StatCounter

Friday, April 12, 2013

ਕਾਲਖ਼ ਦੇ ਵਣਜਾਰਿਓ, ਸੂਰਜ ਕਦੇ ਮਰਿਆ ਨਹੀਂ………….....!



ਕਾਲਖ਼ ਦੇ ਵਣਜਾਰਿਓ, ਸੂਰਜ ਕਦੇ ਮਰਿਆ ਨਹੀਂ………….....!

Shagan Kataria

ਸੇਵੇਵਾਲਾ ਕਾਂਡ ਦੇ 18 ਇਨਕਲਾਬੀ ਸ਼ਹੀਦਾਂ ਦਾ ਪਰਸੋਂ ਸ਼ਹੀਦੀ ਦਿਹਾੜਾ ਸੀ। ਸੇਵੇਵਾਲਾ ਮੇਰੇ ਸ਼ਹਿਰ ਜੈਤੋ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਖੂਨੀ ਕਾਂਡ 22ਵਰ੍ਹੇ ਪਹਿਲਾਂ 9 ਅਪ੍ਰੈਲ, 1991 ਨੂੰ ਵਾਪਰਿਆ। ਇਸ ਕਾਂਡ ਨੇ ਖੱਬੀ ਸੋਚ ਵਾਲੀ ਲਹਿਰ ਦੇ ਸੀਨਿਆਂ ਨੂੰ ਉਹ ਸੱਲ ਦਿੱਤੇ ਜਿਸ ਦੀਆਂ ਦੁਖਦ ਯਾਦਾਂ ਇਨਕਲਾਬੀਆਂ ਦੇ ਦਿਲਾਂ ਨੂੰ ਸਦੀਵੀ ਦੁਖਾਉਂਦੀਆਂ ਰਹਿਣਗੀਆਂ।


ਘਟਨਾ ਵਾਲੇ ਦਿਨ ਸੇਵੇਵਾਲੇ ਪਿੰਡ ਦੀ ਧਰਮਸ਼ਾਲਾ 'ਚ ਇਨਕਲਾਬੀ ਨਾਟਕ ਮੇਲਾ ਸੀ। ਮੇਲੇ ਦਾ ਪ੍ਰਬੰਧ ਸਰਕਾਰੀ ਜਬਰ ਅਤੇ ਫ਼ਿਰਕਾਪ੍ਰਸਤ ਤਾਕਤਾਂ ਦਾ ਵਿਰੋਧ ਕਰ ਰਹੇ ਇਨਕਲਾਬੀਆਂ ਵੱਲੋਂ ਕੀਤਾ ਗਿਆ ਸੀ। ਮੇਲੇ ਦੌਰਾਨ ਭੇਸ ਬਦਲ ਕੇ ਫੌਜੀ ਵਰਦੀਆਂ 'ਚ ਆਏ ਦਹਿਸ਼ਤਗਰਦਾਂ ਨੇ ਨਾਟਕਾਂ ਦਾ ਆਨੰਦ ਮਾਣ ਰਹੇ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਉਪਰ ਆਪਣੀਆਂ ਵਿਦੇਸ਼ੀਂ ਏ.ਕੇ. ਸੰਤਾਲੀਆਂ ਦੇ ਮੂੰਹ ਖੋਲ੍ਹ ਦਿੱਤੇ।


Shaheed Megh Raj Bhagtuana

Shaheed Gurjant Singh

Shaheed Mata Sadan Kaur

Shaheed Jagpal Selbrah

ਹਮਲਾ ਭਾਵੇਂ ਅਚਨਚੇਤ ਸੀ ਪਰ ਅੱਗੋਂ ਇਨਕਲਾਬੀ ਕਾਰਕੁੰਨਾਂ ਨੇ ਆਪਣੇ ਵਿਤੋਂ ਵਧ ਕੇ ਹਮਲਾਵਾਰਾਂ ਦਾ ਐਸਾ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਅੱਗੇ ਲਾ ਲਿਆ। ਮੁਕਾਬਲਾ ਕਰਦੇ ਹੋਏ ਇਸ ਕਾਂਡ ਵਿਚ 22 ਲੋਕ ਸਖ਼ਤ ਜ਼ਖ਼ਮੀ ਹੋਏ ਅਤੇ ਇਨਕਲਾਬੀ ਲਹਿਰ ਦੇ ਆਗੂਆਂ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ ਅਤੇ ਮਾਤਾ ਸਦਾ ਕੌਰ ਸਮੇਤ 18 ਲੋਕ ਸ਼ਹਾਦਤ ਦੇ ਜਾਮ ਨੂੰ ਪੀ ਗਏ। ਮੌਕਾ-ਏ-ਵਾਰਦਾਤ 'ਤੇ ਦੂਰ-ਦੂਰ ਤੱਕਿਆਂ ਖੂਨ ਦਾ ਦਰਿਆ ਨਜ਼ਰੀਂ ਆਉਂਦਾ ਸੀ। ਘਟਨਾ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਟਰਾਲੀਆਂ ਭਰ ਕੇ ਇਲਾਜ ਲਈ ਜੈਤੋ ਲਿਆਂਦੀਆਂ ਗਈਆਂ।

