StatCounter

Friday, May 18, 2012

ਸ਼ਹੀਦ ਸੁਖਦੇਵ ਦੇ ਘਰ ਨੂੰ ਜਿੰਦਰੇ

                         ਸ਼ਹੀਦ ਸੁਖਦੇਵ ਦੇ ਘਰ ਨੂੰ ਜਿੰਦਰੇ
                                                     ਅਮੋਲਕ ਸਿੰਘ Mob.:94170-76735

 The locked house of Shaheed Sukhdev in Ludhiana

 Paying homage to Shaheed Sukdev in front of his locked ancestral house

ਮਾਂ ਭਾਰਤ ਦੇ ਪੈਰੀਂ ਪਈਆਂ ਗ਼ੁਲਾਮੀ ਦੀਆਂ ਬੇੜੀਆਂ ਚਕਨਾਚੂਰ ਕਰਨ ਲਈ ਆਜ਼ਾਦੀ ਸੰਗਰਾਮ 'ਚ ਜੂਝਦਿਆਂ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਵਾਲੇ ਘਰ ਨੂੰ ਉਸਦੇ ਜਨਮ ਦਿਹਾੜੇ ਵਾਲੇ ਦਿਨ ਸੰਗਲ ਪਾ ਕੇ ਦੋ ਤਾਲੇ ਜੜੇ ਹੋਏ ਸਨ। ਲੁਧਿਆਣਾ ਸ਼ਹਿਰ ਦੇ ਮਸ਼ਹੂਰ ਚੌੜਾ ਬਾਜ਼ਾਰ ਵਿੱਚੀਂ ਗੁਜ਼ਰਦਿਆਂ ਨੌਂਘਰਾਂ ਮੁਹੱਲਾ 'ਚ ਸਥਿਤ ਸੁਖਦੇਵ ਦਾ ਘਰ ਅੱਜ ਬੇਹੱਦ ਉਦਾਸ ਨਜ਼ਰ ਆ ਰਿਹਾ ਸੀ। ਜਿਨ੍ਹਾਂ ਦੀ ਆਜ਼ਾਦੀ ਲਈ ਉਸਨੇ ਆਪਾ ਨਿਛਾਵਰ ਕੀਤਾ ਉਹਨਾਂ ਦੇ ਘਰ-ਬਾਰ, ਦੁਕਾਨਾਂ ਅਤੇ ਕਾਰੋਬਾਰ ਖੁੱਲ੍ਹੇ ਸਨ। ਸ਼ਹੀਦ ਦੇ ਘਰ ਦੇ ਬੂਹੇ ਬੰਦ ਸਨ। ਬੰਦ ਬੂਹੇ ਕੁੱਝ ਬੋਲ ਜ਼ਰੂਰ ਰਹੇ ਸਨ। ਕੁੱਝ ਸੁਆਲ ਖੜ੍ਹੇ ਕਰ ਰਹੇ ਸਨ। ਕੀ ਅਸੀਂ ਅਜੇਹੀ ਆਜ਼ਾਦੀ ਦਾ ਸੁਪਨਾ ਲਿਆ ਸੀ ਜਿਸ ਵਿਚ ਸਾਡੇ ਹੀ ਘਰਾਂ ਨੂੰ ਜਿੰਦਰੇ ਲਾ ਦਿੱਤੇ ਜਾਣਗੇ।
ਬਾਹਰੋਂ ਆਏ ਹੁਕਮਰਾਨਾਂ ਨੇ ਸਾਡੀ ਮਾਂ ਧਰਤੀ ਨੂੰ ਗ਼ੁਲਾਮ ਕੀਤਾ ਅਸੀਂ ਆਜ਼ਾਦੀ ਦਾ ਪਰਚਮ ਲਹਿਰਾਇਆ। ਉਹਨਾਂ ਸਾਡੀ ਜ਼ੁਬਾਨ ਨੂੰ ਤਾਲ਼ੇ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਅਸੀਂ ਗਰਜ਼ਵੀਂ ਆਵਾਜ਼ 'ਚ ਬੋਲੇ ਅਤੇ ਸ਼ਹਾਦਤਾਂ ਤੋਂ ਬਾਅਦ ਵੀ ਸਾਡੀ ਆਵਾਜ਼ ਆਵਾਮ ਦੀ ਆਵਾਜ਼ ਬਣੀ ਹੈ।

ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਦੇ ਮੁਹੱਲੇ ਦੀ ਬਰਾਦਰੀ ਦੇ ਪ੍ਰਤੀਨਿਧ ਅਸ਼ੋਕ ਥਾਪਰ ਨੇ ਘਰ ਅੱਗੇ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੀਆਂ ਜੱਥੇਬੰਦੀਆਂ ਦੀ ਅਗਵਾਈ 'ਚ ਕੋਈ ਇਕੱਤਰਤਾ 'ਚ ਬੋਲਦਿਆਂ ਕਿਹਾ ਕਿ ਸ਼ਹੀਦ ਸੁਖਦੇਵ ਦੇ ਘਰ ਵਿਚ ਬੀਤੇ 60 ਵਰ੍ਹਿਆਂ ਤੋਂ ਰਹਿ ਰਹੇ ਪਰਵਾਰ ਨੂੰ ਸਮੂਹ ਥਾਪਰ ਬਰਾਦਰੀ ਅਤੇ ਭਾਰਤ ਦੇ ਚੌਥੇ ਥੰਮ੍ਹ ਪੱਤਰਕਾਰ ਭਾਈਚਾਰੇ ਦੇ ਸਾਹਮਣੇ 3,50,000/- ਰੁਪਏ ਅਦਾ ਕਰਕੇ ਇਹ ਮਕਾਨ ਖਾਲੀ ਕਰਵਾਇਆ ਗਿਆ। ਇਹ ਸਾਰੀ ਰਾਸ਼ੀ ਮੰਦਰ ਚੁਹਾਮਲ ਥਾਪਰ ਕਮੇਟੀ ਦੀ ਤਰਫੋਂ ਦਿੱਤੀ ਗਈ, ਇਹ ਮਾਮਲਾ ਕਿਤੇ ਅੰਦਰ ਵੜ ਕੇ ਹੱਲ ਨਹੀਂ ਕੀਤਾ ਸਗੋਂ ਇਸ ਹਕੀਕਤ ਨੂੰ ਬਿਆਨਤਾ ਘਰ ਦੇ ਮੁੱਖ ਦੁਆਰ ਤੇ ਸਾਡੀ ਬਰਾਦਰੀ ਸੂਦ ਵੱਲੋਂ ਲਾਇਆ ਪੱਥਰ ਅੱਜ ਵੀ ਗਵਾਹ ਹੈ। ਇਸ ਪੱਥਰ ਦੇ ਉੱਪਰ ਵੀ ਲਿਖਿਆ ਹੈ ਪ੍ਰਧਾਨ ਅਸ਼ੋਕ ਥਾਪਰ, ਖਜ਼ਾਨਚੀ ਬਾਲ ਕਿਸ਼ਨ ਥਾਪਰ, ਮਹਾਂ ਮੰਤਰੀ ਸੰਦੀਪ ਥਾਪਰ ਅਤੇ ਸਮੂਹ ਥਾਪਰ ਬਰਾਦਰੀ।

ਜਿਸਦੇ ਨਾਲ ਲੱਗਦੇ ਹੀ ਇੱਕ ਹੋਰ ਪੱਥਰ ਤੇ ਲਿਖਿਆ ਹੈ ਕਿ ਇਹ ਸ਼ਹੀਦ ਸੁਖਦੇਵ ਦਾ ਜੱਦੀ ਘਰ ਹੈ ਜਿਥੇ ਉਨ੍ਹਾਂ 15 ਮਈ 1907 ਨੂੰ ਸ੍ਰੀ ਰਾਮ ਲਾਲ ਥਾਪਰ ਦੇ ਘਰ ਜਨਮ ਲਿਆ ਜਿਸਨੂੰ 23 ਮਾਰਚ 1931 ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਗਿਆ।
ਸੁਆਲ ਉੱਠਦਾ ਹੈ ਕਿ ਕੀ ਥਾਪਰ ਬਰਾਦਰੀ ਨੇ ਆਪਣੇ ਵੱਲੋਂ ਰਕਮ ਅਦਾ ਕਰਕੇ ਸ਼ਹੀਦ ਦਾ ਘਰ ਮੁੜ ਤਾਲਿਆਂ ਹਵਾਲੇ ਕਰਨ ਲਈ ਛੁਡਾਇਆ ਸੀ?

