱਟੀ ਤੇ ਦੱਬੀ ਕੁਚਲੀ ਕਿਸਾਨ ਜਨਤਾ ਖੜ੍ਹੀ ਹੈ ਅਤੇ ਦੂਜੇ ਪਾਸੇ-ਭੋਂ-ਮਾਫ਼ੀਆ ਗਰੋਹਾਂ, ਪੁਲਸ ਅਫਸਰਸ਼ਾਹੀ, ਮੌਕਾਪ੍ਰਸਤ ਸਿਆਸਤਦਾਨਾਂ ਤੇ ਸਰਕਾਰ ਦਾ ਲੋਕ-ਦੁਸ਼ਮਣ ਗੱਠਜੋੜ ਖੜ੍ਹਾ ਹੈ। ਜਦੋਂ ਤੀਕ ਸਮਾਜ ਅੰਦਰ ਅਜਿਹੇ ਭੋਂ-ਮਾਫ਼ੀਆ ਗਰੋਹਾਂ, ਜ਼ਾਬਰ ਪੁਲਸ, ਮੌਕਾਪ੍ਰਸਤ ਸਿਆਸਤਦਾਨਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦਾ ਬੋਲਬਾਲਾ ਹੈ, ਕਿਸਾਨ ਜਨਤਾ ਅਤੇ ਹੋਰਨਾਂ ਕਮਾਊ ਲੋਕਾਂ ਦੇ ਹਿੱਤਾਂ ਦੀ ਖ਼ੈਰ ਨਹੀਂ। ਆਪਣੇ ਹੱਕਾਂ, ਹਿੱਤਾਂ ਦਾ ਹਰ ਕਦਮ ਵਧਾਰਾ ਅਜਿਹੇ ਗੱਠਜੋੜ ਦੇ ਕਾਲਜੇ ਸੂਲ਼ ਪਾਉਂਦਾ ਹੈ।

ਇਹ ਭੇੜ ਜੱਦੀ-ਪੁਸ਼ਤੀ ਹੈ, ਬੁਨਿਆਦੀ ਹੈ

ਸਾਧੂ ਸਿੰਘ ਦੀ ਸ਼ਹਾਦਤ ਨਾਲ ਇਸ ਲੋਕ-ਦੁਸ਼ਮਣ ਗੱਠਜੋੜ ਨਾਲ ਸਾਹਮਣੇ ਆਇਆ ਭੇੜ ਨਾ ਪਹਿਲਾ ਹੈ ਅਤੇ ਨਾ ਹੀ ਕੋਈ ਵਕਤੀ ਜਾਂ ਥੋੜ-ਚਿਰਾ ਵਰਤਾਰਾ ਹੈ। ਇਹ ਭੇੜ ਜੱਦੀ-ਪੁਸ਼ਤੀ ਹੈ, ਬੁਨਿਆਦੀ ਹੈ। ਇਸ ਪਿਛਾਖੜੀ ਸਮਾਜਿਕ-ਆਰਥਿਕ ਪ੍ਰਬੰਧ ਦੀ ਪੈਦਾਇਸ਼ ਹੈ, ਜਿਥੇ ਮੁਲਕ ਦੀ ਜ਼ਮੀਨ-ਜਾਇਦਾਦ, ਕਾਰਖਾਨਿਆਂ, ਕਮਾਈ ਦੇ ਵਸੀਲਿਆਂ ਅਤੇ ਦੌਲਤ ਖਜ਼ਾਨਿਆਂ 'ਤੇ ਸਾਮਰਾਜੀਆਂ ਅਤੇ ਉਨ੍ਹਾਂ ਦੇ ਦੱਲੇ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦਾ ਕਬਜ਼ਾ ਹੈ। ਮੌਕਾਪ੍ਰਸਤ ਸਿਆਸਤਦਾਨਾਂ, ਅਫਸਰਸ਼ਾਹਾਂ, ਭੋਂ-ਮਾਫ਼ੀਆ ਗੁੰਡਾ ਗਰੋਹਾਂ ਵਗੈਰਾ ਦਾ ਲਾਣਾ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦਾ ਪਾਲਤੂ ਲਾਣਾ ਹੈ, ਜਿਹੜਾ ਲੋਕਾਂ ਦੀ ਲੁੱਟ-ਖੋਹ 'ਚੋਂ ਹਿੱਸਾ-ਪੱਤੀ 'ਤੇ ਪਲਦਾ ਹੈ।

