ਸਥਾਨਕ ਸੱਤਾਧਾਰੀ ਆਗੂਆਂ ਦੀ ਹੈਸੀਅਤ ਉੱਚੀ ਚੁੱਕਣ ਦੇ ਸਾਧਨ ਨੇ ਸੰਗਤ-ਦਰਸ਼ਨ
( ਜ਼ਿਲ੍ਹਾ ਮੁਕਤਸਰ ਲਈ 270 ਕਰੋੜ ਰੁਪਏ ਤੋਂ ਉੱਪਰ ਜਾਰੀ ਕਰਨ ਬਾਅਦ ਵੀ ਮਜ਼ਦੂਰ ਵਿਹੜਿਆਂ ਦੀ ਹਾਲਤ ਨਾ ਸੁਧਰੀ)
ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ ਸੰਗਤ ਦਰਸ਼ਨਾਂ ਦੌਰਾਨ 270 ਕਰੋੜ 27 ਲੱਖ 4 ਹਜ਼ਾਰ 725 ਰੁਪਏ ਸਰਕਾਰੀ ਖਜ਼ਾਨੇ 'ਚੋਂ ਕਰੀਬ 264 ਪਿੰਡਾਂ ਨੂੰ ਜਾਰੀ ਕੀਤੇ ਗਏ, ਜਿਹਨਾਂ ਵਿੱਚੋਂ ਆਪਣੇ ਹਲਕੇ ਲੰਬੀ ਦੇ 79 ਪਿੰਡਾਂ ਉਪਰ ਹੀ ਅੱਧ ਤੋਂ ਵੱਧ 148 ਕਰੋੜ 9 ਲੱਖ 31 ਹਜ਼ਾਰ 582 ਰੁਪਏ ਦੇ ਕਰੀਬ ਰਕਮਾਂ ਜਾਰੀ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਹੋਈ ਇਸ ਜਾਣਕਾਰੀ ਬਾਰੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡਾਂ 'ਚੋਂ ਕੀਤੀ ਠੋਸ ਪੜਤਾਲ ਦੇ ਆਧਾਰ 'ਤੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਤੇ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ ਨੇ ਆਖਿਆ ਕਿ ਕਿਰਤੀ ਲੋਕਾਂ ਤੋਂ ਟੈਕਸਾਂ ਦੇ ਰਾਹੀਂ ਜਬਰੀ ਨਿਚੋੜ ਕੇ ਭਰੇ ਸਰਕਾਰੀ ਖਜ਼ਾਨੇ 'ਚੋਂ ਸੰਗਤ ਦਰਸ਼ਨਾਂ ਮੌਕੇ ਜਾਰੀ ਕੀਤੀ ਗਈ ਏਨੀ ਵੱਡੀ ਰਕਮ ਦੇ ਬਾਵਜੂਦ ਖੇਤ ਮਜ਼ਦੂਰ ਵਿਹੜੇ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਰਕਮਾਂ ਸੱਤਧਾਰੀ ਧਿਰ ਨਾਲ ਜੁੜੇ ਜਾਗੀਰਦਾਰਾਂ, ਚੌਧਰੀਆਂ, ਪੰਚਾਂ ਤੇ ਸਰਪੰਚਾਂ ਦੀ ਸਮਾਜਿਕ, ਆਰਿਥਕ ਤੇ ਰਾਜਨੀਤਕ ਹੈਸੀਅਤ ਉੱਚੀ ਚੁੱਕਣ ਦੇ ਲੇਖੇ ਲਾਈਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਮੁਕਤਸਰ ਬਲਾਕ ਪਿੰਡ ਖੁੰਡੇ ਹਲਾਲ ਲਈ ਜਾਰੀ ਕੀਤੇ 32 ਲੱਖ 82 ਹਜ਼ਾਰ ਰੁਪਏ ਵਿੱਚੋਂ ਜੋ ਛੱਪੜ ਲਈ 5 ਲੱਖ ਦਿੱਤੇ ਦਿਖਾਏ ਗਏ ਹਨ, ਉਹਦੇ 'ਚੋਂ ਇੱਕ ਧੇਲਾ ਨਹੀਂ ਖਰਚਿਆ ਗਿਆ ਅਤੇ 14 ਲੱਖ 65 ਹਜ਼ਾਰ ਰੁਪਏ ਜਾਰੀ ਕਰਨ ਦੇ ਬਾਵਜੂਦ ਮਜ਼ਦੂਰ ਵਿਹੜੇ ਦੀਆਂ ਗਲੀਆਂ ਦਾ ਹਾਲ ਏਨਾ ਮੰਦਾ ਹੈ ਕਿ ਉਥੇ ਥੋੜ੍ਹੀ ਜਿਹੀ ਬਾਰਸ਼ ਹੋਣ 'ਤੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ 'ਚ ਗਲੀਆਂ ਨਾਲੀਆਂ ਲਈ 14 ਜਨਵਰੀ 2003, 27 ਜੂਨ 2010, 27 ਜੁਲਾਈ 2011 ਤੇ 9 ਦਸੰਬਰ 2012 ਨੂੰ ਕੀਤੇ ਸੰਗਤ ਦਰਸ਼ਨਾਂ ਦੌਰਾਨ 34 ਲੱਖ 99 ਹਜ਼ਾਰ ਰੁਪਏ ਜਾਰੀ ਕਰਨ ਦੇ ਬਾਵਜੂਦ ਮਜ਼ਦੂਰ ਵਿਹੜੇ ਖਾਸ ਕਰਕੇ ਮਹਾਸ਼ਾ ਬਸਤੀ 'ਚ ਕੋਈ ਗਲੀ-ਨਾਲੀ ਨਹੀਂ ਬਣਾਈ ਗਈ। ਜਦੋਂ ਕਿ ਸਿੰਘੇਵਾਲਾ ਪਿੰਡ ਦੇ ਇੱਕ ਸਾਬਕਾ ਸਰਪੰਚ ਦੇ ਪਿੰਡੋਂ ਬਾਹਰ ਰਹਿ ਰਹੇ ਭਰਾ ਦੇ ਇੱਕ ਪਰਿਵਾਰ ਨੂੰ ਢਾਣੀ ਦਰਸਾ ਕੇ ਖੜਵੰਜਾ ਲਾਉਣ ਲਈ 2 ਲੱਖ 40 ਹਜ਼ਾਰ ਜਾਰੀ ਕੀਤੇ ਗਏ ਅਤੇ ਇੱਕ ਮੌਜੂਦਾ ਪੰਚ ਦੇ ਇਕੱਲੇ ਪਰਿਵਾਰ ਨੂੰ ਵੀ ਢਾਣੀ ਦਰਸਾ ਕੇ ਖੜਵੰਜਾ ਲਾਉਣ ਲਈ 2 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਹਨ।
ਇਹ ਵੀ ਵਰਨਣਯੋਗ ਹੈ ਕਿ ਇਸ ਪਿੰਡ ਲਈ ਸੰਗਤ ਦਰਸ਼ਨ 'ਚ ਜਾਰੀ ਕੀਤੇ 1 ਕਰੋੜ 14 ਲੱਖ 35 ਹਜ਼ਾਰ ਵਿੱਚੋਂ ਗਲੀਆਂ ਨਾਲੀਆਂ ਲਈ 13 ਲੱਖ 50 ਹਜ਼ਾਰ ਦਿੱਤੇ ਗਏ ਹਨ ਪਰ ਮਜ਼ਦੂਰਾਂ ਦੇ ਵਿਹੜੇ ਅਜੇ ਵੀ ਗਲੀਆਂ ਨਾਲੀਆਂ ਤੋਂ ਵਾਂਝੇ ਹਨ।
ਪਿੰਡ ਫਤੂਹੀ ਵਾਲਾ ਲਈ ਸੰਗਤ ਦਰਸ਼ਨਾਂ 'ਚੋਂ ਦਿੱਤੇ 1 ਕਰੋੜ 18 ਲੱਖ 700 ਰੁਪਏ ਵਿੱਚੋਂ ਤਾਂ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਇਥੇ ਅਮਰਜੀਤ ਸਿੰਘ ਤੇ ਕਰਤਾਰ ਸਿੰਘ ਦੀ ਢਾਣੀ ਦੇ ਨਾਂ 'ਤੇ 2 