StatCounter

Showing posts with label Baba Bhura Singh. Show all posts
Showing posts with label Baba Bhura Singh. Show all posts

Monday, October 7, 2013

ਸ਼ਹੀਦ ਕਿਸਾਨ ਭੂਰਾ ਸਿੰਘ ਨੂੰ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ - ਘੋਲ ਹੋਰ ਵਿਸ਼ਾਲ ਕਰਨ ਦਾ ਅਹਿਦ



ਸ਼ਹੀਦ ਕਿਸਾਨ ਭੂਰਾ ਸਿੰਘ ਕੋਟ ਧਰਮੂ ਨੂੰ
ਸੈਂਕੜੇ ਔਰਤਾਂ ਸਣੇ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ
ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕਸ਼ੀਆਂ ਮੁਆਵਜ਼ਾ ਘੋਲ
ਹੋਰ ਵਿਸ਼ਾਲ/ਤੇਜ ਕਰਨ ਦਾ ਅਹਿਦ


ਕੋਟ ਧਰਮੂ ਪਿੰਡ ਦੇ ਜੰਮਪਲ ਜ਼ਮੀਨ ਪ੍ਰਾਪਤੀ ਘੋਲ ਦੇ ਪਲੇਠੇ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਨਮਿਤ ਭੋਗ ਦੀ ਰਸਮ ਮੌਕੇ ਇੱਥੇ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ  ਤੇ ਪੰਜਾਬ ਭਰ ਵਿੱਚੋ ਔਰਤਾ ਸਮੇਤ ਜੁੜੇ ਹਜ਼ਾਰਾ ਕਿਸਾਨਾਂ ਮਜ਼ਦੂਰਾਂ ਦੇ ਇੱਕਠ ਵੱਲੋਂ ਆਪਣੇ ਵਿਛੜੇ ਜੁਝਾਰ ਆਗੂ ਨੂੰ ਖੜੇ ਹੋ ਕੇ ਧਾਰੀ ਦੋ ਮਿੰਟ ਦੀ ਚੁੱਪ ਨੂੰ ਆਕਾਸ਼  ਗੁੰਜਾਊ  ਨਾਹਰਿਆਂ ਨਾਲ ਜੋੜ  ਕੇ ਰੋਹ ਭਰਪੂਰ ਸਰਧਾਂਜਲੀ ਭੇਂਟ ਕੀਤੀ ਗਈ।

ਜ਼ਿੰਦਗੀ ਦਾ ਲੰਬਾ ਸਮਾਂ ਕਿਸਾਨ ਲਹਿਰ ਦੇ ਲੇਖੇ ਲਾਉਣ ਵਾਲੇ, ਕਹਿਣੀ ਅਤੇ ਕਰਨੀ ਦੇ ਪੂਰੇ ਭੂਰਾ ਸਿੰਘ ਨੂੰ ਸਿਜਦਾ ਕਰਦੇ ਨਾਹਰੇ ਅਤੇ ਜ਼ਾਲਮ ਬਾਦਲ ਸਰਕਾਰ ਸਣੇ ਲੁਟੇਰੇ ਰਾਜ ਪ੍ਰਬੰਧ ਦੀ ਮੁਰਦਾਬਾਦ ਦੇ ਨਾਹਰੇ ਸਟੇਜ ਤੋਂ ਵਾਰ ਵਾਰ ਲਗਦੇ ਰਹੇ, ਜਿੰਨ੍ਹਾਂ ਦੇ ਜੁਆਬ ਵਿੱਚ ਵਾਰ ਵਾਰ ਹਵਾ ਵਿੱਚ ਲਹਿਰਾਉਂਦੇ, ਡਟੇ ਹੋਏ ਹਜ਼ਾਰਾ ਮੁੱਕਿਆ ਨਾਲ ਗੂੰਜਾਂ ਪਾਉਂਦਾ ਪੰਡਾਲ ਲੋਕ ਪੱਖੀ ਹਿਰਦਿਆਂ ਨੂੰ ਉਤਸ਼ਾਹ ਬਖ਼ਸ਼ ਰਿਹਾ ਸੀ, ਪਰ ਲੋਕ ਵਿਰੋਧੀਆਂ ਦੇ ਕਾਲਜੇ ਹੌਲ ਪਾ ਰਿਹਾ ਸੀ।

