StatCounter

Tuesday, July 29, 2014

ਲੋਕ ਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼ ਨੂੰ ਰੋਕਣ ਲਈ ਲਿਆਂਦਾ -ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ -2014 :

ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ - 2014 :

ਲੋਕ ਬੇਚੈਨੀ, ਔਖ, ਰੋਸ, ਵਿਰੋਧ, ਸੰਘਰਸ਼  ਨੂੰ ਰੋਕਣ ਦਾ
ਸਰਕਾਰ  ਦੇ ਹੱਥ ਜਾਬਰ  ਹਥਿਆਰ





ਪਾਰਲੀਮਾਨੀ ਚੋਣਾਂ ਵਿਚ ਕੀਤੇ ਵਾਅਦਿਆਂ-ਦਾਅਵਿਆਂ ਦੇ ਉਲਟ ਹਕੂਮਤੀ ਗੱਦੀ ਮੱਲਦਿਆਂ ਹੀ ਭਾਜਪਾ ਹਕੂਮਤ ਵੱਲੋਂ ਕਾਂਗਰਸੀ ਹਕੂਮਤ ਵੇਲੇ ਦੀਆਂ ਮੁਲਕ ਸਿਰ ਮੜੀਆਂ ਲੋਕ-ਦੋਖੀ ਸਾਮਰਾਜੀ ਤੇ ਕਾਰਪੋਰੇਟਾਂ ਪੱਖੀ ਨੀਤੀਆਂ ਨੂੰ ਨਾ ਸਿਰਫ ਜਾਰੀ ਰੱਖਿਆ ਜਾ ਰਿਹਾ ਹੈ, ਸਗੋਂ ਪੂਰੀ ਤੇਜ਼ੀ ਤੇ ਬੇਕਿਰਕੀ ਨਾਲ ਲਾਗੂ ਕੀਤਾ ਜਾ ਰਿਹਾ ਹੈ| ਪੰਜਾਬ ਚ ਭਾਜਪਾ ਦੀ ਪੱਕੀ ਭਾਈਵਾਲ  ਅਕਾਲੀ ਦਲ ਬਾਦਲ ਦੀ ਅਗਵਾਈ ਚ ਚਲ ਰਹੀ ਹਕੂਮਤ ਨੇ ਸਾਲ 2010 ਵਿਚ ਲੋਕ-ਵਿਰੋਧ ਮੂਹਰੇ ਝੁਕਦਿਆਂ ਵਾਪਸ ਲਏ 'ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਨੂੰਨ' ਨੂੰ ਸਾਣ 'ਤੇ ਲਾ ਕੇ ਹੁਣ ਦੁਬਾਰਾ ਫਿਰ ਆਵਦੀ ਵਜ਼ੀਰ-ਮੰਡਲੀ ਤੋਂ ਮੋਹਰ ਲਵਾ ਕੇ ਅਸੈਂਬਲੀ ਤੋਂ ਪਾਸ ਕਰਵਾ ਲਿਆ ਹੈ। ਇਹ ਕਨੂੰਨ, ਲੋਕਾਂ ਦੇ ਰੋਸ,ਵਿਰੋਧ, ਸੰਘਰਸ਼ ਨੂੰ ਰੋਕਣ ਦਾ ਕਨੂੰਨ ਹੈ। ਲੋਕਾਂ ਦੀ ਜਬਾਨ-ਬੰਦੀ ਕਰਨ ਦਾ ਕਾਨੂੰਨ ਹੈ। ਮੁਲਕ ਦੀ ਅਖੌਤੀ ਜਮਹੂਰੀਅਤ ਦੇ ਲੋਕ-ਦੋਖੀ ਜਾਬਰ ਚੇਹਰੇ ਦੇ ਨੰਗੇ ਹੋਣ ਦਾ ਹੀ ਇਕ ਹੋਰ ਕਦਮ ਹੈ। ਇਸਦਾ ਪੰਜਾਬ ਦੇ ਬੁੱਧੀਮਾਨਾਂ, ਜਮਹੂਰੀਅਤ ਪਸੰਦਾਂ 'ਤੇ ਸੰਘਰਸ਼ਸ਼ੀਲਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ।

ਅਕਾਲੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਗਿਆਰਾਂ ਮੁੱਖ ਧਾਰਾਵਾਂ ਵਾਲੇ ਇਸ ਕਾਨੂੰਨ ਵਿਚ ਸਰਕਾਰੀ ਦੇ ਨਾਲ ਨਾਲ ਨਿੱਜੀ ਜਾਇਦਾਦ ਦਾ ਨੁਕਸਾਨ ਰੋਕਣ ਦੀ ਪਾਈ ਮੱਦ, ਹਰ ਖੇਤਰ ਵਿਚ ਹੋ ਚੁੱਕੀ ਤੇ ਹੋ ਰਹੀ ਕਾਰਪੋਰੇਟਾਂ ਦੀ ਘੁਸਪੈਠ ਦੀ ਅਤੇ ਹਕੂਮਤ ਵੱਲੋਂ ਇਹਨਾਂ ਕਾਰਪੋਰੇਟਾਂ ਦੇ ਹਿੱਤਾਂ ਦੀ ਹਰ ਹਾਲ ਰਾਖੀ ਕਰਨ ਦੀ ਚੁਗਲੀ ਕਰਦੀ ਹੈ। ਇਹ ਕਨੂੰਨ ਕੁਦਰਤੀ ਆਫਤਾਂ ਨਾਲ ਜਾਂ ਦੰਗੇ-ਫਸਾਦਾਂ (ਇਹ ਸਭ ਹਕੂਮਤਾਂ ਤੇ ਹਾਕਮ ਪਾਰਟੀਆਂ ਕਰਵਾਉਂਦੀਆਂ ਹਨ) ਨਾਲ ਹੋਏ ਲੋਕਾਂ ਦੇ ਨੁਕਸਾਨ ਦੀ ਪੂਰਤੀ ਬਾਰੇ ਗੂੰਗਾ ਹੈ ਪਰ ਸਰਕਾਰੀ ਨੀਤੀਆਂ ਤੇ ਹੱਲਿਆਂ ਵਿਰੁਧ ਲੋਕਾਂ ਦੀ ਐਜੀਟੇਸ਼ਨ, ਹੜਤਾਲ, ਧਰਨਾ, ਬੰਦ, ਪ੍ਰਦਰਸ਼ਨ, ਮਾਰਚ, ਜਲੂਸ ਜਾਂ ਰੇਲ ਤੇ ਸੜਕੀ ਆਵਾਜਾਈ ਰੋਕਣ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਬੁੜਕ ਬੁੜਕ ਬੋਲਦਾ ਹੈ।

ਇਸ ਕਨੂੰਨ ਵਿਚ, ਨੁਕਸਾਨ ਦੀ ਗਿਣਤੀ-ਮਿਣਤੀ ਕਰਨ ਵਾਲੀ ਸਮਰੱਥ ਅਥਾਰਟੀ ਵੀ ਸਰਕਾਰ ਨੇ ਖੁਦ ਹੀ ਬਣਾਉਣੀ ਹੈ। ਨੁਕਸਾਨ ਗਿਣਨ-ਮਿਣਨ ਦਾ ਪੈਮਾਨਾ ਉਸ ਅਥਾਰਟੀ ਦਾ ਆਪੇ ਘੜਿਆ ਪੈਮਾਨਾ ਹੋਵੇਗਾ। ਘਾਟੇ-ਨੁਕਸਾਨ ਦੇ ਪਾਏ ਬੋਝ ਥੱਲੇ ਆਏ ਲੋਕ ਅਤੇ ਜਥੇਬੰਦੀਆਂ ਦੇ ਆਗੂ ਇਸਦੇ ਫੈਸਲੇ ਦੇ ਖਿਲਾਫ਼ ਸਿਰਫ ਸਰਕਾਰ ਕੋਲ ਹੀ ਅਪੀਲ ਕਰ ਸਕਦੇ ਹਨ ਹੋਰ ਕਿਸੇ ਅਦਾਲਤ ਚ ਨਹੀਂ। ਲੋਕਾਂ ਨੂੰ ਤਾਂ ਮੰਨਣਾ ਹੀ ਪਊ| ਕਲਪਿਤ ਘਾਟੇ ਦੀ ਭਰ ਪਾਈ ਕਰਨ ਤੋਂ ਇਲਾਵਾ ਘੱਟੋ ਘੱਟ ਇਕ ਸਾਲ ਤੋਂ ਪੰਜ ਸਾਲ ਤੱਕ ਦੀ ਸਜ਼ਾ ਤੇ ਤਿੰਨ ਲੱਖ ਰੁਪਏ ਤੱਕ ਦਾ ਜੁਰਮਾਨਾ ਤਾਰਨਾ ਪਵੇਗਾ। ਇਸ  ਕਨੂੰਨ ਚ ਫੜੇ ਵਿਅਕਤੀ ਦੀ ਸਰਕਾਰ ਦੀ ਮਰਜ਼ੀ ਤੋਂ ਬਿਨਾ ਜਮਾਨਤ ਨਹੀਂ ਹੋ ਸਕੇਗੀ।

ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਨੇ ਐਜੀਟੇਸ਼ਨ ਕਰਨ ਵਾਲਿਆਂ ਨੂੰ ਉਕਸਾਉਣ, ਸਲਾਹ ਦੇਣ ਜਾਂ ਗਾਈਡ ਕਰਨ ਦੇ ਦੋਸ਼ ਲਾ ਕੇ ਕਿਸੇ ਨੂੰ ਵੀ ਇਸ ਕਨੂੰਨ ਦੀ ਮਾਰ ਹੇਠ ਲੈ ਆਉਣ ਦੀ ਮਦ ਵੀ ਇਸ ਕਨੂੰਨ ਵਿਚ ਪਾਈ ਹੋਈ ਹੈ।

ਇਸ ਕਨੂੰਨ ਵਿਚ, ਅਪਰਾਧ ਸਿੱਧ ਕਰਨ ਅਤੇ ਨੁਕਸਾਨ ਨੂੰ ਤਹਿ ਕਰਨ ਲਈ ਮੌਕੇ ਉਪਰ ਪੁਲਸ ਵੱਲੋਂ ਬਣਾਈ ਗਈ ਵੀਡੀਓ ਤਸੱਲੀਬਖਸ਼ ਗਵਾਹੀ ਮੰਨੀ ਜਾਵੇਗੀ  (ਹਕੂਮਤ ਦੇ ਹਿੱਤ ਨਾ ਪੂਰਦੀ ਵੀਡੀਓ, ਉਹ ਗੁੰਮ ਹੋਈ ਦਿਖਾ ਦਿੰਦੇ ਹਨ) ਅਤੇ ਪੁਲਸ ਦਾ ਹੌਲਦਾਰ ਵੀ ਅਪਰਾਧ ਕਰਦੇ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦਾ ਹੈ। (ਉਸ ਦੀ ਪਹਿਚਾਣ ਉਤੇ ਕੋਈ ਪ੍ਰਸ਼ਨ ਨਹੀਂ)

ਬਰਤਾਨਵੀ ਬਸਤੀਵਾਦੀਆਂ ਤੋਂ ਰਾਜ ਦੀ ਵਾਗਡੋਰ ਹੱਥ ਫੜਨ ਵੇਲੇ ਤੋਂ ਹੀ ਭਾਰਤੀ ਹਾਕਮਾਂ ਤੇ ਹਕੂਮਤਾਂ ਨੇ ਇਕ ਹੱਥ ਜਮਹੂਰੀਅਤ, ਆਜ਼ਾਦੀ, ਲੋਕਰਾਜ ਦੇ ਛਲਾਵੇ ਦਾ ਤੇ ਜਥੇਬੰਦ ਹੋਣ, ਰੋਸ ਪ੍ਰਗਟਾਉਣ ਦੇ ਅਖੌਤੀ ਮੌਲਿਕ ਹੱਕਾਂ ਦਾ ਤੰਦੂਆਂ ਜਾਲ ਵਿਛਾਇਆ ਹੋਇਆ ਹੈ ਤਾਂ ਦੂਜੇ ਹੱਥ ਲੋਕਾਂ ਦੀ ਜਬਾਨਬੰਦੀ ਕਰਨ ਲਈ ਸੈਂਕੜੇ ਕਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ ਅਤੇ ਜਾਬਰ ਰਾਜਮਸ਼ੀਨਰੀ ਖੜੀ ਕੀਤੀ ਹੋਈ ਹੈ। ਜੰਮੂ ਕਸ਼ਮੀਰ ਤੇ ਉੱਤਰ ਪੂਰਬ ਦੇ ਸੂਬਿਆਂ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਕੁਚਲਣ ਲਈ ਉਸ ਵੇਲੇ ਤੋਂ ਹੀ ਹਥਿਆਰਾਂ-ਅਧਿਕਾਰਾਂ ਨਾਲ ਲੈਸ ਫੌਜਾਂ ਚਾੜੀਆਂ ਹੋਈਆਂ ਹਨ ਤੇ ਅਫਸਪਾ (ਆਰਮਡ ਫੋਰਸ ਸਪੈਸ਼ਲ ਪਾਵਰ ਐਕਟ) ਵਰਗੇ ਕਾਲੇ ਜਾਬਰ ਕਨੂੰਨ ਮੜੇ ਹੋਏ ਹਨ।