ਲੱਖ 40 ਹਜ਼ਾਰ ਰੁਪਏ ਖੜਵੰਜੇ ਲਈ ਜਾਰੀ ਕਰਕੇ ਖੜਵੰਜੇ ਲਾਏ ਗਏ ਹਨ ਜਦੋਂ ਕਿ ਇਥੇ ਕੋਈ ਢਾਣੀ ਹੀ ਨਹੀਂ ਤੇ ਕਿਸੇ ਪਰਿਵਾਰ ਦੀ ਰਿਹਾਇਸ਼ ਨਹੀਂ ਹੈ, ਬਲਕਿ ਖੇਤਾਂ ਦੀਆਂ ਪਹੀਆਂ ਹਨ ਅਤੇ ਇੱਕ ਪਰਿਵਾਰ ਅਜੇ ਮਕਾਨ ਤਿਆਰ ਕਰਵਾ ਰਿਹਾ ਹੈ।
ਪਿੰਡ ਭੁੱਲਰਵਾਲਾ 'ਚ ਗਲੀਆਂ ਨਾਲੀਆਂ ਲਈ 8 ਲੱਖ ਰੁਪਏ ਦੇਣ ਦੇ ਬਾਵਜੂਦ ਮਜ਼ਦੂਰ ਵਿਹੜੇ ਦੇ ਹਾਲਤ ਇਸ ਹੱਦ ਤੱਕ ਨਿੱਘਰੇ ਹੋਏ ਹਨ ਕਿ ਉਹਨਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮਜ਼ਦੂਰ ਪਰਿਵਾਰਾਂ ਪਿੰਡ 'ਚੋਂ ਹਿਜ਼ਰਤ ਕਰਨ ਦੇ ਐਲਾਨ ਕਰਨ ਲਈ ਮਜਬੂਰ ਹੋ ਚੁੱਕੇ ਹਨ ਜਦੋਂ ਕਿ ਇਸ ਪਿੰਡ ਨੂੰ 1 ਕਰੋੜ 27 ਲੱਖ 97 ਹਜ਼ਾਰ ਰੁਪਏ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੇ ਦਿਖਾਏ ਗਏ ਹਨ।
ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੀਆਂ ਰਕਮਾਂ ਦੇ ਮਾਮਲੇ ਵਿੱਚ ਨਾ ਸਿਰਫ ਖੇਤ ਮਜ਼ਦੂਰਾਂ ਨਾਲ ਕਾਣੀ ਵੰਡ ਕੀਤੀ ਗਈ ਹੈ ਬਲਕਿ ਜੇਕਰ ਇਸਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾਂ ਇਹਨਾਂ ਦੀ ਵਰਤੋਂ ਵਿੱਚ ਵੱਡੀ ਪੱਧਰ 'ਤੇ ਘਪਲੇਬਾਜ਼ੀਆਂ ਵੀ ਸਾਹਮਣੇ ਆਉਣਗੀਆਂ। ਉਹਨਾਂ ਵਿਕਾਸ ਦੇ ਨਾਂ 'ਤੇ ਸੰਗਤ ਦਰਸ਼ਨਾਂ ਵਿੱਚ ਜਾਰੀ ਕੀਤੀਆਂ ਰਕਮਾਂ ਬਾਰੇ ਕਿਹਾ ਕਿ ਇਹ ਸੱਤਾਧਾਰੀ ਧਿਰ ਨਾਲ ਜੁੜੇ ਬੰਦਿਆਂ ਨੂੰ ਗੱਫੇ ਲਵਾਉਣ ਦਾ ਹੀ ਸਾਧਨ ਹੈ। ਉਹਨਾਂ ਆਖਿਆ ਕਿ 5 ਮਾਰਚ ਤੋਂ ਲੰਬੀ ਵਿਖੇ ਯੂਨੀਅਨ ਵੱਲੋਂ ਦਿੱਤੇ ਜਾਣ ਵਾਲੇ ਧਰਨੇ 'ਚ ਇਹ ਮੁੱਦਾ ਜ਼ੋਰ ਨਾਲ ਉਠਾਇਆ ਜਾਵੇਗਾ।
ਲਛਮਣ ਸਿੰਘ ਸੇਵੇਵਾਲਾ,
ਸੂਬਾ ਜਨਰਲ ਸਕੱਤਰ, ਪੰਜਾਬ ਖੇਤ ਮਜ਼ਦੂਰ ਯੂਨੀਅਨ
No comments:
Post a Comment