ਪਿਊਨਾ ਪਾਵਰ ਪਲਾਂਟ ਗੋਬਿੰਦਪੁਰਾ ਦੇ ਜਿਨ੍ਹਾਂ ਕਿਸਾਨਾਂ ਦੀਆਂ ਸਰਕਾਰ ਨੇ ਜਬਰੀ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ਜੇਲ੍ਹੀ ਬੰਦ ਕਰ ਦਿੱਤਾ ਹੈ,ਉਨ੍ਹਾਂ ਦੀਆਂ ਪਤਨੀਆਂ ਭੈਣਾ ਤੇ ਧੀਆਂ ਨੂੰ ਇੱਕ ਪਾਸੇ ਕੰਪਨੀ ਵੱਲੋਂ ਪੁਲੀਸ ਦੀ ਮਦਦ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਖੋਹੇ ਜਾਣ ਦੀ ਚਿੰਤਾ ਸਤਾ ਰਹੀ ਹੈ ਉਥੇ ਦੂਜੇ ਪਾਸੇ ਉਨ੍ਹਾਂ ਦੇ ਜੇਲ੍ਹੀ ਸੁੱਟੇ ਬੰਦਿਆਂ ਦਾ ਝੋਰਾ ਵੱਢ ਵੱਢ ਖਾ ਰਿਹਾ ਹੈ। ਇਸ ਸਮੇਂ ਸਾਰਾ ਪਿੰਡ ਗੋਬਿੰਦਪੁਰਾ ਪੰਜਾਬ ਪੁਲੀਸ ਦੀ ਘੇਰਾਬੰਦੀ ਵਿੱਚ ਹੈ। ਪਿੰਡ ਨੂੰ ਆਉਂਦੇ ਸਾਰੇ ਰਾਹਾਂ ‘ਤੇ ਜਿੱਥੇ ਪੁਲੀਸ ਨੇ ਨਾਕੇ ਲਾਏ ਹੋਏ ਹਨ,ਉਥੇ ਪਿੰਡ ਦਾ ਫੋਕਲ ਪੁਆਇੰਟ ਪੁਲਿਸ ਛਾਉਣੀ ਬਣਿਆ ਹੋਇਆ ਹੈ। ਪੰਜਾਬ ਸਰਕਾਰ ਨੇ ਪਿੰਡ ਗੋਬਿੰਦਪੁਰਾ ਵਿਖੇ ਲਾਏ ਜਾਣ ਵਾਲੇ ਥਰਮਲ ਪਲਾਂਟ ਲਈ ਪਿਊਨਾ ਕੰਪਨੀ ਨੂੰ 850 ਏਕੜ ਜ਼ਮੀਨ ਲੈ ਕੇ ਦੇਣ ਦਾ ਜਿਹੜਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਦੇ ਕੁੱਲ ਰਕਬੇ ਵਿੱਚੋਂ 694 ਏਕੜ ਰਕਬੇ ਦੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਚੱੈਕ ਪ੍ਰਾਪਤ ਕਰ ਲਏ ਸਨ ਪਰੰਤੂ 166 ਏਕੜ ਜ਼ਮੀਨੀ ਰਕਬੇ ਦੇ ਕਿਸਾਨਾਂ ਨੇ ਪਿਊਨਾ ਕੰਪਨੀ ਨੂੰ ਆਪਣੀਆਂ ਜ਼ਮੀਨਾਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਪੰਜਾਬ ਸਰਕਾਰ ਵੱਲੋਂ ਪਿਊਨਾ ਕੰਪਨੀ ਨੂੰ ਜ਼ਮੀਨ ਖਰੀਦ ਕੇ ਦੇਣ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਤਲਵਾਰ ਜ਼ਮੀਨਾਂ ਨਾ ਦੇਣ ਵਾਲੇ ਕਿਸਾਨਾਂ ਦੇ ਸਿਰਾਂ ‘ਤੇ ਲਟਕਦੀ ਦੇਖ ਉਨ੍ਹਾਂ ਕਿਸਾਨਾਂ ਨੇ ਬੀ.