StatCounter

Monday, October 7, 2013

ਸ਼ਹੀਦ ਕਿਸਾਨ ਭੂਰਾ ਸਿੰਘ ਨੂੰ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ - ਘੋਲ ਹੋਰ ਵਿਸ਼ਾਲ ਕਰਨ ਦਾ ਅਹਿਦ



ਸ਼ਹੀਦ ਕਿਸਾਨ ਭੂਰਾ ਸਿੰਘ ਕੋਟ ਧਰਮੂ ਨੂੰ
ਸੈਂਕੜੇ ਔਰਤਾਂ ਸਣੇ ਹਜ਼ਾਰਾ ਲੋਕਾਂ ਵੱਲੋਂ ਰੋਹ ਭਰਪੂਰ ਸ਼ਰਧਾਂਜਲੀ
ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕਸ਼ੀਆਂ ਮੁਆਵਜ਼ਾ ਘੋਲ
ਹੋਰ ਵਿਸ਼ਾਲ/ਤੇਜ ਕਰਨ ਦਾ ਅਹਿਦ


ਕੋਟ ਧਰਮੂ ਪਿੰਡ ਦੇ ਜੰਮਪਲ ਜ਼ਮੀਨ ਪ੍ਰਾਪਤੀ ਘੋਲ ਦੇ ਪਲੇਠੇ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਨਮਿਤ ਭੋਗ ਦੀ ਰਸਮ ਮੌਕੇ ਇੱਥੇ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ  ਤੇ ਪੰਜਾਬ ਭਰ ਵਿੱਚੋ ਔਰਤਾ ਸਮੇਤ ਜੁੜੇ ਹਜ਼ਾਰਾ ਕਿਸਾਨਾਂ ਮਜ਼ਦੂਰਾਂ ਦੇ ਇੱਕਠ ਵੱਲੋਂ ਆਪਣੇ ਵਿਛੜੇ ਜੁਝਾਰ ਆਗੂ ਨੂੰ ਖੜੇ ਹੋ ਕੇ ਧਾਰੀ ਦੋ ਮਿੰਟ ਦੀ ਚੁੱਪ ਨੂੰ ਆਕਾਸ਼  ਗੁੰਜਾਊ  ਨਾਹਰਿਆਂ ਨਾਲ ਜੋੜ  ਕੇ ਰੋਹ ਭਰਪੂਰ ਸਰਧਾਂਜਲੀ ਭੇਂਟ ਕੀਤੀ ਗਈ।

ਜ਼ਿੰਦਗੀ ਦਾ ਲੰਬਾ ਸਮਾਂ ਕਿਸਾਨ ਲਹਿਰ ਦੇ ਲੇਖੇ ਲਾਉਣ ਵਾਲੇ, ਕਹਿਣੀ ਅਤੇ ਕਰਨੀ ਦੇ ਪੂਰੇ ਭੂਰਾ ਸਿੰਘ ਨੂੰ ਸਿਜਦਾ ਕਰਦੇ ਨਾਹਰੇ ਅਤੇ ਜ਼ਾਲਮ ਬਾਦਲ ਸਰਕਾਰ ਸਣੇ ਲੁਟੇਰੇ ਰਾਜ ਪ੍ਰਬੰਧ ਦੀ ਮੁਰਦਾਬਾਦ ਦੇ ਨਾਹਰੇ ਸਟੇਜ ਤੋਂ ਵਾਰ ਵਾਰ ਲਗਦੇ ਰਹੇ, ਜਿੰਨ੍ਹਾਂ ਦੇ ਜੁਆਬ ਵਿੱਚ ਵਾਰ ਵਾਰ ਹਵਾ ਵਿੱਚ ਲਹਿਰਾਉਂਦੇ, ਡਟੇ ਹੋਏ ਹਜ਼ਾਰਾ ਮੁੱਕਿਆ ਨਾਲ ਗੂੰਜਾਂ ਪਾਉਂਦਾ ਪੰਡਾਲ ਲੋਕ ਪੱਖੀ ਹਿਰਦਿਆਂ ਨੂੰ ਉਤਸ਼ਾਹ ਬਖ਼ਸ਼ ਰਿਹਾ ਸੀ, ਪਰ ਲੋਕ ਵਿਰੋਧੀਆਂ ਦੇ ਕਾਲਜੇ ਹੌਲ ਪਾ ਰਿਹਾ ਸੀ।

