ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ
ਐਨ.ਸੀ.ਟੀ.ਸੀ. ਖਿਲਾਫ ਆਵਾਜ਼ ਉਠਾਉਣ ਲਈ
ਜਮਹੂਰੀ ਫਰੰਟ ਵੱਲੋਂ ਪੰਜਾਬ ਭਰ 'ਚ ਕਨਵੈਨਸ਼ਨਾਂ ਦਾ ਸੱਦਾ
ਜਮਹੂਰੀ ਫਰੰਟ ਵੱਲੋਂ ਪੰਜਾਬ ਭਰ 'ਚ ਕਨਵੈਨਸ਼ਨਾਂ ਦਾ ਸੱਦਾ
ਜਲੰਧਰ, 27 ਫਰਵਰੀ :'ਦਹਿਸ਼ਤਗਰਦੀ ਰੋਕਣ ਸਬੰਧੀ ਕੌਮੀ ਕੇਂਦਰ' (ਐਨ.ਸੀ.ਟੀ.ਸੀ.) ਨੂੰ 'ਨਵੀਆਂ ਆਰਥਕ ਨੀਤੀਆਂ ਖਿਲਾਫ ਜਮਹੂਰੀ ਵਿਰੋਧ ਨੂੰ ਕੁਚਲਣ ਦਾ ਸੰਦ' ਕਰਾਰ ਦਿੰਦੇ ਹੋਏ 'ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ' ਨੇ ਇਸ ਦੇ ਪੈਣ ਵਾਲੇ ਮਾਰੂ ਅਸਰਾਂ ਦਾ ਖੁਲਾਸਾ ਕਰਨ ਅਤੇ ਇਸਨੂੰ ਰੱਦ ਕਰਾਉਣ ਲਈ ਉੱਠੀ ਮੁਲਕ ਵਿਆਪੀ ਜਮਹੂਰੀ ਆਵਾਜ਼ ਸੰਗ ਆਵਾਜ਼ ਮਿਲਾਉਣ ਲਈ ਪੰਜਾਬ ਭਰ ਵਿਚ ਮੁਹਿੰਮ ਲਾਮਬੰਦ ਕਰਨ ਦੇ ਪਹਿਲੇ ਪੜਾਅ ਵਜੋਂ 11 ਮਾਰਚ ਬਠਿੰਡਾ, 18 ਮਾਰਚ ਮੋਗਾ ਅਤੇ 25 ਮਾਰਚ ਅੰਮ੍ਰਿਤਸਰ ਵਿਖੇ ਜਮਹੂਰੀ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਜਮਹੂਰੀ ਫਰੰਟ ਦੇ ਕੋ-ਕਨਵੀਨਰ ਪ੍ਰੋ. ਏ.ਕੇ. ਮਲੇਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਲਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਨੇ ਦੱਸਿਆ ਕਿ ਇਨ੍ਹਾਂ ਕਨਵੈਨਸ਼ਨਾਂ ਦੀ ਸਫਲਤਾ ਲਈ ਫਰੰਟ, ਸਮੂਹ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਜਮਹੂਰੀਅਤ ਪਸੰਦ ਅਤੇ ਲੋਕ ਹੱਕਾਂ ਲਈ ਸੰਘਰਸ਼ਸ਼ੀਲ ਸਭਨਾ ਜਨਤਕ ਜੱਥੇਬੰਦੀਆਂ ਨੂੰ ਭਰਵਾਂ ਸਹਿਯੋਗ ਦੇਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਨਵੈਨਸ਼ਨਾਂ ਨੂੰ ਮੁੱਖ ਤੌਰ 'ਤੇ ਉਹਨਾਂ ਸਮੇਤ ਐਡਵੋਕੇਟ ਐਨ.ਕੇ. ਜੀਤ, ਐਡਵੋਕੇਟ ਰਾਜੀਵ ਗੋਂਦਾਰਾ ਅਤੇ ਲੇਖਕ ਕਰਮ ਬਰਸਟ ਸੰਬੋਧਨ ਕਰਨਗੇ।
ਡਾ. ਪਰਮਿੰਦਰ ਨੇ ਦੱਸਿਆ ਕਿ ਦਹਿਸ਼ਤਗਰਦੀ ਰੋਕਣ ਦੇ ਪੱਜ ਓਹਲੇ ਨਵਾਂ ਕਾਨੂੰਨ ਲਾਗੂ ਕਰਨ ਦਾ ਅਸਲ ਮਕਸਦ ਦੇਸ਼ ਵਿਆਪੀ ਉੱਠ ਰਹੇ ਜਨਤਕ ਜਮਹੂਰੀ ਹੱਕੀ ਵਿਰੋਧ ਦੇ ਗਲ ਗੂਠਾ ਦੇਣਾ ਹੈ ਜਿਹੜਾ ਕਿ ਕਾਰਪੋਰੇਟ ਜਗਤ ਵੱਲੋਂ ਮੜ੍ਹੀਆਂ ਜਾ ਰਹੀਆਂ ਨਵੀਆਂ ਆਰਥਕ ਨੀਤੀਆਂ ਦੇ ਰਗੜੇ ਹੇਠ ਆਏ ਕਿਰਤੀਆਂ, ਕਿਸਾਨਾਂ, ਆਦਿਵਾਸੀਆਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ, ਮੱਧ ਸ਼੍ਰੇਣੀ ਤਬਕਿਆਂ ਅਤੇ ਹੱਥੀ ਧੰਦੇ ਕਰਦੀ ਲੋਕਾਂ ਦੀ ਵਿਸ਼ਾਲ ਵਸੋਂ ਵੱਲੋਂ ਆਏ ਦਿਨ ਜਰਬਾਂ ਖਾ ਰਿਹਾ ਹੈ ਅਤੇ ਜਿਸਨੇ ਭਵਿੱਖ ਵਿਚ ਹੋਰ ਵੀ ਵਿਸ਼ਾਲ, ਸਿਰੜੀ ਅਤੇ ਤਿੱਖਾ ਰੁਖ਼ ਧਾਰਨ ਕਰਨਾ ਹੈ। ਇਸ ਲਈ ਜਮਹੂਰੀ ਫਰੰਟ, ਪੰਜਾਬ ਵਾਸੀਆਂ ਨੂੰ ਅਜਿਹੇ ਅੱਤ ਮਾਰੂ ਕਾਲੇ ਕਾਨੂੰਨ ਅਤੇ ਕੇਂਦਰ ਖਿਲਾਫ ਜਨਤਕ ਪ੍ਰਤੀਰੋਧ ਲਾਮਬੰਦ ਕਰਨ ਲਈ ਸਭਨਾਂ ਜਮਹੂਰੀ ਤਾਕਤਾਂ ਨੂੰ ਇਕਜੁੱਟ ਹੋਣ ਦਾ ਹੋਕਾ ਦੇਣ ਲਈ ਪੰਜਾਬ ਭਰ 'ਚ ਇਕ ਮੁਹਿੰਮ ਚਲਾ ਰਿਹਾ ਹੈ ਜਿਸਦੀ ਕੜੀ ਵਜੋਂ ਪਹਿਲੇ ਦੌਰ 'ਚ ਤਿੰਨ ਕੇਂਦਰਾਂ ਤੇ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ।
ਜਾਰੀ ਕਰਤਾ:
ਡਾ. ਪਰਮਿੰਦਰ ਸਿੰਘ
ਕੋ-ਕਨਵੀਨਰ
(95010-25030)
No comments:
Post a Comment