ਜਿਸ ਦਿਨ ਇਹ ਕਾਂਡ ਵਾਪਰਿਆ ਉਸ ਦਿਨ ਹਰ ਸੰਵੇਦਨਸ਼ੀਲ ਅੱਖ ਨੇ ਹੰਝੂ ਕੇਰੇ ਅਤੇ ਬਹੁਤੇ ਲੋਕਾਂ ਦੇ ਘਰੀਂ ਚੁੱਲ੍ਹੇ ਨਹੀਂ ਤਪੇ। ਪੂਰੇ ਇਲਾਕੇ ਵਿਚ ਇਕ ਸਹਿਮ ਭਰਿਆ ਸੰਨਾਟਾ ਸੀ।

ਘਟਨਾ ਦੇ ਕੁਝ ਦਿਨਾਂ ਬਾਅਦ ਹੀ ਸ਼ਹੀਦਾਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ। ਸਮਾਗਮ ਵਿਚ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਕੋਨੇ-ਕੋਨੇ 'ਚੋਂ ਪਹੁੰਚੇ ਖੱਬੀ ਵਿਚਾਰਧਾਰਾ ਦੇ ਉਪਾਸ਼ਕਾਂ ਨੇ ਸ਼ਹੀਦਾਂ ਦੀ ਲਹੂ ਰੱਤੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਉਨ੍ਹਾਂ ਦੇ ਰਾਹਾਂ 'ਤੇ ਚੱਲਣ ਅਤੇ ਉਨ੍ਹਾਂ ਦੇ ਅਧੂਰੇ ਪਏ ਮਿਸ਼ਨ ਨੂੰ ਪੂਰਾ ਕਰਨ ਦਾ ਹਲਫ਼ ਲਿਆ।


 ਹੁਣ ਵੀ ਸ਼ਹੀਦਾਂ ਦੇ ਵਾਰਸ ਹਰ ਵਰ੍ਹੇ 9 ਅਪ੍ਰੈਲ ਨੂੰ ਪਿੰਡ ਭਗਤੂਆਣਾ ਵਿਖੇ ਉਸਾਰੀ ਗਈ ਸ਼ਹੀਦਾਂ ਦੀ ਲਾਟ 'ਤੇ ਸੂਹਾ ਫ਼ਰੇਰਾ ਲਹਿਰਾ ਕੇ ਸਦੀਵੀ ਰੁਖ਼ਸਤ ਹੋਏ ਸਾਥੀਆਂ ਨੂੰ ਸਲੂਟ ਕਰਦੇ ਹਨ।

ਹੁਣ ਵੀ ਲੋਕ ਸੇਵੇਵਾਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਗੰਭੀਰ ਗੱਲਾਂ ਕਰਦੇ ਆਖਦੇ ਨੇ ਕਿ ਸੱਚ ਦੇ ਪਾਂਧੀਆਂ ਦੀ ਸ਼ਹਾਦਤ ਅਜਾਈਂ ਨਹੀਂ ਗਈ ਪਰ ਪੂਰੀ ਲੋਕਾਈ ਅੰਦਰ 'ਨ੍ਹੇਰ ਪਾਉਣ ਦੇ ਸੁਪਨੇ ਪਾਲਣ ਵਾਲੇ ਖੁਦ ਸਮੇਂ ਦੇ ਘੁੱਪ ਹਨ੍ਹੇਰੇ ਵਿਚ ਕਦੋਂ ਦੇ ਅਲੋਪ ਹੋ ਗਏ ਹਨ।

ਏਸ ਮਾਮਲੇ ਨਾਲ ਸਬੰਧਿਤ ਦਿਲਚਸਪ ਪਹਿਲੂ ਇਹ ਵੀ ਹੈ ਕਿ ਪਰਸੋਂ ਇਤਫਾਕਨ ਉਹੀ 9 ਅਪ੍ਰੈਲ ਨੂੰ ਇਕ ਖੂਨੀ ਕਾਂਡ ਹੋਇਆ ਜਿਸ ਦੀ ਚਰਚਾ 10 ਅਪ੍ਰੈਲ ਦੀ ਅਖਬਾਰਾਂ ਦੀਆਂ ਪ੍ਰਮੁੱਖ ਸੁਰਖੀਆਂ ਚ ਹੈ। ਜੋ ਦੋਹੇਂ ਧਿਰਾਂ ਭਿੜੀਆਂ ਇਨ੍ਹਾਂ ਦੀ ਸੇਵੇਵਾਲਾ ਕਾਂਡ ਕਰਾਉਣ ਚ ਅਹਿਮ ਭੂਮਿਕਾ ਸੀ....ਵਕਤ ਦੇ ਹੇਰ ਫੇਰ ਦੀ ਗੱਲ ਹੈ 22 ਸਾਲ ਪਹਿਲਾਂ ਇਹ ਕੱਠੇ ਸਨ ਅਤੇ ਅੱਜ ਇਕ ਦੂਜੇ ਦੀ ਜਾਨ ਦੇ ਵੈਰੀ....

(Shagan Kataria is a Jaitu based journalist)




No comments:

Post a Comment