ਸਾਮਰਾਜੀ ਨਿਰਦੇਸ਼ਿਤ, ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਲੋਕ ਦੋਖੀ ਨੀਤੀਆਂ ਦੇ ਹੱਲੇ ਦੇ ਨਾਲ ਹੀ ਇਹ ਕਾਲੇ ਕਨੂੰਨਾਂ ਅਤੇ ਜਬਰ ਦਾ ਹੱਲਾ ਵੀ ਤੇਜ਼ ਕੀਤਾ ਹੋਇਆ ਹੈ। ਕਿਉਂਕਿ ਇਹਨਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਲੋਕਾਂ ਅੰਦਰ ਗਰੀਬੀ ਤੇ ਬੇਰੁਜ਼ਗਾਰੀ ਵਧ ਰਹੀ ਹੈ। ਮਹਿੰਗਾਈ ਤੇ ਹੋਰ ਲੁੱਟ ਵਧ ਰਹੀ ਹੈ। ਸਿੱਖਿਆ, ਸਿਹਤ ਤੇ ਪਾਣੀ ਵਰਗੀਆਂ ਸਹੂਲਤਾਂ ਹੱਥੋਂ ਕਿਰ ਰਹੀਆਂ ਹਨ। ਜੀਹਦੇ ਕਰਕੇ ਸਰਕਾਰ ਖਿਲਾਫ ਲੋਕਾਂ ਅੰਦਰ ਬੇਚੈਨੀ ਤੇ ਔਖ ਵਧੀ ਹੈ ਅਤੇ ਸੰਘਰਸ਼ਾਂ ਦੇ ਫੁਹਾਰੇ ਫੁੱਟੇ ਹਨ। ਹਾਕਮਾਂ ਦੀ ਨੀਂਦ ਹਰਾਮ ਹੋਈ ਹੈ। ਏਹਦੇ ਕਰਕੇ ਹਾਕਮਾਂ ਲਈ ਇਹਨਾਂ ਕਾਲੇ ਕਨੂੰਨਾਂ ਦੀ ਲੋੜ ਵਧੀ ਹੈ। ਨੰਗੀ ਚਿੱਟੀ ਤਾਨਾਸ਼ਾਹੀ ਵੱਲ ਵਧ ਰਹੇ ਹਨ। ਜਮਹੂਰੀਅਤ ਦਾ ਛਲਾਵਾ ਲਾਹੁਣ ਲਈ ਸਰਾਪੇ ਜਾ ਰਹੇ ਹਨ।

