ਪਾਸ਼ ਦੇ ਪਿਤਾ ਨੂੰ ਯਾਦ ਕਰਦਿਆਂ
‘‘ਸਮਾਜ ਅੰਦਰ ਆਮ ਕਰ ਕੇ ਕਿਸੇ
ਵਿਅਕਤੀ ਦੀ ਪਛਾਣ ਉਸ ਦੇ ਮਾਪਿਆਂ, ਪੁਰਖ਼ਿਆਂ ਦੇ ਹਵਾਲੇ ਨਾਲ ਹੁੰਦੀ ਹੈ। ਮੇਰੇ ਲਈ ਇਸ ਤੋਂ ਵਧ
ਕੇ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮੇਰੀ ਪਛਾਣ ਮੇਰੇ ਪੁੱਤ ‘ਪਾਸ਼ ਦੇ ਪਿਤਾ’ ਦੇ ਹਵਾਲੇ
ਨਾਲ ਬਣੀ ਹੈ। ਪਾਸ਼ ਦੀ ਕਲਮ ਨੇ ਪਰੰਪਰਾਗਤ ਪਛਾਣ ਦੇ ਹਵਾਲਿਆਂ ਦੇ ਬਦਲ ’ਚ ਨਵੀਂ ਸ਼ਨਾਖ਼ਤ ਸਥਾਪਤ
ਕੀਤੀ।’’
ਇਹ ਮਾਣਮੱਤੇ ਸ਼ਬਦ ਸਨ ਮੇਜਰ ਸੋਹਣ
ਸਿੰਘ ਸੰਧੂ ਹੋਰਾਂ ਦੇ ਜਦੋਂ ਮੈਂ ਉਨ੍ਹਾਂ ਦੇ ਪਿੰਡ ਤਲਵੰਡੀ ਸਲੇਮ ਵਿਖੇ ਉਨ੍ਹਾਂ ਨਾਲ ਵਿਸ਼ੇਸ਼
ਮੁਲਾਕਾਤ ਕੀਤੀ।
ਮੇਜਰ ਸੋਹਣ ਸਿੰਘ ਸੰਧੂ 25 ਜੁਲਾਈ
2013 ਨੂੰ ਅਮਰੀਕਾ ਵਿਖੇ ਅੰਤਲੇ ਸਾਹ ਲੈ ਕੇ ਜਿਸਮਾਨੀ ਤੌਰ ’ਤੇ ਸਾਡੇ ਕੋਲੋਂ ਵਿਦਾ ਹੋ ਗਏ। ਪਾਸ਼
ਦੀ 23 ਮਾਰਚ 1988 ਨੂੰ ਹੋਈ ਸ਼ਹਾਦਤ ਉਪਰੰਤ ਉਨ੍ਹਾਂ ਵੱਲੋਂ ਨਿਭਾਈ ਵਿਸ਼ੇਸ਼ ਭੂਮਿਕਾ ਸਦਾ ਅਮਰ
ਰਹੇਗੀ। ਇਹ ਭੂਮਿਕਾ ਮੂੰਹੋਂ ਬੋਲਦੀ ਹੈ ਕਿ ਉਨ੍ਹਾਂ ਦਾ ਰੁਤਬਾ ਸਿਰਫ਼ ਪਾਸ਼ ਦੇ ਪਿਤਾ ਤਕ ਹੀ
ਸੀਮਿਤ ਨਹੀਂ ਸਗੋਂ ਉਹ ਖ਼ੁਦ ਸਾਹਿਤਕ ਰੁਚੀਆਂ ਰੱਖਦੇ ਸਨ। ਪਾਸ਼ ਨੇ ਬਾਲ-ਉਮਰੇ ਹੀ ਆਪਣੇ ਪਿਤਾ ਦੇ
ਸਾਹਿਤਕ ਰਸਾਲੇ ਗਹੁ ਨਾਲ ਪੜ੍ਹਨੇ ਸ਼ੁਰੂ ਕੀਤੇ। ਸੰਧੂ ਹੋਰੀਂ ਖ਼ੁਦ ਵੀ ਕਵਿਤਾ ਲਿਖਦੇ ਸਨ। ਭਰ