ਕਰਜ਼ਾ-ਜਾਲ 'ਚੋਂ ਛੁਟਕਾਰੇ ਦਾ ਮੁੱਦਾ

ਰਹਿੰਦੀ ਕਸਰ ਹਾਕਮ ਜਮਾਤਾਂ ਵੱਲੋਂ ਮੁਲਕ ਦੇ ਲੋਕਾਂ 'ਤੇ ਵਿੱਢੇ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਹੱਲੇ ਨੇ ਪੂਰੀ ਕਰ ਦਿੱਤੀ ਹੈ। ਇਹ ਹੱਲਾ ਕਮਾਊ ਲੋਕਾਂ ਦੇ ਬੇਰੁਜ਼ਗਾਰੀ ਦੇ ਜਬਾੜਿਆਂ 'ਚ ਧੱਕਣ ਦਾ ਕਾਰਨ ਬਣ ਰਿਹਾ ਹੈ। ਸਾਮਰਾਜੀ ਕੰਪਨੀਆਂ ਲਈ ਮੁਲਕ ਨੂੰ ਲੁੱਟਣ ਦੀ ਖੁੱਲ੍ਹ ਖੇਡਣ ਵਾਸਤੇ ਦਰ ਮੋਕਲੇ ਕੀਤੇ ਜਾ ਰਹੇ ਹਨ। 'ਪਬਲਿਕ ਅਸਾਸਿਆਂ'' ਨੂੰ ਕੌਡੀਆਂ ਭਾਅ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ। ਸਿਹਤ,ਵਿਦਿਆ, ਰਾਸ਼ਨ, ਆਵਾਜਾਈ, ਬਿਜਲੀ, ਪਾਣੀ ਆਦਿ ਸੰਬੰਧੀ ਮਿਲਦੀਆਂ ਮਾੜੀਆਂ-ਮੋਟੀਆਂ ਰਿਆਇਤਾਂ ਵਾਪਸ ਝਪਟੀਆਂ ਜਾ ਰਹੀਆਂ ਹਨ। ਖੇਤੀ ਸਬਸਿਡੀਆਂ 'ਤੇ ਕੈਂਚੀ ਫੇਰੀ ਜਾ ਰਹੀ ਹੈ। ਖੇਤੀ 'ਚ ਖਪਤ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀਂ ਚਾੜ੍ਹੀਆਂ ਜਾ ਰਹੀਆਂ ਹਨ। ਜਿਸ ਕਰਕੇ ਗਰੀਬ ਕਿਸਾਨਾਂ ਤੇ ਦਰਮਿਆਨੇ ਕਿਸਾਨਾਂ ਲਈ ਖੇਤੀ ਇਕ ਘਾਟੇ ਦਾ ਸੌਦਾ ਬਣਕੇ ਰਹਿ ਗਈ ਹੈ। ਖੇਤੀ ਦੀ ਗੱਡੀ ਰੁੜ੍ਹਦੀ ਰੱਖਣ ਅਤੇ ਹੋਰਨਾਂ ਘਰੇਲੂ ਲੋੜਾਂ ਦੀ ਪੂਰਤੀ ਲਈ ਗਰੀਬ ਤੇ ਦਰਮਿਆਨੇ ਕਿਸਾਨਾਂ ਨੂੰ ਸੂਦਖੋਰਾਂ ਕੋਲੋਂ ਭਾਰੀ ਵਿਆਜ਼ 'ਤੇ ਕਰਜ਼ਾ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦੇ ਇਹ ਹਿੱਸੇ ਕਰਜ਼ਾ-ਜ਼ਾਲ'ਚ ਉਲਝਦੇ ਜਾ ਰਹੇ ਹਨ। ਸੂਦਖ਼ੋਰ ਸ਼ਾਹੂਕਾਰ ਅਤੇ ਜਗੀਰੂ ਚੌਧਰੀ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਝਪਟ ਰਹੇ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ ਕੰਗਾਲਾਂ, ਬੇਜ਼ਮੀਨੇ ਤੇ ਬੇਰੁਜ਼ਗਾਰ ਕਿਸਾਨਾਂ ਦੀਆਂ ਕਤਾਰਾਂ 'ਚ ਸ਼ੁਮਾਰ ਹੋਣ ਲਈ ਮਜਬੂਰ ਕਰ ਰਹੇ ਹਨ। ਸੋ ਸੂਦਖ਼ੋਰਾਂ ਤੋਂ ਕਿਸਾਨ ਜ਼ਮੀਨਾਂ ਦੀ ਰਾਖੀ ਅਤੇ ਕਿਸਾਨਾਂ ਦਾ ਕਰਜ਼ਾ-ਜ਼ਾਲ'ਚੋਂ ਛੁਟਕਾਰੇ ਦਾ ਮਾਮਲਾ, ਕਿਸਾਨ ਲਹਿਰ ਦੇ ਸਿਰ ਕੂਕਦਾ ਮੁੱਦਾ ਬਣ ਗਿਆ ਹੈ।

ਜ਼ਮੀਨ ਦੀ ਰਾਖੀ ਦਾ ਸੁਆਲ

ਸਾਮਰਾਜੀ ਕੰਪਨੀਆਂ ਅਤੇ ਉਨ੍ਹਾਂ ਦੀਆਂ ਭਾਈਵਾਲ ਦੇਸੀ ਕੰਪਨੀਆਂ ਦੇ ਕਾਰੋਬਾਰਾਂ ਨੂੰ ਅਖੌਤੀ ਵਿਕਾਸ ਦੇ ਨਾਂ ਹੇਠ ਉਗਾਸਾ ਦੇਣ ਲਈ ਸੜਕਾਂ ਚੌੜੀਆਂ ਕਰਨ, ਵਿਸ਼ੇਸ਼ ਆਰਥਿਕ ਜੋਨ ਬਣਾਉਣ, ਵੱਡੇ ਮਾਲਾਂ ਦੀ ਉਸਾਰੀ ਕਰਨ, ਖਾਣਾਂ ਖੋਦਣ ਅਤੇ ਹੋਰਨਾਂ ਪ੍ਰੋਜੈਕਟਾਂ ਦੀ ਉਸਾਰੀ ਲਈ ਹਾਕਮਾਂ ਵਲੋਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਸਸਤੇ ਭਾਅ ਹਥਿਆ ਕੇ ਇਨ੍ਹਾਂ ਕੰਪਨੀਆਂ ਨੂੰ ਸੌਂਪਣ ਦਾ ਅਮਲ ਵਿੱਢਿਆ ਹੋਇਆ ਹੈ। ਸੂਦਖ਼ੋਰ ਸ਼ਾਹੂਕਾਰਾਂ ਤੇ ਪੇਂਡੂ ਚੌਧਰੀਆਂ ਕੋਲੋਂ ਜ਼ਮੀਨਾਂ ਦੀ ਰਾਖੀ ਦੇ ਸੁਆਲ ਨਾਲ ਜੁੜਕੇ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਿੱਤਾਂ ਦੇ ਵਧਾਰੇ ਲਈ ਹਕੂਮਤ ਵਲੋਂ ਜ਼ਬਰ-ਜ਼ੋਰ ਨਾਲ ਹਥਿਆਈਆਂ ਜਾ ਰਹੀਆਂ ਜ਼ਮੀਨਾਂ ਦੀ ਰਾਖੀ ਦਾ ਸੁਆਲ ਕਿਸਾਨ ਸੰਘਰਸ਼ ਲਈ ਇਕ ਬਹੁਤ ਹੀ ਅਹਿਮ ਤੇ ਭਖਵੇਂ ਮੁੱਦੇ ਵਜੋਂ ਉਭਰਿਆ ਹੋਇਆ ਹੈ।