ਏਥੇ ਪੰਜਾਬ ਵਿਚ ਲੋਕ-ਰੋਸ ਤੇ ਸੰਘਰਸ਼ਾਂ ਨੂੰ ਰੋਕਣ, ਦਬਾਉਣ, ਕੁਚਲਣ ਲਈ ਅਨੇਕਾਂ ਹਰਬੇ ਵਰਤੇ ਜਾ ਰਹੇ ਹਨ। ਦਫਾ ਚੁਤਾਲੀ ਹਰ ਸ਼ਹਿਰ ਅੰਦਰ ਸਦਾ ਵਾਸਤੇ ਹੀ ਮੜ ਰੱਖੀ ਹੈ। 107/51 ਕਹਿਣ ਨੂੰ ਇਤਤਿਆਤ ਵਜੋਂ ਵਰਤਿਆ ਜਾਣ ਵਾਲਾ ਹਲਕਾ ਫੁਲਕਾ ਕਨੂੰਨ ਹੈ। ਜਾਤੀ ਮਚੱਲਕੇ ਦੇ ਸਿਰ 'ਤੇ ਛੱਡੇ ਜਾਣ ਦੀ ਖੁੱਲ ਦਿੰਦਾ ਹੈ ਪਰ ਹਕੂਮਤਾਂ ਦੇ ਹੱਥ ਵਿੱਚ, ਲੰਬੀ ਦੂਰੀ ਦੀ ਮਾਰ ਕਰਨ ਵਾਲੀ ਮਿਜਾਇਲ ਵਰਗਾ ਹਥਿਆਰ ਹੈ। ਇਸ ਤਹਿਤ ਅਕਸਰ ਹੀ ਰੁਜਗਾਰ ਮੰਗਦੇ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਤੇ ਮੁਲਾਜਮਾਂ ਨੂੰ ਫੜ ਕੇ ਜੇਲੀਂ ਡੱਕਿਆ ਜਾਂਦਾ ਹੈ, ਜਿਹਨਾਂ ਦੀ ਰਿਹਾਈ ਤਾਂ ਦੂਰ, ਜਮਾਨਤ ਵੀ ਹਕੂਮਤ ਦੇ ਹੱਥ ਹੁੰਦੀ ਹੈ, ਜਿੰਨਾਂ ਸਮਾਂ ਮਰਜੀ ਜੇਲ੍ਹੀਂ ਡੱਕੀ ਰੱਖਦੀ ਹੈ। ਨਿਆਂ-ਪ੍ਰਣਾਲੀ ਨੂੰ ਆਜ਼ਾਦ ਕਹਿਣਾ ਤਾਂ ਛਲਾਵਾ ਹੈ। ਹਕੂਮਤ ਤੋਂ ਕੁਝ ਵੀ ਬਾਹਰ ਨਹੀਂ ਹੈ। ਰੈਲੀਆਂ ਮੁਜਾਹਰੇ ਕਰਨ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਹਨ।ਜਿਲ੍ਹਾ ਦਫਤਰਾਂ ਮੂਹਰੇ ਧਰਨੇ ਮਾਰਨ 'ਤੇ ਰੋਕਾਂ ਮੜੀਆਂ ਹੋਈਆਂ ਹਨ। ਰੈਲੀ, ਧਰਨੇ, ਮੁਜਾਹਰੇ ਕਰਨ ਤੋਂ ਪਹਿਲਾਂ ਹੀ ਘਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਰੋਸ ਪ੍ਰਗਟਾਵਿਆਂ 'ਤੇ ਪੂਰਨ ਪਾਬੰਦੀਆਂ ਹਨ। ਛੋਟੀ ਗਿਣਤੀ ਵਾਲੀਆਂ ਜਥੇਬੰਦੀਆਂ ਦੀ ਗੱਲ ਤਾਂ ਸੁਣਦੇ ਹੀ ਨਹੀਂ, ਉਲਟਾ ਮੀਟਿੰਗ ਕਰਨ ਤੋਂ ਵੀ ਰੋਕਿਆ ਜਾਂਦਾ ਹੈ।

ਇਸ ਕਨੂੰਨ ਵਿਚਲੀਆਂ ਧਰਾਵਾਂ ਵਰਗਾ ਬੜਾ ਕੁਝ ਪਹਿਲਾਂ ਵੀ ਹਕੂਮਤਾਂ ਦੇ ਹੱਥ ਵਿਚ ਹੈ। ਹਰ ਧਰਨੇ, ਰੈਲੀ, ਮੁਜਾਹਰੇ ਸਮੇਂ ਪੁਲਸ ਵਲੋਂ ਪਰਚੇ ਦਰਜ ਕੀਤੇ ਜਾਂਦੇ ਹਨ। ਇਹਨਾਂ ਪਰਚਿਆਂ ਤਹਿਤ ਕਾਰਵਾਈ ਕਰਨੀ ਹਕੂਮਤਾਂ ਦੀ ਮਰਜੀ 'ਤੇ ਹੈ। ਬੱਸਾਂ, ਟਰੱਕਾਂ, ਕੈਂਟਰਾਂ, ਰੇਲਾਂ ਰੋਕਣ, ਦਰਖਤ ਵੱਢ ਕੇ ਸੜਕਾਂ 'ਤੇ ਸੁੱਟਣ, ਸੜਕਾਂ ਪੁੱਟ ਦੇਣ ਅਤੇ ਇਰਾਦਾ ਕਤਲਾਂ ਦੇ ਅਨੇਕਾਂ ਕੇਸ ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਸਿਰ ਪਾਏ ਹੋਏ ਹਨ। ਇਸਦੇ ਨੁਕਸਾਨ ਘਾਟੇ ਦੇ ਕੇਸ ਵੀ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਕਈ ਅਦਾਲਤਾਂ ਵਿਚ ਵੀ ਚੱਲ ਰਹੇ ਹਨ।

