24 ਮਈ ਜਨਮ ਦਿਨ 'ਤੇ ਵਿਸ਼ੇਸ਼
-ਅਮੋਲਕ ਸਿੰਘ
ਭਾਰਤ ਦੇ ਆਜ਼ਾਦੀ ਸੰਗਰਾਮ 'ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਹ 19 ਵਰ੍ਹਿਆਂ ਦੇ ਨਿੱਕੜੇ ਜਿਹੇ ਜੀਵਨ-ਸਫ਼ਰ 'ਚ ਹੀ ਵਡੇਰੇ ਹਸਤਾਖ਼ਰ ਕਰ ਗਿਆ। ਇਤਿਹਾਸ ਨੇ ਸਦੀ ਦਾ ਸਫ਼ਰ ਤੈਅ ਕਰ ਲਿਆ। ਉਨ੍ਹਾਂ ਦੀ ਸ਼ਹੀਦੀ ਸ਼ਤਾਬਦੀ ਸਾਡੀਆਂ ਬਰੂਹਾਂ 'ਤੇ ਹੈ। ਅੱਜ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਛਿੜਦਿਆਂ ਹੀ ਉਸਦੇ ਨਾਂਅ ਤੋਂ ਹੀ ਗ਼ਦਰ ਪਾਰਟੀ ਦਾ ਸਿਰਨਾਵਾਂ ਪੜ੍ਹਿਆ ਜਾ ਸਕਦਾ ਹੈ।
ਮੁਢਲੀ ਵਿੱਦਿਆ ਹਾਸਲ ਕਰਨ ਉਪਰੰਤ 16 ਵਰ੍ਹਿਆਂ ਦੀ ਉਮਰ ਵਿੱਚ ਜਦੋਂ ਕਰਤਾਰ ਸਿੰਘ ਸਰਾਭਾ ਸਨਫਰਾਂਸਿਸਕੋ (ਅਮਰੀਕਾ) ਪੁੱਜਾ ਤਾਂ ਉਸਨੂੰ ਆਪਣੇ ਵਤਨ ਦੀ ਗ਼ੁਲਾਮੀ ਕਾਰਨ ਪਰਦੇਸਾਂ ਵਿੱਚ ਹੁੰਦੇ ਧੱਕਿਆਂ, ਵਿਤਕਰਿਆਂ, ਲੁੱਟ ਅਤੇ ਜਬਰ-ਜ਼ੁਲਮ ਦੀਆਂ ਗੁੱਝੀਆਂ ਪਰਤਾਂ ਦਾ ਭੇਦ ਸਮਝ ਆਉਣ ਲੱਗਾ। ਉਹ ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲੱਗਾ। ਬੁੱਧੀਜੀਵੀਆਂ, ਦੇਸ਼-ਭਗਤਾਂ ਦੀ ਸੰਗਤ ਕਰਦਾ ਹੋਇਆ ਉਹਨਾਂ ਸਭਨਾ ਦਾ ਸੰਗੀ ਸਾਥੀ ਬਣ ਗਿਆ ਜਿਨ੍ਹਾਂ ਵੱਲੋਂ ਉਸਾਰੀ ਜੱਥੇਬੰਦੀ ਅੱਗੇ ਚੱਲ ਕੇ 1 ਨਵੰਬਰ 1913 ਨੂੰ ਕੱਢੇ 'ਗ਼ਦਰ' ਅਖ਼ਬਾਰ ਦੇ ਨਾਂਅ ਨਾਲ ਜਾਣੀ ਜਾਣ ਲੱਗੀ। 'ਗ਼ਦਰ' ਅਖ਼ਬਾਰ ਦੀ ਛਪਾਈ ਉਹ ਹੱਥੀਂ ਚੱਲਣ ਵਾਲੀ ਮਸ਼ੀਨ ਨਾਲ ਆਪ ਕਰਨ ਲੱਗਾ। 'ਗ਼ਦਰ' ਅਖ਼ਬਾਰ ਛਾਪਦੇ ਸਮੇਂ ਉਹ ਅਕਸਰ ਇਹ ਸਤਰਾਂ ਗੁਣਗੁਣਾਇਆ ਕਰਦਾ ਸੀ:
ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ
ਉਸਨੇ ਨਿਊਯਾਰਕ ਵਿਚ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਭਰਤੀ ਹੋ ਕੇ ਜਹਾਜ਼ ਚਲਾਉਣ ਦੀ ਸਿਖਲਾਈ ਆਰੰਭੀ। ਜਦੋਂ ਤੇਜੀ ਨਾਲ ਵਾਪਰੀਆਂ ਘਟਨਾਵਾਂ ਦੀ ਲੜੀ ਵਜੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਵੈਨਕੋਵਰ ਤੋਂ ਹੀ ਵਾਪਸ ਪਰਤਣਾ ਪਿਆ। ਉਸ ਮੌਕੇ ਸਰਾਭਾ ਜਾਪਾਨ ਆ ਕੇ ਇਸ ਜਹਾਜ਼ ਦੇ ਗ਼ਦਰੀ ਆਗੂਆਂ ਨੂੰ ਵੀ ਮਿਲਿਆ। ਆਪ ਵੀ ਆਪਣੇ ਵਤਨ ਆਉਣ ਦੀ ਤਿਆਰੀ ਕਸ ਲਈ। ਉਹ ਬਰਤਾਨਵੀ ਹਾਕਮਾਂ ਦੀਆਂ ਨਜ਼ਰਾਂ ਤੋਂ ਬਚਦਿਆਂ ਹੋਰ ਰਸਤਿਆਂ ਰਾਹੀਂ ਭਾਰਤ ਪੁੱਜਾ। ਆਪਣੇ ਸਾਥੀਆਂ ਨਾਲ ਮਿਲ ਕੇ ਆਜ਼ਾਦੀ ਲਈ ਗ਼ਦਰ ਦਾ ਝੰਡਾ ਬੁਲੰਦ ਕਰਨ ਲਈ ਮੁੱਖ ਤੌਰ 'ਤੇ ਫੌਜੀ ਛਾਉਣੀਆਂ ਵਿੱਚੋਂ ਬਗਾਵਤ ਦਾ ਬਿਗਲ ਵਜਾਉਣ ਲਈ ਸਰਗਰਮੀ ਕੇਂਦਰਤ ਕੀਤੀ।
ਫਿਰੋਜ਼ਪੁਰ, ਆਗਰਾ, ਕਾਨਪੁਰ, ਅਲਾਹਾਬਾਦ, ਲਖਨਊ ਅਤੇ ਮੇਰਠ ਆਦਿ 'ਚ ਬਗਾਵਤ ਛੇੜਨ ਲਈ ਤਾਲਮੇਲ ਕੀਤਾ। ਉਨ੍ਹਾਂ 21 ਫਰਵਰੀ 1919 ਬਗਾਵਤ ਦਾ ਦਿਨ ਮਿੱਥ ਲਿਆ। ਇਹ ਕਨਸੋਅ ਮਿਲਣ 'ਤੇ ਕਿ ਦੁਸ਼ਮਣ ਨੂੰ ਇਸਦੀ ਸੂਹ ਮਿਲੀ ਜਾਪਦੀ ਹੈ ਤਾਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਪਰ ਹਾਕਮਾਂ ਨੇ ਅਗਾਊਂ ਕਦਮ ਚੁੱਕ ਲਏ ਸਨ। ਭਾਰਤੀ ਫੌਜੀ ਨਿਹੱਥੇ ਕਰ ਦਿੱਤੇ। ਕਈ ਗ੍ਰਿਫ਼ਤਾਰ ਕਰ ਲਏ। ਮਿੱਥੇ ਸਮੇਂ ਤੇ ਗ਼ਦਰ ਦੀ ਕਾਰਵਾਈ ਨਾ ਹੋ ਸਕੀ। ਅਖੀਰ ਕਰਤਾਰ ਸਿੰਘ ਸਰਾਭਾ ਵੀ ਸਰਗੋਧਾ ਲਾਗੇ ਚੱਕ ਨੰਬਰ 5 ਕੋਲੋਂ ਗ੍ਰਿਫਤਾਰ ਕਰ ਲਏ। ਮੁਕੱਦਮਾ ਚੱਲਿਆ, ਫਾਂਸੀ ਦਾ ਹੁਕਮ ਹੋਇਆ। ਜੱਜ ਅੱਗੇ ਸਰਾਭਾ ਮੁਸਕਰਾਇਆ। ਉਸਦੇ ਦਾਦੇ ਨੇ ਕਿਹਾ ਕਿ ਜਿਨ੍ਹਾਂ ਲਈ ਤੂੰ ਫਾਂਸੀ ਚੜ੍ਹ ਰਿਹੈ ਉਨ੍ਹਾਂ ਨੂੰ ਤਾਂ ਸਰੋਕਾਰ ਹੀ ਕੋਈ ਨਹੀਂ। ਤੇਰਾ ਫਾਂਸੀ ਚੜ੍ਹ ਜਾਣਾ ਵੀ ਕੀ ਫਰਕ ਪਾਏਗਾ। ਸਰਾਭੇ ਨੇ ਬਹੁਤ ਹੀ ਧੀਰਜ ਨਾਲ ਪੁੱਛਿਆ :
''ਦਾਦਾ ਜੀ ਫਲਾਣਾ ਰਿਸ਼ਤੇਦਾਰ ਕਿੱਥੇ ਹੈ?''
''ਪਲੇਗ ਨਾਲ ਮਰ ਗਿਆ''
''ਫਲਾਣਾ ਕਿੱਥੇ ਹੈ?''
''ਹੈਜੇ ਨਾਲ ਮਰ ਗਿਆ ਹੈ''
ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ ਉੱਤੇ ਮਹੀਨਿਆਂ ਬੱਧੀ ਪਿਆ ਰਹੇ। ਦਰਦ ਨਾਲ ਦੁਖੀ ਹੋ ਕੇ ਕਿਸੇ ਰੋਗ ਨਾਲ ਮਰੇ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰ ਦਰਜੇ ਚੰਗੀ ਨਹੀਂ''? ਦਾਦਾ ਲਾ-ਜਵਾਬ ਹੋ ਗਏ।
ਕਰਤਾਰ ਸਿੰਘ ਸਰਾਭਾ 16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਜਾਮ ਪੀ ਗਏ। ਉਹਨਾਂ ਦਾ ਜੀਵਨ, ਉਹਨਾਂ ਦੀ ਸ਼ਹਾਦਤ, ਆਜ਼ਾਦੀ ਲਈ ਉਨ੍ਹਾਂ ਦੀ ਨਿੱਕੀ ਉਮਰੇ ਵੱਡੀ ਕੁਰਬਾਨੀ ਹੀ ਉੱਚਾ ਆਦਰਸ਼ ਸੀ।
ਸਰਾਭਾ ਨੂੰ ਆਪਣਾ ਭਰਾ, ਗੁਰੂ ਅਤੇ ਸਾਥੀ ਕਹਿਣ ਵਾਲੇ ਸ਼ਹੀਦ ਭਗਤ ਸਿੰਘ, ਸਰਾਭੇ ਦੇ ਸੰਗਰਾਮੀ ਜੀਵਨ ਅਤੇ ਸ਼ਹਾਦਤ ਬਾਰੇ ਲਿਖਦੇ ਹਨ :
ਚਮਨ ਜਾਰੇ ਮੁਹੱਬਤ ਮੇਂ, ਉਸੀ ਨੇ ਕੀ ਬਾਗਬਾਨੀ