ਜਾਬਰ ਕਾਨੂੰਨਾਂ ਦੇ ਵਾਰ ਖਿਲਾਫ਼ ਸੰਘਰਸ਼ ਦਾ ਕਾਰਜ

ਪਿਛਲੇ ਅਰਸੇ ਦੌਰਾਨ ਪੰਜਾਬ ਦੀ ਕਿਸਾਨ ਲਹਿਰ, ਹਕੂਮਤਾਂ ਵਲੋਂ ਲੋਕਾਂ 'ਤੇ ਵਿੱਢੇ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ ਸਾਹਮਣੇ ਇਕ ਚੁਣੌਤੀ ਬਣਕੇ ਉੱਭਰੀ ਹੈ। ਕਿਸਾਨ ਲਹਿਰ ਵਲੋਂ ਧੌਲਾ, ਛੰਨਾ, ਅੰਮ੍ਰਿਤਸਰ ਆਦਿ ਵਿਖੇ ਸਰਕਾਰ ਵਲੋਂ ਜ਼ਮੀਨ ਹਥਿਆਉਣ ਦੇ ਯਤਨਾਂ ਨੂੰ ਨਾਕਾਮ ਬਣਾਇਆਗਿਆ ਹੈ। ਬਿਜਲੀ ਬਿਲ ਮੁਆਫ਼ ਕਰਾਉਣ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਬੇਜ਼ਮੀਨੇ ਕਿਸਾਨਾਂ ਦੇ ਬਿਲਾਂ ਦੀ ਮੁਆਫ਼ੀ ਲਈ ਘੋਲ ਜਾਰੀ ਹੈ। ਸਰਕਾਰ ਦੇ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ/ਨਿੱਜੀਕਰਨ ਦੇ ਅਮਲ 'ਚ ਵਰ੍ਹਿਆਂ ਬੱਧੀ ਵਿਘਨ ਪਾਉਣ ਅਤੇ ਰੋਕ ਕੇ ਰੱਖਣ 'ਚ ਉਭਰਵਾਂ ਰੋਲ ਨਿਭਾਇਆ ਗਿਆ ਹੈ। ਦਰਜਨਾਂ ਪਿੰਡਾਂ 'ਚ ਸੂਦਖ਼ੋਰ ਸ਼ਾਹੂਕਾਰਾਂ ਅਤੇ ਬੈਂਕ ਅਧਿਕਾਰੀਆਂ ਦੇ ਕਰਜ਼ਾ ਮਾਰੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਯਤਨਾਂ ਨੂੰ ਪਛਾੜਿਆ ਗਿਆ ਹੈ। ਹੁਣ ਫਿਰ 17 ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਆਪਣੀਆਂ ਹੱਕੀ ਮੰਗਾਂ/ਮਸਲਿਆਂ ਲਈ ਇਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ 'ਚ ਨਿੱਤਰੀਆਂ ਹੋਈਆਂ ਹਨ। ਇਉਂ, ਅਖੌਤੀ ਵਿਕਾਸ ਦੇ ਨਾਂ ਹੇਠ ਨਵੇਂ ਆਰਥਿਕ ਹੱਲੇ ਨੂੰ ਅੱਗੇ ਵਧਾਉਣ ਲਈ ਪੱਬਾਂ ਭਾਰ ਹੋਈ ਅਕਾਲੀ-ਭਾਜਪਾ ਹਕੂਮਤ ਵਲੋਂ ਪੰਜਾਬ ਦੀ ਕਿਸਾਨ ਲਹਿਰ ਨੂੰ ਸੱਟ ਮਾਰਨ ਲਈ ਸਿੱਧੇ-ਅਸਿੱਧੇ ਵਾਰ ਕੀਤੇ ਜਾ ਰਹੇ ਹਨ, ਪਰ ਫਿਰ ਵੀ ਇਹ ਉਸ ਲਈ ਇਕ ਤਕੜੀ ਸਿਰਦਰਦੀ ਬਣਕੇ ਉੱਭਰੀ ਹੈ। ਇਸ ਲਈ, ਨਵੇਂ ਆਰਥਿਕ ਹੱਲੇ ਨੂੰ ਅੱਗੇ ਵਧਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਕਿਸਾਨ ਲਹਿਰ (ਸਮੇਤ ਹੋਰਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ) ਦੀਆਂ ਸਰਗਰਮੀਆਂ ਨੂੰ ਸੱਟ ਮਾਰਨਾ ਇਸ ਹਕੂਮਤ ਦੀ ਇਕ ਅਹਿਮ ਲੋੜ ਬਣ ਗਈ ਹੈ। ਪਿਛਲੇ ਸ਼ੈਸਨ 'ਚ ਵਿਧਾਨ ਸਭਾ 'ਚ ਪਾਸ ਕਰਵਾਏ ਦੋ ਜ਼ਾਬਰ ਕਾਲੇ ਕਾਨੂੰਨ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਅਤੇ ਵਿਸ਼ੇਸ਼ ਸੁਰੱਖਿਆ ਗਾਰਡ ਕਾਨੂੰਨ) ਹਕੂਮਤ ਵਲੋਂ ਇਸੇ ਲੋੜ ਨੂੰ ਹੁੰਗਾਰਾ ਹੈ। ਇਹ ਦੋਵੇਂ ਜਾਬਰ ਕਾਨੂੰਨਾਂ ਦਾ ਮਕਸਦ-ਪਹਿਲ ਪ੍ਰਿਥਮੇ-ਸਮੁੱਚੀ ਜਨਤਕ ਲਹਿਰ ਨੂੰ ਆਪਣੀਆਂ ਸਰਗਰਮੀਆਂ ਲਈ ਹਕੂਮਤੀ ਰਜ਼ਾ ਦਾ ਮੁਥਾਜ਼ ਬਣਾਉਣਾ ਹੈ, ਦੂਜਾ ਹਕੂਮਤੀ ਰਜ਼ਾ ਤੋਂ ਨਾਬਰ ਹੋ ਕੇ ਸੰਘਰਸ਼ ਸਰਗਰਮੀ ਦੇ ਰਾਹ ਪੈਣ ਵਾਲੀ ਜਥੇਬੰਦੀ ਦੀ ਸਰਗਰਮੀ ਨੂੰ ਗੈਰ-ਕਾਨੂੰਨੀ ਕਰਾਰ ਦੇਣਾ ਹੈ,ਤੀਜਾ, ਗੈਰ ਕਾਨੂੰਨੀ ਹੋਣ ਦਾ ਠੱਪਾ ਲਾਉਂਦਿਆਂ, ਸੰਬੰਧਤ ਜਥੇਬੰਦੀ ਨੂੰ ਹਕੂਮਤੀ ਜ਼ਬਰ ਦੀ ਮਾਰ ਹੇਠ ਲਿਆਉਣਾ ਹੈ ਅਤੇ ਚੌਥਾ, ਪੁਲਸ ਨੂੰ ਕਿਸੇ ਵਿਅਕਤੀ/ਲੋਕਾਂ 'ਤੇ ਝਪਟਣ, ਗੋਲੀ ਚਲਾਉਣ ਤੇ ਕਤਲ ਕਰਨ ਲਈ ਬੇਲਗਾਮ ਕਰਨ ਨੂੰ ਕਾਨੂੰਨੀ ਵਾਜਬੀਅਤ ਮੁਹੱਈਆ ਕਰਨਾ ਹੈ।


