13 ਮਾਰਚ : ਅਕਾਲ ਅਕਾਡਮੀ ਦੇ ਮਾਰੇ ਗਏ ਬਾਲ
ਵਿਦਿਆਰਥੀਆਂ ਦੇ ਸ਼ਰਧਾਂਜ਼ਲੀ ਸਮਾਗਮ 'ਤੇ ਵਿਸ਼ੇਸ
ਸੋਗਮਈ ਪਿੰਡਾਂ 'ਚ ਉੱਠਦੇ ਸੁਆਲਾਂ ਨੂੰ ਜਵਾਬ ਦੀ ਤਲਾਸ਼ ਹੈ
-ਅਮੋਲਕ ਸਿੰਘ
ਇਤਿਹਾਸ ਕੋਈ ਰਵਾਇਤੀ ਸਫ਼ਾ ਨਹੀਂ ਹੁੰਦਾ। ਨਾ ਹੀ ਬੀਤੇ ਸਮੇਂ ਦੀ ਇਬਾਰਤ ਹੁੰਦਾ ਹੈ। ਇਤਿਹਾਸ ਹਰ ਸਮੇਂ ਅੰਦਰ ਅਤੀਤ, ਵਰਤਮਾਨ ਅਤੇ ਭਵਿੱਖ ਦਾ ਗੁੰਦਵਾਂ ਗੁਲਦਸਤਾ ਹੁੰਦਾ ਹੈ। ਇਤਿਹਾਸ ਨੂੰ ਸਿਰਫ਼ ਬਾਤਾਂ ਪਾਉਣ, ਕਹਾਣੀਆਂ ਸੁਣਾਉਣ, ਕਿੱਸੇ ਗਾਉਣ ਤੱਕ ਸੀਮਤ ਕਰ ਦੇਣਾ ਇਤਿਹਾਸਕਾਰੀ ਨਹੀਂ ਹੁੰਦਾ। ਇਤਿਹਾਸ ਦੀਆਂ ਪੈੜਾਂ ਸੰਭਾਲਣਾ, ਨਵੀਆਂ ਪੈੜਾਂ ਪਾਉਣਾ ਅਤੇ ਆਪਣੇ ਸਮਿਆਂ ਦੇ ਪਰਿਪੇਖ 'ਚ ਉਸਦਾ ਗੰਭੀਰ ਮੁਲਅੰਕਣ ਕਰਨਾ ਇਤਿਹਾਸ ਹੁੰਦਾ ਹੈ।
ਜੇ ਸਾਨੂੰ ਨੀਹਾਂ 'ਚ ਚਿਣੇ ਗਏ, ਜੱਲਿ•ਆਂਵਾਲਾ ਬਾਗ਼ 'ਚ ਗੋਲੀਆਂ ਨਾਲ ਭੁੰਨੇ ਗਏ, ਮਲੇਰਕੋਟਲੇ ਤੋਪਾਂ ਨਾਲ ਉਡਾਏ ਬਾਲਾਂ ਦੀ ਲਹੂ ਭਿੱਜੀ ਦਾਸਤਾਨ ਯਾਦ ਹੈ, ਜੇ ਅਸੀਂ ਉਸ ਦੀਆਂ ਵਾਰਾਂ ਗਾਉਂਦੇ ਹਾਂ, ਜੇ ਇਤਿਹਾਸ ਦੇ ਉਹ ਅਭੁੱਲ ਸਫ਼ੇ ਰੱਬੀ ਭਾਣਾ ਨਹੀਂ ਤਾਂ ਫਿਰ ਅਕਾਲ ਐਕਾਡਮੀ ਬੋਪਾਰਾਏ 'ਚ ਪੜ•ਦੀਆਂ ਅੱਧ ਖਿੜੀਆਂ ਕਲੀਆਂ ਦਾ ਪਲਾਂ ਛਿਣਾ ਅੰਦਰ ਮੌਤ ਦੀ ਗੋਦ 'ਚ ਸਦਾ ਲਈ ਸੌਂ ਜਾਣਾ ਭਲਾ ਰੱਬੀ ਭਾਣਾ ਕਿਵੇਂ ਹੋਇਆ?
