21 ਅਪ੍ਰੈਲ ਗ਼ਦਰ ਪਾਰਟੀ ਦੀ 100ਵੀਂ
ਵਰ੍ਹੇਗੰਢ 'ਤੇ ਵਿਸ਼ੇਸ਼
ਨਵੇਂ ਯੁੱਗ ਦਾ ਸਿਰਨਾਵਾਂ : ਗ਼ਦਰ ਲਹਿਰ
—ਅਮੋਲਕ ਸਿੰਘ
ਨਵੇਂ ਯੁੱਗ ਦਾ ਸਿਰਨਾਵਾਂ : ਗ਼ਦਰ ਲਹਿਰ
—ਅਮੋਲਕ ਸਿੰਘ
ਇਤਿਹਾਸ ਦੇ ਸਫ਼ੇ 'ਤੇ ਉੱਕਰੀ ਇਨਕਲਾਬੀ ਤਵਾਰੀਖ਼ 'ਚ ਅਮਿੱਟ ਸਥਾਨ ਹੈ 21 ਅਪ੍ਰੈਲ 1913 ਦੇ
ਇਤਿਹਾਸਕ ਦਿਹਾੜੇ ਦਾ। ਇਸ ਦਿਨ ਮੁਲਕ ਦੀ ਆਜ਼ਾਦੀ ਲਈ ਅਮਰੀਕਾ ਦੀ ਧਰਤੀ 'ਤੇ 'ਹਿੰਦੀ ਐਸੋਸੀਏਸ਼ਨ
ਆਫ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਦੀ ਆਧਾਰਸ਼ਿਲਾ ਰੱਖੀ ਗਈ। ਇਸ ਜੱਥੇਬੰਦੀ ਨੇ 1 ਨਵੰਬਰ
1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ। ਵੱਖ-ਵੱਖ ਭਾਸ਼ਾਵਾਂ 'ਚ ਛਪਦਾ, ਵੱਖ-ਵੱਖ ਮੁਲਕਾਂ ਤੱਕ
ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਤੱਕ ਪਹੁੰਚਦਾ ਅਤੇ ਗ਼ਦਰ ਦਾ ਹੋਕਾ ਦਿੰਦਾ ਇਹ ਅਖ਼ਬਾਰ ਲੋਕਾਂ ਵਿਚ
ਐਨਾ ਮਕਬੂਲ ਹੋਇਆ ਕਿ ਜੱਥੇਬੰਦੀ 'ਗ਼ਦਰ ਪਾਰਟੀ' ਦੇ ਨਾਂਅ ਨਾਲ ਜਾਣੀ ਜਾਣ ਲੱਗੀ। ਸਨਫਰਾਂਸਿਸਕੋ
(ਅਮਰੀਕਾ) ਵਿਚ ਇਸ ਐਸੋਸੀਏਸ਼ਨ ਵੱਲੋਂ 'ਯੁਗਾਂਤਰ ਆਸ਼ਰਮ' ਨਾਂਅ ਦਾ ਮੁੱਖ ਦਫ਼ਤਰ ਸਥਾਪਤ ਕੀਤਾ ਗਿਆ।
'ਗ਼ਦਰ' ਅਖ਼ਬਾਰ ਨੇ ਲੋਕ ਮਨਾਂ ਉਪਰ ਅਜੇਹਾ ਜਾਦੂ ਕੀਤਾ ਕਿ 'ਯੁਗਾਂਤਰ ਆਸ਼ਰਮ' ਦੀ ਵੀ 'ਗ਼ਦਰ ਆਸ਼ਰਮ'
ਵਜੋਂ ਪਹਿਚਾਣ ਬਣ ਗਈ।
'ਯੁਗਾਂਤਰ ਆਸ਼ਰਮ'
ਗ਼ਦਰ ਪਾਰਟੀ ਦੇ ਬਾਨੀ ਅਹੁਦੇਦਾਰਾਂ 'ਚ ਬਾਬਾ ਸੋਹਣ ਸਿੰਘ ਭਕਨਾ ਪ੍ਰਧਾਨ, ਭਾਈ ਕੇਸਰ ਸਿੰਘ
ਠੱਠਗੜ੍ਹ ਮੀਤ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ, ਪੰਡਿਤ ਕਾਸ਼ੀ ਰਾਮ ਮੜੌਲੀ ਖਜਾਨਚੀ ਅਤੇ
ਠਾਕੁਰ ਦਾਸ ਧੂਰਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ।
ਸਾਮਰਾਜੀ ਗੁਲਾਮੀ ਦੇ ਜੂਲੇ ਹੇਠ ਦੱਬੀ ਭਾਰਤੀ ਕੌਮ ਨੂੰ ਇਕ ਲੜੀ 'ਚ ਪਰੋ ਕੇ, ਆਜ਼ਾਦੀ ਦੀ ਪ੍ਰਾਪਤੀ ਲਈ ਸਫਲਤਾ ਪੂਰਵਕ ਅੰਦਾਜ਼ 'ਚ ਗ਼ਦਰ ਕਰਨ ਲਈ ਗ਼ਦਰੀ ਦੇਸ਼ ਭਗਤਾਂ ਦਾ ਆਦਰਸ਼, ਉਨ੍ਹਾਂ ਵੱਲੋਂ ਗ਼ਦਰੀ ਝੰਡੇ ਲਈ ਕੀਤੀ ਰੰਗਾਂ ਦੀ ਚੋਣ ਵਿਚੋਂ ਹੀ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਨੇ ਧਰਮਾਂ, ਫਿਰਕਿਆਂ, ਬੋਲੀਆਂ, ਰੰਗ, ਨਸਲ, ਖਿੱਤੇ ਆਦਿ ਤੋਂ ਕਿਤੇ ਉਪਰ ਉਠ ਕੇ, ਵਤਨ ਦੀ ਆਜ਼ਾਦੀ ਲਈ ਸਾਂਝੀ ਤੰਦ ਮਜ਼ਬੂਤ ਕਰਨ ਦਾ ਸਾਬਤ ਕਦਮੀਂ ਰਾਹ ਚੁਣਿਆ। 'ਗ਼ਦਰ' ਅਖ਼ਬਾਰ ਉਪਰ 'ਜੇ ਚਿਤ ਪ੍ਰੇਮ ਖੇਲਨ ਕਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਉ' ਨਾਮੀਂ ਪੰਕਤੀ ਉੱਕਰੀ ਹੁੰਦੀ ਸੀ। ਜਿਵੇਂ ਝੰਡੇ ਉਪਰ ਦੋ ਤਲਵਾਰਾਂ ਦਾ ਨਿਸ਼ਾਨ ਬਣਾਇਆ ਇਉਂ ਹੀ ਤਲਵਾਰਾਂ 'ਗ਼ਦਰ' ਅਖ਼ਬਾਰ ਉਪਰ ਛਾਪੀਆਂ ਜਾਂਦੀਆਂ। ਆਜ਼ਾਦੀ ਲਈ ਤਨ, ਮਨ, ਧਨ ਸਭ ਕੁਝ ਕੁਰਬਾਨ ਕਰਨ ਦਾ ਸੂਚਕ ਬੋਲਾਂ ਅਤੇ ਤਲਵਾਰਾਂ ਦੇ ਚਿੰਨਾਂ ਨੇ ਸੁੱਤੀ ਕੌਮ ਨੂੰ ਜਗਾਉਣ ਲਈ ਸਿਦਕਦਿਲੀ ਭਰਿਆ ਹਲੂਣਾ ਦਿੱਤਾ। ਗ਼ਦਰੀਆਂ ਦਾ ਨਿਸ਼ਾਨਾ ਸਿਰਫ ਮੌਤ ਨੂੰ ਮਖ਼ੌਲਾਂ ਕਰਨ ਤੱਕ ਹੀ ਸੀਮਤ ਨਹੀਂ ਸੀ। ਉਹ ਜ਼ਿੰਦਗੀ ਨੂੰ ਜੀਅ ਭਰ ਕੇ ਮੁਹੱਬਤ ਕਰਦੇ ਸਨ। ਪਰ ਉਹ ਜ਼ਿੰਦਗੀ ਨੂੰ ਕਦੇ ਵੀ ਅਸੂਲਾਂ ਤੋਂ ਵੱਧ ਪਿਆਰੀ ਨਹੀਂ ਸੀ ਸਮਝਦੇ। ਗ਼ਦਰ ਅਖ਼ਬਾਰ ਦੇ ਮੁੱਖ ਪੰਨੇ 'ਤੇ ਤਲਵਾਰਾਂ, ਜ਼ੰਜ਼ੀਰਾਂ 'ਚ ਜਕੜੀ ਭਾਰਤ ਮਾਂ, ਗ਼ਦਰ ਦੀ ਗੂੰਜ ਦਾ ਵੱਜਦਾ ਬਿਗਲ ਹੀ ਨਹੀਂ ਸੀ ਛਪਦਾ, ਮੁੱਖ ਪੰਨੇ 'ਤੇ ਖ਼ੂਬਸੂਰਤ ਫੁੱਲਾਂ ਦੀ ਵੇਲ ਵੀ ਛਾਪੀ ਹੁੰਦੀ ਸੀ। ਫੁੱਲਾਂ ਦੀ ਝਾਂਜਰ ਦਾ ਸੰਗੀਤ ਦਰਸਾਉਂਦਾ ਸੀ ਕਿ 'ਗ਼ਦਰ', ਯੁੱਧ, ਫਾਂਸੀਆਂ, ਜੇਲ੍ਹਾਂ ਅਤੇ ਕੁਰਬਾਨੀਆਂ ਭਰੀ ਜੱਦੋ ਜਹਿਦ ਗ਼ਦਰੀਆਂ ਦਾ ਸ਼ੌਕ ਨਹੀਂ ਸੀ ਸਗੋਂ ਵਕਤ ਵੱਲੋਂ ਉਨ੍ਹਾਂ ਜਿੰਮੇ ਲੱਗੀ ਇਤਿਹਾਸਕ ਜ਼ਿੰਮੇਵਾਰੀ ਸੀ। ਦੇਸ਼ ਦੀ ਆਜ਼ਾਦੀ, ਖੁਸ਼ਹਾਲੀ, ਬਰਾਬਰੀ ਅਤੇ ਜਮਹੂਰੀਅਤ ਲਈ 'ਗ਼ਦਰ' ਉਹਨਾਂ ਦੀ ਲਾਜ਼ਮੀ ਲੋੜ ਸੀ।
ਸਾਮਰਾਜੀ ਗ਼ੁਲਾਮੀ ਕਾਰਨ ਕਰਜ਼ਿਆਂ, ਬਿਮਾਰੀਆਂ, ਆਰਥਕ ਸਮਾਜਕ ਤੰਗੀਆਂ, ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਝੰਬੇ ਗ਼ਰੀਬ ਘਰਾਂ ਦੇ ਮਿਹਨਤੀ, ਸਿਰੜੀ ਅਤੇ ਗੈਰਤਮੰਦ ਸਪੂਤ ਜਦੋਂ ਫ਼ੌਜਾਂ 'ਚ ਭਰਤੀ ਹੋਣ ਅਤੇ ਪਰਦੇਸਾਂ 'ਚ ਧੱਕੇ ਖਾਣ ਲਈ ਮਜਬੂਰ ਹੋਏ। ਜਦੋਂ ਪੈਰ ਪੈਰ ਤੇ ਅਪਮਾਨਤ ਹੋਣ ਲੱਗੇ। ਉਨ੍ਹਾਂ ਹਾਲਾਤਾਂ ਨੇ ਨਵੀਂ ਚੇਤਨਾ ਪੈਦਾ ਕੀਤੀ ਕਿ ਸਾਡੇ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਨਹੀਂ। ਉਨ੍ਹਾਂ ਦੇ ਬੁੱਲ੍ਹਾਂ 'ਤੇ ਅਜੇਹੇ ਬੋਲ ਥਿਰਕਣ ਲੱਗੇ:
''ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ''
ਉਹ ਸਿਰ ਜੋੜ ਕੇ ਬੈਠਣ ਲੱਗੇ। ਗੰਭੀਰ ਵਿਚਾਰਾਂ ਕਰਨ ਲੱਗੇ। ਅਜੇਹੇ ਮੰਥਨ ਸਦਕਾ ਹਿੰਦੀ ਐਸੋਸੀਏਸ਼ਨ
ਆਫ ਪੈਸੀਫਿਕ ਕੋਸਟ ਨਾਂਅ ਦੀ ਜੱਥੇਬੰਦੀ ਦਾ ਮੁੱਢ ਬੱਝਾ ਸੀ। ਇਨ੍ਹਾਂ ਵਿਚ ਕਿਰਤੀ, ਕਿਸਾਨਾਂ,
ਕਾਰੀਗਰਾਂ, ਚੜ੍ਹਦੀ ਉਮਰ ਦੇ ਗੱਭਰੂਆਂ ਸਮੇਤ ਬੁੱਧੀਜੀਵੀ ਵਰਗ ਨੇ ਜੋਟੀਆਂ ਪਾਈਆਂ। ਗ਼ਦਰ ਲਹਿਰ ਤੇ
ਨਵੀਓਂ ਨਵੀਂ ਬਹਾਰ ਆਈ। ਇਤਿਹਾਸਕ ਪ੍ਰਮਾਣ ਉਨ੍ਹਾਂ ਝੂਠੜਾਂ ਅਤੇ ਸੋਸ਼ੇਬਾਜ਼ਾਂ ਦੀ ਖਿੱਲੀ ਉਡਾਉਂਦੇ
ਹਨ ਜਿਹੜੇ ਗ਼ਦਰ ਲਹਿਰ ਦੇ ਸੰਗਰਾਮੀਆਂ ਨੂੰ 'ਹੋਸ਼ ਤੋਂ ਕੋਰੇ', 'ਸਿਰਫ ਜੋਸ਼ੀਲੇ' ਅਤੇ 'ਸਿਰਫ
ਸਿੱਖ' ਬਣਾ ਕੇ ਪੇਸ਼ ਕਰਦਿਆਂ ਦਿਮਾਗੀ ਕਸਰਤਾਂ ਦੇ ਭਰਮ ਨਾਲ ਹੀ ਮਨੋਇੱਛਤ ਸਿੱਟੇ ਕੱਢ ਕੇ ਇਤਿਹਾਸ
ਦਾ ਹੁਲੀਆ ਵਿਗਾੜਨ ਲਈ ਕਾਲਪਨਿਕ ਦੁਨੀਆ 'ਚ ਗੁਆਚੇ ਫਿਰ ਰਹੇ ਹਨ।