ਇਉਂ, ਇਹ ਜ਼ਾਬਰ ਕਾਨੂੰਨ ਪੰਜਾਬ ਦੇ ਲੋਕਾਂ ਦੇ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ 'ਤੇ ਹਮਲਾ ਹੈ। ਬੋਲਣ ਤੇ ਲਿਖਣ ਦੇ ਜਮਹੂਰੀ ਅਧਿਕਾਰ 'ਤੇ ਹਮਲਾ ਹੈ। ਜਨਤਕ ਜਥੇਬੰਦੀਆਂ ਦੀ ਆਜ਼ਾਦਾਨਾ ਤੇ ਖੁਦਮੁਖਤਿਆਰ ਹੈਸੀਅਤ 'ਤੇ ਹਮਲਾ ਹੈ। ਲੋਕਾਂ ਦੀ ਜਮਹੂਰੀ ਰਜ਼ਾ 'ਤੇ ਅਤੇ ਜੀਣ ਦੀ ਵਿਅਕਤੀਗਤ ਆਜ਼ਾਦੀ 'ਤੇ ਹਮਲਾ ਹੈ। ਇਸੇ ਲਈ, ਪੰਜਾਬ ਸਰਕਾਰ ਵਲੋਂ ਇਨ੍ਹਾਂ ਜ਼ਾਬਰ ਕਾਨੂੰਨਾਂ ਦੀ ਸ਼ਕਲ 'ਚ ਜਨਤਕ ਜਮਹੂਰੀ ਲਹਿਰ ਵੱਲ ਸੇਧਤ ਇਸ ਜ਼ਾਬਰਾਨਾ ਵਾਰ ਖਿਲਾਫ਼ ਸੰਘਰਸ਼ ਦਾ ਕਾਰਜ ਕਿਸਾਨ ਲਹਿਰ ਲਈ ਬਹੁਤ ਹੀ ਅਹਿਮ ਕਾਰਜ ਬਣਦਾ ਹੈ।

ਕਿਸਾਨ ਲਹਿਰ ਦੀ ਸਵੈ-ਰਾਖੀ ਦਾ ਕਾਰਜ

ਕਿਸਾਨ ਲਹਿਰ ਨੂੰ ਪਿਛਲੇ ਵਰ੍ਹਿਆਂ ਦੌਰਾਨ ਕਈ ਰਾਜਕੀ ਹਥਿਆਰਬੰਦ ਤਾਕਤਾਂ (EXTRA STATE ARMED GANGS) ਦੇ ਵਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਥੇ ਰਾਜਕੀ ਹਥਿਆਰਬੰਦ ਤਾਕਤ (ਪੁਲਸ) ਵਲੋਂ ਸੰਘਰਸ਼ਸ਼ੀਲ ਕਿਸਾਨਾਂ 'ਤੇ ਹਮਲਾ ਬੋਲਣ ਦੀਆਂ ਕਿੰਨੀਆਂ ਹੀ ਮਿਸਾਲਾਂ ਮੌਜੂਦ ਹਨ, ਉਥੇ ਸਾਧੂ ਸਿੰਘ ਤਖ਼ਤੂਪੁਰਾ ਦਾ ਕਤਲ, ਖੰਨਾ, ਚਮਿਆਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠਲੇ ਹਥਿਆਰਬੰਦ ਗਰੋਹਾਂ ਵਲੋਂ ਦੋ ਕਿਸਾਨਾਂ ਦਾ ਕਤਲ ਅਤੇ ਮਾਨਸਾ ਖੇਤਰ 'ਚ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਦਾ ਸੂਦਖ਼ੋਰ ਆੜ੍ਹਤੀਆਂ ਅਤੇ ਉਹਨਾਂ ਦੇ ਗੁੰਡਿਆਂ ਵਲੋਂ ਕੀਤਾ ਕਤਲ ਗੈਰ-ਰਾਜਕੀ ਹਥਿਆਰਬੰਦ ਤਾਕਤਾਂ ਦੇ ਹਮਲੇ ਦੀਆਂ ਤਿੰਨ ਉੱਭਰਵੀਆਂ ਤਾਜ਼ਾ ਮਿਸਾਲਾਂ ਹਨ।

ਆਉਣ ਵਾਲੇ ਅਰਸੇ 'ਚ ਨਵੇਂ ਆਰਥਿਕ ਹੱਲੇ ਨਾਲ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਨੂੰ ਖੋਰਾ ਲੱਗਣਾ ਹੈ, ਮਹਿੰਗਾਈ ਵਧਣੀ ਹੈ, ਗਰੀਬ ਕਿਸਾਨਾਂ ਨੇ ਕਰਜ਼ੇ ਦੀ ਮਾਰ ਹੇਠ ਆਉਣਾ ਹੈ, ਕਿਸਾਨਾਂ ਹੱਥੋਂ ਜ਼ਮੀਨਾਂ ਖਿਸਕਣ ਦਾ ਸਿਲਸਿਲਾ ਹੋਰ ਤੇਜ਼ ਹੋਣਾ ਹੈ, ਜ਼ਮੀਨ ਦੀ ਕਾਣੀ-ਵੰਡ ਹੋਰ ਵਧਣੀ ਤੇ ਪੱਕੀ ਹੋਣੀ ਹੈ, ਬੇਰੁਜ਼ਗਾਰਾਂ ਤੇ ਅਰਧ-ਬੇਰੁਜ਼ਗਾਰਾਂ ਦੀ ਫੌਜ'ਚ ਬੇਓੜਕ ਵਾਧਾ ਹੋਣਾ ਹੈ। ਇਸ ਅਮਲ ਨੇ ਸਾਮਰਾਜੀ ਜਗੀਰੂ ਲੁੱਟ ਅਤੇ ਦਾਬੇ ਦੇ ਅਧਾਰ ਨੂੰ ਹੋਰ ਤਾਕਤ ਬਖਸ਼ਣੀ ਹੈ। ਇਸਨੇ ਮੋੜਵੇਂ ਰੂਪ 'ਚ ਸਸਤੀ ਕਿਰਤ, ਕੱਚੇ ਮਾਲ ਅਤੇ ਕੁਦਰਤੀ ਦੌਲਤ-ਖਜ਼ਾਨਿਆਂ ਦੀ ਸਾਮਰਾਜੀ ਲੁੱਟ-ਖੋਹ ਨੂੰ ਤਕੜਾਈ ਦੇਣੀ ਹੈ। ਇਸ ਹਾਲਤ 'ਚ ਜਦੋਂ ਕਿਸਾਨ ਲਹਿਰ ਨੇ ਕਰਜ਼ਾ ਮੁਕਤੀ, ਵਾਜਬ ਦਿਹਾੜੀ ਲੈਣ, ਰੁਜ਼ਗਾਰ ਪ੍ਰਾਪਤੀ ਅਤੇ ਜ਼ਮੀਨ ਦੀ ਰਾਖੀ ਦੇ ਸੁਆਲਾਂ ਨੂੰ ਸੰਘਰਸ਼ ਦੇ ਅਹਿਮ ਮੁੱਦਿਆਂ ਵਜੋਂ ਲੈਂਦਿਆਂ, ਸੰਘਰਸ਼ ਦੇ ਰਾਹ ਅੱਗੇ ਵਧਣਾ ਹੈ, ਤਾਂ ਇਸਨੇ ਸੂਦਖ਼ੋਰ ਸ਼ਾਹੂਕਾਰਾਂ, ਜਗੀਰਦਾਰਾਂ, ਭੋਂ-ਮਾਫ਼ੀਆ, ਹਾਕਮ ਜਮਾਤੀ ਸਿਆਸਤਦਾਨਾਂ ਅਤੇ ਉਨ੍ਹਾਂ ਦੀ ਪਹਿਰੇਦਾਰ ਹਕੂਮਤ ਦੀ ਨੀਂਦ ਹਰਾਮ ਕਰਨੀ ਹੈ। ਕਿਸਾਨ ਲਹਿਰ ਨੂੰ ਰਾਜਕੀ ਹਥਿਆਰਬੰਦ ਤਾਕਤਾਂ ਅਤੇ ਗੈਰ-ਰਾਜਕੀ ਹਥਿਆਰਬੰਦ ਗਰੋਹਾਂ ਦੇ ਹਮਲੇ ਹੇਠ ਲਿਆਉਣ ਦੀਆਂ ਗੁੰਜਾਇਸ਼ਾਂ ਵਧਣੀਆਂ ਹਨ। ਵੱਖ-ਵੱਖ ਫੱਟਿਆਂ ਹੇਠ ਹਾਕਮਾਂ ਵਲੋਂ ਪਾਲੇ-ਪੋਸ਼ੇ ਫਾਸ਼ੀ ਗੁੰਡਾ ਗਰੋਹਾਂ ਨੂੰ ਹਥਿਆਰਬੰਦ ਕਰਨਾ ਅਤੇ ਲੋਕ ਲਹਿਰ 'ਤੇ ਝਪਟਣ ਲਈ ਸ਼ਿਸ਼ਕਾਰਨਾ ਹਾਕਮਾਂ ਦਾ ਪਰਖਿਆ-ਪਰਤਾਇਆ ਹਥਿਆਰ ਹੈ।

