StatCounter

Monday, February 18, 2013

ਦੁੱਲੇ ਦੀ ਵਾਰ ਦਾ ਅਗਲਾ ਵਰਕਾ: ਸਾਧੂ ਸਿੰਘ ਤਖ਼ਤੂਪੁਰਾ



20 ਫਰਵਰੀ ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼
ਦੁੱਲੇ ਦੀ ਵਾਰ ਦਾ ਅਗਲਾ ਵਰਕਾ: 
ਸਾਧੂ ਸਿੰਘ ਤਖ਼ਤੂਪੁਰਾ


ਸਤਲੁਜ ਤੋਂ ਲੈ ਕੇ ਰਾਵੀ ਦੇ ਪਾਣੀਆਂ ਤੱਕੇ ਦੁੱਲੇ ਭੱਟੀ ਦੀਆਂ ਵਾਰਾਂ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਮੀਨ ਦੇ ਅਸਲੀ ਹੱਕਦਾਰਾਂ ਬਾਰੇ ਪਾਈ ਗਰਜ਼ ਅਤੇ ਸ਼ਹੀਦ ਭਗਤ ਸਿੰਘ ਦੀਆਂ ਘੋੜੀਆਂ ਦੀ ਤਰੰਗ ਛੇੜਨ ਵਾਲਾ ਮਿਹਨਤਕਸ਼ਾਂ ਦਾ ਮਹਿਬੂਬ ਨਾਇਕ ਸੀ ਸਾਧੂ ਸਿੰਘ ਤਖ਼ਤੂਪੁਰਾ।
 ਉਹ ਜਿਸਮਾਨੀ ਤੌਰ 'ਤੇ ਭਾਵੇਂ ਤਿੰਨ ਵਰੇ ਪਹਿਲਾਂ ਕਾਲ਼ੀਆਂ ਤਾਕਤਾਂ ਨੇ ਝਪਟਾ ਮਾਰ ਕੇ ਲੋਕਾਂ ਕੋਲੋਂ ਖੋਹ ਲਿਆ ਪਰ ਉਸ ਦੀ ਸੋਚ ਦਾ ਪਰਚਮ ਲੈ ਕੇ ਤੁਰੇ ਉਸਦੇ ਹਮਸਫ਼ਰਾਂ ਦੇ ਕਾਫ਼ਲੇ ਵਧਦੇ ਜਾ ਰਹੇ ਹਨ।

ਤਖ਼ਤੂਪੁਰਾ (ਮੋਗਾ) ਵਿਖੇ 10 ਮਾਰਚ 1942 ਨੂੰ ਜਨਮੇ ਸਾਧੂ ਸਿੰਘ ਤਖ਼ਤੂਪੁਰਾ ਨੂੰ ਅੰਮ੍ਰਿਤਸਰ ਦੇ ਜਿਸ ਖੇਤਰ ਵਿੱਚ ਹਮਲਾ ਕਰਕੇ ਜਾਨੋਂ ਮਾਰਿਆ ਗਿਆ ਉਸ ਖੇਤਰ ਦੇ ਪਿੰਡ ਸੌੜੀਆਂ ਵਿੱਚ 20 ਫਰਵਰੀ ਨੂੰ 'ਪਗੜੀ ਸੰਭਾਲ' ਦੇ ਗੀਤ ਗਾਉਂਦੇ ਹਜ਼ਾਰਾਂ ਕਾਫ਼ਲੇ ਆਪਣੇ ਸੰਗਰਾਮੀ ਸਾਥੀ ਨੂੰ ਸਿਜਦਾ ਕਰਨ ਉਮੜ ਰਹੇ ਹਨ।
 ਪੰਜਾਬ ਅੰਦਰ ਬਹੁ-ਚਰਚਿਤ ਇਸ ਕਤਲ ਕਾਂਡ ਵਿਚ ਸਿਆਸੀ, ਪੁਲਸ-ਸਿਵਲ ਪ੍ਰਸਾਸ਼ਨ, ਗੁੰਡਾ ਅਤੇ ਭੂ ਮਾਫ਼ੀਆਂ ਗ੍ਰੋਹ ਦੇ ਗਠਜੋੜ ਦੀਆਂ ਨਾਪਾਕ ਕੜੀਆਂ ਜੱਗ ਜਾਹਰਾ ਹੋਈਆਂ ਸਨ।  ਮੁਜ਼ਰਿਮਾਂ ਨੂੰ ਢੁਕਵੀਂ ਸਜ਼ਾ ਦਿਵਾਉਣ ਲਈ ਸਾਧੂ ਸਿੰਘ ਤਖ਼ਤੂਪੁਰਾ ਦੀ ਅੱਖ ਦੀ ਪੁਤਲੀ ਤੋਂ ਵੀ ਪਿਆਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸਮੇਤ ਪੰਜਾਬ ਦੀ ਜਮਹੂਰੀ ਇਨਕਲਾਬੀ ਲਹਿਰ ਲੰਮੇ ਅਰਸੇ ਤੋਂ ਸੰਘਰਸ਼ਸੀਲ ਹੈ।  ਸੌੜੀਆਂ 'ਚ ਜੁੜ ਰਿਹਾ ਯਾਦਗਾਰੀ ਸ਼ਹੀਦੀ ਜੋੜ ਮੇਲਾ ਜਿਥੇ ਸਾਧੂ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਲਈ ਆਵਾਜ਼ ਉਠਾਏਗਾ ਉਥੇ ਪੰਜਾਬ ਅੰਦਰ ਪੰਜੇ ਫੈਲਾ ਰਹੀ ਗੁੰਡਾਗਰਦੀ ਦਾ ਡਟਕੇ ਟਾਕਰਾ ਕਰਨ ਲਈ ਜੁਝਾਰੂ ਲੋਕ-ਸ਼ਕਤੀ ਦਾ ਕਿਲਾ ਉਸਾਰਨ ਲਈ ਲੋਕਾਂ ਨੂੰ ਅੱਗੇ ਆਉਣ ਦਾ ਇਤਿਹਾਸਕ ਹੋਕਾ ਵੀ ਦੇਵੇਗਾ।

ਜ਼ਬਰੀ ਜ਼ਮੀਨਾ ਗ੍ਰਹਿਣ ਕਰਨ ਦੇ ਕਾਨੂੰਨਾਂ ਦੇ ਕਸੇ ਜਾ ਰਹੇ ਪੇਚਾਂ, ਕਰਜ਼ਿਆਂ ਦੀ ਬੋਝਲ ਹੋ ਰਹੀ ਪੰਡ, ਖੁਦਕੁਸ਼ੀਆਂ ਦੇ ਵਰਤਾਰੇ, ਨਵੀਆਂ ਨੀਤੀਆਂ ਦੇ ਨਾਗ-ਵਲ ਕਾਰਨ ਜ਼ਿੰਦਗੀ ਮੌਤ ਵਿਚਾਲੇ ਲਟਕ ਰਹੇ ਖੇਤੀ ਉਪਰ ਨਿਰਭਰ ਸਮੂਹ ਹਿੱਸਿਆਂ, ਵਧਦੀ ਮਹਿੰਗਾਈ, ਔਰਤਾਂ ਉਪਰ ਜ਼ੁਲਮੀ ਝੱਖਣ, ਮਾਰੂ ਸਭਿਆਚਾਰ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦੀ ਢਿੰਬਰੀ ਕੱਸਣ ਦੇ ਚੁੱਕੇ ਜਾ ਰਹੇ ਕਦਮਾਂ ਨੂੰ ਪਿਛਲਮੋੜਾ ਦੇਣ ਲਈ 20 ਫਰਵਰੀ ਦਾ ਜੋੜ ਮੇਲਾ ਨਵੀਆਂ ਪੁਲਾਂਘਾਂ ਭਰਨ ਦਾ ਬਾਨਣੂੰ ਬੰਨੇਗਾ।

ਸਾਧੂ ਸਿੰਘ ਤਖ਼ਤੂਪੁਰਾ ਸੰਵੇਦਨਸ਼ੀਲ ਚਿੰਤਕ, ਜੱਥੇਬੰਦਕਾਰ, ਬੁਲਾਰਾ, ਗੀਤਕਾਰ, ਪ੍ਰਤੀਬੱਧਤ ਸਿਰੜੀ ਕਾਮਾ ਅਤੇ ਸੁਹੱਪਣ ਲੱਦੇ ਨਵੇਂ ਸਮਾਜ ਦੀ ਸਿਰਜਣਾ ਦੇ ਬੀਜ ਬੀਜਣ ਵਾਲਾ ਸੰਗਰਾਮੀਆਂ ਸੀ।  ਭਰ-ਜੁਆਨੀ ਤੋਂ ਲੈ ਕੇ ਅਧਿਆਪਕ ਦੀਆਂ ਸੇਵਾਵਾਂ ਤੋਂ ਫਾਰਗ ਹੋ ਕੇ ਆਰਾਮ ਕਰਨ ਦੀ ਬਜਾਏ ਲੋਕ ਪੀੜਾ ਦੇ ਭੰਨੇ ਲੋਕਾਂ ਦੀ ਬਾਂਹ ਫੜਕੇ ਤੁਰਨ ਵਾਲਾ ਭਰ ਵਗਦਾ ਦਰਿਆ ਸੀ।