ਇਤਿਹਾਸ ਮੂੰਹੋਂ ਬੋਲਦਾ ਹੈ ਕਿ 436 ਹਿਲ ਸਟਰੀਟ, ਸਾਨਫ੍ਰਾਂਸਿਸਕੋ ਸਥਿਤ ਯੁਗਾਂਤਰ ਆਸ਼ਰਮ ਦਾ ਇੰਚਾਰਜ ਲਾਲਾ ਹਰਦਿਆਲ ਨੂੰ ਬਣਾਇਆ ਗਿਆ। ਪੱਲਿਓਂ ਗ਼ਦਰੀ ਕਾਮੇ ਖਰਚੇ ਕਰਦੇ। ਰਾਸ਼ਨ ਪਾਣੀ ਤੱਕ ਵੀ ਗ਼ਦਰੀ ਬਾਬਾ ਜਵਾਲਾ ਸਿੰਘ ਦੇ ਫ਼ਾਰਮ ਤੋਂ ਆਇਆ ਕਰਦਾ। 'ਗ਼ਦਰ' ਅਖ਼ਬਾਰ ਛਾਪਣ ਲਈ ਪਹਿਲਾਂ ਇਕ ਗੋਰਾ ਕਾਮਾ ਕੰਮ ਕਰਦਾ ਸੀ। ਉਸ ਮਗਰੋਂ ਇਹ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਨੇ ਹੱਸ ਕੇ ਓਟ ਲਈ। ਅਖ਼ਬਾਰ ਦਾ ਨਾਂਅ 'ਗ਼ਦਰ' ਰੱਖਣ ਪਿੱਛੇ 1857 ਦੇ ਗ਼ਦਰ ਦੀ ਇਤਿਹਾਸਕਤਾ ਧੜਕ ਰਹੀ ਸੀ। 'ਗ਼ਦਰ' ਅਖ਼ਬਾਰ, ਉਰਦੂ, ਗੁਰਮੁਖੀ, ਬੰਗਾਲੀ, ਹਿੰਦੀ ਅਤੇ ਗੁਜਰਾਤੀ ਵਿਚ ਛਾਪਣਾ ਸ਼ੁਰੂ ਕੀਤਾ। ਗ਼ਦਰੀਆਂ ਦੀ ਹੋਸ਼, ਸੂਝ-ਬੂਝ ਅਤੇ ਵਿਗਿਆਨਕ ਦੂਰ-ਦ੍ਰਿਸ਼ਟੀ ਦਾ ਹੀ ਪ੍ਰਮਾਣ ਹੈ ਉਨ੍ਹਾਂ ਵੱਲੋਂ 'ਗ਼ਦਰ' ਦੇ ਪਲੇਠੇ ਅੰਕ ਉਪਰ ਲਿਖਣਾ :
''ਵਿਦੇਸੀ ਧਰਤੀ ਤੋਂ ਦੇਸੀ ਜ਼ਬਾਨਾਂ ਵਿਚ ਸਾਮਰਾਜ ਵਿਰੁੱਧ ਜੰਗ ਦਾ ਐਲਾਨ''
ਅਖ਼ਬਾਰ ਦੇ ਮਜ਼ਬੂਨ ਲਾਲਾ ਹਰਦਿਆਲ ਲਿਖਦੇ, ਉਰਦੂ ਦਾ ਕੰਮ ਰਘਬੀਰ ਦਿਆਲ ਕਰਦੇ ਅਤੇ ਗੁਰਮੁਖੀ ਵਿਚ
ਉਲੱਥਾ ਕਰਤਾਰ ਸਿੰਘ ਸਰਾਭਾ ਆਮ ਤੌਰ ਤੇ ਕਰਿਆ ਕਰਦਾ। ਗ਼ਦਰ ਆਸ਼ਰਮ ਵਿਚ ਲਾਲਾ ਹਰਦਿਆਲ ਉਪਰੰਤ ਜਦੋਂ
ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਤਾਂ ਪ੍ਰੋ. ਬਰਕਤ ਉੱਲਾ ਜਪਾਨ ਤੋਂ ਅਤੇ ਭਾਈ ਭਗਵਾਨ