17 ਜਨਵਰੀ 2012 ਦੀ ਗੱਲ ਹੈ ਜਦੋਂ ਸੈਂਕੜਿਆਂ ਦੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਿਵਲ ਅਧਿਕਾਰੀਆਂ ਨੇ ਬਿਨਾਂ ਸਥਾਨਕ ਬਰਾਦਰੀ ਜਾਂ ਕਿਸੇ ਜੱਥੇਬੰਦੀ ਨੂੰ ਭਰੋਸੇ 'ਚ ਲੈਣ ਦੇ ਹਿੱਕ ਦੇ ਜ਼ੋਰ ਜਿੰਦਰੇ ਠੋਕ ਦਿੱਤੇ। ਉਸ ਮੌਕੇ ਵੀ ਬਰਾਦਰੀ ਵਾਲਿਆਂ ਅਤੇ ਜੱਥੇਬੰਦੀਆਂ ਨੇ ਆਵਾਜ਼ ਉਠਾਈ ਪਰ ਕਿਹਾ ਕਿ ਇਸਨੂੰ ਆਰਜ਼ੀ ਦਿਨਾਂ ਲਈ ਹੀ ਤਾਲਾ ਲਾਇਆ ਤਾਂ ਜੋ ਇਸਨੂੰ ਇਤਿਹਾਸਕ ਯਾਦਗਾਰ ਬਣਾਉਣ ਦਾ ਬਾਕਾਇਦਾ ਕੰਮ ਸ਼ੁਰੂ ਕੀਤਾ ਜਾ ਸਕੇ।

ਪਰ ਹੁਣ 15 ਮਈ 2012 ਨੂੰ ਜਨਮ ਦਿਹਾੜੇ ਵਾਲੇ ਦਿਨ ਤੱਕ ਵੀ ਦੋ ਤਾਲੇ ਲੱਗੇ ਸਨ ਅਜੇ ਵੀ ਲੱਗੇ ਹਨ। ਇਕ ਵਾਰ ਫੇਰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਕੇ ਐਲਾਨ ਕੀਤਾ ਗਿਆ ਕਿ ਸ਼ਹੀਦ ਸੁਖਦੇਵ ਦੇ ਘਰ ਨੂੰ ਅਜਾਇਬ ਘਰ ਬਣਾਇਆ ਜਾਵੇਗਾ। ਇਹ ਐਲਾਨ ਕਰਨ ਵਾਲੇ ਸਰਕਾਰ ਦੇ ਉੱਚ ਰੁਤਬਿਆਂ ਵਾਲੇ ਮੰਤਰੀ, ਆਪ ਵੀ ਤਾਲੇ ਲੱਗੇ ਲਗਾਇਆ ਦੇ ਅੱਗੇ ਸ਼ਹੀਦ ਦੇ ਬੁੱਤ ਨੂੰ ਹਾਰ ਪਾ ਕੇ ਵਾਪਸ ਪਰਤ ਗਏ। ਸ਼ਹੀਦ ਸੁਖਦੇਵ ਦੇ ਜਨਮ ਵਾਲੇ ਦਿਨ ਅਜਾਇਬ ਘਰ ਬਣਾਉਣ ਦੇ ਦਾਅਵੇ ਅਤੇ ਵਾਅਦਿਆਂ ਦੀ ਸ਼ਹੀਦ ਦੇ ਘਰ ਨੂੰ ਲੱਗੇ ਤਾਲੇ ਖਿੱਲੀ ਉਡਾਉਂਦੇ ਸਨ। ਇਸ ਹਾਲਤ ਨੇ ਥਾਪਰ ਬਰਾਦਰੀ, ਸ਼ਹਿਰ ਨਿਵਾਸੀਆਂ 'ਚ ਜਿੱਥੇ ਉਦਾਸੀਨਤਾ ਭਰੀ ਹੈ ਉਥੇ ਸ਼ਹੀਦ ਦੀਆਂ ਵਾਰਸ ਇਨਕਲਾਬੀ ਜੱਥੇਬੰਦੀਆਂ 'ਚ ਰੋਹ ਵੀ ਪੈਦਾ ਕੀਤਾ ਹੈ ਅਤੇ ਸ਼ੰਕੇ ਵੀ ਤਿੱਖੇ ਹੋਏ ਹਨ। ਉਨ੍ਹਾਂ ਦਾ ਖਿਆਲ ਹੈ ਕਿ ਜਿਥੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਅੰਮ੍ਰਿਤਸਰ ਸਥਿਤ ਜੱਦੀ ਘਰ ਵੇਚ ਦਿੱਤਾ ਗਿਆ। ਖਰੀਦਦਾਰਾਂ ਵੱਲੋਂ ਨਾਲ ਹੀ ਮਲਬੇ ਦਾ ਢੇਰ ਬਣਾ ਧਰਿਆ ਹੈ। ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਨਾਲ ਵੀ ਇਹੋ ਇਤਿਹਾਸ ਦੁਹਰਾਇਆ ਜਾ ਸਕਦਾ ਹੈ।