ਉਪਰੋਕਤ ਜ਼ਿਕਰ 'ਚ ਆਏ ਕਿਸਾਨਾਂ ਦੇ ਆਗੂਆਂ ਦੇ ਕਤਲ, ਹਾਕਮਾਂ ਦੇ ਅਜਿਹੇ ਹਰਬਿਆਂ ਦੀ ਕੜੀ ਦਾ ਹੀ ਹਿੱਸਾ ਹਨ। ਛਤੀਸਗੜ੍ਹ ਅੰਦਰ ਬਦਨਾਮ ਸਲਵਾ-ਜੂਦਮ ਦੇ ਨਾਂ ਹੇਠ ਆਦਿਵਾਸੀ ਕਿਸਾਨ ਲਹਿਰ ਨੂੰ ਕੁਚਲਣ ਲਈ ਹਾਕਮਾਂ ਵਲੋਂ ਅਜਿਹਾ ਹੀ ਹਰਬਾ ਵਰਤਿਆ ਗਿਆ ਹੈ। ਇਸ ਲਈ, ਕਿਸਾਨ ਲਹਿਰ ਦੀ ਅਗਲੇਰੀ ਪੇਸ਼ਕਦਮੀ ਦੇ ਪ੍ਰਸੰਗ 'ਚ ਕਿਸਾਨ ਲਹਿਰ ਦੇ ਉਭਰਵੇਂ ਕਾਰਕੁੰਨਾਂ ਤੇ ਲਹਿਰ ਦੀ ਸਵੈ-ਰਾਖੀ ਦਾ ਕਾਰਜ ਇਕ ਅਣਸਰਦੇ ਤੇ ਲਾਜ਼ਮੀ ਕਾਰਜ ਵਜੋਂ ਸੰਬੋਧਤ ਹੋਣ ਦੀ ਮੰਗ ਕਰਦਾ ਹੈ। ਇਸ ਕਾਰਜ ਵਾਸਤੇ ਕਿਸਾਨ ਜਨਤਾ ਤੇ ਕਾਰਕੁੰਨਾਂ ਨੂੰ ਤਿਆਰ ਕਰਨ ਲਈ ਹੰਭਲਾ ਮਾਰਨ ਦੀ ਲੋੜ ਹੈ।

ਖੇਤ ਮਜ਼ਦੂਰਾਂ/ਬੇਜ਼ਮੀਨੇ ਕਿਸਾਨਾਂ ਨੂੰ ਕਿਸਾਨ ਲਹਿਰ ਦੇ ਮੋਹਰੀ ਜੁਝਾਰ ਹਿੱਸੇ ਵਜੋਂ ਉਭਾਰਨ ਦੀ ਲੋੜ

ਕਿਸਾਨ ਲਹਿਰ ਨੇ ਜਗੀਰਦਾਰਾਂ ਤੋਂ ਵਗੈਰ ਬਾਕੀ ਸਭਨਾਂ ਕਿਸਾਨ ਪਰਤਾਂ ਨੂੰ ਆਪਣੀ ਬੁੱਕਲ 'ਚ ਲੈਣਾ ਹੈ। ਪਰ ਇਸਦਾ ਇਨਕਲਾਬੀ ਦਿਸ਼ਾ 'ਚ ਕਦਮ ਵਧਾਰਾ ਓਨਾ ਚਿਰ ਸੰਭਵ ਨਹੀਂ, ਜਦੋਂ ਤੀਕ ਬੇਜ਼ਮੀਨੇ ਕਿਸਾਨਾਂ ਅਤੇ ਗਰੀਬ ਕਿਸਾਨਾਂ (ਥੁੜ-ਜ਼ਮੀਨੇ ਕਿਸਾਨਾਂ) ਨੂੰ ਕਿਸਾਨ ਲਹਿਰ ਦੇ ਦੋ ਜੁੜਵੇਂ ਥੰਮ੍ਹਾਂ ਵਜੋਂ ਉਸਾਰਨ ਦਾ ਅਮਲ ਨਹੀਂ ਚਲਾਇਆ ਜਾਂਦਾ। ਕਿਉਂਕਿ ਇਨਕਲਾਬੀ ਕਿਸਾਨ ਲਹਿਰ/ਜਰੱਈ ਇਨਕਲਾਬੀ ਲਹਿਰ ਦਾ ਅੰਤਮ ਨਿਸ਼ਾਨਾ ਜਿਥੇ ਸਾਮਰਾਜੀ ਗਲਬੇ ਤੋਂ ਮੁਲਕ ਨੂੰ ਮੁਕਤ ਕਰਨਾ ਹੈ, ਉਥੇ ਜ਼ਮੀਨ 'ਤੇ ਜਗੀਰੂ ਅਜਾਰੇਦਾਰੀ ਨੂੰ ਖ਼ਤਮ ਕਰਦਿਆਂ, ਜ਼ਮੀਨ ਦੀ ਕਾਣੀ-ਵੰਡ ਦਾ ਭੋਗ ਪਾਉਣਾ ਹੈ। ਬੇਜ਼ਮੀਨੇ ਕਿਸਾਨਾਂ (ਖੇਤ ਮਜ਼ਦੂਰਾਂ) ਦਾ, ਲਗਪਗ ਸਾਰਾ ਹਿੱਸਾ 'ਨੀਂਵੀਆਂ ਜਾਤਾਂ' ਨਾਲ ਸੰਬਧਤ ਹੈ। ਇਹ ਹਿੱਸਾ ਸਦੀਆਂ ਤੋਂ 'ਉੱਚੀਆਂ ਜਾਤਾਂ' ਨਾਲ ਸੰਬੰਧਤ ਸਮੇਂ ਦੀਆਂ ਹਾਕਮ ਜਮਾਤਾਂ ਵਲੋਂ ਜ਼ਮੀਨ-ਜਾਇਦਾਦ ਤੋਂ ਉੱਕਾ ਹੀ ਵਿਰਵਾ ਕੀਤਾ ਹੋਇਆ ਹੈ ਅਤੇ ਸਮਾਜਿਕ-ਸਿਆਸੀ ਜ਼ਿੰਦਗੀ ਦੇ ਖੇਤਰ 'ਚੋਂ ਵੀ ਦੁਰਕਾਰਿਆ ਤੇ ਛੇਕ ਕੇ ਰੱਖਿਆ ਹੋਇਆ ਹੈ। ਜ਼ਮੀਨ ਦੀ ਕਾਣੀ-ਵੰਡ ਦੇ ਖ਼ਾਤਮੇ ਅਤੇ ਸਮਾਜ ਅੰਦਰ ਮੱਧਯੁਗੀ ਜਾਤਪਾਤੀ ਦਾਬੇ ਤੇ ਵਿਤਕਰੇ ਦੀਆਂ ਕੰਧਾਂ ਨੂੰ ਨੇਸਤੋ ਨਬੂਦ ਕਰਨ ਵੱਲ ਸੇਧਤ ਜਰੱਈ ਇਨਕਲਾਬੀ ਲਹਿਰ ਦੀ ਉਸਾਰੀ 'ਚ ਕਿਸਾਨੀ ਦੇ ਇਸ ਹਿੱਸੇ ਦੀ ਹੋਰਨਾਂ ਸਭਨਾਂ ਕਿਸਾਨ ਹਿੱਸਿਆਂ ਨਾਲੋਂ ਮੁਕਾਬਲਤਨ ਵੱਧ ਦਿਲਚਸਪੀ ਤੇ ਸਰੋਕਾਰ ਹੋਣਾ ਕੁਦਰਤੀ ਹੈ। ਇਸ ਲਈ, ਬੇਜ਼ਮੀਨੇ ਕਿਸਾਨਾਂ ਨੇ ਨਾ ਸਿਰਫ਼ ਭਵਿੱਖ ਦੀ ਜਰੱਈ ਇਨਕਲਾਬੀ ਲਹਿਰ ਦਾ ਇਕ ਥੰਮ੍ਹ ਬਣਨਾ ਹੈ, ਸਗੋਂ ਸਭਨਾਂ ਕਿਸਾਨ ਹਿੱਸਿਆਂ ਨਾਲੋਂ ਵੱਧ ਜੂਝਾਰਤਾ ਤੇ ਦ੍ਰਿੜ੍ਹਤਾ ਦੀ ਮਾਲਕ ਪਰਤ ਵਜੋਂ ਜਰੱਈ ਇਨਕਲਾਬੀ ਲਹਿਰ ਦੀ ਗੁੱਲੀ ਦਾ ਰੋਲ ਨਿਭਾਉਣਾ ਹੈ।