ਜਵਾਨ ਉਮਰੇ ਮਾਪਿਆਂ, ਆਪਣੀ ਜੀਵਨ ਸਾਥਣ ਰਾਜਵਿੰਦਰ ਰਾਣੀ ਅਤੇ ਬਾਲੜੀ ਵਿੰਕਲ ਨੂੰ ਛੱਡ ਕੇ ਪਾਸ਼
ਦਾ ਤੁਰ ਜਾਣਾ, ਸੋਹਣ ਸਿੰਘ ਸੰਧੂ ਹੋਰਾਂ ਦੀ ਮਾਨਸਿਕਤਾ ਉਪਰ ਡੂੰਘਾ ਸੱਲ੍ਹ ਕਰਨ ਵਾਲਾ ਸੀ। ਉਹ
ਨਿਰਾਸ਼, ਉਦਾਸ ਨਹੀਂ ਹੋਏ। ਢੇਰੀ ਢਾਹ ਕੇ ਨਹੀਂ ਬੈਠੇ ਸਗੋਂ ਉਨ੍ਹਾਂ ਨੇ ਪਹਿਲਾਂ ਨਾਲੋਂ ਵੀ ਵੱਧ
ਧੜੱਲੇ ਅਤੇ ਸਿਦਕਦਿਲੀ ਨਾਲ ਪਾਸ਼ ਦੀ ਸੋਚ ਦਾ ਪਰਚਮ ਬੁਲੰਦ ਕੀਤਾ।
ਖਾਲਿਸਤਾਨੀ ਅਤੇ ਹਕੂਮਤੀ
ਦਹਿਸ਼ਤਗਰਦੀ ਦੇ ਝੱੁਲਦੇ ਝੱਖੜਾਂ ’ਚ ਸੰਧੂ ਹੋਰਾਂ ਨੇ ਪਾਸ਼ ਦੀ ਸੋਚ ਦਾ ਪਰਚਮ ਹੋਰ ਵੀ ਬੁਲੰਦ
ਕੀਤਾ। ਏ.ਕੇ.47 ਦੀ ਵਰ੍ਹਦੀ ਅੱਗ ਉਨ੍ਹਾਂ ਦੇ ਬੋਲਾਂ ਨੂੰ ਠਾਰ ਨਾ ਸਕੀ। ਉਨ੍ਹਾਂ ਦੀਆਂ ਧੀਆਂ,
ਪੁੱਤਰਾਂ, ਪੁੱਤਰਾਂ ਤੋਂ ਵਧ ਕੇ ਜੁਆਈਆਂ, ਧੀਆਂ ਤੋਂ ਵਧ ਕੇ ਪਿਆਰੀ ਰਾਜਵਿੰਦਰ ਅਤੇ ਵਿੰਕਲ, ਪਾਸ਼
ਦੀ ਕਵਿਤਾ ਦੀ ਲੋਅ ਹੱਥ ਲੈ ਕੇ ਹਨੇਰੇ ਖਿਲਾਫ਼ ਡਟਕੇ ਜੂਝਦੇ ਰਹੇ ਹਨ।
ਕਰਾਂਤੀਕਾਰੀ ਕਵੀ ਸੁਰਿੰਦਰ ਧੰਜਲ
ਦੀ ਅਗਵਾਈ ’ਚ ਸੋਹਣ ਸਿੰਘ ਸੰਧੂ ਹੋਰਾਂ ਦੀ ਸਰਪ੍ਰਸਤੀ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ
ਬਣਾਇਆ ਗਿਆ। ਟਰੱਸਟ ਵੱਲੋਂ ਪਾਸ਼ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਡਟ
ਕੇ ਯੋਗਦਾਨ ਪਾਇਆ ਜਾਣ ਲੱਗਾ। ਪੰਜਾਬ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਮੁਲਕਾਂ ’ਚ
ਪਾਸ਼ ਦੀ ਸ਼ਹਾਦਤ ਤੋਂ ਲੈ ਕੇ ਅੱਜ ਤਕ ਨਿਰੰਤਰ ਸਮਾਗਮ ਹੋ ਰਹੇ ਹਨ।
ਸੰਧੂ ਹੋਰਾਂ ਦੇ ਭਰਵੇਂ ਆਰਥਿਕ
ਯੋਗਦਾਨ ਨਾਲ ਪਾਸ਼ ਅਤੇ ਹੰਸ ਰਾਜ ਯਾਦਗਾਰੀ ਸਟੇਡੀਅਮ ਤਲਵੰਡੀ ਸਲੇਮ ਬਣਾਇਆ ਗਿਆ। ਨਗਰ ਪੰਚਾਇਤ
ਅਤੇ ਸਮੂਹ ਨਗਰ ਵੱਲੋਂ ਦਿੱਤੀ ਜ਼ਮੀਨ ਉਪਰ ਸਟੇਡੀਅਮ ਦੀ ਉਸਾਰੀ ਉਨ੍ਹਾਂ ਵੱਲੋਂ ਕੀਤੀ ਆਰਥਿਕ ਮੱਦਦ
ਤੋਂ ਬਿਨਾਂ ਸ਼ਾਇਦ ਸੰਭਵ ਨਾ ਹੁੰਦੀ। ਪਾਸ਼ ਲਾਇਬਰੇਰੀ ਬਣਾਈ ਗਈ।
ਉਹ ਸਿਰਫ਼ ਪਾਸ਼ ਦੇ ਹੀ ਨਹੀਂ ਸਗੋਂ ਪਾਸ਼ ਦੇ ਹਮਸਫ਼ਰਾਂ ਦੇ ਪਿਤਾ ਦਾ ਰੁਤਬਾ ਹਾਸਲ ਕਰ ਗਏ। ਗਹਿਰੇ ਸਦਮੇ ਅਤੇ ਭਿਆਨਕ ਬੀਮਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਪਾਸ਼ ਬਾਰੇ ਹੋਰਨਾਂ ਕਵੀਆਂ ਦੇ ਕਲਾਮ ਦਾ ਸੰਗ੍ਰਹਿ ‘ਪਾਸ਼ ਤਾਂ ਸੂਰਜ ਸੀ’ ਛਪਵਾਇਆ। ਨਾਮਵਰ ਚਿੰਤਕਾਂ, ਲੇਖਕਾਂ ਅਤੇ ਆਲੋਚਕਾਂ ਦੀ ਕਲਮ ਤੋਂ ਲਿਖੇ ਮਹੱਤਵਪੂਰਨ ਲੇਖਾਂ ਦੀ ਵੱਡ-ਆਕਾਰੀ ਪੁਸਤਕ ‘ਸਾਹਿਤ ਦਾ ਸਾਗਰ: ਪਾਸ਼’ ਵੀ ਉਨ੍ਹਾਂ ਦੀ ਸੰਪਾਦਨਾ, ਸੁਰਿੰਦਰ ਧੰਜਲ ਅਤੇ ਮੇਰੀ ਸਹਿ-ਸੰਪਾਦਨਾ ਵਿੱਚ ਤਿਆਰ ਕੀਤੀ ਗਈ। ਪਾਸ਼ ਸਬੰਧੀ ਸਮੁੱਚੀ ਵਾਰਤਕ ਇੱਕ ਜਿਲਦ ’ਚ ਕਰਨ ਲਈ ਉਹ ਯਤਨਸ਼ੀਲ ਸਨ।
