ਬਾਬਾ ਭੂਰਾ ਸਿੰਘ ਨੂੰ ਲਾਲ ਸਲਾਮ!!!
* ਬੀ ਕੇ ਯੂ ਉਗਰਾਹਾਂ ਦੇ ਕਾਰਕੁਨ ਬਾਬਾ ਭੂਰਾ ਸਿੰਘ ਕੋਟ ਧਰਮੂਨਾਭਾ ਜੇਲ ਚ ਕਿਸਾਨ ਹਿਤਾਂ ਤੇ ਪਹਰਾ ਦਿੰਦੇ ਆਪਣੀ ਜਾਨ ਵਾਰ ਗਏ
* ਉਹਨਾਂ ਦੀ ਮੌਤ ਤੇ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨੂੰ ਜੇਲ ਸਟਾਫ਼ ਨੇ
ਬੁਰੀ ਤਰਾਂ ਕੁਟਿਆ, ਕਈਂਆਂ ਦੀਆਂ ਲੱਤਾਂ ਬਾਹਾਂ ਤੋੜੀਆਂ
* ਉਹਨਾਂ ਦੇ ਇਕ ਪਰਿਵਾਰਕ ਮੈਂਬਰ ਜੈਕ ਸਰਾਂ ਵਲੋਂ ਸ਼ਰਧਾਂਜਲੀ
"ਮੈਂ ਉਸ ਯੋਧੇ ਦੀ ਗਾਥਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਦੀ ਕੁਰਬਾਨੀ ਦੀ ਖਬਰ ਸ਼ਾਇਦ ਤੁਹਾਡੇ ਹੱਥਾਂ'ਚ ਪਹੁੰਚ ਗਈ ਹੋਵੇ. ਭੂਰਾ ਸਿੰਘ ਕੋਟ ਧਰਮੂ 75 ਸਾਲ ਦੀ ਵਡੇਰੀ ਉਮਰ'ਚ ਆਪਣੀ ਜਾਨ ਲੋਕ-ਘੋਲਾਂ ਦੇ ਲੇਖੇ ਲਾ ਨਿਕੰਮੇ ਪ੍ਰਸ਼ਾਸਨ ਦੀ ਨਲਾਇਕੀ ਨਾਲ ਇਲਾਜ ਖੁਣੋ ਨਾਭਾ ਜੇਲ੍ਹ'ਚ ਦਮ ਤੋੜ ਗਏ.
ਮੈਂ ਸਿਰਫ ਇਸ ਕਰਕੇ ਹੀ ਬਾਬੇ(ਸਾਡੇ ਸਾਰਿਆਂ ਲਈ ਉਹਨਾਂ ਦਾ ਪਿਆਰ ਦਾ ਨਾਂ) ਨਾਲ ਨੇੜਤਾ ਮਹਿਸੂਸ ਨਹੀਂ ਕਰਦਾ ਕਿ ਉਹ ਸਾਡੇ ਰਿਸ਼ਤੇਦਾਰ ਸਨ ਬਲਕਿ ਸਾਡੇ ਲਈ ਉਹਨਾਂ ਨੇ (ਪਰਿਵਾਰਕ ਮੈਂਬਰ ਤੋਂ ਵੀ ਵੱਧ) ਇੱਡੀ ਕੁਰਬਾਨੀ ਦਿੱਤੀ ਜੋ ਬਹੁਤ ਵਿਰਲੀ ਵੇਖਣ ਨੂੰ ਮਿਲਦੀ ਹੈ. ਮੇਰੇ ਪੜਦਾਦੀ ਜੀ ਸਵ: ਧੰਨ ਕੌਰ ਦੇ ਸਿਰ ਤੋਂ ਭਰ ਜਵਾਨੀ ਹੀ ਆਪਣੇ ਪਤੀ (ਪੜਦਾਦਾ ਜੀ) ਦਾ ਸਾਇਆ ਉੱਠ ਗਿਆ ਸੀ, ਉਦੋਂ ਮੇਰੇ ਦਾਦਾ ਜੀ ਪੈਦਾ ਵੀ ਨਹੀਂ ਹੋਏ ਸਨ. ਇਸ ਉਪਰੰਤ ਸਾਡੇ ਪਰਿਵਾਰ ਨੇ ਬਹੁਤ ਬੁਰੇ ਦਿਨ ਵੇਖੇ ਤੇ ਰੱਖੜੀ ਦਾ ਅਸਲ ਫਰਜ ਨਿਭਾਉਂਦਿਆਂ ਬਾਬੇ ਭੂਰੇ ਨੇ ਤਕਰੀਬਨ 20 ਸਾਲ ਸਾਡੇ ਪਿੰਡ ਗੁਜ਼ਾਰੇ ਤੇ ਆਪਣੀ ਭੈਣ ਦੇ ਘਰ ਦਾ ਬੂਹਾ ਬੰਨਿਆ. ਬਾਬੇ ਨੇ ਇਸ ਦੌਰਾਨ ਆਪਣੇ ਘਰੇ ਗਰੀਬੀ ਲੈ ਆਂਦੀ, ਪਰ ਸਾਨੂੰ ਵਸਦਿਆਂ 'ਚ ਕੀਤਾ. ਅੱਜ ਵੀ ਪਿੰਡ 'ਚ ਸਾਨੂੰ "ਕੋਟ ਵਾਲੇ" ਆਖਿਆ ਜਾਂਦਾ ਹੈ ਕਿਉਂਕਿ ਹੋਂਦ ਤੇ ਪਛਾਣ ਬਾਬੇ ਭੂਰੇ ਤੇ ਉਸ ਦੇ ਕੋਟ ਧਰਮੂ ਨੇ ਦਿੱਤੀ.