ਇੱਕ ਬੰਨੇ ਸਕੂਲ ਅਤੇ ਬੱਸ ਅੱਡਾ ਲੁਧਿਆਣਾ ਦਾ ਨਾਂਅ ਸ਼ਹੀਦ ਸੁਖਦੇਵ ਦੇ ਨਾਂਅ 'ਤੇ ਰੱਖ ਕੇ ਸ਼ਹੀਦਾਂ ਪ੍ਰਤੀ ਆਪਣਾ ਲਗਾਓ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਦੂਜੇ ਬੰਨੇ ਅੰਗਰੇਜ਼ ਹਾਕਮਾਂ ਦੇ ਜਾਣ ਤੋਂ 65 ਵਰ੍ਹੇ ਮਗਰੋਂ ਤੱਕ ਵੀ ਸ਼ਹੀਦ ਸੁਖਦੇਵ ਦੇ ਘਰ ਨੂੰ ਇਤਿਹਾਸਕ ਯਾਦਗਾਰ ਤਾਂ ਕੀ ਬਣਾਉਣਾ ਸੀ ਉਲਟਾ ਘਰ ਦੇ ਬੂਹੇ ਹੀ ਬੰਦ ਕਰ ਦਿੱਤੇ। ਇਸਦਾ ਜਨਤਕ ਤੌਰ 'ਤੇ ਜਵਾਬ ਵੀ ਕੋਈ ਨਹੀਂ ਦਿੱਤਾ ਜਾ ਰਿਹਾ।