ਸਟੇਜ ਤੋਂ ਸ਼ਰਧਾਂਜਲੀ ਭੇਂਟ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵੱਲੋਂ ਕੰਵਲਪ੍ਰੀਤ ਸਿੰਘ ਪੰਨੂ, ਲਛਮਣ ਸਿੰਘ ਸੇਣੇਵਾਲਾ, ਸ਼ਾਮਲ ਸਨ| ਸਮੂਹ ਬੁਲਾਰਿਆਂ ਨੇ ਭੂਰਾ ਸਿੰਘ ਵੱਲੋਂ ਆਪਣੀ 74 ਸਾਲਾਂ ਦੀ ਜਿੰਦਗੀ ਵਿੱਚੋ ਖਰੀ ਕਿਸਾਨ ਲਹਿਰ ਦੇ ਲੇਖੇ ਲਾਏ 30-31 ਸਾਲਾਂ ਦੌਰਾਨ ਦਿਖਾਈ ਲਗਨ, ਦ੍ਰਿੜਤਾ ਅਤੇ ਕੁਰਬਾਨੀ ਦੀ ਜੈ ਜੈ ਕਾਰ ਕੀਤੀ। ਉਸ ਵੱਲੋਂ ਪਹਿਲਾਂ ਵੀ ਦੋ ਵਾਰ ਜੇਲ੍ਹ ਜਾਣ ਅਤੇ ਇੱਕ ਵਾਰ ਹੱਥ 'ਤੇ ਗੋਲੀ ਲੱਗਣ ਦੀਆ ਘਟਨਾਵਾਂ ਨੂੰ ਯਾਦ ਕੀਤਾ।
ਦੂਜੇ ਪਾਸੇ ਬਾਦਲ ਸਰਕਾਰ ਨੂੰ ਬੇਗੁਨਾਹ ਔਰਤਾਂ ਤੇ ਭੂਰਾ ਸਿਘ ਵਰਗੇ ਬਜ਼ੁਰਗਾ ਸਣੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਤਾੜਨ ਅਤੇ ਬੇਇਲਾਜੇ ਮਾਰਨ ਮਗਰੋਂ ਅੰਦਰੇ ਹੀ ਡਾਂਗਾਂ ਨਾਲ ਕੁੱਟਣ ਦੀ ਦੋਸ਼ੀ ਗਰਦਾਨਦਿਆਂ ਉਸ ਦੀ ਸਖਤ ਨਿੰਦਾ ਕੀਤੀ।

ਸ਼੍ਰੀ ਉਗਰਾਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜ਼ੇ ਲਈ ਚੱਲ ਰਹੇ ਜਿਹੜੇ ਘੋਲ ਦੌਰਾਨ ਭੂਰਾ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਬਿਨਾ ਇਲਾਜੇ ਹੀ ਜਾਨ ਤੋਂ ਹੱਥ ਧੋਣੇ ਪਏ, ਇਸ ਘੋਲ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕਰਨਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 ਸ਼੍ਰੀਮਤੀ ਬਿੰਦੂ ਦਾ ਕਹਿਣਾ ਸੀ ਕਿ ਜੇਲ੍ਹਾਂ ਥਾਣਿਆਂ ਤੋਂ ਬੇਖੌਫ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਵਾਲੇ ਕਾਫਲਿਆਂ ਵਿੱਚ ਹੋਰ ਵਧੇਰੇ ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਜੋਰ  ਲਾਉਣ ਦਾ ਅਹਿਦ ਕਰਨਾ ਸ਼ਹੀਦ ਭੂਰਾ ਸਿੰਘ ਨੂੰ ਖਰੀ ਸ਼ਰਧਾਜਲੀ ਹੋਵੇਗੀ।