ਉਹ ਸਿਰਫ਼ ਪਾਸ਼ ਦੇ ਹੀ ਨਹੀਂ ਸਗੋਂ ਪਾਸ਼ ਦੇ ਹਮਸਫ਼ਰਾਂ ਦੇ ਪਿਤਾ ਦਾ ਰੁਤਬਾ ਹਾਸਲ ਕਰ ਗਏ। ਗਹਿਰੇ ਸਦਮੇ ਅਤੇ ਭਿਆਨਕ ਬੀਮਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਪਾਸ਼ ਬਾਰੇ ਹੋਰਨਾਂ ਕਵੀਆਂ ਦੇ ਕਲਾਮ ਦਾ ਸੰਗ੍ਰਹਿ ‘ਪਾਸ਼ ਤਾਂ ਸੂਰਜ ਸੀ’ ਛਪਵਾਇਆ। ਨਾਮਵਰ ਚਿੰਤਕਾਂ, ਲੇਖਕਾਂ ਅਤੇ ਆਲੋਚਕਾਂ ਦੀ ਕਲਮ ਤੋਂ ਲਿਖੇ ਮਹੱਤਵਪੂਰਨ ਲੇਖਾਂ ਦੀ ਵੱਡ-ਆਕਾਰੀ ਪੁਸਤਕ ‘ਸਾਹਿਤ ਦਾ ਸਾਗਰ: ਪਾਸ਼’ ਵੀ ਉਨ੍ਹਾਂ ਦੀ ਸੰਪਾਦਨਾ, ਸੁਰਿੰਦਰ ਧੰਜਲ ਅਤੇ ਮੇਰੀ ਸਹਿ-ਸੰਪਾਦਨਾ ਵਿੱਚ ਤਿਆਰ ਕੀਤੀ ਗਈ। ਪਾਸ਼ ਸਬੰਧੀ ਸਮੁੱਚੀ ਵਾਰਤਕ ਇੱਕ ਜਿਲਦ ’ਚ ਕਰਨ ਲਈ ਉਹ ਯਤਨਸ਼ੀਲ ਸਨ।
ਉਨ੍ਹਾਂ ਨਾਲ ਵਿਚਾਰ-ਚਰਚਾ ਕਰ ਕੇ
ਕਿੰਨੇ ਹੀ ਦਸਤਾਵੇਜ਼ੀ ਫ਼ਿਲਮਸਾਜ਼, ਨਾਟਕਕਾਰ, ਲੇਖਕ, ਕਵੀ ਆਪਣੀਆਂ ਕਲਾ ਕਿਰਤਾਂ ਨੂੰ ਨਿਖਾਰਨ ਦੇ
ਕਾਰਜ ਵਿੱਚ ਜੁਟੇ ਰਹਿੰਦੇ ਸਨ।
ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ
ਕੁਝ ਕੁ ਪੱਖਾਂ ਉਪਰ ਵੀ ਨਜ਼ਰ ਮਾਰੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਹ ਪਾਸ਼ ਨੂੰ ਨਿੱਕੀ ਉਮਰੇ ਹੀ
ਰਾਤ ਭਰ ਪੜ੍ਹਦੇ ਨੂੰ ਨੀਝ ਨਾਲ ਦੇਖਦੇ ਰਹਿੰਦੇ। ਉਨ੍ਹਾਂ ਦੱਸਿਆ ਕਿ ਘੱਟ ਪੜ੍ਹਿਆ-ਲਿਖਿਆ ਪਾਸ਼
ਭਾਸ਼ਾ ਵਿਗਿਆਨ ਅਤੇ ਜੋਤਿਸ਼ ਬਾਰੇ ਅਹਿਮ ਅਧਿਐਨ ਕਰਦਾ ਰਹਿੰਦਾ।
ਸੰਧੂ ਹੋਰਾਂ ਦੱਸਿਆ, ‘‘ਪਾਸ਼ ਨੇ
ਆਪਣੀ ਪਹਿਲੀ ਕਵਿਤਾ 15 ਸਾਲ ਦੀ ਉਮਰ ਵਿੱਚ ਲਿਖੀ ਜਿਹੜੀ ਉਸ ਨੇ ਉਨ੍ਹਾਂ ਨੂੰ ਚਿੱਠੀ ਰਾਹੀਂ