ਇਤਿਹਾਸ ਅਤੇ ਆਪਣੇ ਜੁਝਾਰੂ ਇਨਕਲਾਬੀ ਵਿਰਸੇ ਪ੍ਰਤੀ ਸੰਵੇਦਨਸ਼ੀਲ ਹਲਕਿਆਂ ਲਈ ਸੋਚਣਾ ਬਣਦਾ ਹੈ ਕਿ ਕਦੇ ਜਲਿਆਂ ਵਾਲਾ ਬਾਗ਼ 'ਚੋਂ ਗੋਲੀਆਂ ਦੇ ਨਿਸ਼ਾਨ ਹਟਾ ਦੇਣ, ਕਦੇ ਇਤਿਹਾਸਕ ਬਾਗ਼ ਨੂੰ ਸੈਰ ਸਪਾਟੇ ਦੀ ਥਾਂ 'ਚ ਤਬਦੀਲ ਕਰਨ ਦੇ ਯਤਨ ਕੀਤੇ ਗਏ, ਕਦੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਮਲਬਾ ਬਣਾ ਧਰਿਆ, ਕਦੇ ਖਟਕੜ ਕਲਾਂ 'ਚ ਇਕੱਲੇ ਭਗਤ ਸਿੰਘ ਦਾ ਬੁੱਤ ਲਾਇਆ ਜਾਂਦੈ। ਉਸਦੇ ਨਾਲ ਗਲਵੱਕੜੀ ਪਾ ਕੇ ਸ਼ਹੀਦੀ ਗਾਨੇ ਬੰਨ੍ਹ ਕੇ ਆਜ਼ਾਦੀ ਲਾੜੀ ਵਿਆਹੁਣ ਚੜ੍ਹੇ ਲਾੜਿਆਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ ਕਦੇ ਪੰਜਾਬ ਅੰਦਰ ਰਾਜਗੁਰੂ ਦੀ ਯਾਦ 'ਚ ਕੁੱਝ ਵੀ ਨਾ ਬਣਾਉਣ ਦੀ ਨੀਤੀ ਧਾਰਨ ਕੀਤੀ ਜਾਂਦੀ ਹੈ ਇਸਦਾ ਅਰਥ ਸਮਝਣਾ ਕੋਈ ਮੁਸ਼ਕਲ ਨਹੀਂ। ਇਤਿਹਾਸ ਨੂੰ ਦਬਾਉਣਾ, ਟੁਕੜੇ ਕਰਨਾ, ਵਿਸਾਰਨਾ ਜਾਂ ਫਿਰ ਸਥਾਪਤੀ ਵੱਲੋਂ ਗੋਦ ਲੈ ਕੇ ਉਸ ਵਿਚ ਖੋਟ ਰਲਾਉਣਾ ਇਹ ਮਨਸ਼ੇ ਹਨ ਜਿਨ੍ਹਾਂ ਦਾ ਕਦਮ-ਦਰ-ਕਦਮ ਪਰਦਾ ਉੱਠਦਾ ਜਾਂਦਾ ਹੈ। ਲੋਕਾਂ ਅੰਦਰ ਪਲ ਪਲ ਤੇ ਵਧ ਰਹੀ ਭੁੱਖ ਮਰੀ, ਗਰੀਬੀ, ਕਰਜ਼ੇ, ਮੰਦਹਾਲੀ, ਮਹਿੰਗਾਈ, ਭ੍ਰਿਸ਼ਟਾਚਾਰ, ਅਨਿਆਂ ਅਤੇ ਜਬਰ ਜ਼ੁਲਮ ਦਾ ਸਿਲਸਿਲਾ ਉਨ੍ਹਾਂ ਨੂੰ ਇਹ ਸੋਚਣ 'ਤੇ ਮਜਬੂਰ ਕਰ ਰਿਹਾ ਹੈ ਕਿ ਸਾਡੇ ਮਹਿਬੂਬ ਸ਼ਹੀਦਾਂ ਦੇ ਸੁਪਨਿਆਂ ਦਾ ਭਲਾ ਕੀ ਬਣਿਆਂ?
ਅਜੇਹੇ ਹੀ ਸੁਆਲਾਂ ਨੂੰ ਕੇਂਦਰਤ ਕਰਦਾ ਅਤੇ ਉਭਾਰਦਾ ਕਾਫ਼ਲਾ ਚੌੜੇ ਬਾਜ਼ਾਰ 'ਚੋਂ ਹੁੰਦਾ ਹੋਇਆ ਨੌਘਰਾ ਮੁਹੱਲੇ ਸ਼ਹੀਦ ਸੁਖਦੇਵ ਦੇ ਘਰ ਪੁੱਜਾ। ਸ਼ਹੀਦ ਦੇ ਬੁੱਤ ਨੂੰ ਹਾਰ ਪਹਿਨਾਏ/ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਨਕਲਾਬੀ ਕੇਂਦਰ ਪੰਜਾਬ, ਲੋਕ ਮੋਰਚਾ ਪੰਜਾਬ ਅਤੇ ਪੰਜਾਬ ਦੀਆਂ ਦਰਜਣਾਂ ਜਨਤਕ ਜਮਹੂਰੀ ਜੱਥੇਬੰਦੀਆਂ, ਥਾਪਰ ਬਰਾਦਰੀ, ਵਿਦਵਾਨ ਅਤੇ ਸ਼ਖਸੀਅਤਾਂ ਨੇ ਸ੍ਰੀ ਸੁਖਦੇਵ ਦੇ ਜਨਮ ਅਸਥਾਨ ਅੱਗੇ ਇਕੱਤਰ ਹੋ ਕੇ ਸਮੂਹ ਲੋਕਾਂ ਨੂੰ ਆਪਣੇ ਸੰਗਰਾਮੀ ਇਤਿਹਾਸ, ਮਾਣਮੱਤੇ ਵਿਰਸੇ ਅਤੇ ਅਮਿਟ ਕੁਰਬਾਨੀਆਂ ਦੇ ਚਿੰਨ੍ਹ ਨਾਇਕਾਂ ਦੀ ਅਮੀਰ ਧਰੋਹਰ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਆਵਾਜ਼ ਮਾਰੀ ਹੈ। ਉਹਨਾਂ ਕਿਹਾ ਹੈ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਲੱਗੇ ਤਾਲੇ ਖੁਲ੍ਹਵਾਉਣ ਲਈ ਸਾਨੂੰ ਆਪਣੀਆਂ ਸੋਚਾਂ ਨੂੰ ਤਾਲੇ ਲਗਾ ਦੇਣ ਦੇ ਯਤਨ ਨਾਕਾਮ ਕਰਨ ਦੀ ਲੋੜ ਨਹੀਂ?

No comments:

Post a Comment