ਸੂਰਜ ਦੀ ਚੜ•ਦੀ ਲਾਲੀ ਸਮੇਂ ਨਿਹਾਰਕੇ, ਮੱਥੇ ਚੁੰਮਕੇ, ਬਾਏ ਬਾਏ ਕਰਦੇ ਘਰਾਂ ਤੋਂ ਤੋਰੇ ਅੱਖੀਆਂ ਦੇ ਲਾਲ ਟੁੱਕੜੇ ਟੁੱਕੜੇ ਹੋ ਗਏ। ਵੈਨ ਦਾ ਡਰਾਈਵਰ ਅਤੇ 13 ਨੰਨੇ• ਮੁੰਨੇ• ਵਿਦਿਆਰਥੀ ਇਸ ਦੁਨੀਆਂ 'ਤੇ ਨਹੀਂ ਰਹੇ। ਸੋਗ ਲੱਦੇ, ਅੰਬਰ ਛੋਂਹਦੇ ਵੈਣਾਂ, ਘਟਨਾ ਸਥਾਨ 'ਤੇ ਇਕੱਠੇ ਕਰਦੇ ਜਿਗਰ ਦੇ ਟੋਟਿਆਂ, ਬਾਲਾਂ ਦੇ ਸਾਂਝੇ ਬਲਦੇ ਸਿਵਿਆਂ ਦੀਆਂ ਲਾਟਾਂ ਅਤੇ ਸਾਂਝੇ ਸਿਵਿਆਂ 'ਚੋਂ ਚੁਗੇ ਅਸਤਾਂ ਨੇ ਅਣਗਿਣਤ ਸੁਆਲ ਫ਼ਿਜਾ ਅੰਦਰ ਗੂੰਜਣ ਲਗਾ ਦਿੱਤੇ ਹਨ। ਸੁਆਲ ਜਿਹੜੇ ਸਾਫ਼ ਅਤੇ ਸਪੱਸ਼ਟ ਜਵਾਬ ਮੰਗਦੇ ਹਨ। ਸੁਆਲ ਜਿਨ•ਾਂ ਤੋਂ ਅਕਾਲ ਅਕੈਡਮੀ ਦੇ ਪ੍ਰਿੰਸੀਪਲ, ਮੈਨੇਜਮੈਂਟ, ਬੱਸ ਦਾ ਮਾਲਕ ਸਭ ਪੱਲਾ ਝਾੜ ਰਹੇ ਹਨ। ਹੋਰ ਤਾਂ ਹੋਰ ਹਕੀਕਤ ਛੁਪਾ ਕੇ ਉਲਟਾ ਪੀੜਤ ਪਰਿਵਾਰਾਂ ਨੂੰ ਹੀ ਘਟਨਾ ਦੇ ਜ਼ਿੰਮੇਵਾਰ ਠਹਿਰਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜਦੋਂ ਕਿ ਪੀੜਤ ਮਾਪੇ ਸਾਫ਼ ਸਾਫ਼ ਕਹਿ ਰਹੇ ਹਨ ਕਿ ਇਹ ਘਟਨਾ ਨਾ ਪਹਿਲੀ ਹੈ ਅਤੇ ਨਾ ਆਖਰੀ। ਪਹਿਲਾਂ ਵੀ ਅਕਾਲ ਅਕੈਡਮੀ ਦੀ ਹੀ ਵੈਨ ਸੀ ਜਦੋਂ ਬਿਲਗਾ ਲਾਗੇ ਗੁੰਮਟਾਲਾ ਵਿਖੇ ਰੇਲਵੇ ਕਰਾਸਿੰਗ 'ਤੇ ਬਿਨ ਫਾਟਕ ਕਾਰਨ ਹਿਰਦੇਵੇਦਕ ਹਾਦਸਾ ਵਾਪਰਿਆ ਸੀ। ਆਟੋ ਰਿਕਸ਼ਾ ਉਲਟਣ ਨਾਲ ਜਲੰਧਰ ਦੀਆਂ ਸੜਕਾਂ ਲਹੂ ਲੁਹਾਣ ਹੋਈਆਂ ਸਨ। ਭਵਿੱਖ ਫਿਰ ਅਜੇਹੇ ਦਰਦਨਾਕ ਕਾਂਡ ਵਾਪਰਨਗੇ।