ਸਿੰਘ ਫ਼ਿਲਪਾਈਨ ਤੋਂ ਆ ਕੇ ਆਸ਼ਰਮ ਵਿਚ ਯੋਗਦਾਨ ਪਾਉਣ ਲੱਗੇ। ਹਰਨਾਮ ਸਿੰਘ ਟੁੰਡੀਲਾਟ, ਹਰਨਾਮ
ਸਿੰਘ ਸਾਹਰੀ ਅਤੇ ਰਾਮ ਚੰਦ, ਗ਼ਦਰ ਅਖ਼ਬਾਰ ਲਈ ਅਤੇ ਆਪਣੀ ਮਾਂ ਧਰਤੀ ਦੀ ਆਜ਼ਾਦੀ ਲਈ ਆਪਣਾ ਸਭ ਕੁਝ
ਨਿਛਾਵਰ ਕਰਨ ਲਈ ਸਮਰਪਤ ਹੋ ਗਏ। ਗ਼ਦਰ ਆਸ਼ਰਮ 1949 'ਚ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ। ਪਰ
ਅਜੇ ਤੱਕ ਇਹ ਮਹਾਨ ਇਤਿਹਾਸਕ ਯਾਦਗਾਰ ਆਮ ਤੌਰ ਤੇ ਬੰਦ ਹੀ ਰੱਖੀ ਜਾਂਦੀ ਹੈ। ਮਨਜੂਰੀਆਂ ਦੇ ਗਧੀ
ਗੇੜ 'ਚ ਪੈ ਕੇ ਇਤਿਹਾਸਕਾਰਾਂ ਨੂੰ ਇਸਦੇ ਦੀਦਾਰ ਕਰਨ ਦਾ ਮੁਸ਼ਕਲ ਨਾਲ ਮੌਕਾ ਮਿਲਦਾ ਹੈ। ਇਸਦੇ
ਮਾਣਮੱਤੇ ਇਤਿਹਾਸ ਦੇ ਜਦੋਂ ਸੌ ਵਰ੍ਹੇ ਪੂਰੇ ਹੋਣ ਜਾ ਰਹੇ ਹਨ ਅਜੇ ਵੀ ਇਸਨੂੰ ਸਿਰਫ 2 ਦਿਨ
ਖੋਲ੍ਹਣ ਦੇ ਮਜ਼ਾਕ ਹੋ ਰਹੇ ਹਨ। ਭਲਾ ਕਿਉਂ? ਇਹ ਸਾਡੇ ਸਭ ਦੇ ਸੋਚਣ ਲਈ ਵੀ ਸੁਆਲ ਹੈ?
ਗ਼ਦਰ ਲਹਿਰ ਦੀਆਂ ਇਤਿਹਾਸਕ ਪੈੜਾਂ ਦੇ ਅਮਿਟ ਨਿਸ਼ਾਨ ਕਾਮਾਗਾਟਾ ਮਾਰੂ, ਗੁਰਦੁਆਰਾ ਸਿੱਖ ਟੈਂਪਲ, ਗ਼ਦਰ ਅਖ਼ਬਾਰ, ਗ਼ਦਰ ਦੀ ਗੂੰਜ ਕਵਿਤਾਵਾਂ, ਬਜ ਬਜ ਘਾਟ, ਕਾਲੇ ਪਾਣੀ, ਜੇਲ੍ਹਾਂ, ਫਾਂਸੀਆਂ, ਸਾਜਸ਼ ਕੇਸਾਂ, ਫ਼ੌਜਾਂ ਅੰਦਰ ਬਗਾਵਤਾਂ ਦੇ ਨਿਰੰਤਰ ਇਤਿਹਾਸ ਵਿਚ ਦੇਖੀਆਂ ਜਾ ਸਕਦੀਆਂ ਹਨ। ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫ਼ੌਜਾਂ ਅੰਦਰ ਵਿਦਰੋਹ, ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸ ਨੂੰ ਗ਼ਦਰ ਪਾਰਟੀ ਦੀ ਬਦਲਵੇਂ ਰੂਪਾਂ 'ਚ ਨਿਰੰਤਰਤਾ ਵਜੋਂ ਹੀ ਘੋਖਿਆ ਪੜਤਾਲਿਆ ਜਾਣਾ ਚਾਹੀਦਾ ਹੈ। ਇਸ ਕਰਕੇ ਗ਼ਦਰ ਪਾਰਟੀ ਬਾਰੇ 'ਫੇਲ' ਜਾਂ 'ਪਾਸ' ਵਰਗੇ ਗਣਿਤ ਰੂਪੀ ਫਾਰਮੂਲਿਆਂ ਤੋਂ ਸੰਕੋਚ ਕਰਦਿਆਂ ਇਸ ਮਹਾਨ ਲਹਿਰ ਨੂੰ ਸਿਰਫ ਉਸੇ ਕਾਲ ਦੇ ਜੁਮਰੇ ਵਿਚ ਹੀ ਕੈਦ ਨਹੀਂ ਕਰਨਾ ਚਾਹੀਦਾ। ਇਸ ਤੋਂ ਵੀ ਅਗਲੇਰੀ ਅੰਤਰ-ਕੜੀ ਵਜੋਂ ਅੱਜ ਸਾਮਰਾਜੀ ਜਾਗੀਰੂ ਦਾਬੇ, ਮਹਾਂ ਕਾਰਪੋਰੇਟ ਘਰਾਣਿਆਂ ਅਤੇ ਰੱਤ ਪੀਣੇ ਪੂੰਜੀਪਤੀਆਂ, ਸ਼ਾਹੂਕਾਰਾਂ ਖਿਲਾਫ ਚੱਲ ਰਹੀ ਲੋਕ-ਮੁਕਤੀ ਦੀ ਜੱਦੋਜਹਿਦ ਨੂੰ ਵੇਖਣ ਅਤੇ ਸਮਝਣ ਦੀ ਤੀਬਰ ਲੋੜ ਹੈ।
21 ਅਪ੍ਰੈਲ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ, ਸ਼ਤਾਬਦੀ ਮੁਹਿੰਮ ਅਤੇ 1 ਨਵੰਬਰ 2013 ਨੂੰ ਦੁਨੀਆ ਭਰ 'ਚ ਗ਼ਦਰ ਸ਼ਤਾਬਦੀ ਸਿਖਰ ਸਮਾਗਮ ਮਨਾਉਣ ਦੇ ਸਮਾਗਮਾਂ ਨੂੰ ਰਸਮ ਪੂਰਤੀ ਦੀਆਂ ਹੱਦ ਬੰਦੀਆਂ 'ਚੋਂ ਬਾਹਰ ਕੱਢਣ ਦਾ ਠੋਸ ਪ੍ਰਮਾਣ ਅਤੇ ਹਾਸਲ ਇਹੋ ਹੋਏਗਾ ਕਿ ਅਸੀਂ ਗ਼ਦਰ ਲਹਿਰ ਦੇ ਦਰਸ਼ਨ, ਇਤਿਹਾਸ, ਰਾਜਨੀਤੀ, ਉਦੇਸ਼, ਸੁਪਨਿਆਂ ਅਤੇ ਕੁਰਬਾਨੀਆਂ ਭਰੀਆਂ ਸਥਾਪਤ ਕੀਤੀਆਂ ਲੀਹਾਂ ਤੋਂ ਵੀ ਅੱਗੇ ਵਧ ਕੇ ਅਜੋਕੇ ਪ੍ਰਸੰਗ ਵਿਚ ਸਮਝਣ ਅਤੇ ਅਮਲੀ ਤੌਰ ਤੇ ਲਾਗੂ ਕਰਨ ਲਈ ਠੋਸ ਉੱਦਮ ਕਰੀਏ।