ਲੋਕ ਮੋਰਚਾ ਪੰਜਾਬ, ਇਥੇ ਅਸਲੀ ਆਜਾਦੀ, ਸੱਚੀ ਜਮਹੂਰੀਅਤ, ਖਰਾ ਲੋਕਰਾਜ ਤੇ ਸਮਾਜ ਸਿਰਜਣ ਦੀ ਲਹਿਰ ਉਸਾਰਨ ਹਿਤ ਵੱਡੀ ਜਗੀਰਦਾਰੀ ਤੇ ਸਾਮਰਾਜ ਪੱਖੀ ਧੱਕੜ ਰਾਜ ਤੋਂ ਪੀੜਤ ਲੋਕ ਹਿੱਸਿਆਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਪ੍ਰਚਾਰਕ ਵਜੋਂ ਆਪਣੀ ਸਰਗਰਮੀ ਜਾਰੀ ਰੱਖ ਰਿਹਾ ਹੈ। ਇਹ ਕਨੂੰਨ ਲੋਕਾਂ ਦੇ ਬੁਨਿਆਦੀਜਮਹੂਰੀ ਹੱਕਾਂ ਦਾ ਗਲਾਘੁੱਟਣ ਦਾ ਕਨੂੰਨ ਹੈ। ਜਮਹੂਰੀਅਤ ਦਾ ਦੁਸ਼ਮਣ ਕਨੂੰਨ ਹੈ। ਇਸ ਕਨੂੰਨ ਦੀ ਲੋਕਦੋਖੀ ਅਸਲੀਅਤ ਨੂੰ ਉਘਾੜ ਕੇ ਲੋਕਾਂ ਦੇ ਜਥੇਬੰਦ ਹਿੱਸਿਆਂ ਵੱਲੋਂ ਆਪੋ ਆਪਣੇ ਤਬਕਾਤੀ ਜਮਾਤੀ ਮਸਲਿਆਂ ਮੁੱਦਿਆਂ 'ਤੇ ਲੜੇ ਜਾ ਰਹੇ ਘੋਲਾਂ ਨਾਲ ਕੜੀ ਜ਼ੋੜ ਕਰਕੇ, ਇਕ ਪ੍ਰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤਾਂ ਜ਼ੋ ਇਸ ਖਿਲਾਫ ਜ਼ੋਰਦਾਰ ਲੋਕ-ਸੰਘਰਸ਼ਾਂ ਦੀ ਲੜੀ, ਵੇਗ ਤੇ ਨਿਰੰਤਰਤਾ ਫੜ ਲਵੇ ਤੇ ਹਕੂਮਤ ਨੂੰ, ਨਾ ਸਿਰਫ ਇਹ ਕਨੂੰਨ ਵਾਪਸ ਆਵਦੀ ਵਜ਼ੀਰ ਮੰਡਲੀ ਦੀ ਝੋਲੀ ਪਾਉਣਾ ਪੈ ਜਾਵੇ, ਸਗੋਂ ਸਿਆਸੀ ਕੀਮਤ ਵੀ ਤਾਰਨੀ ਪਵੇ।

ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਕਨੂੰਨ ਖਿਲਾਫ ਖੁਦ ਚੇਤਨਾ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਵੱਖ ਵੱਖ ਲੋਕ ਹਿੱਸਿਆਂ ਨੂੰ ਜ਼ੋਰਦਾਰ ਸਾਂਝਾ ਸੰਘਰਸ਼ ਛੇੜਣ ਲਈ ਸਾਂਝੀ ਮੀਟਿੰਗ ਬੁਲਾਉਣ ਤੇ ਸਰਗਰਮੀ ਦਾ ਸੱਦਾ ਦੇਣ ਦੀ ਕੀਤੀ ਪਹਿਲਕਦਮੀ ਦਾ ਲੋਕ ਮੋਰਚਾ ਪੰਜਾਬ ਸੁਆਗਤ ਕਰਦਾ ਹੋਇਆ ਉਸ ਸਾਂਝੀ ਮੀਟਿੰਗ (19.7.14) ਵਿਚ ਵੀ ਸ਼ਾਮਲ ਹੋਇਆ ਸੀ ਤੇ ਅਗਲੀਆਂ ਸਰਗਰਮੀਆਂ ਵਿਚ ਵੀ ਹਿੱਸਾ ਪਾਵੇਗਾ।