ਕੋਰਾ ਅਨਪੜ੍ਹ ਹੋਣ ਦੇ ਬਾਵਜੂਦ ਬਾਬਾ ਜੀ ਡੂੰਘੀ ਰਾਜਸੀ ਸਮਝ ਰੱਖਦੇ ਸਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) 'ਚ ਪਿਛਲੇ ਇੱਕ ਦਹਾਕੇ ਵੱਧ ਸਮੇਂ ਤੋਂ ਬਹੁਤ ਸਰਗਰਮ ਕਾਰਕੁਨ ਸਨ. ਪੰਜਾਬ ਦੀ ਕੋਈ ਜੇਲ੍ਹ ਐਸੀ ਨਹੀਂ ਹੈ ਜੋ ਉਹਨਾਂ ਨੇ ਨਾ ਕੱਟੀ ਹੋਵੇ, ਮਹੀਨਿਆਂ ਬੱਧੀ ਜ਼ਾਲਮ ਸਰਕਾਰਾਂ ਸਮੇਂ ਸਮੇਂ ਤੇ ੳੇਹਨਾਂ ਨੂੰ ਹੱਕ-ਸੱਚ ਦੀ ਆਵਾਜ਼ ਉਠਾਉਣ ਕਰਕੇ ਜੇਲ੍ਹੀ ਡੱਕੀ ਰੱਖਦੀਆ. ਉਹ ਬੜ੍ਹੇ ਮਾਣ ਨਾਲ ਦੱਸਦੇ ਕਿ ਕਿਸ ਤਰ੍ਹਾਂ ਧੌਲਾ ਜ਼ਬਰੀ ਜ਼ਮੀਨ ਘੋਲ'ਚ ਉਹਨਾਂ ਸਚਮੁੱਚ ਹੀ ਸਿਰ ਤੇ ਖੱਦਰ ਦਾ ਕੱਫਣ ਬੰਨ੍ਹ ਆਰ-ਪਾਰ ਦੀ ਲੜਾਈ ਮੋਹਰੀ ਸਫਾਂ 'ਚ ਲੜਦਿਆਂ ਤਸ਼ੱਦਦ ਸਹੇ.
ਹਕੂਮਤ ਦੀ ਲੂੰਬੜ ਚਾਲ ਵੇਖੋ ਉਹਨਾਂ ਨੂੰ ਹਰਟ ਅਟੈਕ ਕਾਰਨ ਆਈ ਮੌਤ ਕਹਿ ਕੇ ਅੱਖੀ ਘੱਟਾ ਪਾਉਣ ਦਾ ਯਤਨ ਕੀਤਾ ਪਰ ਅਸਲੀਅਤ ਇਹ ਹੈ ਕਿ ਵਾਰ ਵਾਰ ਕਹਿਣ'ਤੇ ਵੀ ਉਹਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ ਉਲਟਾ ਸਾਥੀ ਨਜ਼ਰਬੰਦ ਕਿਸਾਨਾਂ ਦੁਆਰਾ ਵਿਰੋਧ ਕਰਨ'ਤੇ ਉਹਨਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਸਿੱਟੇ ਵਜੋਂ ਕੁਝ ਕਿਸਾਨਾਂ ਦੀਆਂ ਲੱਤਾਂ- ਬਾਹਾਂ ਤੱਕ ਟੱਟ ਗਈਆਂ !
ਸ਼ਹੀਦ-ਏ ਆਜਮ ਸ੍ਰ:ਭਗਤ ਸਿੰਘ ਦੇ ਜਨਮ ਦਿਨ'ਤੇ ਬਾਬਾ ਭੂਰਾ ਸਿੰਘ ਨੂੰ ਲਾਲ ਸਲਾਮ!!!
ਸ਼ਾਲਾ! ਨੌਜਵਾਨ ਵੀਰ ਸੱਤਰੇ-ਬਹੱਤਰੇ ਬੁੱਢੇ ਬਾਬੇ ਦੀ ਸ਼ਹਾਦਤ ਤੋੰ ਕੁਝ ਇਨਕਲਾਬੀ ਪ੍ਰੇਰਣਾ ਲੈਣ"
By: Jack Sran.
No comments:
Post a Comment