ਹਰ ਰੋਜ਼ ਸੜਕਾਂ 'ਤੇ ਮੌਤ ਦੌੜ ਰਹੀ ਹੈ। ਉਹ ਮੌਤਾਂ ਅਤੇ ਸਾਡੇ ਨਾਲ ਵਾਪਰਿਆ ਹਾਦਸਾ ਸਭ ਇਕ ਹੀ ਲੜੀ 'ਚ ਆਉਂਦੀਆਂ ਹਨ। ਮੁੱਦਾਂ ਅਤੇ ਤਲਵੰਡੀ ਭਰੋ ਦੇ ਪੀੜਤ ਪਰਿਵਾਰਾਂ ਨੂੰ ਨੇੜੀਓਂ ਮਿਲਕੇ, ਜਿੰਦਗੀ ਭਰ ਉਹਨਾਂ ਦੇ ਹਰ ਸਾਹ ਨਾਲ ਧੜਕਣ ਵਾਲੇ ਦਰਦਾਂ ਦੀ ਪੀੜ ਜਾਣਕੇ ਪਤਾ ਲੱਗਦਾ ਹੈ ਕਿ ਉਹ ਤਾਂ ਸੋਗ ਦੇ ਪਹਾੜਾਂ ਹੇਠ ਦੱਬੇ ਹੋਣ ਦੇ ਬਾਵਜੂਦ ਵੀ ਹਕੀਕਤਮੁਖੀ ਹੋ ਕੇ ਵਿਗਿਆਨਕ ਦ੍ਰਿਸ਼ਟੀ ਤੋਂ ਇਸ ਘਟਨਾ ਨੂੰ ਸਮਝਣ ਦਾ ਯਤਨ ਕਰ ਰਹੇ ਹਨ। ਗੱਲ ਗੱਲ 'ਚ ਇਸ ਗੱਲ 'ਤੇ ਜੋਰ ਦੇ ਰਹੇ ਹਨ ਕਿ ਸਾਡੇ ਬਾਗ਼ ਬਗੀਚੇ, ਸਾਡੇ ਫੁੱਲ ਤਾਂ ਉਜੱੜ ਗਏ ਕਿਸੇ ਹੋਰ ਘਰ ਦਾ ਕੱਲ• ਨੂੰ ਅਜੇਹੀ ਕੁਲੈਹਣੀ ਮੌਤ ਫੇਰ ਕੁੰਡਾ ਨਾ ਖੜਕਾਵੇ ਇਸਦਾ ਅਗਾਊ ਉਪਾਅ ਸੋਚਣਾ ਚਾਹੀਦੈ। ਇਹ ਸੰਤੁਲਤ, ਸਹੀ, ਮਾਨਵੀ, ਵਿਗਿਆਨਕ ਅਤੇ ਦੂਰ-ਦ੍ਰਿਸ਼ਟੀ ਭਰੀ ਸੋਚ ਹੈ ਪੀੜਤ ਪਰਿਵਾਰਾਂ ਦੀ।
ਦੂਜੇ ਬੰਨੇ ਇਕ ਹੋਰ ਪੱਖ ਹੈ ਜਿਹੜਾ ਬਿਲਕੁਲ ਹੀ ਇਸ ਦੇ ਉਲਟ ਧਾਰਾ ਵਿੱਚ ਵਹਿ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਬੜੀ ਤੇਜੀ ਨਾਲ ਬਿਆਨ ਆਇਆ ਕਿ 'ਹਾਦਸੇ ਨੂੰ ਰੱਬੀ ਭਾਣਾ ਮੰਨਣਾ ਚਾਹੀਦਾ ਹੈ।' ਭਲਾ ਕਿਹੋ ਜਿਹਾ ਹੈ ਉਹ 'ਰੱਬ' ਜਿਹੜਾ ਅੱਧ ਖਿੜੀਆਂ ਕਲੀਆਂ ਉਪਰ ਝਪਟਾ ਮਾਰਦਾ ਹੈ? ਜੇ ਮੁੱਖ ਮੰਤਰੀ ਦੀ ਨੇਕ ਸਲਾਹ ਉਪਰ ਹੀ ਅਮਲ ਕਰਨਾ ਹੋਵੇ ਤਾਂ ਫਿਰ ਘਟਨਾਵਾਂ ਦੀ ਅਮੁਕ ਲੜੀ 'ਰੱਬੀ ਭਾਣੇ' ਦੇ ਖਾਤੇ 'ਚ ਚੜ• ਸਕਦੀ ਹੈ। ਫਿਰ ਨਾ ਕਿਸੇ ਹਾਕਮ ਦੀ ਲੋੜ ਹੈ, ਨਾ ਜੇਲ•ਾਂ ਦੀ, ਨਾ ਚੋਣਾਂ ਦੀ, ਨਾ ਕਿਸੇ ਅਪਰਾਧੀ ਨੂੰ ਕੁੱਝ ਕਹਿਣ ਦੀ ਲੋੜ ਹੈ। ਨਾ ਪੁਲਸ, ਫੌਜ, ਅਦਾਲਤਾਂ ਦੀ, ਨਾ ਮੁੱਖ ਮੰਤਰੀ ਦੀ। ਜੇ ਸਭ ਕੁਝ ਚਲਾ ਹੀ ਕੋਈ ਅਗੰਮੀ ਸ਼ਕਤੀ ਰਹੀ ਹੈ ਫਿਰ ਸਾਰੇ ਮਾਪ ਦੰਡ ਹੀ ਬਦਲ ਦੇਣੇ ਚਾਹੀਦੇ ਹਨ। ਕੋਈ ਵੀ ਸੁਆਲ ਕਰਨ ਦਾ ਹੱਕਦਾਰ ਹੈ ਕਿ ਜੇ ਸਾਡੀ ਵਾਰੀ 'ਰੱਬੀ ਭਾਣੇ' ਦੀ ਗੱਲ ਆਉਂਦੀ ਹੈ ਤਾਂ ਤਰਨਤਾਰਨ ਲਾਗੇ ਏ.ਐਸ.ਆਈ. ਦੀ ਬਿਨਾ ਸ਼ੱਕ ਹੋਈ ਦੁੱਖਦਾਈ ਮੌਤ ਨੂੰ ਵੀ ਤੁਸੀਂ ਰੱਬੀ ਭਾਣਾ ਕਿਉਂ ਨਹੀਂ ਮੰਨਿਆ। ਭਲਾ ਕਿਉਂ ਕਿਸਾਨਾ ਉਪਰ ਕਟਕ ਚਾੜਿਆ ਗਿਆ। ਕਤਲ ਦੇ ਕੇਸ ਮੜ•ੇ ਗਏ। ਧੜਾ ਧੜ ਪੰਜਾਬ ਭਰ 'ਚ ਛਾਪੇਮਾਰੀ ਕੀਤੀ। ਪਿੰਡਾ 'ਚ ਫਲੈਗ ਮਾਰਚ ਕੀਤੇ। ਬਠਿੰਡੇ ਇਕ ਪੁਰ ਅਮਨ ਧਰਨਾ ਹੀ ਲਾਉਣਾ ਸੀ ਸਾਰਾ ਜਿਲੇ ਕਰਫੀਊ ਵਰਗੀ ਹਾਲਤ ਵਿਚ ਕਿਉਂ ਧੱਕ ਦਿੱਤਾ ਉਥੇ 'ਰੱਬੀ ਭਾਣਾ' ਕਿਉਂ ਯਾਦ ਨਹੀਂ ਆਇਆ?
ਹਾਲਾਤ ਲੋਕਾਂ ਨੂੰ ਸੂਝਵਾਨ, ਸੰਜੀਦਾ ਅਤੇ ਸੋਚਵਾਨ ਬਣਾ ਰਹੇ ਹਨ। ਸੋਗਮਈ ਘਰਾਂ ਦਾ ਕਹਿਣਾ ਹੈ ਕਿ ਅਕੈਡਮੀ ਤਾਂ ਉਸ ਦਿਨ ਵੀ ਚਲਦੀ ਰਹੀ ਜਦੋਂ ਧਰਤੀ ਆਸਮਾਨ ਕੁਰਲਾ ਰਹੇ ਸਨ। ਪਰਿਵਾਰਾਂ ਦੇ ਮਨ ਦੀ ਡਾਇਰੀ ਤੋਂ ਸਾਫ਼ ਪੜਿ•ਆ ਜਾ ਸਕਦਾ ਹੈ ਕਿ ਉਹ ਇਸ ਨੂੰ ਹਾਦਸਾ ਨਹੀਂ ਸਗੋਂ ਕਤਲ ਮੰਨ ਰਹੇ ਹਨ। ਹੰਝੂਆਂ ਨਾਲ ਗੱਚ ਹੋਈਆਂ, ਸੋਗ ਭਰੇ ਵਿਹੜਿਆਂ ਦੀਆਂ ਦਰੀਆਂ 'ਤੇ ਚੱਲ ਰਹੀ ਚਰਚਾ ਰਾਜ ਦਰਬਾਰ ਦੇ ਬੋਲੇ ਕੰਨਾ ਨੂੰ ਅਕਸਰ ਹੀ ਸੁਣਾਈ ਨਹੀਂ ਦਿਆ ਕਰਦੀ। ਉਥੇ ਅੱਜ ਵੀ ਚਰਚਾ ਚੱਲ ਰਹੀ ਹੈ ਕਿ ਜਦੋਂ ਤੋਂ ਸਿੱਖਿਆ ਇਕ ਬਾਜ਼ਾਰ, ਇਕ ਵਪਾਰ ਬਣਕੇ ਰਹਿ ਗਈ ਹੈ ਉਸ ਵੇਲੇ ਤੋਂ ਹੀ ਅਜੇਹੀਆਂ ਮੌਤਾਂ ਦੀ ਨੀਂਹ ਰੱਖੀ ਗਈ ਹੈ। ਅਣਸਿਖਿਅਤ, ਗੈਰ ਹੁਨਰਮੰਦ ਸਟਾਫ਼ (ਉਹ ਚਾਹੇ ਅਧਿਆਪਕ ਹੈ ਚਾਹੇ ਡਰਾਈਵਰ ਆਦਿ), ਸਸਤੇ ਵਾਹਨ, ਮੁਨਾਫ਼ੇ ਦੀ ਅੰਨ•ੀ ਦੌੜ ਨੂੰ ਜਰਬਾਂ ਦੇਣ ਵਾਲੀਆਂ ਲਾਲਸਾਵਾਂ ਦੀ ਐਨਕ ਵਿੱਚ ਨਾ ਬਾਲ ਵਿਦਿਆਰਥੀਆਂ ਦੀ ਕੋਈ ਕੀਮਤ ਹੈ। ਨਾ ਉਹਨਾਂ ਦੀਆਂ ਜ਼ਿੰਦਗੀਆਂ ਦੀ। ਨਾ ਤਾਲੀਮ ਦੀ। ਨਾ ਉਹਨਾ ਦੇ ਸਮਾਜਕ ਸਰੋਕਾਰਾਂ ਦੀ। ਨਾ ਭਵਿੱਖ ਦੀ। ਉਹਨਾਂ ਦੀ ਤੱਕੜੀ 'ਚ ਸ਼ੁੱਧ ਮੁਨਾਫ਼ਾ ਤੁਲਣਾ ਚਾਹੀਦਾ। ਉਸ ਲਈ ਬੱਚੇ ਕਿਵੇਂ ਸਕੂਲੇ ਆਉਣ, ਕਿਵੇਂ ਜਾਣ ਉਨ•ਾਂ ਦੇ ਪਰਿਵਾਰਾਂ ਦੀ ਆਰਥਕ ਸਮਾਜਕ ਕੀ ਹਾਲਤ ਹੈ। ਇਸ ਨਾਲ ਵਿੱਦਿਆ ਮੰਦਰਾਂ ਤੋਂ 'ਵਿਦਿਅਕ ਸਨੱਅਤ' ਬਣੇ ਅਦਾਰਿਆਂ ਦੇ ਮਾਲਕਾਂ ਦਾ ਕੋਈ ਲੈਣਾ ਦੇਣਾ ਨਹੀਂ।
ਰੱਬੀ ਭਾਣੇ ਦੀਆਂ ਮੱਤਾਂ ਦੇਣ ਵਾਲਿਆਂ ਨੂੰ ਸੁਆਲ ਤਾਂ ਲੋਕ ਇਹ ਵੀ ਕਰ ਰਹੇ ਹਨ ਕਿ ਜਦੋਂ ਸਿੱਖਿਆ ਦਾ ਨਿੱਜੀਕਰਣ ਕੀਤਾ ਸੀ ਕੀ ਇਹ ਵੀ 'ਰੱਬੀ ਹੁਕਮ' ਆਇਆ ਸੀ ਜਾਂ ਸਾਮਰਾਜੀ ਦਿਸ਼ਾ-ਨਿਰਦੇਸ਼ ਮੁਤਾਬਕ ਮੜ•ੀਆਂ ਜਾ ਰਹੀਆਂ ਨਵੀਆਂ ਨੀਤੀਆਂ ਤਹਿਤ, ਨਿੱਜੀਕਰਣ, ਉਦਾਰੀਕਰਣ ਅਤੇ ਸੰਸਾਰੀਕਰਣ ਦੇ, ਸਾਮਰਾਜੀ ਵਿੱਤੀ ਸੰਸਥਾਵਾਂ ਵੱਲੋਂ ਆਏ ਹੁਕਮਾਂ ਦੇ ਲਿਫ਼ਾਫਿਆਂ 'ਚ ਆਇਆ ਦਿਸ਼ਾ-ਨਿਰਦੇਸ਼ ਸੀ ਜਿਸਨੂੰ ਖਿੜੇ ਮੱਥੇ ਪ੍ਰਵਾਨ ਕਰਨ ਦਾ ਹੀ ਨਤੀਜਾ ਹੈ ਕਿ ਮੁੱਧਾ ਅਤੇ ਤਲਵੰਡੀ ਭਰੋਂ ਦੀਆਂ ਗਲੀਆਂ ਸੁੰਨ-ਮ-ਸਾਨ ਹਨ। ਵਿਆਹ ਸ਼ਾਦੀਆਂ ਦੇ ਵੰਡੇ ਜਾ ਚੁੱਕੇ ਸੱਦਾ ਪੱਤਰ ਵੀ ਥਾਏਂ ਧਰੇ ਧਰਾਏ ਰਹਿ ਗਏ। ਸਮੁੱਚਾ ਭਾਈਚਾਰਾ ਉਦਾਸ ਹੈ। ਪਿੰਡਾਂ ਅੰਦਰ ਪੰਤਗਾਂ ਨਹੀਂ ਉਡ ਰਹੀਆਂ। ਬੱਚੇ ਖੇਡਣਾ ਭੁੱਲ ਗਏ। ਸੱਥਾਂ ਵਿੱਚ ਤਾਸ਼ ਦੀਆਂ ਬਾਜ਼ੀਆਂ ਨਹੀਂ ਲੱਗ ਰਹੀਆਂ। ਕੋਈ ਗੱਭਰੂ ਟਰੈਕਟਰ 'ਤੇ ਗਾਣੇ ਲਗਾ ਕੇ ਕਿਸੇ ਗਲੀ 'ਚੋਂ ਨਹੀਂ ਲੰਘ ਰਿਹਾ। ਉਦਾਸੀ ਦੇ ਆਲਮ 'ਚ ਘਿਰੇ ਪਿੰਡਾਂ ਨੂੰ ਹੱਸਣਾ ਭੁੱਲ ਗਿਆ। ਫ਼ਿਜਾ ਅੰਦਰ ਤਿਖੇ ਸੁਆਲਾਂ ਦਾ ਝੁਰਮਟ ਹੈ। ਸੁਆਲਾਂ ਨੂੰ ਠੋਸ ਜੁਆਬ ਦੀ ਤਲਾਸ਼ ਹੈ। ਲੋਕਾਂ ਨੂੰ ਇਹ ਚਿੰਤਾ ਵੱਢ ਵੱਢ ਖਾ ਰਹੀ ਹੈ ਕਿ ਭਲਕ ਨੂੰ ਕਿਸੇ ਵੀ ਸਕੂਲ, ਕਿਸੇ ਵੀ ਬਿਜਲੀ ਕਾਮੇ, ਕਿਸੇ ਵੀ ਡਰਾਈਵਰ, ਕਿਸੇ ਵੀ ਸਿਹਤ ਕਾਮੇ ਆਦਿ ਉਪਰ ਮੌਤ ਦਾ ਪੰਜਾ ਝਪਟ ਸਕਦਾ ਹੈ ਕਿਉਂਕਿ ਨਿੱਜੀਕਰਣ ਦੇ ਗਰਭ 'ਚ ਨਿਰੰਤਰ ਪਲਦੀ ਅੰਨੇ• ਮੁਨਾਫ਼ੇ ਹੜੱਪਣ ਦੀ ਲਾਲਸਾ ਲੋਕਾਂ ਨੂੰ ਜ਼ਿੰਦਗੀਆਂ ਦੇ ਨਹੀਂ ਸਕਦੀ, ਜਿੰਦਗੀਆਂ ਖੋਹ ਤਾਂ ਸਕਦੀ ਹੈ।
ਸੰਪਰਕ: 94170 76735
No comments:
Post a Comment