ਬੁਲਾਰਿਆਂ ਦੀਆਂ ਤਕਰੀਰਾਂ ਦਾ ਸਾਰ ਇਹ ਸੀ ਕਿ ਕੇਂਦਰ ਤੇ ਪੰਜਾਬ ਦੀਆ ਸਰਕਾਰਾਂ ਵੱਲੋਂ ਆਰਥਿਕ ਸੁਧਾਰਾਂ ਦੇ ਪੱਜ ਜ਼ਮੀਨਾਂ ਹਥਿਆਉਣ ਤੋਂ ਇਲਾਵਾ ਬਿਜਲੀ, ਪਾਣੀ, ਵਿੱਦਿਆ, ਇਲਾਜ, ਆਵਾਜਾਈ ਆਦਿ ਸਾਰੀਆਂ ਜਨਤਕ ਸਹੂਲਤਾਂ ਨੂੰ ਦੇਸੀ ਵਿਦੇਸ਼ੀ ਧਨਾਡਾਂ ਦੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਵਾਲਾ ਨਿੱਜੀਕਰਨ ਦਾ ਆਰਥਿਕ ਹੱਲਾ ਠੱਲ੍ਹਣ ਲਈ ਵਿਸ਼ਾਲ ਸਾਂਝੇ ਘੋਲਾਂ ਦੇ ਮੈਦਾਨ ਹੋਰ ਭਖਾਉਣੇ ਵੀ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਖਰੀ ਸ਼ਰਧਾਂਜਲੀ ਦਾ ਅਹਿਮ ਹਿੱਸਾ ਬਣਦੇ ਹਨ।

ਪੰਜਾਬ ਦੇ ਕੋਨੇ ਕੋਨੇ ਤੋਂ  ਪੁੱਜੇ ਹਜ਼ਾਰਾ ਲੋਕਾਂ ਲਈ ਲੰਗਰ ਦੇ ਪੁਖਤਾ ਪ੍ਰਬੰਧ ਤੇਜ਼ ਤਰਾਰ ਵਲੰਟੀਅਰਾਂ ਨੇ ਸਾਂਭੇ ਹੋਏ ਸਨ।

ਹਰੇ ਬਸੰਤੀ ਝੰਡਿਆਂ ਦੀ ਭਰਮਾਰ ਫਿਜ਼ਾ ਨੂੰ ਇਨਕਲਾਬੀ ਰੰਗਤ ਚਾੜ ਰਹੀ ਸੀ।

Saturday, October 5, 2013

ਆਓ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਕੋਟ ਧਰਮੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਮ ਹੁਮਾ ਕੇ ਪਹੁੰਚੀਏ


ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਕੋਟ ਧਰਮੂ ਨਮਿਤ


ਸ਼ਰਧਾਂਜਲੀ ਸਮਾਗਮ



ਅਗਸਤ 1939 ਵਿੱਚ ਪਿੰਡ ਕੋਟ ਧਰਮੂ ਦੇ ਸਧਾਰਨ ਕਿਸਾਨ ਪਰਿਵਾਰ ਵਿੱਚ ਕਰਤਾਰ ਸਿੰਘ ਦੇ ਘਰ ਮਾਤਾ ਮੁਕੰਦ ਕੌਰ ਜੀ ਦੇ ਕੁਖੋ ਜਨਮ ਲੈਣ ਵਾਲਾ ਭੂਰਾ ਸਿੰਘ 4 ਭਰਾਵਾਂ ਅਤੇ 2 ਭੇਣਾ ਵਿੱਚੋਂ ਸਭ ਤੋਂ ਵੱਡਾ ਸੀ।

ਅਗਿਆਨਤਾ ਅਤੇ ਗਰੀਬੀ 'ਚ ਗ੍ਰਸੇ ਮਾਪੇ ਆਪਣੇ ਜੇਠੇ ਪੁੱਤ ਨੂੰ ਪੜ੍ਹਾ ਨਾਂ ਸਕੇ, ਪਰੰਤੂ ਉਸ ਨੂੰ ਕਿਰਤ ਅਤੇ ਸੂਝ ਦਾ ਧਨੀ ਜਰੂਰ ਬਣਾ ਦਿੱਤਾ। ਆਪਣੀ ਅਨਪੜ੍ਹ ਪਤਨੀ ਦੀ ਦੂਰਗਾਮੀ ਸੋਝੀ ਨਾਲ ਰਲ ਕੇ ਦੂਣੁ ਸਵਾਈ ਹੋਈ ਸੂਝ ਬੂਝ ਆਸਰੇ ਆਪਣਾ ਪਰਿਵਾਰ ਇੱਕ ਪੁੱਤਰ ਚਮਕੌਰ ਸਿੰਘ ਅਤੇ ਇੱਕ ਧੀ ਚਰਨਜੀਤ ਕੌਰ ਤੱਕ ਹੀ ਸੀਮਤ ਰੱਖਿਆ। 3 ਏਕੜ ਦੀ ਥੋੜੀ ਪੂੰਜੀ ਨਾਲ ਹੱਡ ਭੰਨਵੀਂ ਕਿਰਤ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾ ਅਤੇ 10ਵੀਂ ਜਮਾਤ ਤੱਕ ਦੋਨਾਂ ਨੂੰ ਪੜ੍ਹਾਈ ਵੀ ਕਰਵਾਈ। ਸਾਧਨਾਂ ਦੀ ਤੋਟ ਕਾਰਨ ਉਹ ਅੱਗੇ ਨਾਂ ਪੜ੍ਹ ਸਕੇ।