ਜਗਮੇਲ ਸਿੰਘ
ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ
9417224822

Friday, July 18, 2014

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ - ਸ਼ਹੀਦ ਪ੍ਰਿਥੀਪਾਲ ਰੰਧਾਵਾ

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ
ਸ਼ਹੀਦ ਪ੍ਰਿਥੀਪਾਲ ਰੰਧਾਵਾ


70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ ਵਿੱਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।

ਪਿਰਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ ਵਿੱਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।

ਪਿਰਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ ਵਿੱਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ ਵਿੱਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜ ਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ ਵਿੱਚ ਪਿਰਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ ਵਿੱਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ ਵਿੱਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲ ਕਰਦਿਆਂ ਪਿਰਥੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪਿਰਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ ਵਿੱਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।

ਇਸਤੋਂ ਬਾਅਦ ਪਿਰਥੀ ਦੀ ਅਗਵਾਈ ਵਿੱਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ ਵਿੱਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।

ਪਿਰਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਵਾਈ ਵਿੱਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ ਵਿੱਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪਿਰਥੀ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।

1974 ਵਿੱਚ ਮੁਲਕ ਦੀ ਜਨਤਾ ਵਿੱਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰੂ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ ਵਿੱਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ ਵਿੱਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।

26 ਜੂਨ 1975 ਵਿੱਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ ਵਿੱਚ ਐਮਰਜੈਂਸੀ ਮੜ ਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨੇ ਹਕੂਮਤੀ ਜਬਰ ਦੇ ਦੌਰ ਵਿੱਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰੂ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲ ਵਿੱਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ ਵਿੱਚ ਕੁੱਦਿਆ।

ਪ੍ਰਿਥੀ ਦੀ ਅਗਵਾਈ ਵਿੱਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨਾ ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।

ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ ਵਿੱਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ ਵਿੱਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ ਵਿੱਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ ਵਿੱਚ ਵਿਸ਼ਾਲ ਮਾਰਚ ਜਥੇਬੰਦ ਕੀਤਾ।

ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ ਵਿੱਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ ਵਿੱਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ। ਰੰਧਾਵੇ ਦੀ ਅਗਵਾਈ ਵਿੱਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ ਵਿੱਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ।

ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਵਿੱਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ ਵਿੱਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਸਮੇਂ ਦੇ ਹਾਕਮਾਂ ਲਈ ਇਕ ਵੰਗਾਰ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ ਵਿੱਚ ਦਿੱਤੀ।

ਪੜਾਈ ਵਿੱਚ ਬੇਹੱਦ ਹੁਸ਼ਿਆਰ ਪਿਰਥੀ ਨੇ ਯੂਨਿ: ਵਿੱਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ ਵਿੱਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ ਵਿੱਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।

ਅੱਜ ਦੇ ਦੌਰ ਵਿੱਚ, ਨਵੀਆਂ ਆਰਥਿਕ ਨੀਤੀਆਂ ਦਾ ਹੱਲਾ ਸਿੱਖਿਆ ਖੇਤਰ ਦਾ ਤੇਜ਼ੀ ਨਾਲ ਨਿੱਜੀਕਰਨ ਤੇ ਵਪਾਰੀਕਰਨ ਕਰ ਰਿਹਾ ਹੈ। ਸਰਕਾਰ ਆਏ ਦਿਨ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਘੁੱਟਦੀ ਆ ਰਹੀ ਹੈ। ਫੰਡ, ਗ੍ਰਾਂਟਾ ਸੁੰਗੇੜਦੀ ਆ ਰਹੀ ਹੈ। ਸਰਕਾਰੀ ਕਾਲਜ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ। ਪ੍ਰਾਈਵੇਟ ਅਧਿਆਪਕ ਰੱਖਕੇ ਕੰਮ ਚਲਾਇਆ ਜਾ ਰਿਹਾ ਹੈ, ਬੋਝ ਵਿਦਿਆਰਥੀਆਂ 'ਤੇ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਨ-ਮਰਜ਼ੀ ਦੇ ਫੀਸਾਂ ਫੰਡ ਬਟੋਰ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕਰ ਰਹੇ ਹਨ। ਨਿੱਤ ਨਵੇਂ ਵਪਾਰੀ-ਕਾਰੋਬਾਰੀ ਵਿਦਿਅਕ ਖੇਤਰ ਵਿੱਚ ਦਾਖ਼ਲ ਹੋ ਰਹੇ ਹਨ ਤੇ ਚੰਮ ਦੀਆਂ ਚਲਾ ਰਹੇ ਹਨ।