ਭੇਜੀ ਸੀ। ਉਹ ਨਿਵੇਕਲੀ ਪ੍ਰਤਿਭਾ ਦਾ ਮਾਲਕ ਸੀ। ਉਸ ਨੂੰ 1970 ਵਿੱਚ ਇੱਕ ਝੂਠਾ ਕੇਸ ਮੜ੍ਹ ਕੇ
ਜੇਲ੍ਹ ’ਚ ਡੱਕ ਦਿੱਤਾ ਗਿਆ। ਉਸ ਮੌਕੇ ਉਸ ਦੀ ਪਹਿਲੀ ਕਾਵਿ-ਪੁਸਤਕ ‘ਲੋਹ-ਕਥਾ’ ਛਪੀ। ਉਸ ਉਪਰੰਤ
‘ਉਡਦੇ ਬਾਜ਼ਾਂ ਮਗਰ’ (1974), ‘ਸਾਡੇ ਸਮਿਆਂ ਵਿੱਚ’ (1978) ਛਪੀਆਂ। ਸਾਹਿਤਕ ਖੇਤਰ ਵਿੱਚ ਉਸ
ਕੋਲੋਂ ਨਵੀਆਂ ਪੈੜਾਂ ਪਾਉਣ ਦੀ ਆਸ ਤਾਂ ਉਸ ਦੀਆਂ ਮੁੱਢਲੀਆਂ ਲਿਖਤਾਂ ਖ਼ਾਸ ਕਰਕੇ ਕਵਿਤਾਵਾਂ
ਵਿੱਚੋਂ ਹੀ ਝਲਕਦੀ ਸੀ। ਭੌਤਿਕ ਵਿਗਿਆਨ ਪ੍ਰਤੀ ਉਸ ਅੰਦਰ ਅਥਾਹ ਤੜਫ਼ ਸੀ।’’
ਅਜਿਹੀਆਂ ਗੱਲਾਂ ਆਪਣੇ ਪੁੱਤਰ ਬਾਰੇ
ਉਹੀ ਬਾਪ ਕਰ ਸਕਦਾ ਹੈ ਜਿਹੜਾ ਉਸ ਦੀ ਕਰਨੀ ਨੂੰ ਸਮਝਦਾ ਹੋਵੇ ਅਤੇ ਖ਼ੁਦ ਉਸ ਅੰਦਰ ਵੀ ਉਸ ਵਰਗਾ
ਕੁਝ ਕਰਨ ਦੀ ਚਾਹਤ ਹੋਵੇ। ਉਹ ਮਾਣ ਨਾਲ ਦੱਸਦੇ ਸਨ, ‘‘ਉਸਨੇ ‘ਸਿਆੜ’, ‘ਹਾਕ’ ਅਤੇ ‘ਐਂਟੀ 47
ਫਰੰਟ’ ਵਰਗੇ ਪਰਚਿਆਂ ਦੀਆਂ ਲੜੀਆਂ ਰਾਹੀਂ ਅਮੀਰ ਸਾਹਿਤ, ਪੰਜਾਬੀ ਸਾਹਿਤ ਦੀ ਝੋਲੀ ਪਾਇਆ।’’
ਸੰਧੂ ਹੋਰੀਂ ਭਾਵੇਂ ਸਾਡੇ ਦਰਮਿਆਨ
ਨਹੀਂ ਰਹੇ ਪਰ ਕਿਸੇ ਇਨਕਲਾਬੀ ਕਵੀ, ਸੰਘਰਸ਼ਸ਼ੀਲ ਕਾਮੇ ਦੀ ਇਨਕਲਾਬੀ ਵਿਰਾਸਤ ਨੂੰ ਮਾਪਿਆਂ ਵੱਲੋਂ
ਸੰਭਾਲਣ ਤੇ ਅੱਗੇ ਤੋਰਨ ਦੀ ਜੋ ਮਸ਼ਾਲ ਬਾਲ ਗਏ ਉਹ ਸਦਾ ਜਗਦੀ ਰਹੇਗੀ।
-ਅਮੋਲਕ ਸਿੰਘ
* ਮੋਬਾਈਲ : 94170-76735
* ਮੋਬਾਈਲ : 94170-76735
No comments:
Post a Comment