ਸਾਮਰਾਜੀਆਂ ਅਤੇ ਜਗੀਰਦਾਰਾਂ/ਸੂਦਖੋਰਾਂ ਹੱਥੋਂ ਖੇਤੀ ਦੀ ਅੰਨ੍ਹੀ ਲੁੱਟ ਕਾਰਨ ਕਰਜਿਆਂ ਥੱਲੇ ਦੱਬ ਕੇ ਕਿਰਦੀ-ਕਿਰਦੀ ਉਸਦੀ ਜਮੀਨ ਸਵਾ ਏਕੜ ਹੀ ਰਹਿ ਗਈ। ਤਿੱਖੀ ਸਮਾਜਕ ਸੂਝ ਨਾਲ ਖੁੱਲ੍ਹੇ ਉਸ ਦੇ ਤੀਜੇ ਨੇਤਰ ਨੇ ਉਸ ਨੂੰ ਭਾਰਤੀ ਕਿਸਾਨ ਯੁਨੀਅਨ ਦਾ ਸਰਗਰਮ ਅਤੇ ਸਿਰੜੀ ਕਾਰਕੁੰਨ ਬਣਾਇਆ।

1982-83 ਤੋਂ ਲੈ ਕੇ ਜੱਥੇਬੰਦੀ ਦੇ ਹਰ ਮੋਰਚੇ 'ਚ ਉਹ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਲੜਿਆ। ਜੱਥੇਬੰਦੀ ਸਾਹਮਣੇ ਜਦੋਂ ਵੀ ਜਗੀਰਦਾਰ ਹੁਕਮਰਾਨਾਂ ਪੱਖੀ ਕਿਰਦਾਰ ਵਾਲੇ ਮੌਕਾਪ੍ਰਸਤ ਆਗੂਆਂ ਜਾਂ ਫਿਰ ਥਿੜਕਵੇਂ ਜਾਂ ਚੱਕਵੇਂ ਕਿਰਦਾਰ ਵਾਲੇ ਆਗੂਆਂ ਨਾਲੋਂ ਨਿਖੇੜਾ ਕਰਨ ਦਾ ਸੁਆਲ ਖੜਾ ਹੋਇਆ ਤਾਂ ਉਹਨਾਂ ਵਿਰੂਧ ਲਕੀਰ ਖਿੱਚ ਕੇ ਥੁੜੁ ਜਮੀਨੇ, ਬੇਜਮੀਨੇ ਅਤੇ ਕਰਜਿਆਂ ਵਿੰਨ੍ਹੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਹਿਤਾਂ ਲਈ ਸੀਸ ਤਲੀ ਧਰ ਲੜਨੁਖੜਨ ਵਾਲੇ ਖਰੇ ਆਗੂਆਂ ਦਾਂ ਸਾਥ ਦਿੰਦਾ ਰਿਹਾ।

