ਜੱਥੇਬੰਦੀਆਂ ਵੱਲੋਂ ਦੋਸ਼:
ਘੁਮਿਆਰਾ ਪਿੰਡ 'ਚ ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪੁਲਸ ਨੇ ਢਾਹਿਆ ਕਹਿਰ
ਪਿਛਲੇ ਦਿਨੀਂ ਪਿੰਡ ਘੁਮਿਆਰਾ ਵਿਖੇ ਨਾਜ਼ਰ ਸਿੰਘ ਦੇ ਪਰਿਵਾਰ ਤੇ ਪੁਲਸ ਚੌਕੀ ਕਿੱਲਿਆਂਵਾਲੀ ਦੇ ਮੁਲਾਜ਼ਮਾਂ ਵਿਚਕਾਰ ਵਾਪਰੀ ਟਕਰਾਅ ਦੀ ਘਟਨਾ ਦੇ ਸਬੰਧ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਨਾਨਕ ਸਿੰਘ ਸਿੰਘੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਗੁਰਪਾਸ਼ ਸਿੰਘ ਬਲਾਕ ਸਕੱਤਰ, ਜ਼ਿਲ੍ਹਾ ਆਗੂ ਹੇਮ ਰਾਜ ਬਾਦਲ, ਨੌਜਵਾਨ ਭਾਰਤ ਸਭਾ ਆਗੂ ਮੈਂਗਲ ਸਿੰਘ ਵੱਲੋਂ ਆਪਣੇ ਹੋਰਨਾਂ ਸਾਥੀਆਂ ਦੀ ਟੀਮ ਦੁਆਰਾ, ਥਾਣਾ ਲੰਬੀ ਮੁਖੀ ਅਤੇ ਪਿੰਡ ਘੁਮਿਆਰਾ ਦੇ 35-40 ਮਰਦ-ਔਰਤਾਂ ਨੂੰ ਮਿਲ ਕੇ ਤੱਥ ਵੇਰਵੇ ਇਕੱਤਰ ਕੀਤੇ ਗਏ।
ਇਹਨਾਂ ਤੱਥਾਂ ਦੇ ਆਧਾਰ 'ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਸੁੱਖਾ ਸਿੰਘ, ਬੀ.ਕੇ.ਯੁ. ਏਕਤਾ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਖੁੱਡੀਆਂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਫਕੀਰ ਚੰਦ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਆਖਿਆ ਗਿਆ ਕਿ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਦਰਮਿਆਨ ਹੋਏ ਝਗੜੇ ਵਿੱਚ ਮੁਲਾਜ਼ਮਾਂ ਦੇ ਸੱਟਾਂ ਲੱਗਣ ਤੋਂ ਬਾਅਦ ਪੁਲਸ ਵੱਲੋਂ ਬਦਲਾ-ਲਊ ਭਾਵਨਾ ਤਹਿਤ ਸਮੁੱਚੇ ਪਿੰਡ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਆਮ ਲੋਕਾਂ ਨੂੰ ਵੀ ਵੱਡੀ ਪੱਧਰ 'ਤੇ ਜਬਰ ਦਾ ਨਿਸ਼ਾਨਾ ਬਣਾਇਆ ਹੈ।
ਟੀਮ ਵੱਲੋਂ ਜਦੋਂ ਨਾਜ਼ਰ ਸਿੰਘ ਦੇ ਘਰ ਦਾ ਦੌਰਾ ਕੀਤਾ ਤਾਂ ਪੁਲਸ ਵੱਲੋਂ ਤੋੜੇ ਗਏ ਦਰਵਾਜ਼ੇ, ਭੰਨੇ ਹੋਏ ਭਾਂਡੇ ਖਿਲਰਿਆ ਪਿਆ ਸਮਾਨ ਪੁਲਸ ਵੱਲੋਂ ਸਬਕ ਸਿਖਾਉਣ ਦੇ ਇਰਾਦੇ ਨਾਲ ਕੀਤੀ ਕਾਰਵਾਈ ਦੀ ਗਵਾਹੀ ਭਰ ਰਿਹਾ ਸੀ। ਪੁਲਸ ਦੀ ਦਹਿਸ਼ਤ ਏਨੀ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਪੁਲਸ ਨੇ ਵੱਲੋਂ ਢਾਹੇ ਕਹਿਰ ਬਾਰੇ ਤਾਂ ਦੱਸਿਆ ਪਰ ਆਪਣਾ ਨਾਂ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਨਾਜ਼ਰ ਸਿੰਘ ਦੇ ਡੰਗਰ ਤੇ ਕੁੱਕੜ ਵੀ ਘਰੋਂ ਭਜਾ ਦਿੱਤੇ।
ਰਿਪੋਰਟ ਅਨੁਸਾਰ ਪੁਲਸ ਵੱਲੋਂ 40 ਦੇ ਕਰੀਬ ਮਰਦਾਂ-ਔਰਤਾਂ ਨੂੰ ਗ੍ਰਿਫਤਾਰ ਕਰਕੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ, ਜਦੋਂ ਕਿ ਦੋ ਦਰਜ਼ਨ ਤੋਂ ਉਪਰ ਲੋਕਾਂ ਤੋਂ ਪੁੱਛ ਪੜਤਾਲ ਲਈ ਉਹਨਾਂ ਨੂੰ ਥਾਣੇ ਲਿਆਉਣ ਬਾਰੇ ਥਾਣਾ ਲੰਬੀ ਮੁਖੀ ਵੀ ਪ੍ਰਵਾਨ ਕਰ ਚੱਕੇ ਹਨ।