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ
ਨਹੀਂ ਹੋਤਾ ਹੈ ਮੁਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ
ਇਨਕਲਾਬੀ ਸਚਿੰਦਰ ਨਾਥ ਸਾਨੀਆਲ ਦਾ ਕਹਿਣਾ ਹੈ ਕਿ :
'ਕਰਤਾਰ ਸਿੰਘ ਸਭ ਤੋਂ ਸਿਆਣਾ ਅਤੇ ਸਰਗਰਮ ਕਾਮਾ ਸੀ। ਉਹ ਪਾਰਟੀ ਦੀ ਅਗਵਾਈ ਲਈ ਅਥਾਹ ਯੋਗਤਾ ਰੱਖਦਾ ਸੀ। ਉਸਨੇ ਦੇਸ਼ ਦੇ ਹੋਰਨਾਂ ਖੇਤਰਾਂ ਤੱਕ ਪਹੁੰਚ ਕਰਕੇ ਹੋਰਨਾਂ ਇਨਕਲਾਬੀ ਜੱਥੇਬੰਦੀਆਂ ਨੂੰ ਵੀ ਗ਼ਦਰ ਲਈ ਤਿਆਰ ਕੀਤਾ।
ਭਾਈ ਪਰਮਾ ਨੰਦ ਲਿਖਦੇ ਹਨ :
'1914-15 ਦੇ ਗ਼ਦਰ ਦਾ ਅਸਲੀ ਲੀਡਰ ਕਰਤਾਰ ਸਿੰਘ ਸਰਾਭਾ ਸੀ।'
ਬਾਬਾ ਸੋਹਣ ਸਿੰਘ ਭਕਨਾ ਉਸਨੂੰ ਗ਼ਦਰ ਪਾਰਟੀ ਦਾ ਬਾਲ-ਜਰਨੈਲ ਕਿਹਾ ਕਰਦੇ ਸਨ।
ਸ਼ਹੀਦ ਭਗਤ ਸਿੰਘ ਨੇ ਵਿਸ਼ੇਸ਼ ਲੇਖ ਰਾਹੀਂ ਕਰਤਾਰ ਸਿੰਘ ਸਰਾਭਾ ਦੀ ਸਖਸ਼ੀਅਤ ਅਤੇ ਕੁਰਬਾਨੀ ਨੂੰ ਉਚਿਆਇਆ ਹੈ।
ਅਜੋਕੇ ਸਮੇਂ ਦੀਆਂ ਵੰਗਾਰਾਂ ਦੇ ਸਨਮੁੱਖ ਬਾਰ ਬਾਰ ਅਜੇਹੀ ਕਰਾਂਤੀਕਾਰੀ ਭਾਵਨਾ ਵਾਲੇ ਇਨਕਲਾਬੀਆਂ ਦੀ ਯਾਦ ਆਉਂਦੀ ਹੈ। ਅੱਜ ਜਿਵੇਂ ਭੁੱਖ, ਨੰਗ, ਕੰਗਾਲੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਮੁਲਕ-ਵੇਚੂ ਨੀਤੀਆਂ ਦਾ ਹੱਲਾ, ਜਾਤ-ਪਾਤ ਫਿਰਕਾਪ੍ਰਸਤੀ, ਨਸ਼ੇ, ਅਸ਼ਲੀਲ-ਬਿਮਾਰ ਸਭਿਆਚਾਰ, ਬਹੁ ਕੌਮੀ ਕੰਪਨੀਆਂ ਦਾ ਹੱਲਾ ਵਿੱਢਿਆ ਹੋਇਆ ਹੈ ਤਾਂ ਬਾਰ ਬਾਰ ਇਹ ਸੁਆਲ ਉੱਠਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਕੀ ਅਜੇਹੇ ਭਾਰਤ ਦੀ ਤਸਵੀਰ ਚਿਤਵੀ ਸੀ?