2003 ਤੋਂ ਲੈ ਕੇ ਉਹ ਭਾਰਤੀ ਕਿਸਾਨ ਯੁਨੀਅਨ (ਏਕਤਾਂ ਉਗਰਾਹਾਂ) ਦੇ ਬਲਾਕ ਪੱਧਰ ਦੇ ਆਗੂ ਵਜੋਂ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ। 2004 ਵਿੱਚ ਕਰੰਡੀ ਟਰਾਂਸਫਾਰਮਰ ਘੋਲ ਅਤੇ 2006 ਵਿੱਚ ਟਰਾਈਡੈਂਟ ਜਮੀਨੀ ਘੋਲ ਮੌਕੇ ਉਸਨੇ ਕਈੁ ਕਈ ਦਿਨ ਜੇਲ੍ਹ ਵੀ ਕੱਟੀ।

31 ਜਨਵਰੀ 2007 ਨੂੰ ਧੱਕੇ ਨਾਲ ਐਕਵਾਇਰ ਕੀਤੀ ਜਮੀਨ ਵਿੱਚ ਵੜ ਰਹੇ 1600 ਸਿਰਲੱਥਾਂ ਦੇ ਕਾਫਲੇ ਵਿੱਚ ਜੂਝਦਿਆਂ ਹੱਥ ਤੇ ਗੋਲੀ ਲੱਗਣ ਨਾਲ ਜਖਮੀ ਵੀ ਹੋਇਆ ਸੀ। ਮੌਜੂਦਾ ਰਿਹਾਈ ਮੋਰਚੇ ਦੌਰਾਨ ਨਾਭਾ ਜੇਲ੍ਹ ਵਿੱਚ ਇਲਾਜ ਬਾਝੋਂ 6 ਘੰਟੇ ਤੱਕ ਛਾਤੀ ਦੇ ਦਰਦ ਨਾਲ ਤੜਫਦੇ ਹੋਏ ਸ਼ਹੀਦੀ ਜਾਮ ਪੀਤਾ।

ਇਹ ਮੋਰਚਾ ਬੇਸ਼ੱਕ ਮਾਝਾ ਖੇਤਰ ਦੇ ਉਹਨਾਂ ਕਿਸਾਨਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਸੀ ਜਿਹੜੇ ਪਾਵਰਕੌਮ ਦੁਆਰਾ ਗੈਰੁਕਨੂੰਨੀ ਢੰਗ ਨਾਲ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਦਾ ਵਿਰੋਧ ਕਰਦਿਆਂ ਅੋਰਤਾਂ ਸਮੇਤ ਜੇਲ੍ਹਾਂ ਥਾਣਿਆ ਵਿੱਚ ਡੱਕੇ ਗਏ ਸਨ।ਪਰੰਤੂ ਇਸ ਦੌਰਾਨ ਬੇਜਮੀਨੇ ਅਤੇ ਥੁੜੁ-ਜਮੀਨੇ ਕਰਜਿਆਂ ਨਾਲ ਵਿੰਨ੍ਹੇਂ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਜਮੀਨੁ ਪ੍ਰਾਪਤੀ, ਕਰਜਾ-ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜੇ ਸੰਬਧੀ ਭਖੇ ਹੋਏ ਘੋਲ ਵਿੱਚ 16 ਸਤੰਬਰ ਨੂੰ ਜਿਲ੍ਹਾ ਕੇਂਦਰਾਂ 'ਤੇ ਲਾਏ ਗਏ ਧਰਨਿਆਂ ਵਿੱਚ ਹਜਾਰਾਂ ਅੋਰਤਾਂ ਸਮੇਤ ਹੋਏ ਲਾੁਮਿਸਾਲ ਇੱਕਠਾਂ ਨੂੰ ਦੇਖ ਕੇ ਬਾਦਲ ਸਰਕਾਰ ਅੱਗ ਬਬੂਲਾ ਹੋ ਉਠੀ।

20 ਸਤੰਬਰ ਨੂੰ ਕੀਤੇ ਜਾਣ ਵਾਲੇ 3 ਘੰਟੇ ਦੇ ਸੜਕੁ ਰੋਕੋ ਅੰਦੋਲਨ ਨੂੰ ਕੁਚਲਣ ਲਈ 18 ਦੀ ਰਾਤ ਤੋਂ ਹੀ ਘਰਾਂ ਚੋਂ, ਗੁਰਦਵਾਰਿਆਂ ਚੋ ਅਤੇ ਸੜਕਾਂ ਤੋਂ ਚੁੱਕੁ ਚੁੱਕ ਕੇ ਸੈਂਕੜੇ ਅੋਰਤਾਂ ਸਮੇਤ ਹਜਾਰਾਂ ਕਿਸਾਨਾਂ-ਮਜਦੂਰਾਂ ਨੂੰ ਜੇਲ੍ਹਾਂ ਥਾਣਿਆ ਵਿੱਚ ਡੱਕ ਦਿੱਤਾ।