ਸਟੇਜ ਤੋਂ ਸ਼ਰਧਾਂਜਲੀ ਭੇਂਟ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵੱਲੋਂ ਕੰਵਲਪ੍ਰੀਤ ਸਿੰਘ ਪੰਨੂ, ਲਛਮਣ ਸਿੰਘ ਸੇਣੇਵਾਲਾ, ਸ਼ਾਮਲ ਸਨ| ਸਮੂਹ ਬੁਲਾਰਿਆਂ ਨੇ ਭੂਰਾ ਸਿੰਘ ਵੱਲੋਂ ਆਪਣੀ 74 ਸਾਲਾਂ ਦੀ ਜਿੰਦਗੀ ਵਿੱਚੋ ਖਰੀ ਕਿਸਾਨ ਲਹਿਰ ਦੇ ਲੇਖੇ ਲਾਏ 30-31 ਸਾਲਾਂ ਦੌਰਾਨ ਦਿਖਾਈ ਲਗਨ, ਦ੍ਰਿੜਤਾ ਅਤੇ ਕੁਰਬਾਨੀ ਦੀ ਜੈ ਜੈ ਕਾਰ ਕੀਤੀ। ਉਸ ਵੱਲੋਂ ਪਹਿਲਾਂ ਵੀ ਦੋ ਵਾਰ ਜੇਲ੍ਹ ਜਾਣ ਅਤੇ ਇੱਕ ਵਾਰ ਹੱਥ 'ਤੇ ਗੋਲੀ ਲੱਗਣ ਦੀਆ ਘਟਨਾਵਾਂ ਨੂੰ ਯਾਦ ਕੀਤਾ।
ਦੂਜੇ ਪਾਸੇ ਬਾਦਲ ਸਰਕਾਰ ਨੂੰ ਬੇਗੁਨਾਹ ਔਰਤਾਂ ਤੇ ਭੂਰਾ ਸਿਘ ਵਰਗੇ ਬਜ਼ੁਰਗਾ ਸਣੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਤਾੜਨ ਅਤੇ ਬੇਇਲਾਜੇ ਮਾਰਨ ਮਗਰੋਂ ਅੰਦਰੇ ਹੀ ਡਾਂਗਾਂ ਨਾਲ ਕੁੱਟਣ ਦੀ ਦੋਸ਼ੀ ਗਰਦਾਨਦਿਆਂ ਉਸ ਦੀ ਸਖਤ ਨਿੰਦਾ ਕੀਤੀ।

ਸ਼੍ਰੀ ਉਗਰਾਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਮੀਨ ਪ੍ਰਾਪਤੀ, ਕਰਜਾ ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜ਼ੇ ਲਈ ਚੱਲ ਰਹੇ ਜਿਹੜੇ ਘੋਲ ਦੌਰਾਨ ਭੂਰਾ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਬਿਨਾ ਇਲਾਜੇ ਹੀ ਜਾਨ ਤੋਂ ਹੱਥ ਧੋਣੇ ਪਏ, ਇਸ ਘੋਲ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕਰਨਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

 ਸ਼੍ਰੀਮਤੀ ਬਿੰਦੂ ਦਾ ਕਹਿਣਾ ਸੀ ਕਿ ਜੇਲ੍ਹਾਂ ਥਾਣਿਆਂ ਤੋਂ ਬੇਖੌਫ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਵਾਲੇ ਕਾਫਲਿਆਂ ਵਿੱਚ ਹੋਰ ਵਧੇਰੇ ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਜੋਰ  ਲਾਉਣ ਦਾ ਅਹਿਦ ਕਰਨਾ ਸ਼ਹੀਦ ਭੂਰਾ ਸਿੰਘ ਨੂੰ ਖਰੀ ਸ਼ਰਧਾਜਲੀ ਹੋਵੇਗੀ।

ਬੁਲਾਰਿਆਂ ਦੀਆਂ ਤਕਰੀਰਾਂ ਦਾ ਸਾਰ ਇਹ ਸੀ ਕਿ ਕੇਂਦਰ ਤੇ ਪੰਜਾਬ ਦੀਆ ਸਰਕਾਰਾਂ ਵੱਲੋਂ ਆਰਥਿਕ ਸੁਧਾਰਾਂ ਦੇ ਪੱਜ ਜ਼ਮੀਨਾਂ ਹਥਿਆਉਣ ਤੋਂ ਇਲਾਵਾ ਬਿਜਲੀ, ਪਾਣੀ, ਵਿੱਦਿਆ, ਇਲਾਜ, ਆਵਾਜਾਈ ਆਦਿ ਸਾਰੀਆਂ ਜਨਤਕ ਸਹੂਲਤਾਂ ਨੂੰ ਦੇਸੀ ਵਿਦੇਸ਼ੀ ਧਨਾਡਾਂ ਦੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਵਾਲਾ ਨਿੱਜੀਕਰਨ ਦਾ ਆਰਥਿਕ ਹੱਲਾ ਠੱਲ੍ਹਣ ਲਈ ਵਿਸ਼ਾਲ ਸਾਂਝੇ ਘੋਲਾਂ ਦੇ ਮੈਦਾਨ ਹੋਰ ਭਖਾਉਣੇ ਵੀ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਖਰੀ ਸ਼ਰਧਾਂਜਲੀ ਦਾ ਅਹਿਮ ਹਿੱਸਾ ਬਣਦੇ ਹਨ।

ਪੰਜਾਬ ਦੇ ਕੋਨੇ ਕੋਨੇ ਤੋਂ  ਪੁੱਜੇ ਹਜ਼ਾਰਾ ਲੋਕਾਂ ਲਈ ਲੰਗਰ ਦੇ ਪੁਖਤਾ ਪ੍ਰਬੰਧ ਤੇਜ਼ ਤਰਾਰ ਵਲੰਟੀਅਰਾਂ ਨੇ ਸਾਂਭੇ ਹੋਏ ਸਨ।

ਹਰੇ ਬਸੰਤੀ ਝੰਡਿਆਂ ਦੀ ਭਰਮਾਰ ਫਿਜ਼ਾ ਨੂੰ ਇਨਕਲਾਬੀ ਰੰਗਤ ਚਾੜ ਰਹੀ ਸੀ।

No comments:

Post a Comment