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਯੁੱਧ-ਸਾਥੀ, ਦੇਸ਼ ਭਗਤ ਬਾਬਾ ਕਿਰਪਾ ਸਿੰਘ ਨੇ ਸਾਡੇ ਮੁਲਕ 'ਚੋਂ ਅੰਗਰੇਜ਼ੀ ਹਾਕਮਾਂ ਦੇ ਚਲੇ ਜਾਣ ਤੋਂ 23 ਸਾਲ ਬਾਅਦ 1970 ਵਿੱਚ ਅਮੁੱਲੀ ਲਿਖਤੀ ਟਿੱਪਣੀ ਕੀਤੀ ਜੋ ਔਝੜੇ ਰਾਹੀਂ ਪਈ ਜੁਆਨੀ ਲਈ ਸੁਨੇਹਾ ਵੀ ਹੈ ਅਤੇ ਵੰਗਾਰ ਵੀ :
''ਅਸੀਂ ਗ਼ੁਲਾਮੀ ਅਤੇ ਜ਼ੁਲਮ ਦੇ ਵਿਰੁੱਧ ਲੜੇ ਸਾਂ, ਸਿਰਫ ਅੰਗਰੇਜ਼ਾਂ ਵਿਰੁੱਧ ਨਹੀਂ। ਅਸੀਂ ਤਾਂ ਪ੍ਰਣ ਕੀਤੇ ਸਨ ਕਿ ਇਹ ਜੱਦੋ ਜਹਿਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਦਾ ਜ਼ੁਲਮ ਮਨੁੱਖ ਉੱਤੇ ਭਾਰੂ ਹੈ। ਅੱਜ ਦੀ ਆਜ਼ਾਦੀ ਸਾਡਾ ਮਕਸਦ ਨਹੀਂ ਸੀ। ਜਿੱਥੇ 23 ਸਾਲ ਬਾਅਦ ਵੀ ਲੋਕ ਮੰਦਹਾਲੀ ਵਿੱਚ ਜੀਅ ਰਹੇ ਹਨ। ਉਨ੍ਹਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਥੋਥੀ ਰਾਜਨੀਤੀ ਵਿੱਚ ਪਾਣੀ ਵਾਂਗ ਵਗਾਇਆ ਜਾ ਰਿਹਾ ਹੈ। ਅੱਜ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਜ਼ਰੂਰਤ ਹੈ ਜਾਗਰਤ ਹੋਣ ਦੀ। ਫੋਕੇ ਸ਼ੌਕਾਂ ਵਿੱਚ ਜ਼ਿੰਦਗੀ ਦੇ ਕੀਮਤੀ ਪਲ ਅਜਾਈਂ ਨਾ ਗੁਆਓ। ਮੈਂ ਆਸ ਕਰਦਾ ਹਾਂ ਕਿ ਦੇਸ਼ ਵਿੱਚ ਜਿੱਥੇ ਭਗਤ ਸਿੰਘ ਅਤੇ ਸਰਾਭੇ ਨੇ ਜਨਮ ਲਿਆ ਸੀ ਅੱਜ ਵੀ ਨੌਜਵਾਨ ਜਿਉਂਦੇ ਹਨ। ਜਿਨ੍ਹਾਂ ਨੇ ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕਣਾ ਹੈ। ਸਰਾਭੇ ਅਤੇ ਪਿੰਗਲੇ ਦਾ ਸੁਨੇਹਾ ਆਪਣੀਆਂ ਜ਼ਿੰਦਗੀਆਂ ਵਿਚ ਰਚਾ ਲਓ। ਆਪਣੇ ਦੇਸ਼ ਦੀ ਡਿੱਗ ਰਹੀ ਹਾਲਤ 'ਤੇ ਗੌਰ ਕਰੋ। ਹਨੇਰਿਆਂ ਦਾ ਫਸਤਾ ਵੱਢ ਕੇ ਹਰ ਚੌਂਕ ਵਿੱਚ ਸੱਚ ਦਾ ਦੀਵਾ ਜਗਾ ਦਿਓ।''
ਦੇਸ਼ ਭਗਤ ਬਜ਼ੁਰਗ ਨੇ ਜੋ ਟਿੱਪਣੀ 23 ਵਰ੍ਹੇ 'ਆਜ਼ਾਦੀ' ਦੇ ਬੀਤਣ ਮਗਰੋਂ ਕੀਤੀ ਉਹ ਅੱਜ 65 ਵਰ੍ਹੇ ਮਗਰੋਂ ਹੋਰ ਵੀ ਸੱਚ ਸਾਬਤ ਹੋ ਗਈ ਹੈ। ਕੀ ਅਸੀਂ ਹਨੇਰਾ ਦੂਰ ਕਰਨ ਲਈ ਮਿਲ ਕੇ ਸੱਚ ਦਾ ਦੀਵਾ ਜਗਾ ਕੇ ਨਿਕਲ ਤੁਰੇ ਹਾਂ?
ਸੰਪਰਕ: 94170-76735
No comments:
Post a Comment