ਇਸ ਲਈ, ਮੌਜੂਦਾ ਕਿਸਾਨ ਲਹਿਰ ਦੀ ਇਨਕਲਾਬੀ ਰੁੱਖ ਕਾਇਆ ਪਲਟੀ ਲਈ ਯਤਨਸ਼ੀਲ ਕਾਰਕੁੰਨਾਂਨੂੰ ਉਪਰੋਕਤ ਸਮਝ ਨੂੰ ਲੜ ਬੰਨ੍ਹਦਿਆਂ, ਜਿਥੇ ਗਰੀਬ ਕਿਸਾਨਾਂ ਨੂੰ ਉਭਾਰਨ 'ਤੇ ਜ਼ੋਰ ਲਾਉਣਾ ਚਾਹੀਦਾ ਹੈ, ਉਥੇ ਬੇਜ਼ਮੀਨੇ ਕਿਸਾਨਾਂ ਨੂੰ ਕਿਸਾਨ ਲਹਿਰ ਦੇ ਮੋਹਰੀ ਜੁਝਾਰ ਹਿੱਸੇ ਵਜੋਂ ਉਭਾਰਨ ਅਤੇ ਸੰਘਰਸ਼ ਦੇ ਅਖਾੜੇ 'ਚ ਲਿਆਉਣ 'ਤੇ ਤਾਣ ਲਾਉਣਾ ਚਾਹੀਦਾ ਹੈ। ਇਉਂ, ਕਰਨ ਲਈ ਜਿਥੇ ਘੱਟੋ-ਘੱਟ ਉਜਰਤ, 8 ਘੰਟੇ ਦਿਹਾੜੀ, ਸਾਲ ਭਰ ਲਈ ਰੁਜ਼ਗਾਰ ਜਾਂ ਨਿਸ਼ਚਤ ਰੁਜ਼ਗਾਰ ਭੱਤਾ, ਵਿੱਦਿਆ ਅਤੇ ਮੁਫ਼ਤ ਮੈਡੀਕਲ ਇਲਾਜ ਆਦਿ ਦੇ ਮੁੱਦਿਆਂ ਨੂੰ ਉਭਰਵੇਂ ਸੰਘਰਸ਼ ਦੇ ਮੁੱਦੇ ਬਣਾਉਣਾ ਚਾਹੀਦਾ ਹੈ ਉਥੇ ਅਜਿਹੇ ਠੋਸ ਮੁੱਦਿਆਂ ਦੀ ਨਿਸ਼ਾਨਦੇਹੀ ਅਤੇ ਚੋਣ ਕਰਨੀ ਲਾਜ਼ਮੀ ਹੈ, ਜਿਨ੍ਹਾਂ ਨੂੰ ਕਿਸਾਨ ਲਹਿਰ ਦੇ ਅਹਿਮ ਤੇ ਉਭਰਵੇਂ ਮੁੱਦੇ ਬਣਾਉਂਦਿਆਂ, ਇਸ ਹਿੱਸੇ ਨਾਲ ਸਮਾਜਿਕ-ਸਭਿਆਚਾਰਕ ਅਤੇ ਆਰਥਿਕ ਵਿਤਕਰੇਬਾਜ਼ੀ ਅਤੇ ਦਾਬੇ ਦੀਆਂ ਸ਼ਕਲਾਂ ਨੂੰ ਮਾਰ ਹੇਠ ਲਿਆਂਦਾ ਜਾ ਸਕੇ ਅਤੇ ਪੇਂਡੂ ਜੀਵਨ ਅੰਦਰ ਇਸ ਹਿੱਸੇ ਦੀ ਸਦੀਆਂ ਤੋਂ ਖੁੱਸੀ ਬਾ-ਵਕਾਰ ਤੇ ਸਨਮਾਨਯੋਗ ਸਮਾਜਿਕ-ਆਰਥਿਕ ਹੈਸੀਅਤ ਦੀ ਮੁੜ ਬਹਾਲੀ ਦਾ ਅਧਾਰ ਸਿਰਜਣ ਦਾ ਤੋਰਾ ਤੋਰਿਆ ਜਾ ਸਕੇ।