ਤਸ਼ੱਦਦ ਦਾ ਸ਼ਿਕਾਰ ਬਣੇ ਲੋਕਾਂ ਵਿੱਚੋਂ ਬਿੱਟੂ ਸਿੰਘ ਦੇ ਪਿਤਾ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਨਾਜ਼ਰ ਸਿੰਘ ਦੇ ਲੜਕਿਆਂ ਦਾ ਪਿੰਡ ਇੱਕ ਵਿਅਕਤੀ ਨਾਲ ਉਸ ਰਾਤ ਝਗੜਾ ਹੁੰਦਾ ਦੇਖ ਉਸਦੇ ਪੁੱਤਰ ਬਿੱਟੂ ਸਿੰਘ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਕਿ ਉਥੇ ਝਗੜਾ ਜ਼ਿਆਦਾ ਨਾ ਵਧ ਜਾਵੇ, ਉਸਦੇ ਲੜਕੇ ਨੇ ਪੁਲਸ ਮੁਲਾਜ਼ਮਾਂ ਜਾਂ ਕਿਸੇ ਹੋਰ ਦੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਉਸਨੂੰ ਵੀ ਧਾਰਾ 307 ਦੇ ਕੇਸ ਵਿੱਚ ਬਿਨਾ ਵਜਾਹ ਗ੍ਰਿਫਤਾਰ ਕਰਕੇ ਤਸ਼ੱਦਦ ਢਾਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ।
ਨਾਜ਼ਰ ਸਿੰਘ ਦੀ ਪਤਨੀ ਪੰਮੀ ਕੌਰ ਨੇ ਟੀਮ ਨੂੰ ਦੱਸਿਆ ਕਿ ਪੁਲਸ ਵੱਲੋਂ ਢਾਹੇ ਜਬਰ ਕਾਰਨ ਉਸਦੇ ਪੁੱਤਰ ਗੱਗੂ ਦੀ ਬਾਂਹ ਟੁੱਟ ਗਈ ਹੈ, ਚੂਹਾ ਸਿੰਘ ਦੇ ਕਰੰਟ ਲਾਏ ਗਏ ਅਤੇ ਕੋਚੀ ਸਿੰਘ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਰਿਪੋਰਟ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਾਜ਼ਰ ਸਿੰਘ ਦਾ ਪਰਿਵਾਰ ਪੁਲਸ ਚੌਕੀ ਕਿੱਲਿਆਂਵਾਲੀ ਦਾ ਖਾਸਮ-ਖਾਸ ਰਿਹਾ ਹੈ।
ਜਥੇਬੰਦੀਆਂ ਵੱਲੋਂ ਕੀਤੀ ਪੜਤਾਲ ਅਨੁਸਾਰ ਪੁਲਸ ਵੱਲੋਂ ਜੋ ਅੱਠ ਵਿਅਕਤੀਆਂ ਉੱਪਰ ਇਰਾਦਾ ਕਤਲ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ, ਉਹਨਾਂ ਵਿੱਚੋਂ ਚਾਰ ਵਿਅਕਤੀਆਂ ਦਾ ਅਜਿਹਾ ਕੋਈ ਦੋਸ਼ ਸਾਬਤ ਨਹੀਂ ਹੁੰਦਾ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਉੱਪਰ ਵੀ ਇਰਾਦਾ ਕਤਲ ਵਰਗੀਆਂ ਲਾਈਆਂ ਧਾਰਾਵਾਂ ਬਿਲਕੁੱਲ ਨਜਾਇਜ਼ ਹਨ।
ਉਹਨਾਂ ਮੰਗ ਕੀਤੀ ਕਿ ਘੁਮਿਆਰਾ ਪਿੰਡ ਦੇ ਲੋਕਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਤਸ਼ੱਦਦ ਕਰਨ ਅਤੇ ਨਜਾਇਜ਼ ਹਿਰਾਸਤ ਵਿੱਚ ਰੱਖਣ ਵਾਲੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਿਰਦੋਸ਼ਾਂ ਉੱਪਰ ਦਰਜ ਮੁਕੱਦਮੇ ਵਾਪਸ ਲਏ ਜਾਣ। ਨਾਜ਼ਰ ਸਿੰਘ ਦੇ ਪਰਿਵਾਰ ਮੈਂਬਰਾਂ ਖਿਲਾਫ ਲਾਈਆਂ ਸਖਤ ਧਾਰਾਵਾਂ ਵਾਪਸ ਲਈਆਂ ਜਾਣ।
ਜਾਰੀ ਕਰਤਾ
ਸੁੱਖਾ ਸਿੰਘ, ਗੁਰਦੀਪ ਸਿੰਘ ਖੁੱਡੀਆਂ, ਫਕੀਰ ਚੰਦ
(ਸੰਪਰਕ: 98552 17930, 94780 14579)
No comments:
Post a Comment