ਸ਼ੁਰੂ ਹੋ ਰਹੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਵੀ ਵਿਦਿਆਰਥੀ ਹਿੱਤਾਂ ਤੇ ਨਵੇਂ ਹੱਲੇ ਹੋਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਮਿਲਦੀ ਫ਼ੀਸ ਮੁਆਫ਼ੀ ਰੱਦ ਕਰਕੇ ਪੂਰੀ ਫ਼ੀਸ ਉਗਰਾਹੁਣ ਦੇ ਫ਼ੁਰਮਾਨ ਆ ਗਏ ਹਨ ਅਤੇ ਕਾਲਜਾਂ ਨੇ ਫ਼ੀਸਾਂ ਉਗਰਾਹੁਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਫ਼ੀਸਾਂ ਫੰਡਾਂ ਵਿੱਚ ਲਗਭਗ 1200 ਰੁ. ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਵੀ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦੀ ਨੀਤੀ ਜਾਰੀ ਰੱਖਦਿਆਂ ਫ਼ੀਸ ਵਧਾ ਦਿੱਤੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੂੰ ਦਿੱਤੀ ਜਾਂਦੀ 95 ਫ਼ੀਸਦੀ ਸਰਕਾਰੀ ਗਰਾਂਟ ਨੂੰ ਕੱਟ ਕੇ 80 ਫ਼ੀਸਦੀ ਤੱਕ ਲੈ ਆਂਦਾ ਹੈ ਤੇ ਹਰ ਸਾਲ 5 ਫ਼ੀਸਦੀ ਘਟਾਉਂਦੇ ਜਾਣ ਦਾ ਰਾਹ ਫੜ ਲਿਆ ਹੈ। ਇਨਾਂ ਤਾਜ਼ਾ ਫੈਸਲਿਆਂ ਦੀ ਵਿਦਿਆਰਥੀ ਵਰਗ ਤੇ ਵੱਡੀ ਮਾਰ ਪੈਣੀ ਹੈ। ਪਹਿਲਾਂ ਹੀ ਸਿੱਖਿਆ ਦੇ ਹੱਕ ਤੋਂ ਵਾਂਝੇ ਹੋ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਣਾ ਹੈ।

ਨਿਤ ਦਿਨ ਲਾਗੂ ਹੋ ਰਹੀਆਂ ਨੀਤੀਆਂ ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦੀ ਮੰਗ ਕਰਦੀਆਂ ਹਨ। ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦਾ ਮਹੱਤਵ ਪਹਿਲਾਂ ਨਾਲੋਂ ਵੀ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਵਿਦਿਆਰਥੀ ਮਾਰੂ ਨੀਤੀਆਂ ਖਿਲਾਫ਼ ਸੰਘਰਸ ਕਰਨ ਲਈ ਅੱਜ ਸ਼ਹੀਦ ਰੰਧਾਵੇ ਦੀ ਅਗਵਾਈ ਹੇਠਲੀ ਵਿਦਿਆਰਥੀ ਜਥੇਬੰਦੀ ਵਰਗੀ ਜਥੇਬੰਦੀ ਉਸਾਰਨ ਦੀ ਲੋੜ ਹੈ।

ਭਾਵੇਂ ਅੱਜ ਤੋਂ 35 ਵਰੇ ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ। ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ ਵਿੱਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ ਵਿੱਚ ਹੀ ਅਸੀਂ ਮੁੜ ਪੰਜਾਬ ਅੰਦਰ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਕਦਮ ਪੁੱਟ ਸਕਦੇ ਹਾਂ। ਇਹ ਮਸ਼ਾਲ ਸਦਾ ਸਾਡੇ ਰਾਹਾਂ ਵਿੱਚ ਚਾਨਣ ਬਿਖੇਰਦੀ ਰਹੇਗੀ।  -੦-

ਪਾਵੇਲ ਕੁੱਸਾ (9417054015)
ਮਿਤੀ  15/07/14