ਗ਼ਦਰ ਲਹਿਰ ਸਾਡੇ ਅਤੀਤ ਦੀ ਹੀ ਅਮੁੱਲੀ ਧਰੋਹਰ ਨਹੀਂ, ਇਹ ਸਾਡਾ ਵਰਤਮਾਨ ਅਤੇ ਭਵਿੱਖ ਵੀ ਹੈ। ਇਹ ਵਿਦੇਸ਼ੀ ਅਤੇ ਦੇਸੀ ਹਰ ਵੰਨਗੀ ਦੀ ਲੁੱਟ, ਦਾਬੇ, ਵਿਤਕਰੇ, ਅਨਿਆ, ਸਮਾਜਕ ਨਾਬਰਾਬਰੀ, ਜਾਤ-ਪਾਤ, ਫਿਰਕਾਪ੍ਰਸਤੀ, ਜਬਰ-ਜ਼ੁਲਮ ਦੀ ਮੂਲੋਂ ਜੜ੍ਹ ਪੁੱਟ ਕੇ, ਨਵੀਂ ਆਜ਼ਾਦੀ, ਬਰਾਬਰੀ, ਸੈਕੂਲਰ ਸੋਚ ਅਤੇ ਜਮਹੂਰੀ ਰਾਜ ਅਤੇ ਸਮਾਜ ਦੀ ਸਿਰਜਣਾ ਕਰਨ ਲਈ ਲੋਕ ਸੰਗਰਾਮ ਜਾਰੀ ਰੱਖਣ ਦਾ ਇਤਿਹਾਸ ਅਤੇ ਹੋਕਾ ਹੈ। ਕਿਰਤ ਦੀ ਸਰਦਾਰੀ ਵਾਲੇ, ਸਵੈਮਾਣ ਭਰੀ ਨਵੀਂ ਜ਼ਿੰਦਗੀ ਦੀ ਨਵੀਂ ਇਬਾਰਤ ਲਿਖਣਾ ਨਵਾਂ ਯੁੱਗ ਸਿਰਜਣ ਦਾ ਸਿਰਨਾਵਾਂ ਹੈ ਗ਼ਦਰ ਲਹਿਰ।
ਮੋਬਾਇਲ : 94170-76735
ਭਗਤ ਸਿੰਘ ਯਾਦਗਾਰੀ ਹਾਲ ਜਲੰਦਰ ਨੂੰ ਆਪਣੀ ਨਿਜੀ ਮਲਕੀਤ ਸਮਝਨ ਵਾਲੇ ਅਮੋਲਕ ਸਿੰਘ ਲਿਖ ਰਹੇ ਨੇ ਕਿ, "ਉਨ੍ਹਾਂ ਨੇ ਧਰਮਾਂ, ਫਿਰਕਿਆਂ, ਬੋਲੀਆਂ, ਰੰਗ, ਨਸਲ, ਖਿੱਤੇ ਆਦਿ ਤੋਂ ਕਿਤੇ ਉਪਰ ਉਠ ਕੇ, ਵਤਨ ਦੀ ਆਜ਼ਾਦੀ ਲਈ ਸਾਂਝੀ ਤੰਦ ਮਜ਼ਬੂਤ ਕਰਨ ਦਾ ਸਾਬਤ ਕਦਮੀਂ ਰਾਹ ਚੁਣਿਆ।"
ReplyDeleteਧਰਮਾਂ, ਫਿਰਕਿਆਂ, ਬੋਲੀਆਂ, ਰੰਗ, ਨਸਲ, ਖਿੱਤੇ ਆਦਿ ਤੋਂ ਕਿਤੇ ਉਪਰ ਉਠ ਕੇ ਕਿਸ ਤਰਾਂ ਦੇ ਵਤਨ ਦੀ ਕਲਪਣਾ ਕੀਤੀ ਜਾ ਸਕਦੀ ਹੈ ?????? ਧਰਮਾਂ, ਫਿਰਕਿਆਂ, ਬੋਲੀਆਂ, ਰੰਗ, ਨਸਲ, ਖਿੱਤੇ ਆਦਿ ਤੋਂ ਸਿਵਾ ਕਿਸੇ ਵਤਨ ਚ ਹੋਰ ਕੀ ਹੁੰਦਾ ਹੈ...... ??????