ਕਿਸਾਨ ਲਹਿਰ ਦੀ ਇਨਕਲਾਬੀ-ਰੁਖ ਉਸਾਰੀ ਦੀ ਉਭਰਵੀਂ ਲੋੜ

ਪਿੱਛੇ ਜ਼ਿਕਰ ਕੀਤੇ ਉਭਰਵੇਂ ਤੇ ਭਖਵੇਂ ਮੁੱਦਿਆਂ ਨੂੰ ਸੰਘਰਸ਼ ਮੁੱਦਿਆਂ ਵਜੋਂ ਲੈਂਦਿਆਂ, ਕਿਸਾਨ ਸਮੂਹਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ 'ਤੇ ਜ਼ੋਰ ਲਾਉਣਾ ਚਾਹੀਦਾ ਹੈ। ਖ਼ਾਸ ਕਰਕੇ ਬੇਜ਼ਮੀਨੇ ਕਿਸਾਨਾਂ ਨੂੰ ਕਿਸਾਨ ਲਹਿਰ ਦੀ ਮੋਹਰੀ ਜੁਝਾਰ ਟੁਕੜੀ ਵਜੋਂ ਉਭਾਰਨ 'ਤੇ ਤਾਣ ਲਾਉਣਾ ਚਾਹੀਦਾ ਹੈ। ਕਿਸਾਨ ਜਨਤਾ ਅੰਦਰ ਸਰਗਰਮ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠਲੀ ਕਿਸਾਨ ਤਾਕਤ ਨੂੰ ਇਕਜੁੱਟ ਕਰਨ ਲਈ ਸਾਂਝੀ ਸਰਗਰਮੀ ਲਈ ਯਤਨ ਕਰਨਾ ਚਾਹੀਦਾ ਹੈ। ਨਵੇਂ ਆਰਥਿਕ ਹੱਲੇ ਦੀ ਮਾਰ ਹੇਠ ਆਏ ਸਭਨਾਂ ਸੰਘਰਸ਼ਸ਼ੀਲ ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਅਤੇ ਹੋਰਨਾਂ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਸੰਘਰਸ਼-ਸਾਂਝ ਉਸਾਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਆਪਣੇ-ਆਪਣੇ ਖਿੱਤਿਆਂ ਅੰਦਰ ਜੂਝ ਰਹੀਆਂ ਮੁਲਕ ਦੀ ਕਿਸਾਨ ਲਹਿਰ ਦੀਆਂ ਹੋਰਨਾਂ ਟੁਕੜੀਆਂ ਵੱਲ ਸਾਂਝ ਦਾ ਹੱਥ ਵਧਾਉਣ ਲਈ ਯੱਕਜਹਿਤੀ ਸਰਗਰਮੀਆਂ ਕਰਨ ਦੀ ਦਿਸ਼ਾ ਅਖ਼ਤਿਆਰ ਕਰਨੀ ਚਾਹੀਦੀ ਹੈ।

ਉਪਰੋਕਤ ਠੋਸ ਦਿਸ਼ਾ 'ਚ ਕਦਮ ਵਧਾਉਂਦਿਆਂ, ਪੰਜਾਬ ਦੀ ਮੌਜੂਦਾ ਕਿਸਾਨ ਲਹਿਰ ਨੂੰ ਮੁਲਕ ਅੰਦਰ ਭਵਿੱਖ ਦੀ ਜਰੱਈ ਇਨਕਲਾਬੀ ਲਹਿਰ ਦੀ ਲੜਾਕੂ ਟੁਕੜੀ 'ਚ ਪਲਟਣ ਦਾ ਅਮਲ ਅੱਗੇ ਵਧਾਇਆ ਜਾ ਸਕਦਾ ਹੈ। ਸ਼ਹੀਦ ਸਾਧੂ ਸਿੰਘ ਦੀ ਇਨਕਲਾਬੀ ਵਿਰਾਸਤ 'ਤੇ ਪਹਿਰਾ ਦੇਣ ਅਤੇ ਉਸਦੇ ਬੋਲਾਂ ਨੂੰ ਅਮਲ ਅੰਦਰ ਪੁਗਾਉਣ ਦਾ ਇਹੀ ਢੁਕਵਾਂ ਸਲੀਕਾ ਬਣਦਾ ਹੈ।

20 ਫਰਵਰੀ ਦਿਨੇ ਠੀਕ 11 ਵਜੇ ਤਖ਼ਤੂਪੁਰਾ ਵਿਖੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਪਹਿਲੀ ਬਰਸੀ 'ਤੇ ਜੁੜ ਰਹੀ ਇਕੱਤਰਤਾ, ਇਸਦੀ ਤਿਆਰੀ ਮੁਹਿੰਮ ਅਤੇ ਇਕੱਤਰਤਾ ਉਪਰੰਤ ਨਿਰੰਤਰ ਇਨਕਲਾਬੀ ਕਿਸਾਨ ਲਹਿਰ ਦੀ ਉਸਾਰੀ ਵੱਲ ਅੱਗੇ ਵਧਣ ਦਾ ਕਾਰਜ ਸਾਡੇ ਸਭ ਦੇ ਬਣਦੇ ਯੋਗਦਾਨ ਲਈ ਆਵਾਜ਼ਾਂ ਮਾਰ ਰਿਹਾ ਹੈ।

ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ

ਅਮੋਲਕ ਸਿੰਘ (ਜਨਰਲ ਸਕੱਤਰ)
94170-76735(amolaksinghlmp@yahoo.com)

ਐਨ. ਕੇ. ਜੀਤ (ਪ੍ਰਧਾਨ)
94175-07363(nkjeetbti@gmail.com)

No comments:

Post a Comment