1972 ਦਾ ਮੋਗਾ ਗੋਲੀ ਕਾਂਡ, ਐਮਰਜੈਂਸੀ ਦਾ ਦੌਰ, ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਪ੍ਰਛਾਵੇਂ, ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦਾ ਹੱਲਾ, ਜ਼ਮੀਨਾ ਗ੍ਰਹਿਣ ਕਰਨ ਵਿਰੋਧੀ ਛੰਨਾ, ਧੌਲਾ ਅਤੇ ਸੰਘੇੜਾ ਦਾ ਘੋਲ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਦਾ ਸੰਗਰਾਮ, ਔਰਤਾਂ ਨੂੰ ਸੰਗਰਾਮਾਂ ਅੰਦਰ ਮੋਢੇ ਸੰਗ ਮੋਢਾ ਜੋੜਕੇ ਤੋਰਨ ਦੇ ਉੱਦਮ, ਰੰਗ ਕਰਮੀਆਂ, ਕਵੀਆਂ, ਸਾਹਿਤਕਾਰਾਂ, ਜਮਹੂਰੀ ਅਤੇ ਬੁੱਧੀਜੀਵੀ ਹਲਕਿਆਂ ਨਾਲ ਕਿਸਾਨ ਲਹਿਰ ਦੀ ਦੋਵੱਲੀ ਤੰਦ ਜੋੜਨ ਦੇ ਸੁਹਿਰਦਤਾ ਭਰੇ ਨਿਰੰਤਰ ਯਤਨ ਅਤੇ ਖਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਨੂੰ 'ਖੁਦਕੁਸ਼ੀਆਂ ਦੀ ਬਜਾਏ ਸੰਗਰਾਮ ਵੱਲ' ਤੋਰਨ ਦੇ ਸੁਲੱਖਣੇ ਵਰਤਾਰੇ ਨੂੰ ਹੁਲਾਰਾ ਦੇਣ ਵਾਲਾ ਸਾਧੂ ਸਿੰਘ ਤਖ਼ਤੂਪੁਰਾ ਅੱਜ ਲੋਕਾਂ ਦੇ ਸਾਹੀਂ ਵਸਦਾ ਅਤੇ ਲੋਕ-ਘੋਲਾਂ ਵਿੱਚ ਧੜਕਦਾ ਹੈ।

ਲੋਕਾਂ ਨਾਲ ਮੱਛੀ ਤੇ ਪਾਣੀ ਦਾ ਰਿਸ਼ਤਾ ਬਣਾਕੇ ਲੋਕ-ਹੱਕਾਂ, ਸਵੈ ਮਾਣ, ਨਿਆਂ, ਖੁਸ਼ਹਾਲੀ ਅਤੇ ਸਮਾਜਕ ਬਰਾਬਰੀ ਦੀਆਂ ਕਦਰਾਂ-ਕੀਮਤਾਂ 'ਤੇ ਟਿਕੇ ਨਵੇਂ ਸਮਾਜ ਦੀ ਸਿਰਜਣਾ ਨੂੰ ਪ੍ਰਨਾਏ ਸਾਧੂ ਸਿੰਘ ਤਖ਼ਤੂਪੁਰਾ ਦੇ ਸੁਪਨੇ ਸਾਕਾਰ ਕਰਨ ਦਾ ਅਹਿਦ ਲਏਗਾ 20 ਫਰਵਰੀ ਨੂੰ ਪਿੰਡ ਸੌੜੀਆਂ (ਅੰਮ੍ਰਿਤਸਰ) ਵਿਖੇ ਹੋ ਰਿਹਾ ਸ਼ਹੀਦੀ ਜੋੜ ਮੇਲਾ।


-ਅਮੋਲਕ ਸਿੰਘ, ਸੰਪਰਕ: 94170 76735

No comments:

Post a Comment