20 ਔਰਤਾਂ ਅਤੇ 74 ਸਾਲਾਂ ਦੇ ਭੂਰਾ ਸਿੰਘ ਸਮੇਤ 455 ਜਣੇ 26 ਸਤੰਬਰ ਤੱਕ ਵੀ ਜੇਲ੍ਹੀਂ ਡੱਕੇ ਰਹੇ।

ਇਸ ਨਿਹਚਾਵਾਨ ਅਤੇ ਅਣੱਥਕ ਯੋਧੇ ਦੀ ਮੌਤ ਨਾਲ ਜੱਥੇਬੰਦੀ ਅਤੇ ਕਿਸਾਨ ਲਹਿਰ ਨੂੰ ਪੂਰਾ ਨਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਉਸ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ:

ਐਤਵਾਰ ਮਿਤੀ 6 ਅਕਤੂਬਰ ਨੂੰ ਪਿੰਡ ਕੋਟਧਰਮੂ ਵਿੱਚ

ਭੋਗ ਦੀ ਰਸਮ ਮੌਕੇ ਸੂਬਾ ਪੱਧਰ ਦੇ ਵਿਸ਼ਾਲ ਇਕੱਠ ਦੁਆਰਾ ਇਸ ਯੋਧੇ ਨੂੰ ਸ਼ਰਦਾਂਜਲੀ ਭੇਂਟ ਕੀਤੀ ਜਾ ਰਹੀ ਹੈ।

ਇਸ ਮੌਕੇ ਭਰਾਤਰੀ ਕਿਸਾਨ ਮਜਦੂਰ ਜੱਥੇਬੰਦੀਆਂ ਦੇ ਆਗੂ ਵੀ ਪੁਜ ਰਹੇ ਹਨ।

ਆਓ ਇਸ ਸਿਰੜੀ ਅਤੇ ਸੰਗਰਾਮੀ ਯੋਧੇ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਮ ਹੁਮਾ ਕੇ ਪਹੁੰਚੀਏ

Saturday, September 28, 2013

ਬੀ ਕੇ ਯੂ ਉਗਰਾਹਾਂ ਦੇ ਕਾਰਕੁਨ ਬਾਬਾ ਭੂਰਾ ਸਿੰਘ ਕੋਟ ਧਰਮੂ ਨੂੰ ਲਾਲ ਸਲਾਮ !



ਬਾਬਾ ਭੂਰਾ ਸਿੰਘ ਨੂੰ ਲਾਲ ਸਲਾਮ!!!

* ਬੀ ਕੇ ਯੂ ਉਗਰਾਹਾਂ ਦੇ ਕਾਰਕੁਨ ਬਾਬਾ ਭੂਰਾ ਸਿੰਘ ਕੋਟ ਧਰਮੂ 
  ਨਾਭਾ ਜੇਲ ਚ ਕਿਸਾਨ ਹਿਤਾਂ ਤੇ ਪਹਰਾ ਦਿੰਦੇ ਆਪਣੀ ਜਾਨ ਵਾਰ ਗਏ

* ਉਹਨਾਂ ਦੀ ਮੌਤ ਤੇ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨੂੰ ਜੇਲ ਸਟਾਫ਼ ਨੇ
  ਬੁਰੀ ਤਰਾਂ ਕੁਟਿਆ, ਕਈਂਆਂ ਦੀਆਂ ਲੱਤਾਂ ਬਾਹਾਂ ਤੋੜੀਆਂ