ਕੇ.ਯੂ. ਉਗਰਾਹਾਂ ਦੀ ਅਗਵਾਈ ਵਿਚ ਸੰਘਰਸ਼ ਆਰੰਭਿਆ ਹੈ।
ਗੋਬਿੰਦਪੁਰਾ ਦੇ 166 ਏਕੜ ਜ਼ਮੀਨੀ ਮਾਲਕਾਂ ਵੱਲੋਂ ਅਨੇਕਾਂ ਧਰਨੇ ਮੁਜ਼ਾਹਰੇ ਕਰਕੇ ਰੇਲ ਰੋਕੋ ਅੰਦੋਲਨ ਵੀ ਚਲਾਏ ਗਏ। ਸੜਕਾਂ ਵੀ ਜਾਮ ਕੀਤੀਆਂ ਗਈਆਂ ਪਰ ਫਿਰ ਵੀ ਸਰਕਾਰ ਨੇ ਪੁਲੀਸ ਦੀ ਸਹਾਇਤਾ ਨਾਲ ਥਰਮਲ ਪਲਾਂਟ ਲਈ ਐਕੁਆਇਰ ਕੀਤੀ ਜ਼ਮੀਨ ਦੇ ਚਾਰੇ ਪਾਸੇ ਕੰਢਿਆਲੀ ਤਾਰ ਲਗਾ ਦਿੱਤੀ। ਕੰਢਿਆਲੀ ਤਾਰ ਲਗਾਉਣ ਸਮੇਂ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਪੈਂਦੇ ਪਿੰਡ ਦਾਤੇਵਾਸ ਪਿੰਡ ਸਿਰਸੀਵਾਲਾ ਦੇ ਵਿਚਕਾਰ ਰੇਲਵੇ ਟਰੈਕ ਜਾਮ ਕਰ ਦਿੱਤਾ ਤਾਂ ਉਸ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਅਤੇ ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ 166 ਏਕੜ ਜ਼ਮੀਨੀ ਰਕਬਾ ਛੱਡ ਦਿੱਤਾ ਜਾਵੇਗਾ। ਇਸ ਮੌਕੇ ਸੰਘਰਸ਼ ਕਰ ਰਹੇ ਕਿਸਾਨਾਂ ਦਾ 166 ਏਕੜ ਜ਼ਮੀਨੀ ਰਕਬਾ ਥਰਮਲ ਪਲਾਂਟ ਦੇ ਘੇਰੇ ਤੋਂ ਬਾਹਰ ਕਰਕੇ ਬਾਕੀ ਐਕੁਆਇਰ ਕੀਤੀ ਜ਼ਮੀਨ ਦੁਆਲੇ ਕੰਢਿਆਲੀ ਤਾਰ ਲਗਾ ਦਿੱਤੀ ਗਈ ਹੈ। ਇਸ ਮੌਕੇ ਸਬੰਧਤ ਕਿਸਾਨਾਂ ਨੇ 166 ਏਕੜ ਜ਼ਮੀਨੀ ਰਕਬੇ ਦੀ ਇੱਕ ਲਿਸਟ ਪ੍ਰਸ਼ਾਸਨ ਨੂੰ ਦਿੱਤੀ । ਪਿਛਲੇ ਇੱਕ ਮਹੀਨੇ ਤੋਂ ਪ੍ਰਸ਼ਾਸਨ ਕਿਸਾਨਾਂ ਦੇ 166 ਏਕੜ ਜ਼ਮੀਨੀ ਰਕਬੇ ਦਾ ਬਦਲ ਲੱਭਦਾ ਰਿਹਾ। ਪਰੰਤੂ ਪਿਊਨਾ ਕੰਪਨੀ ਦੀ ਅੱਖ ਇਸੇ 166 ਏਕੜ ਜ਼ਮੀਨੀ ਰਕਬੇ ‘ਤੇ ਟਿਕੀ ਹੋਈ ਸੀ, ਜਿਸ ਕਰਕੇ 23 ਜੁਲਾਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ ਮੂੰਹ ਹਨੇਰੇ ਹੀ ਚਾਰ ਜ਼ਿਲਿ੍ਹਆਂ ਪੁਲੀਸ ਮਦਦ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੀ 166 ਏਕੜ ਜ਼ਮੀਨ ਵੀ ਜਬਰੀ ਰੋਕ ਕੇ ਇਸ ਦੇ ਦੁਆਲੇ ਕੰਢਿਆਲੀ ਤਾਰ ਲਗਾ ਦਿੱਤੀ। ਸਬੰਧਤ ਜ਼ਮੀਨ ਦੇ ਮਾਲਕਾਂ ਨੂੰ ਮੂੰਹ ਹਨੇਰੇ ਹੀ ਛਾਪੇ ਮਾਰ ਕੇ ਗ੍ਰਿਫਤਾਰ ਕਰਕੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਇਸ ਸਮੇਂ ਇਸ ਪਿੰਡ ਦੀਆਂ ਔਰਤਾਂ ਹੁਣ ਮਰਨ ਮਾਰਨ ‘ਤੇ ਉਤਰੀਆਂ ਹੋਈਆਂ ਹਨ। ਪਰੰਤੂ ਪੁਲੀਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੰਬਾ ਸਮਾਂ ਏਧਰ ਉਧਰ ਕਮਾਉਂਦਿਆਂ ਸ਼ਾਮ ਤੱਕ ਫਿਰ ਪਿੰਡ ਗੋਬਿੰਦਪੁਰਾ ਵਿਖੇ ਲਿਜਾ ਕੇ ਛੱਡ ਦਿੰਦੀ ਹੈ। ਸਰਕਾਰ ਵੱਲੋਂ ਜਬਰੀ ਖੋਹੀ ਜ਼ਮੀਨ ਦੇ ਮਾਲਕ ਵਧਾਵਾ ਸਿੰਘ ਦੀ ਬੇਟੀ ਪਰਮਜੀਤ ਕੌਰ ਦਾ ਕਹਿਣਾ ਹੇੈ ਕਿ ਉਸ ਦਾ ਪਿਤਾ, ਭਰਾ, ਸਭ ਜੇਲ੍ਹ ਵਿੱਚ ਹਨ ਤੇ ਉਹ ਆਪਣੇ ਪਿਤਾ ਦਾ ਘਰ ਇੱਥੇ ਸਾਂਭਣ ਆਈ ਹੋਈ ਹੈ। 26 ਤੋਂ ਵਧੇਰੇ ਕਿਸਾਨਾਂ ਦੇ ਘਰ ਖਾਮੋਸ਼ੀ ਹੈ। ਹਾਉਂਕੇ ਹਾਵਿਆਂ ਵਿੱਚ ਡੂਬੀਆਂ ਕਿਸਾਨ ਔਰਤਾਂ ਜਿੱਥੇ ਇਕੱਠੀਆਂ ਹੋ ਕੇ ਰੋਜ਼ਾਨਾ ਪਿੰਡ ਦੇ ਫੋਕਲ ਪੁਆਇੰਟ ਵਿੱਚ ਪੰਜਾਬ ਸਰਕਾਰ ਅਤੇ ਪੁਲੀਸ ਦਾ ਪਿੱਟ ਸਿਆਪਾ ਕਰ ਰਹੀਆਂ ਹਨ ਉਥੇ ਇਹ ਫਿਕਰਾਂ ਮਾਰੀਆਂ ਢਿੱਡੋ ਭੁੱਖੀਆਂ ਤੇ ਤਿਹਾਈਆਂ ਵੀ ਰਹਿ ਰਹੀਆਂ ਹਨ ।