* ਉਹਨਾਂ ਦੇ ਇਕ ਪਰਿਵਾਰਕ ਮੈਂਬਰ ਜੈਕ ਸਰਾਂ ਵਲੋਂ ਸ਼ਰਧਾਂਜਲੀ

"ਮੈਂ ਉਸ ਯੋਧੇ ਦੀ ਗਾਥਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਦੀ ਕੁਰਬਾਨੀ ਦੀ ਖਬਰ ਸ਼ਾਇਦ ਤੁਹਾਡੇ ਹੱਥਾਂ'ਚ ਪਹੁੰਚ ਗਈ ਹੋਵੇ. ਭੂਰਾ ਸਿੰਘ ਕੋਟ ਧਰਮੂ 75 ਸਾਲ ਦੀ ਵਡੇਰੀ ਉਮਰ'ਚ ਆਪਣੀ ਜਾਨ ਲੋਕ-ਘੋਲਾਂ ਦੇ ਲੇਖੇ ਲਾ ਨਿਕੰਮੇ ਪ੍ਰਸ਼ਾਸਨ ਦੀ ਨਲਾਇਕੀ ਨਾਲ ਇਲਾਜ ਖੁਣੋ ਨਾਭਾ ਜੇਲ੍ਹ'ਚ ਦਮ ਤੋੜ ਗਏ.

ਮੈਂ ਸਿਰਫ ਇਸ ਕਰਕੇ ਹੀ ਬਾਬੇ(ਸਾਡੇ ਸਾਰਿਆਂ ਲਈ ਉਹਨਾਂ ਦਾ ਪਿਆਰ ਦਾ ਨਾਂ) ਨਾਲ ਨੇੜਤਾ ਮਹਿਸੂਸ ਨਹੀਂ ਕਰਦਾ ਕਿ ਉਹ ਸਾਡੇ ਰਿਸ਼ਤੇਦਾਰ ਸਨ ਬਲਕਿ ਸਾਡੇ ਲਈ ਉਹਨਾਂ ਨੇ (ਪਰਿਵਾਰਕ ਮੈਂਬਰ ਤੋਂ ਵੀ ਵੱਧ) ਇੱਡੀ ਕੁਰਬਾਨੀ ਦਿੱਤੀ ਜੋ ਬਹੁਤ ਵਿਰਲੀ ਵੇਖਣ ਨੂੰ ਮਿਲਦੀ ਹੈ. ਮੇਰੇ ਪੜਦਾਦੀ ਜੀ ਸਵ: ਧੰਨ ਕੌਰ ਦੇ ਸਿਰ ਤੋਂ ਭਰ ਜਵਾਨੀ ਹੀ ਆਪਣੇ ਪਤੀ (ਪੜਦਾਦਾ ਜੀ) ਦਾ ਸਾਇਆ ਉੱਠ ਗਿਆ ਸੀ, ਉਦੋਂ ਮੇਰੇ ਦਾਦਾ ਜੀ ਪੈਦਾ ਵੀ ਨਹੀਂ ਹੋਏ ਸਨ. ਇਸ ਉਪਰੰਤ ਸਾਡੇ ਪਰਿਵਾਰ ਨੇ ਬਹੁਤ ਬੁਰੇ ਦਿਨ ਵੇਖੇ ਤੇ ਰੱਖੜੀ ਦਾ ਅਸਲ ਫਰਜ ਨਿਭਾਉਂਦਿਆਂ ਬਾਬੇ ਭੂਰੇ ਨੇ ਤਕਰੀਬਨ 20 ਸਾਲ ਸਾਡੇ ਪਿੰਡ ਗੁਜ਼ਾਰੇ ਤੇ ਆਪਣੀ ਭੈਣ ਦੇ ਘਰ ਦਾ ਬੂਹਾ ਬੰਨਿਆ. ਬਾਬੇ ਨੇ ਇਸ ਦੌਰਾਨ ਆਪਣੇ ਘਰੇ ਗਰੀਬੀ ਲੈ ਆਂਦੀ, ਪਰ ਸਾਨੂੰ ਵਸਦਿਆਂ 'ਚ ਕੀਤਾ. ਅੱਜ ਵੀ ਪਿੰਡ 'ਚ ਸਾਨੂੰ "ਕੋਟ ਵਾਲੇ" ਆਖਿਆ ਜਾਂਦਾ ਹੈ ਕਿਉਂਕਿ ਹੋਂਦ ਤੇ ਪਛਾਣ ਬਾਬੇ ਭੂਰੇ ਤੇ ਉਸ ਦੇ ਕੋਟ ਧਰਮੂ ਨੇ ਦਿੱਤੀ.

ਕੋਰਾ ਅਨਪੜ੍ਹ ਹੋਣ ਦੇ ਬਾਵਜੂਦ ਬਾਬਾ ਜੀ ਡੂੰਘੀ ਰਾਜਸੀ ਸਮਝ ਰੱਖਦੇ ਸਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) 'ਚ ਪਿਛਲੇ ਇੱਕ ਦਹਾਕੇ ਵੱਧ ਸਮੇਂ ਤੋਂ ਬਹੁਤ ਸਰਗਰਮ ਕਾਰਕੁਨ ਸਨ. ਪੰਜਾਬ ਦੀ ਕੋਈ ਜੇਲ੍ਹ ਐਸੀ ਨਹੀਂ ਹੈ ਜੋ ਉਹਨਾਂ ਨੇ ਨਾ ਕੱਟੀ ਹੋਵੇ, ਮਹੀਨਿਆਂ ਬੱਧੀ ਜ਼ਾਲਮ ਸਰਕਾਰਾਂ ਸਮੇਂ ਸਮੇਂ ਤੇ ੳੇਹਨਾਂ ਨੂੰ ਹੱਕ-ਸੱਚ ਦੀ ਆਵਾਜ਼ ਉਠਾਉਣ ਕਰਕੇ ਜੇਲ੍ਹੀ ਡੱਕੀ ਰੱਖਦੀਆ. ਉਹ ਬੜ੍ਹੇ ਮਾਣ ਨਾਲ ਦੱਸਦੇ ਕਿ ਕਿਸ ਤਰ੍ਹਾਂ ਧੌਲਾ ਜ਼ਬਰੀ ਜ਼ਮੀਨ ਘੋਲ'ਚ ਉਹਨਾਂ ਸਚਮੁੱਚ ਹੀ ਸਿਰ ਤੇ ਖੱਦਰ ਦਾ ਕੱਫਣ ਬੰਨ੍ਹ ਆਰ-ਪਾਰ ਦੀ ਲੜਾਈ ਮੋਹਰੀ ਸਫਾਂ 'ਚ ਲੜਦਿਆਂ ਤਸ਼ੱਦਦ ਸਹੇ.

ਹਕੂਮਤ ਦੀ ਲੂੰਬੜ ਚਾਲ ਵੇਖੋ ਉਹਨਾਂ ਨੂੰ ਹਰਟ ਅਟੈਕ ਕਾਰਨ ਆਈ ਮੌਤ ਕਹਿ ਕੇ ਅੱਖੀ ਘੱਟਾ ਪਾਉਣ ਦਾ ਯਤਨ ਕੀਤਾ ਪਰ ਅਸਲੀਅਤ ਇਹ ਹੈ ਕਿ ਵਾਰ ਵਾਰ ਕਹਿਣ'ਤੇ ਵੀ ਉਹਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ ਉਲਟਾ ਸਾਥੀ ਨਜ਼ਰਬੰਦ ਕਿਸਾਨਾਂ ਦੁਆਰਾ ਵਿਰੋਧ ਕਰਨ'ਤੇ ਉਹਨਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਸਿੱਟੇ ਵਜੋਂ ਕੁਝ ਕਿਸਾਨਾਂ ਦੀਆਂ ਲੱਤਾਂ- ਬਾਹਾਂ ਤੱਕ ਟੱਟ ਗਈਆਂ !

ਸ਼ਹੀਦ-ਏ ਆਜਮ ਸ੍ਰ:ਭਗਤ ਸਿੰਘ ਦੇ ਜਨਮ ਦਿਨ'ਤੇ ਬਾਬਾ ਭੂਰਾ ਸਿੰਘ ਨੂੰ ਲਾਲ ਸਲਾਮ!!!

ਸ਼ਾਲਾ! ਨੌਜਵਾਨ ਵੀਰ ਸੱਤਰੇ-ਬਹੱਤਰੇ ਬੁੱਢੇ ਬਾਬੇ ਦੀ ਸ਼ਹਾਦਤ ਤੋੰ ਕੁਝ ਇਨਕਲਾਬੀ ਪ੍ਰੇਰਣਾ ਲੈਣ"


By: Jack Sran.